Thursday, 19 April 2012

ਤੇਰੀ ਚੁੱਪ (ਇੱਕ ਸੁਨੇਹਾ)

ਜਦੋਂ ਤੂੰ ਪਹਿਲੀ ਵਾਰ ਮਿਲਿਆ ਸੀ
ਤੂੰ ਉਦੋਂ ਵੀ ਏਨਾਂ ਹੀ ਚੁੱਪ ਚੁੱਪ ਸੀ
ਤੇ ਮੈਂ ਉਦੋਂ ਸਾਰਾ ਵਕਤ ਬੋਲੀ ਜਾਣ ਵਾਲੀ ਝੱਲੀ ਕੁੜੀ...

ਪੜ੍ਹਣ ਦੀ ਸ਼ੌਕੀਨ,ਤੇਰੀ ਚੁੱਪ ਨੂੰ ਪੜ੍ਹਦੀ ਪੜ੍ਹਦੀ
ਮੈਂ ਪਤਾ ਨਹੀਂ ਕਦੋਂ
ਤੇਰੀ ਚੁੱਪ ਸੰਗ ਗਹਿਰਾ ਰਿਸ਼ਤਾ ਬਣਾ ਬੈਠੀ
ਉਹ ਚੁੱਪ ਮੈਨੂੰ ਆਪਣੀ ਲੱਗਦੀ..
ਉਸ ਚੁੱਪ ਨੂੰ ਮੈਂ ਪਤਾ ਨਹੀਂ ਕਿਸ ਮੋੜ ਤੋਂ ਤੇਰੀ ਹਾਂ ਸਮਝਣ ਲੱਗ ਗਈ..
ਤੇਰੀ ਚੁੱਪ ਸੰਗ ਮੈਂ ਆਪ ਹੀ ਬਾਤਾਂ ਪਾਉਂਦੀ ਤੇ ਆਪ ਹੀ ਹੁੰਗਾਰੇ ਭਰਦੀ..
ਪਤਾ ਨਹੀਂ ਕਦੋਂ ਤੋਂ ਮੈਂ ਤੇਰੇ 'ਤੇ ਹੱਕ ਜਤਾਉਣ ਲੱਗੀ..
ਮੇਰੇ ਅਪਾਹਿਜ ਸੁਪਨਿਆਂ ਦੀ ਡੰਗੋਰੀ ਬਣਨ ਲੱਗੀ ਤੇਰੀ ਚੁੱਪ...
ਮੇਰੀ ਮੁਸਕੁਰਾਹਟ ਕਹਿਕਵੇਂ ਹਾਸੇ 'ਚ ਬਦਲਣ ਲੱਗੀ..
ਮੇਰੀਆਂ ਅੱਖਾਂ ਦੀ ਚਮਕ ਹੋਰ ਗਾੜ੍ਹੀ ਹੋ ਗਈ..
ਮੇਰੇ ਡਰ ਜਿਉਂ ਖੰਭ ਲਾ ਕੇ ਉੱਡ ਗਏ..
ਮੇਰੇ ਸੁਪਨਿਆਂ ਵਾਲੀ ਕਿਆਰੀ 'ਚ ਕਿੰਨੇ ਹੀ ਰੰਗ ਬਿਰੰਗੇ ਸੁਪਨੇ ਖਿੜਣ ਲੱਗੇ..

........ਪਰ
ਪਰ ਤੂੰ ਫੇਰ ਵੀ ਚੁੱਪ ਹੀ ਰਿਹਾ..
ਤੇ ਏਸ ਵਾਰ ਤੇਰੀ ਚੁੱਪ ਮੈਨੂੰ ਤੇਰਾ ਹੁੰਗਾਰਾ ਨਾ ਲੱਗੀ..
ਇਹ ਚੁੱਪ ਤਿੱਖੀ ਧੁੱਪ ਵਾਂਗ ਚੁਭਣ ਲੱਗੀ
ਹੁਣ ਇਹ ਚੁੱਪ ਮੇਰੇ ਬੋਲਾਂ ਨੂੰ ਤਕਸੀਮ ਕਰਨ ਲੱਗੀ ਆਪਣੇ ਆਪ ਨਾਲ..
ਹੁਣ ਇਹਨੇ ਮੇਰੇ ਹਾਸੇ ਮਨਫ਼ੀ ਕਰ ਦਿੱਤੇ..
ਰਾਤਾਂ ਦੀ ਨੀਂਦ ਖੰਭ ਲਾ ਕੇ ਉੱਡ ਗਈ
(ਪਰ ਇਸ ਵਾਰ ਹੁਸੀਨ ਖ਼ਾਬ ਬੁਣਨ ਦੀ ਮਸ਼ਰੂਫ਼ੀਅਤ ਕਰਕੇ ਨਹੀਂ,
ਬਲਕਿ ਤੇਰੀ ਚੁੱਪ ਨੇ ਘਾਣ ਕੀਤੈ ਮੇਰੀ ਨੀਂਦ ਦਾ)

 ਤੇ ਹੁਣ ਤੇਰੀ ਚੁੱਪ ਦੀ ਪਰਛਾਈ ਮੇਰੇ ਸ਼ਬਦਾਂ 'ਤੇ ਪੈ ਰਹੀ ਐ..
ਜਜ਼ਬਾਤ ਫਿੱਕੇ ਪੈ ਰਹੇ ਨੇ..
ਅਹਿਸਾਸ ਅਧੂਰੇ ਨੇ..
ਤੇ ਸੁਪਨਿਆਂ ਦਾ ਦਮ ਘੁੱਟ ਰਹੀ ਐ ਤੇਰੀ ਚੁੱਪ..

ਹੁਣ ਤੇਰੀ ਚੁੱਪ ਦਾ ਜਿੰਦਰਾ
ਮੇਰੇ ਬੁੱਲ੍ਹਾਂ 'ਤੇ ਵੱਜਣ ਵਾਲਾ ਐ ਸ਼ਾਇਦ..
ਮੇਰੀ ਤੇ ਤੇਰੀ ਚੁੱਪ ਦੇ ਜੋੜ ਦਾ ਅੰਜਾਮ ਬੜਾ ਘਾਤਕ ਹੋਊ....!!!
ਕਾਸ਼!! ਕਿ ਉਸਤੋਂ ਪਹਿਲਾਂ ਹੀ
ਇਹ ਚੰਦਰੀ ਚੁੱਪ ਤੇਰੇ ਵਜੂਦ 'ਚੋਂ ਮਨਫ਼ੀ ਹੋ ਜਾਵੇ..
ਮੇਰੇ  ਸ਼ਬਦਾਂ ਤੋਂ ਸਰਾਪ ਲੱਥ ਜਾਵੇ...
ਮੈਂ ਬੋਲਾਂ ਤਾਂ ਤੇਰੇ ਬੋਲ ਹੁੰਗਾਰਾ ਦੇਣ..
ਤੇਰੀ ਮੇਰੀ ਚੁੱਪ ਜੁਦਾ ਨਾ ਹੋਵੇ..
ਸਗੋਂ ਮੇਰੀ ਤੇ ਤੇਰੀ ਚੁੱਪ ਅਨਹਦ ਨਾਦ ਵਰਗੀ ਹੋਵੇ...
(ਇਹੀ ਦੁਆ ਐ ਮੇਰੀ ਦੁਆ ਲਈ)
Jassi Sangha..
20 April,2010

Tuesday, 3 April 2012

ਗੰਮੀ ਬੀਅਰ ਤੇ ਮਰਿਆ ਭਰੂਣ

ਮੈਂ ਤਿੰਨ ਚਾਰ ਘੰਟਿਆਂ ਤੋਂ ਬੱਸ ਵਿੱਚ ਸਫ਼ਰ ਕਰ ਰਹੀ ਹਾਂ.. ਕੁਝ ਖਾਣ ਨੂੰ ਦਿਲ ਕੀਤਾ ਤਾਂ ਆਪਣੇ ਝੋਲੇ ਵਿੱਚ ਝਾਤੀ ਮਾਰੀ ਤੇ ਕੈਂਡੀਜ਼ ਦਾ ਇੱਕ ਪੈਕਟ ਹੱਥ ਲੱਗਾ । ਅੰਜੂ ਦੀਦੀ ਬੱਚਿਆਂ ਲਈ ਲੈ ਕੇ ਆਏ ਸਨ ਤੇ ਉੰਨਾਂ 'ਚੋਂ ਕੁਝ ਮੇਰੀ ਮਾਂ ਨੇ ਮੈਨੂੰ ਵੀ ਦੇ ਦਿੱਤੀਆਂ (ਅਕਸਰ ਮਾਂ ਲਈ ਤਾਂ ਮੈਂ ਵੀ ਅਜੇ ਬੱਚਾ ਹੀ ਹਾਂ !!)..
ਤੇ ਉੰਨਾਂ ਵਿੱਚੋਂ ਇੱਕ ਗੰਮੀ ਬੀਅਰ ਕੈਂਡੀ(ਇੱਕ ਤਰਾਂ ਦੀ ਗੰਮ ਵਾਲੀ ਬੀਅਰ/ਰਿੱਛ ਦੀ ਸ਼ਕਲ ਦੀ ਕੈਂਡੀ) ਮੈਂ ਮੂੰਹ ਵਿੱਚ ਪਾ ਲਈ... ਤੇ ਜਿਵੇਂ ਹੀ ਮੇਰੀ ਜੀਭ ਨੇ ਇਸਦੀ ਬਣਤਰ ਦੀ ਫਰੋਲਾ ਫਰਾਲੀ ਸ਼ੁਰੂ ਕੀਤੀ ਤਾਂ ਮੇਰੇ ਦਿਮਾਗ ਵਿੱਚ ਇੱਕਦਮ ਉਸ ਮਰੇ ਭਰੂਣ ਦਾ ਖ਼ਿਆਲ਼ ਆ ਗਿਆ, ਜਿਹੜਾ ਮੈਂ ਨਰਸਿੰਗ ਦੌਰਾਨ ਪਹਿਲੀ ਵਾਰ ਦੇਖਿਆ ਸੀ...
  ਇਹ ਉਦੋਂ ਦੀ ਗੱਲ ਹੈ ਜਦੋਂ ਮੈਂ ਨਰਸਿੰਗ (GNM) ਦੇ ਪਹਿਲੇ ਸਾਲ ਵਿੱਚ ਸੀ ਤੇ ਮੇਰੀ ਡਿਊਟੀ ਖਰੜ ਸਿਵਲ ਹਸਪਤਾਲ ਵਿੱਚ ਲੱਗੀ ਹੋਈ ਸੀ... ਮੈਡਮ ਕਪੂਰ ਸਾਨੂੰ ਅਬੌਰਸ਼ਨ ਬਾਰੇ ਦੱਸ ਰਹੇ ਸਨ ਤੇ ਕੋਲ ਹੀ ਬੈੱਡ 'ਤੇ ਇੱਕ ਔਰਤ ਲੇਟੀ ਹੋਈ ਸੀ,ਜਿਸਦਾ ਹੁਣੇ ਹੀ ਅਬੌਰਸ਼ਨ ਕੀਤਾ ਸੀ। ਮੈਡਮ ਕਪੂਰ ਨੇ ਮਰਿਆ ਹੋਇਆ ਭਰੂਣ ਰੂੰ 'ਤੇ ਰੱਖ ਕੇ ਆਪਣੀ ਤਲੀ 'ਤੇ ਰੱਖਿਆ ਹੋਇਆ ਸੀ.. ਉਹ ਸ਼ਾਇਦ ਕੁਝ ਕੁ ਹਫ਼ਤਿਆ ਦਾ ਹੀ ਸੀ, ਕੁਝ ਕੁ ਅੰਗਾਂ ਦੀ ਬਣਤਰ ਸ਼ੁਰੂ ਹੋ ਚੁੱਕੀ ਸੀ... ਮਾਸ ਦਾ ਇੱਕ ਲੋਥੜਾ ਹੀ ਸੀ, ਪਰ ਲੱਤਾਂ ਬਾਂਹਾਂ ਦੇ ਨਿਸ਼ਾਨ ਜਿਹੇ ਸਨ..
 ਤੇ ਮੇਰਾ ਦਿਮਾਗ ਕੁਝ ਵੀ ਸੁਣਨ ਤੋਂ ਜ਼ਿਆਦਾ ਕਵੀ ਹਿਰਦੇ ਦੇ ਨਾਲ ਨਾਲ ਜ਼ਿਆਦਾ ਦੌੜ ਰਿਹਾ ਸੀ...ਮੈਨੂੰ ਉਸ ਭਰੂਣ ਵੱਲ ਦੇਖ ਕੇ ਲੱਗ ਰਿਹਾ ਸੀ ਜਿਵੇਂ ਪਲਾਸਟਿਕ ਦਾ ਨਿੱਕਾ ਜਿਹਾ ਕਾਕਾ ਮਾਂ ਦਾ ਦੁੱਧ ਚੁੰਘ ਕੇ ਗੂੜੀ ਨੀਂਦ ਸੁੱਤਾ ਪਿਆ ਹੋਵੇ ਤੇ ਉਹ ਸੁੱਤਾ ਪਿਆ ਇੰਨਾਂ ਸੋਹਣਾ ਲੱਗ ਰਿਹਾ ਸੀ ਕਿ ਬੱਸ ਪੁੱਛੋ ਹੀ ਨਾ..
ਮੇਰਾ ਦਿਲ ਕੀਤਾ ਕਿ ਮੈਂ ਆਪਣੀ ਮੈਡਮ ਤੋਂ ਮੰਗ ਲਵਾਂ ਕਿ ਮੈਨੂੰ ਦੇ ਦਿਓ ਪਲੀਜ਼... ਮੈਨੂੰ ਲੱਗਾ ਕਿ ਮੇਰੇ ਮੋਹ ਪਿਆਰ ਨਾਲ਼ ਉਹ ਜ਼ਰੂਰ ਵਧੇ ਫੁੱਲੇਗਾ.. ਤੇ ਕਿਸੇ ਦਿਨ ਚੱਲੇਗਾ ਫਿਰੇਗਾ ਮੇਰੀ ਉਂਗਲੀ ਫੜਕੇ...ਤੇ ਦੂਜੇ ਹੀ ਪਲ਼ ਮੈਨੂੰ ਹੈਰਾਨੀ ਹੋ ਰਹੀ ਸੀ ਕਿ ਇਸਦੀ ਮਾਂ ਇੱਦਾਂ ਕਿਸ ਤਰਾਂ ਇਹਨੂੰ ਇੱਥੇ ਛੱਡ ਕੇ ਜਾ ਸਕਦੀ ਐ?? ਲੱਗਿਆ ਕਿ ਜਿਵੇਂ ਉਹ ਅਚਾਨਕ ਮੇਰੀ ਮੈਮ ਤੋਂ ਮੰਗ ਲਵੇਗੀ ਕਿ ਦਿਓ ਮੇਰਾ ਬੱਚਾ ਵਾਪਿਸ!!! ਪਰ ਉਸਨੇ ਅਜਿਹਾ ਨਾ ਕੀਤਾ.. ਉਹ ਚੁੱਪਚਾਪ ਉਦਾਸਿਆ ਜਿਹਾ ਚਿਹਰਾ ਲੈ ਕੇ ਉੱਠ ਚਲੀ ਗਈ.. ਤੇ ਮੇਰੀ ਟੀਚਰ ਨੇ ਉਹ ਮਰਿਆ ਭਰੂਣ ਕਿਸੇ ਸ਼ੀਸ਼ੀ ਵਿੱਚ ਪਾ ਕੇ ਰੱਖ ਦਿੱਤਾ..ਇੱਕ ਵਾਰ ਫੇਰ ਮੇਰਾ ਜਿਉਂ ਦਮ ਘੁੱਟਿਆ, ਮੈਂ ਕਹਿੰਦੀ ਕਹਿੰਦੀ ਰੁਕੀ ਕਿ ਇਹ ਸਾਹ ਕਿਵੇਂ ਲਊ??
    ਤੇ ਅੱਜ ਹੁਣ ਅਚਾਨਕ ਚੌਂਕ ਕੇ ਜਿਵੇਂ ਨੀਂਦ 'ਚੋਂ ਜਾਗੀ.. ਇਹ ਸਭ ਕੁਝ ਖੁੱਲੀਆਂ ਅੱਖਾਂ ਪਿਛਲੀ ਸਕਰੀਨ ਤੇ ਕੁਝ ਮਿੰਟਾਂ 'ਚ ਹੀ ਘੁੰਮ ਗਿਆ.. ਤੇ ਹੁਣ ਮੇਰੇ ਮੂੰਹ ਵਿੱਚ ਗੰਮੀ ਬੀਅਰ ਐ..ਉਹਦੀ ਬਣਤਰ ਉਸੇ ਮਰੇ ਭਰੂਣ ਵਰਗੀ ਐ.. ਉਫ਼!!! ਉਸੇ ਤਰਾਂ ਹੀ ਫੇਰ ਲੱਗਿਆ ਅੱਜ.. ਲੱਗਿਆ ਜਿਵੇਂ ਮਰਿਆ ਭਰੂਣ ਮੇਰੇ ਮੂੰਹ ਵਿੱਚ ਆ ਗਿਆ ਅਚਾਨਕ ਤੇ ਦਿਲ ਕੀਤਾ ਕਿ ਥੁੱਕ ਦਿਆਂ ਇਹਨੂੰ ਬਾਹਰ.. ਸੁੱਟ ਦਿਆਂ.. ਕਿਉਂ ਇੱਦਾਂ ਚੂਸ ਰਹੀ ਹਾਂ ਮੈਂ.??!!!
       ਪਰ ਜੇ ਸੁੱਟਾਂਗੀ ਤਾਂ ਸ਼ਾਇਦ ਕੋਈ ਕਿਸੇ ਸ਼ੀਸ਼ੀ ਵਿੱਚ ਪਾ ਕੇ ਢੱਕਣ ਲਗਾ ਕੇ ਨਵੇਂ ਤਜ਼ਰਬਿਆਂ ਲਈ ਰੱਖ ਦੇਵੇ.. ਜਾਂ ਫੇਰ ਹੋ ਸਕਦਾ ਕਿ ਇਹ ਪੈਰਾਂ ਥੱਲੇ ਰੁਲੇ... ਤੇ ਮਿੱਟੀ ਨਾਲ ਲਿੱਬੜੇ ਭਰੂਣ ਦੀ ਸ਼ਕਲ ਮੇਰੀਆਂ ਅੱਖਾਂ ਅੱਗੇ ਘੁੰਮਣ ਲੱਗੀ..
ਇਹ ਸਭ ਸੋਚਦੀ ਮੈਂ ਕਿਸੇ ਫ਼ੈਸਲੇ 'ਤੇ ਪਹੁੰਚਣ ਤੋਂ ਅਸਮਰੱਥ ਹਾਂ ਕਿ ਕੀ ਕਰਾਂ ਇਹਦਾ...?? ... ਤੇ ਅਚਾਨਕ ਜਦੋਂ ਉਹਨੂੰ ਸੌਖਾ ਸਾਹ ਦਵਾਉਣ ਲਈ ਮੂੰਹ ਖੋਲਦੀ ਹਾਂ ਤਾਂ ਉਹ ਗੰਮੀ ਬੀਅਰ ਮੇਰੇ ਮੂੰਹ ਵਿੱਚ ਹੈ ਹੀ ਨਹੀਂ... ਉਹ ਖ਼ੁਰ ਚੁੱਕਿਆ ਐ... ਮੈਂ ਉਹਦਾ ਦਮ ਨਹੀਂ ਘੁੱਟਿਆ ਤੇ ਨਾ ਹੀ ਸੁੱਟਿਆ ਕਿਸੇ ਅਣਜਾਣ ਪੈਰਾਂ 'ਚ ਰੁਲਣ ਲਈ... ਉਹ ਹੈ ਹੀ ਨਹੀਂ, ਪਰ ਉਹਦਾ ਸਵਾਦ ਤੇ ਖ਼ੁਸ਼ਬੂ ਸਿਰਫ਼ ਮੇਰੇ ਮੂੰਹ ਵਿੱਚੋਂ ਹੀ ਨਹੀਂ, ਮੇਰੇ ਵਜੂਦ 'ਚੋਂ ਵੀ ਆ ਰਹੀ ਐ...
 Jassi Sangha
2.26PM (ਬੱਸ ਵਿੱਚ ਬੈਠਿਆਂ ਹੀ ਲਿਖਿਆ)

ਕਵਿਤਾ ਦੀ ਮੌਤ

ਕੱਲ ਰਾਤ ਬੜੀ ਅਜੀਬ ਗੱਲ ਹੋਈ..ਕਵਿਤਾ ਸੁਰਾ(ਸ਼ਰਾਬ) ਪੀ ਕੇ ਕੁਝ ਬੇਸੁਰੀ ਹੋਈ ਫਿਰਦੀ ਮੇਰੇ ਕੋਲ ਆਈ...ਬੜੀਆਂ ਬੇਤੁਕੀਆਂ ਗੱਲਾਂ ਕਰਦੀ ਪਈ ਸੀ...
ਮੈਂ ਪੁੱਛਿਆ ਕਿ ਕਵਿਤਾ ਕੀ ਹਾਲ ਐ ਤੇਰਾ??
ਅੱਗੋਂ ਕਹਿੰਦੀ,"ਕਵਿਤਾ !!! ਕਿਹੜੀ ਕਵਿਤਾ???"
ਮੈਂ--ਓਹੀ ਕਵਿਤਾ...ਚੰਚਲ ਸ਼ੋਖ, ਕੋਮਲ ਫੁੱਲਾਂ ਵਰਗੀ ਕਵਿਤਾ, ਲੈਅ ਵਾਲੀ.. ਤਰੰਗਮਈ ਕਵਿਤਾ!!!
ਕਵਿਤਾ--ਓਹ ਅੱਛਾ..!! ਕਵਿਤਾ !!! ਉਸ ਕਵਿਤਾ ਦਾ ਤਾਂ ਵਿਆਹ ਹੋ ਗਿਆ ਪਿਛਲੇ ਮਹੀਨੇ.. ਇੰਗਲੈਂਡ ਤੋਂ ਮੁੰਡਾ ਆਇਆ ਸੀ..ਕਵਿਤਾ ਤੋਂ ਦੁੱਗਣੀ ਉਮਰ ਦਾ ਸੀ, ਪਰ ਪੈਸਾ ਬੜਾ ਸੀ ਕਹਿੰਦੇ ਉਹਦੇ ਕੋਲ.. ਤੇ ਕਵਿਤਾ ਦੇ ਵਾਲੀ ਵਾਰਸਾਂ ਨੇ ਆਪਣੀ ਸਮਝ ਮੁਤਾਬਿਕ ਨਾਪ ਤੋਲ,ਸੋਚ ਸਮਝ ਕੇ ਪਰਣਾ ਦਿੱਤੀ ਉਹਦੇ ਨਾਲ...ਹੁਣ ਤਾਂ ਉਹ ਇੰਗਲੈਂਡ ਚਲੀ ਗਈ ਤੇ ਸ਼ਾਇਦ ਮਾਂ ਬਣਨ ਵਾਲੀ ਆ ਉਹ ਤਾਂ....
ਮੈਂ-- ਨਹੀਂ ਨਹੀਂ....ਉਹ ਕਵਿਤਾ ਨਹੀਂ ਅੜੀਏ !! ਉਹ ਕਵਿਤਾ ਜਿਹੜੀ ਪਿਆਸ ਤੇ ਅਧੂਰੀਆਂ ਖ਼ਵਾਹਿਸ਼ਾਂ ਦੀ ਗੱਲ ਕਰਦੀ ਐ....
ਕਵਿਤਾ-- ਉਹੋ.....ਅੱਛਾ...ਉਹ ਆਪ ਹੀ ਬੜੀ ਪਿਆਸੀ ਸੀ,,,ਜਨਮਾਂ ਜਨਮਾਂ ਦੀ ਪਿਆਸ...ਉਹਦੀ ਤਾਂ ਜਿਉਂ ਰੂਹ ਮਾਰੂਥਲ ਬਣੀ ਪਈ ਸੀ.. ਤੇ ਇੱਕ ਦਿਨ ਉਹ ਇੱਕ ਨਦੀ ਕਿਨਾਰੇ ਪਾਣੀ ਪੀਣ ਝੁਕੀ ਤੇ ਇੱਕ ਵੱਡੇ ਦੈਂਤ ਨੇ ਉਹਨੂੰ ਧੱਕਾ ਦੇ ਦਿੱਤਾ ਨਦੀ ਵਿੱਚ... ਤੇ ਉੱਪਰੋਂ ਐਸਾ ਦਬੋਚਿਆ ਕਿ ਕਵਿਤਾ ਉੱਥੇ ਹੀ ਵਿਲਕਦੀ,ਤੜਪਦੀ ਦਮ ਤੋੜ ਗਈ... ਤੇ ਉਸੇ ਨਦੀ 'ਚ ਹੀ ਵਹਿ ਗਈ ਉਹ ਤਾਂ......
ਮੈਂ-- ਕਿੱਦਾਂ ਦੀਆਂ ਗੱਲਾਂ ਕਰ ਰਹੀ ਏਂ ਤੂੰ?? ਉਸ ਕਵਿਤਾ ਬਾਰੇ ਦੱਸ ਜਿਹੜੀ ਭਟਕਦੀ ਰਹਿੰਦੀ ਸੀ.. ਤੇ ਉਹਦੀ ਭਟਕਣ 'ਚੋਂ ਕਿੰਨੀਆਂ ਅਣਭੋਲ ਜਿਹੀਆਂ ਖੂਬਸੂਰਤ ਰਚਨਾਵਾਂ ਜਨਮ ਲੈਂਦੀਆਂ ਸਨ...ਉਹ ਵੀ ਅਜੀਬ ਹੀ ਸੀ.. ਕਦੇ ਉਹ ਤਵਾਇਫ਼ ਬਣਨਾ ਲੋਚਦੀ ਸੀ... ਕਦੇ ਕਦੇ ਤਵਾਇਫ਼ਾਂ ਨੂੰ ਵੀ ਜਿਸਮ ਫ਼ਰੋਸ਼ੀ ਦੇ ਧੰਦੇ 'ਚੋਂ ਕੱਢਣਾ ਚਾਹੁੰਦੀ ਸੀ.. ਕਦੇ ਉਹ ਗਰੀਬਾਂ ਦੇ ਨਿੱਕੇ ਨਿੱਕੇ ਬੱਚਿਆਂ ਦੇ ਹੱਥਾਂ ਵਿੱਚ ਫੜੀ ਕਲਮ ਬਣਦੀ ਸੀ... ਕਦੇ ਉਹ ਕਿਸੇ ਕੁੜੀ ਦੇ ਸਿਰ ਦੀ ਚੁੰਨੀ ਬਣਦੀ ਸੀ.. ਉਹ ਕਵਿਤਾ ਦਾ ਕੀ ਹਾਲ ਐ??
ਕਵਿਤਾ-- ਅੱਛਾ, ਉਹ ਜੋ ਬੜਾ ਸੋਹਣਾ ਗਾਉਂਦੀ ਵੀ ਐ.. ਸੁਣਿਐਂ ਤੂੰ ਕਦੇ ਕੁਝ ਉਹਦੇ ਸੁਰੀਲੇ ਕੰਠ 'ਚੋਂ???
ਮੈਂ--ਹਾਂ ਹਾਂ.... ਉਹਦਾ ਗਾਇਆ ਇੱਕ ਗਾਣਾ ਮੈਨੂੰ ਬੜਾ ਹੀ ਪਸੰਦ ਐ..... ਪਤਾ ਨਹੀਂ ਕਿੰਨੀ ਵਾਰ ਸੁਣਦੀ ਹਾਂ ਕਦੇ ਕਦੇ ਉਹ ਗਾਣਾ ਮੈਂ...ਉਹਦੇ ਬੋਲ ਨੇ....
ਮੈਨੂੰ ਚੰਦਰੇ ਜਿਹੇ ਆਉਂਦੇ ਨੇ ਖ਼ਿਆਲ਼,
ਰੱਬਾ ਉਹਦੀ ਖ਼ੈਰ ਹੋਵੇ...
   ਬੜਾ ਕਮਾਲ ਗਾਇਆ ਐ....ਤੈਨੂੰ ਪਤਾ ਐ ਉਹ
ਕਵਿਤਾ--(ਵਿੱਚੋਂ ਹੀ ਕੱਟ ਕੇ....) ਆਹੋ ਆਹੋ...ਤੇ ਏਸ ਕਵਿਤਾ ਦੀ ਵੀ ਰੱਬ ਕਰੇ ਖ਼ੈਰ ਹੀ ਹੋਵੇ...ਇਹਦੇ ਬਾਰੇ ਵੀ ਬੜੇ ਚੰਦਰੇ ਖ਼ਿਆਲ਼ ਆਉਂਦੇ ਨੇ ਮੇਰੇ ਮਨ ਵਿੱਚ.... ਇਹਦੀ ਤਾਂ ਭਟਕਣ ਵੀ ਆਪਣੇ ਰਾਸਤੇ ਤੋਂ ਭਟਕ ਗਈ ਐ.. ਕੱਲ ਅਜੀਬ ਅਜੀਬ ਗੱਲਾਂ ਕਰਦੀ ਸੀ... ਕਹਿੰਦੀ ਮੈਂ ਤਾਂ ਸਭ ਕੁਝ ਛੱਡ ਕੇ ਨਿਜਾਮੂੰਦੀਨ ਦੀ ਦਰਗਾਹ ਚਲੇ ਜਾਣਾ ਐ... ਤੇ ਕੱਲ ਮੈਨੂੰ ਆਪਣਾ ਨਵਾਂ ਲਿਖਿਆ ਗਾਣਾ ਵੀ ਸੁਣਾਉਂਦੀ ਸੀ...
ਮੈਂ-- ਵਾਹ!! ਕੀ ਬੋਲ ਨੇ ਨਵੇਂ ਗੀਤ ਦੇ??
ਕਵਿਤਾ--ਦੱਸ ਆਖ਼ਰੀ ਸਲਾਮ ਤੈਨੂੰ ਘੱਲਾਂ ਜਾਂ ਨਾ ਘੱਲਾਂ??
ਮੈਂ--ਉਫ਼ !! ਕੀ ਹੋ ਗਿਆ ਇਹ ਸਭ ?? ਕੀ ਊਟ ਪਟਾਂਗ ਬਕ ਰਹੀ ਏਂ ਤੂੰ..?? ਕੋਈ ਸੋਹਣੀ ਗੱਲ ਕਰ ਅੜੀਏ.. ਰਾਤ ਦੇ ਦੋ ਵੱਜ ਗਏ ਨੇ... ਫੇਰ ਏਦਾਂ ਦੇ ਹੀ ਊਲ ਜਲੂਲ ਜਿਹੇ ਸੁਪਨੇ ਆਉਂਦੇ ਆ..
ਅੱਛਾ ਤੂੰ ਆਪਣੀ ਉਸ ਸਭ ਤੋਂ ਪੱਕੀ ਸਹੇਲੀ ਹਨੇਰੀ ਦੀ ਕੋਈ ਗੱਲ ਸੁਣਾ...ਜਿਹੜੀ ਤਿਤਲੀਆਂ ਰੰਗੇ ਖ਼ਾਬ ਬੁਣਨ ਦੀਆਂ ਗੱਲਾਂ ਕਰਦੀ ਹੁੰਦੀ ਸੀ, ਆਪਣੇ ਖ਼ਾਬਾਂ ਦੇ ਲਾੜੇ ਨੂੰ ਰੋਜ਼ ਚਾਵਾਂ ਵਾਲੀ ਪਟੜੀ 'ਤੇ ਬਿਠਾ ਕੇ ਹਾਸਿਆਂ ਦਾ ਵਟਣਾ ਮਲਦੀ ਸੀ..ਜੀਹਦਾ ਸ਼ਾਇਦ ਕੋਈ ਸੁਪਨਿਆਂ ਦਾ ਰਾਜਕੁਮਾਰ ਵੀ ਸੀ ਨਾ?? ਉਹਦੀ ਕਵਿਤਾ ਨਾਮਕ ਬੇੜੀ ਦਾ ਮੱਲਾਹ....!!!
ਕਵਿਤਾ-- ਹਾਂ ਹਾਂ...ਦੁਆ ਨਾਮ ਸੀ ਉਹਦਾ...
ਮੈਂ-- ਹਾਂ ਉਹੀ.. ਉਹਦੀ ਕੋਈ ਗੱਲ ਸੁਣਾ ਤੂੰ...ਉਹ ਕਿੰਨੀ ਜ਼ਿੰਦਾਦਿਲ ਆ ਨਾ !! ਉਹਦੇ ਬਾਰੇ ਦੱਸ ਕੁਝ...!!
ਕਵਿਤਾ-- ਅੱਜ ਉਸੇ ਜ਼ਿੰਦਾਦਿਲ ਨੂੰ ਮਿਲਣ ਤੋਂ ਬਾਅਦ ਹੀ ਆਹ ਬੁੱਢੇ ਸੰਨਿਆਸੀ (OLD MONK) ਦਾ ਸਹਾਰਾ ਲੈਣ ਦੀ ਨੌਬਤ ਆਈ ਆ.... ਉਹ ਤਾਂ ਪਾਗਲ ਹੋ ਗਈ ਐ.. (ਉੱਚੀ ਉੱਚੀ ਹੱਸਦੀ ਹੋਈ)
(ਤੇ ਫੇਰ ਇੱਕਦਮ ਉਦਾਸ ਹੋ ਗਈ ਤੇ ਬਹੁਤ ਹੀ ਗੰਭੀਰ ਹੋ ਜਾਂਦੀ ਐ)
ਤੈਨੂੰ ਪਤਾ ਐ ਏਦਾਂ ਦੇ ਬੰਦੇ ਦੀ ਉਦਾਸੀ ਨਾਲ ਜ਼ਿੰਦਗੀ ਦਾ ਵੀ ਦਮ ਘੁੱਟਦਾ ਐ.. ਐਸੀ ਮੌਤ ਨਾਲ ਜ਼ਿੰਦਗੀ ਮਰਦੀ ਐ..(...ਤੇ ਦੋ ਹੰਝੂ ਟਪਕ ਪੈਂਦੇ ਨੇ..)
ਮੈਂ-- ਪਰ ਹੋਇਆ ਕੀ??
ਕਵਿਤਾ-- ਉਹਦਾ ਅਸਲੀ ਨਾਮ ਵੀ ਕਵਿਤਾ ਹੀ ਸੀ ਤੈਨੂੰ ਪਤੈ??
ਮੈਂ-- ਸੀ?????
ਕਵਿਤਾ--ਨਾ..ਸੱਚ..ਹੈ....!!!
ਮੈਂ--ਪਰ ਹੋਇਆ ਕੀ ਇਸ ਕਵਿਤਾ ਨੂੰ ਹੁਣ??
ਕਵਿਤਾ--ਇਹ ਕਵਿਤਾ ਜੀਹਦੇ ਲਈ ਕਵਿਤਾ ਬਣੀ ਸੀ,ਉਸ ਮਾਲਿਕ ਨੇ ਹੀ ਇਹ ਮੰਨਣ ਤੋਂ ਇਨਕਾਰ ਕਰ ਦਿੱਤਾ ਐ ਕਿ ਉਹ ਕਵਿਤਾ ਐ!!! ਤੇ ਹੁਣ ਰੋਂਦੀ ਸੀ ਬੜਾ ਹੀ, ਕਦੇ ਪਾਗਲਾਂ ਵਾਂਗ ਹੱਸਦੀ ਐ.. ਕਦੇ ਹੱਸਦੀ ਹੀ ਰੋਣ ਲੱਗ ਪੈਂਦੀ ਐ... ਕਦੇ ਕਦੇ ਬੋਲੀ ਜਾਂਦੀ ਐ ਤੇ ਕਦੇ ਬੁਲਾਇਆਂ ਵੀ ਨਹੀਂ ਬੋਲਦੀ..
ਤੇ ਕੱਲ ਮੈਨੂੰ ਭੀੜ ਵਿੱਚ ਗਵਾਚੀ,ਰੁਲੀ ਫਿਰਦੀ ਮਿਲੀ....ਕਹਿੰਦੀ ਅਸਤੀਫਾ ਦੇ ਦੇਣਾ ਐ...!! ਹੁਣ ਹੋਰ ਨਹੀਂ ਸਹਿ ਹੁੰਦਾ....!!!
ਮੈਂ--ਪਰ ਉਹ ਕਿਹੜਾ ਕੋਈ ਨੌਕਰੀ ਕਰਦੀ ਐ!!! ਵਿਹਲੀਆਂ ਖਾਂਦੀ ਐ, ਐਸ਼ ਕਰਦੀ ਐ.. ਫੇਰ ਅਸਤੀਫਾ ਕਾਹਦਾ??
ਕਵਿਤਾ--ਪਤਾ ਨਹੀਂ...ਕਹਿੰਦੀ ਸਲਫਾਸ ਦੀ ਗੋਲੀ ਕੋਲ ਰੱਖਿਆ ਕਰਨੀ ਆ ਹੁਣ...(ਤੇ ਹੱਸ ਪੈਂਦੀ ਹੈ..)
ਮੈਂ--ਬਕਵਾਸ ਬੰਦ ਕਰ ਅੜੀਏ ਤੇ ਸੌਂ ਜਾ !!! ਪਹਿਲੀ ਵਾਰ ਪੀਤੀ ਹੋਣ ਕਰਕੇ ਤੈਨੂੰ ਚੜ ਗਈ ਐ ਜ਼ਿਆਦਾ...!!!
ਕਵਿਤਾ--ਸਿਗਰਟ ਜਾਂ ਬੀੜੀ ਮਿਲੂ ਕਿਤੋਂ??
ਮੈਂ--ਹੁਣ ਤੂੰ ਇਹ ਕੁਝ ਵੀ ਕਰੇਂਗੀ?? ਨਾਲੇ ਤੈਨੂੰ ਤਾਂ ਐਲਰਜੀ ਐ ਨਾ ਸਿਗਰੇਟ ਦੇ ਧੂੰਏਂ ਤੋਂ??
ਕਵਿਤਾ-- ਆਹੋ..ਸੀ!!! ਬੜੇ ਕੁਝ ਤੋਂ ਐਲਰਜੀ ਸੀ ਮੈਨੂੰ ਤਾਂ !!!. ਮੈਂ ਇਹਨਾਂ ਸਾਰੀਆਂ ਹਵਾ ਵਰਗੀਆਂ ਕਵਿਤਾਵਾਂ ਦਾ ਅਕਸ ਧੂੰਏਂ ਨਾਲ ਇੱਕਮਿੱਕ ਹੁੰਦਾ ਹੁੰਦਾ ਦੇਖਣਾ ਐ.. ਮੇਰੀ ਐਲਰਜੀ ਤੇ ਕਵਿਤਾ ਇੱਕ ਹੋ ਜਾਣੇ ਐ .. ਸੁਣਿਆ ਤੂੰ??? ਤੇ ਫੇਰ ਮੇਰੀ ਕਵਿਤਾ ਦਾ ਦਮ ਘੁੱਟੂ....ਤੇ ਫੇਰ...
ਮੈਂ--(ਵਿੱਚੋਂ ਹੀ ਗੱਲ ਕੱਟ ਕੇ..) ਤੂੰ ਆਪਣੀ ਜ਼ੁਬਾਨ ਨੂੰ ਲਗਾਮ ਦੇ ਹੁਣ ਤੇ ਮੈਨੂੰ ਸੌਣ ਦੇ..ਹੁਣ ਇੱਕ ਵੀ ਸ਼ਬਦ ਮੂੰਹੋਂ ਨਾ ਕੱਢੀਂ...
(ਤੇ ਕਵਿਤਾ ਬੱਚਿਆਂ ਵਾਂਗ ਆਪਣੇ ਬੁੱਲਾਂ 'ਤੇ ਉਂਗਲੀ ਰੱਖਕੇ ਮੈਨੂੰ ਭਰੋਸਾ ਦਿਲਾਉਂਦੀ ਹੈ ਕਿ ਉਹ ਨਹੀਂ ਬੋਲੇਗੀ....)
  ਤੇ ਮੈਂ ਥੱਕੀ ਹੋਣ ਕਰਕੇ ਜਲਦੀ ਹੀ ਸੌਂ ਗਈ।
      ਕਵਿਤਾ........ਮੌਤ.........ਦੈਂਤ.........ਪਿਆਸ......... ਆਖ਼ਰੀ ਸਲਾਮ..........ਸਲਫ਼ਾਸ....... ਤੇ ਮੈਂ ਚੀਕ ਮਾਰਕੇ ਜਾਗ ਜਾਂਦੀ ਹਾਂ...ਡਰੀ ਸਹਿਮੀ ਤੇ ਪਸੀਨੋ ਪਸੀਨੀ ਹੋਈ... ਘੜੀ ਦੇਖਦੀ ਹਾਂ.. ਸਵੇਰ ਦੇ ਛੇ ਵੱਜ ਗਏ... ਬੜਾ ਡਰਾਉਣਾ ਸੁਪਨਾ ਸੀ।
ਮੂੰਹ ਤੋਂ ਰਜਾਈ ਉਤਾਰੀ ਤਾਂ ਦੇਖਿਆ ਤਾਂ ਕਵਿਤਾ ਅਜੇ ਵੀ ਉਂਝ ਹੀ ਬੱਚੇ ਵਾਂਗ ਮੂੰਹ 'ਤੇ ਉਂਗਲੀ ਰੱਖੀ ਬੈਚੇਨ ਮੇਰੇ ਜ਼ਮੀਨ 'ਤੇ ਲੱਗੇ ਗੱਦੇ ਦੀ ਪਰਿਕਰਮਾ ਕਰ ਰਹੀ ਐ, ਇਹ ਨਿੱਕੀ ਜਿਹੀ ਕਵਿਤਾ ਨੇ ਪਰੇਸ਼ਾਨ ਕਰ ਰੱਖਿਐ... ਭਲਾ ਇਹ ਏਦਾਂ ਠੰਡ 'ਚ ਮਘਦੇ ਤੂਫ਼ਾਨ ਵਾਂਗ ਬਾਹਰ ਭਟਕੂ ਤਾਂ ਮੈਂ ਕਿਵੇਂ ਸੌਂ ਸਕਦੀ ਹਾਂ???
.......ਤੇ ਮੈਂ ਕਵਿਤਾ ਨੂੰ ਫੜ ਕੇ ਆਪਣੇ ਸਿਰਹਾਣੇ ਥੱਲੇ ਰੱਖ ਲਿਆ....ਤੇ ਸੌਂ ਗਈ.. ਤੇ ਹੁਣ ਜਦੋਂ ਗਿਆਰਾਂ ਵਜੇ ਜਾਗ ਕਰ ਦੇਖਿਆ ਤਾਂ ਕਵਿਤਾ ਮਰੀ ਪਈ ਐ...। ਕਵਿਤਾ ਦੇ ਦੋਸਤੋ, ਸ਼ਰੀਕੋ ਤੇ ਕਵਿਤਾ ਦੇ ਵਾਰਸੋ!!! ਕਵਿਤਾ ਮਰ ਗਈ ਐ.... ਰੋਵੋ.. ਕੁਰਲਾਓ... ਤੇ ਕਵਿਤਾ ਦੇ ਦੁਸ਼ਮਣੋਂ ਖ਼ੁਸ਼ੀਆਂ ਮਨਾਉ...
ਕਵਿਤਾ ਮਰ ਗਈ ਐ...
ਤੇ ਆਖ਼ਿਰ ਸੱਚੀਂ ਕਵਿਤਾ ਮਰ ਗਈ ਐ...।
 Jassi Sangha
Feb,29th,2012

ਇੱਕ ਵਾਅਦਾ..

ਮੈਂ
ਅੱਜ
ਮੁਹੱਬਤ ਦੇ ਇਸ ਖੂਬਸੂਰਤ ਦਿਨ ਦੇ ਮੌਕੇ 'ਤੇ
ਤੇਰੇ ਨਾਲ਼ ਵਾਅਦਾ ਕਰਦੀ ਹਾਂ
ਕਿ ਆਪਣੀ ਇੱਛਾ ਅਨੁਸਾਰ ਤਾਂ ਇੱਕ ਪਲ਼ ਲਈ ਵੀ
ਤੈਥੋਂ ਦੂਰ ਜਾਵਾਂਗੀ ਨਹੀਂ...
ਪਰ ਜੇ ਕਦੇ ਮਜ਼ਬੂਰੀਆਂ ਨੇ
ਇਸ ਦਾਅਵੇ ਨੂੰ ਝੁਠਲਾਉਣ ਦੀ ਕੋਸ਼ਿਸ਼ ਕੀਤੀ
ਤਾਂ
ਤੂੰ ਫ਼ਿਕਰ ਨਾ ਕਰ...
ਤੂੰ ਕਦੇ ਇਕੱਲਾ ਨਹੀਂ ਹੋਵੇਂਗਾ,
ਮੈਂ ਸੂਰਜ ਨੂੰ ਤੇਰੇ ਪਹਿਰੇ ਤੇ ਬਿਠਾ ਕੇ ਜਾਵਾਂਗੀ...
ਮੈਂ ਧਰਤੀ ਨੂੰ ਕਹਿ ਕੇ ਜਾਵਾਂਗੀ
ਕਿ ਉਹ ਸਦਾ ਘੁੰਮਦੀ ਰਹੇ....
ਤਾਂ ਕਿ ਪੰਘੂੜੇ ਵਿੱਚ ਸੁੱਤੇ ਬਾਲ ਦੀ ਤਰਾਂ
ਤੂੰ ਸਦਾ ਹੀ ਲੋਰ 'ਚ ਰਹੇਂ....
ਚੰਨ ਨੂੰ ਕਹਿ ਕੇ ਜਾਵਾਂਗੀ ਕਿ ਉਹ ਮੇਰੇ ਚੰਨ ਨੂੰ
ਚਾਣਨੀ ਦਾ ਸਾਇਆ ਦੇਵੇ ਸਦਾ
ਤੇ ਕੁਝ ਦਿਨ ਮੇਰੇ ਚੰਨ ਦੇ ਸਿਰਹਾਣੇ ਥੱਲੇ ਹੀ
ਆਰਾਮ ਕਰ ਲਿਆ ਕਰੇ...
ਮੈਂ ਪੰਛੀਆਂ ਨੂੰ ਕਹਿ ਕੇ ਜਾਵਾਂਗੀ
ਕਿ ਉਹ ਤੇਰਾ ਦਿਲ ਲਵਾ ਕੇ ਰੱਖਣ...
ਹਵਾਵਾਂ ਤੋਂ ਵਾਅਦਾ ਲੈ ਕੇ ਜਾਵਾਂਗੀ
ਕਿ ਉਹ ਪੱਤਿਆਂ ਨਾਲ਼ ਮਿਲ ਕੇ
ਅਨਹਦ ਨਾਦ ਵਜਾਉਂਦੀਆਂ ਰਹਿਣ
ਤੇ ਦਰੱਖ਼ਤ ਸਦਾ ਤੇਰੇ ਰਾਹਾਂ 'ਚ ਖੜੇ ਤੈਨੂੰ ਹਰ ਥਾਂ,
ਹਰ ਕਦਮ 'ਤੇ ਉਡੀਕਣ...
ਮੈਂ ਖ਼ੁਸ਼ੀ ਨੂੰ ਕਹਿ ਕੇ ਜਾਵਾਂਗੀ
ਕਿ ਉਹ ਤੈਨੂੰ ਆਪਣੀ ਮੰਜ਼ਿਲ ਬਣਾ ਲਵੇ,
ਖ਼ੁਸ਼ੀ ਵੀ ਤਾਂ ਕਿੰਨੀ ਖ਼ੁਸ਼ ਰਹੇਗੀ
ਤੇਰੀ ਖ਼ੁਸ਼ਮਿਜਾਜ਼ ਤਬੀਅਤ ਦਾ ਹਿੱਸਾ ਬਣਕੇ...
ਮੈਂ ਦੁੱਖ ਦਰਦਾਂ ਨੂੰ ਕਹਿ ਕੇ ਜਾਵਾਂਗੀ
ਕਿ ਤੂੰ ਉਹਨਾਂ ਲਈ ਕਿਸੇ ਵੀ ਤਰਾਂ ਢੁੱਕਵਾਂ ਦਿਲ ਜਾਂ
ਚਿਹਰਾ ਨਹੀਂ ਰੱਖਦਾ..
ਉਹ ਤੈਨੂੰ ਨਫ਼ਰਤ ਕਰਨ
ਦੁਸ਼ਮਣੀ ਪਾਲ ਲੈਣ ਤੇਰੇ ਨਾਲ....
ਮੈਂ ਗਰਮੀ ਨੂੰ ਕਹਾਂਗੀ ਕਿ ਉਹ ਗਰਮੀ 'ਚ ਤੇਰਾ ਖ਼ਿਆਲ ਰੱਖਿਆ ਕਰੇ..
ਉੰਨਾਂ ਪੱਥਰ ਦਿਲਾਂ ਨੂੰ ਪਿਘਲਾਵੇ
ਜਿੰਨਾਂ ਦੀ ਕਠੋਰਤਾ ਤੇਰੇ ਨਰਮ ਦਿਲ ਨੂੰ ਪਰੇਸ਼ਾਨ ਕਰਦੀ ਐ...
ਤੇ ਸਰਦੀ ਤੋਂ ਵੀ ਵਾਅਦਾ ਲਵਾਂਗੀ
ਕਿ ਨਿੱਘ ਵੀ ਲਿਆਵੇ ਆਪਣੇ ਨਾਲ...
ਸਰਦੀ 'ਚ ਕਦੇ ਵੀ ਸਰਦੀ ਤੈਨੂੰ ਇਕੱਲਾ ਨਹੀਂ ਹੋਣ ਦੇਵੇਗੀ...
ਪਤਝੜ ਹਰ ਸਾਲ ਤੇਰੇ ਗਲ਼ ਪਏ ਅਕਾਊ ਬੋਝ ਨੂੰ
ਝਾੜ ਦਿਆ ਕਰੇਗੀ
ਤੇ
ਬਸੰਤ ਹਰ ਸਾਲ ਤੇਰੇ ਮੁਸਕਰਾਉਣ ਨਾਲ਼ ਹੀ ਖਿੜੇਗੀ...
ਮੈਂ ਸੋਹਣੇ ਰੰਗਾਂ ਨੂੰ ਕਹਿ ਕੇ ਜਾਵਾਂਗੀ
ਕਿ ਉਹ ਤੇਰੀ ਜ਼ਿੰਦਗੀ ਨੂੰ ਕੈਨਵਸ ਬਣਾ ਲੈਣ...
ਮੈਂ ਰਾਹਾਂ ਨੂੰ ਕਹਿ ਕੇ ਜਾਵਾਂਗੀ
ਕਿ ਤੇਰੇ ਕਦਮਾਂ ਦੀ ਛੋਹ ਨੂੰ ਉਦੋਂ ਤੱਕ ਸੰਭਾਲ ਕੇ ਰੱਖਣ,
ਜਦੋਂ ਤੱਕ ਮੈਂ ਤੇਰੀਆਂ ਪੈੜਾਂ ਨੂੰ
ਸੰਭਾਲਣ ਲਈ ਵਾਪਿਸ ਨਾ ਆ ਜਾਵਾਂ...
ਮੈਂ ਬੇਅਕਲ ਜ਼ਮਾਨੇ ਨੂੰ ਕਹਿ ਕੇ ਜਾਵਾਂਗੀ
ਕਿ ਉਹ ਤੈਨੂੰ ਬੇਦਖ਼ਲ ਕਰ ਦੇਵੇ
ਆਪਣੇ ਪਿਛਾਂਹ ਖਿੱਚੂ ਰੀਤੀ ਰਿਵਾਜਾਂ ਤੋਂ..
ਮੈਂ ਆਜ਼ਾਦੀ ਨੂੰ ਕਹਿ ਕੇ ਜਾਵਾਂਗੀ
ਕਿ ਉਹ ਤੇਰੇ ਸਾਹਾਂ ਸੰਗ ਪਰਣਾਈ ਜਾਵੇ..
ਮੈਂ ਵਕਤ ਤੋਂ ਇਹ ਵਾਅਦਾ ਲੈ ਕੇ ਜਾਵਾਂਗੀ
ਕਿ ਜਦੋਂ ਤੂੰ ਆਪਣੀ ਬੰਸਰੀ ਵਜਾ ਰਿਹਾ ਹੋਵੇਂ
ਤਾਂ ਵਕਤ ਜ਼ਰਾ ਆਪਣੀ ਰਫ਼ਤਾਰ ਘਟਾ ਲਿਆ ਕਰੇ..
ਮੈਂ ਮੰਜ਼ਿਲ ਦੀ ਵੀ ਮਿੰਨਤ ਕਰਕੇ ਜਾਵਾਂਗੀ
ਕਿ ਉਹ ਵੀ ਤੇਰੇ ਵੱਲ ਕਦਮ ਪੁੱਟਣੇ ਸ਼ੂਰੁ ਕਰ ਦੇਵੇ...
ਮੈਂ ਤੇਰੇ ਬੀਤੇ ਕੱਲ ਦੇ ਦੁਖਦਾਈ ਕਿੱਸੇ ਨੂੰ ਕਹਾਂਗੀ
ਕਿ ਉਹ ਤੇਰੇ ਜ਼ਿਹਨ 'ਚ ਕਦੇ ਵੀ ਨਾ ਆਵੇ...
ਤੇ ਮੈਂ ਜ਼ਿੰਦਗੀ ਨੂੰ ਕਹਿ ਕੇ ਜਾਵਾਂਗੀ
ਕਿ ਉਹ ਹਮੇਸ਼ਾ ਤੇਰੇ ਸਾਹਾਂ ਦੇ ਆਸ ਪਾਸ ਰਹੇ...
ਤੇਰੇ ਬੁੱਲਾਂ ਨੂੰ ਛੋਂਹਦੀ,ਟੋਂਹਦੀ ਤੇ ਚੁੰਮਦੀ
ਜ਼ਿੰਦਗੀ ਵੀ ਜ਼ਿੰਦਾਦਿਲ ਹੋ ਜਾਵੇਗੀ...
ਜ਼ਰਾ ਸੋਚ
ਐਨੀ ਖ਼ੂਬਸੂਰਤ ਜ਼ਿੰਦਗੀ ਦਾ ਮਾਲਿਕ ਹੋਵੇਂਗਾ ਤੂੰ
ਜਿੱਥੇ ਪੂਰੀ ਕਾਇਨਾਤ ਤੇਰੀ ਖ਼ਿਦਮਤ 'ਚ ਲੱਗੀ ਰਿਹਾ ਕਰੇਗੀ..
ਸਾਰੀ ਕੁਦਰਤ ਤੇਰੇ ਆਸ ਪਾਸ ਰਹੂ
ਤੇਰੇ ਇਕੱਲੇ ਇਕੱਲੇ ਸਾਹ ਦਾ ਖ਼ਿਆਲ਼ ਰੱਖੂ....
ਰੰਗ ਤੇਰੀਆਂ ਨਜ਼ਰਾਂ ਮੁਤਾਬਿਕ ਬਦਲਣਗੇ...
ਧੁੱਪ ਛਾਂ ਤੇਰੀਆਂ ਪਲਕਾਂ ਝਪਕਣ ਨਾਲ ਹੋਊ...
ਹਵਾ ਤੇਰੇ ਸਾਹਾਂ ਦੀ ਰਫ਼ਤਾਰ ਨਾਲ ਵਗਿਆ ਕਰੂ..
ਮੀਂਹ ਤੇਰੀਆਂ ਖ਼ੁਸ਼ੀਆਂ ਸੰਗ ਵਰਣਗੇ..
ਚੰਨ ਤਾਰੇ ਸੂਰਜ ਤੇਰਾ ਪਹਿਰਾ ਦੇਣਗੇ..
ਤੇ
ਉਦੋਂ ਕਦੇ...ਜਦੋਂ ਵੀ ਤੇਰੀ ਧੜਕਣ ਦਾ ਸੰਗੀਤ
ਤੈਨੂੰ ਸੁਣੂ
ਉਸ ਸੰਗੀਤ 'ਚ ਕਾਇਨਾਤ ਦੀ ਧੀ
ਹਨ੍ਹੇਰੀ
ਤੈਨੂੰ ਇਹੀ ਕਹਿੰਦੀ ਸੁਣੇਗੀ...
"ਦੇਖਿਆ ਦੁਆ !!
ਮੈਂ ਤੇਰੇ ਨਾਲ਼ ਵਾਅਦਾ ਕੀਤਾ ਸੀ ਨਾ
ਕਿ ਮੈਂ ਤੈਨੂੰ ਕਦੇ ਵੀ ਇਕੱਲਾ ਛੱਡ ਕੇ ਨਹੀਂ ਜਾਵਾਂਗੀ..
ਤੇ ਦੇਖ ਲੈ ਅੱਜ!!
ਮੈਂ ਨਾ ਹੋ ਕੇ ਵੀ ਤੇਰੇ ਸਾਹਾਂ ਦੀ ਰਵਾਨਗੀ 'ਚ ਹਾਂ...
ਤੇਰੀ ਧੜਕਣ 'ਚ ਵਸੀ ਹਾਂ..!!
ਤੂੰ ਇਕੱਲਾ ਹੋ ਕੇ ਵੀ ਇਕੱਲਾ ਨਹੀਂ...
ਤੇ
ਮੈਂ ਤੈਥੋਂ ਵੱਖ ਹੋ ਕੇ ਵੀ ਕਦੇ ਇੱਕ ਪਲ਼ ਲਈ ਵੱਖ ਨਹੀਂ ਹੋਈ..
Jassi Sangha
14 Feb,2012

ਤੂੰ ,ਮੈਂ, ਦਿਲ ਤੇ ਖ਼ਾਬ

ਇੱਕ ਖ਼ਾਬ ਮੋਰ ਦੀ ਪੈਲ ਜਿਹਾ...
ਕਦ ਤੋਂ ਸ਼ਾਇਦ ਘਰ ਟੋਲ ਰਿਹਾ...
ਮੇਰੇ ਸਾਹਾਂ ਦੇ ਵਿੱਚ ਰਸ ਗਿਆ ਏ..
ਮੇਰੇ ਨੈਣਾਂ ਦੇ ਵਿੱਚ ਵਸ ਗਿਆ ਏ...
ਏਹ ਬੋਝਲ ਜ਼ਿੱਦੀ ਝੱਲਾ ਦਿਲ..
ਰੋਕਿਆਂ ਨਾ ਰੁਕੇ ਕੁਵੱਲਾ ਦਿਲ..
ਹੱਸਦਿਆਂ ਹੱਸਦਿਆਂ ਹਉੁਕੇ ਭਰੇ,
ਨਾ ਚਾਹੁੰਦਿਆਂ ਵੀ ਉਸੇ 'ਤੇ ਮਰੇ...
ਆਪ ਰੋਂਦਾ ਮੈਨੂੰ ਹਸਾਉਂਦਾ ਏ,
ਭੈੜੇ ਜੱਗ ਦੀ ਭੈੜ ਦਿਖਾਉਂਦਾ ਏ..
ਅਣਭੋਲ ਬੜਾ ਇਹ ਮੇਰਾ ਦਿਲ..
ਕਿਉਂ ਨਾ ਸਮਝੇ ਇਹ ਤੇਰਾ ਦਿਲ??
ਕਿਉਂ ਇਹਨੂੰ ਤੂੰ ਤੜਪਾਉਂਦਾ ਏਂ
ਮੇਰੀ ਤੜਪ ਨਾਲ ਕੀ ਪਾਉਂਦਾ ਏਂ??
ਇਹ ਫੁੱਲ ਜਿਹਾ, ਖ਼ੁਸ਼ਬੂ ਜਿਹਾ..
ਤੇਰੀ ਖ਼ੁਦ ਦੀ ਬਾਲੜੀ ਰੂਹ ਜਿਹਾ...
ਕਦੇ ਨੱਸ ਜਾਣਾ ਇਹ ਸੋਚਦਾ ਏ,
ਤੇਰੇ ਦਿਲ ਵਿੱਚ ਵਸਣਾ ਲੋਚਦਾ ਏ..
ਦੱਸ ਤੇਰਾ ਦਿਲ ਕਿਉਂ ਚਾਹਵੇ ਨਾ,
ਰੂਹ ਆਪਣੀ ਵਿੱਚ ਵਸਾਵੇ ਨਾ...
ਤੂੰ ਹੀਰਾ,ਤੈਨੂੰ ਲੱਖ ਹੋਸਣ,
ਤੇਰੇ ਬਾਝੋਂ ਮੇਰਾ ਕੋਈ ਨਾ...
ਇੱਕ ਅੱਗ ਵਿਛੋੜੇ ਦੀ ਕੈਸੀ,
ਕਈ ਰਾਤਾਂ ਤੋਂ ਅੱਖ ਸੌਈਂ ਨਾ...
ਦਿਲ ਦਿਲ ਦੀ ਖੇਡ ਅਨੋਖੀ ਏ,
ਕਿਸ ਮਿਣੀ ਤੇ ਕਿਸੇ ਨਾ ਜੋਖੀ ਏ..
ਆਪੇ ਲਾ ਕੇ ਤੂੰ ਬੁਝਾਉਂਦਾ ਏਂ
ਉਲਝਾਉਂਦਾ ਤੇ ਸੁਲਝਾਉਂਦਾ ਏਂ..
ਨਾ ਖੋਲ ਗੰਢ ਕੋਈ ਹਿੱਕੜੀ ਦੀ,
ਹਾੜਾ ਦੱਸ ਤਾਂ ਦੇ ਕੀ ਚਾਹੁੰਨਾ ਏਂ???
Jassi Sangha
10 feb, 2012

Wednesday, 1 February 2012

ਕੋਸੇ ਕੋਸੇ ਖ਼ਾਰੇ ਹੰਝੂਆਂ ਦੇ ਰੂਪ ਵਿੱਚ
ਕੁਝ ਤਾਂ ਕਿਰ ਰਿਹਾ ਐ
ਮੇਰੇ ਨੈਣਾਂ ਦੀ ਸੁਰਾਹੀ ਵਿੱਚੋਂ ...
ਤੇਰਾ ਆਪਣਾਪਣ
ਜਾਂ ਫੇਰ
ਸ਼ਾਇਦ ਆਪਣਿਆਂ ਦੀ ਬੇਗ਼ਾਨਗੀ...
Jassi Sangha
21.06.2011

Thursday, 19 January 2012

ਦੁਆ ਲਈ...

ਕਿੰਨਾ ਨਜ਼ਦੀਕ ਹੁੰਦਿਆਂ ਵੀ ਤੂੰ ਕਿੰਨਾ ਦੂਰ ਏਂ
ਤੇ ਦੂਜੇ ਹੀ ਪਲ਼ ਕਿੰਨੀ ਦੂਰ ਹੁੰਦਿਆਂ ਵੀ
ਤੂੰ ਕਿੰਨਾ ਕੋਲ਼ ਏਂ...
ਬਿਲਕੁਲ ਦਿਨ ਤੇ ਰਾਤ ਦੇ ਰਿਸ਼ਤੇ ਵਾਂਗ...!!!
ਤੂੰ ਕਦੇ ਦਿਨ ਏਂ
ਤੇ
ਕਦੇ ਰਾਤ....
ਤੇ ਮੈਂ ?????
ਮੈਂ........
ਉਹੀ ਆਥਣ,
ਜਿਹੜੀ ਤੈਨੂੰ ਤੇਰੇ ਨਾਲ ਮਿਲਾਉਂਦੀ
ਆਪਣੀ ਹੋਂਦ ਈ ਭੁਲਾ ਬੈਠਦੀ ਐ...!!
Jassi Sangha
31 Aug. 2011

Wednesday, 18 January 2012

तुम और मैं

जो हूँ वो है नहीं , जो है वो हूँ नहीं,
जो था अब वो नहीं, कभी था !! अब तो नहीं..
मैं "मैं" था!! जब थी तेरी आरज़ू नहीं,
अब मैं मुझ में नहीं, क्यूँ मैं तेरी  आरज़ू नहीं ...
जो दिल में है, लबों पे वो गुफ़्तगू नहीं,
और जो ज़ुबान पे है वो सदा दिल से नहीं ...
मेरे शिकवे सदा तुम लेते हो दिल पर,
मेरे अपनापन क्या तुम्हारा अपना नहीं??
तुम्हारे आंसुओं का वास्ता, सदा ख़ाबों के वास्ते,
मेरी जागती आँखों की सैलाब क्या सपना नहीं..
तुम तुम ही रहो और मैं तू हो जाऊं!!!
(कैसा इश्क है ये!!)
हम हम हो जायें,क्या ऐसा कोई सपना नहीं..??
Jassi Sangha
18/jan/2012

Jo hoon wo hai nhi, jo hai wo hoon nhi,
jo tha ab wo nhi,kabhi tha ab to nhin...!
main main tha,jab tak thi teri justju nhi,
ab main mujh mein nhi, kyun main teri aarzu nhi..?
jo dil mein hai laboN pe wo guftgu  nhi,
aur jo zubaan pe hai, wo sda dil se nhi...
mere shikwe sda tum lete ho dil par,
mera apnapan kya tumhara apna nhi??
tumhare ansuoN ka waasta sda khaaboN ke waste,
meri jaagti aankhoN ki sailaab kya sapna nhi??
tum tum he rho aur main tu ho jauN???
(ye kaisa ishq hai!!)
hum "hum" ho jayeiN,kya aisa koi sapna nhi...!!!??
Jassi S.

ਮੈਂ ਤੇ ਪਾਕਿਸਤਾਨ.. (my Sentiments For Pakistan)

ਮੈਨੂੰ ਪਾਕਿਸਤਾਨ ਨਾਲ ਪਿਆਰ ਐ, ਜਿਵੇਂ ਭਾਰਤ ਨਾਲ..ਜਿਵੇਂ ਕਵਿਤਾ ਨਾਲ਼, ਬਲਵਿੰਦਰ ਬਾਊ ਜੀ ਨਾਲ, ਕਲਾ ਨਾਲ, ਅਭਿਸ਼ੇਕ ਨਾਲ ਜਾਂ ਆਪਣੀ ਮਾਂ ਨਾਲ..ਮੈਂ ਹਮੇਸ਼ਾ  ਛੋਟੇ ਹੁੰਦਿਆਂ ਤੋਂ ਹੀ ਪਾਕਿਸਤਾਨ ਨਾਲ ਜੁੜੀ ਮਹਿਸੂਸ ਕਰਦੀ ਹਾਂ (ਹੋ ਸਕਦਾ ਕਿ ਸਾਰੇ ਹੀ ਕਰਦੇ ਹੋਣ, ਪਰ ਸ਼ਾਇਦ ਨਹੀਂ).. ' ਮੈਂ ਪੰਜਵੀਂ ਛੇਵੀਂ 'ਚ ਸੀ ਜਦੋਂ ਪਾਪਾ ਦੁਬਈ ਰਹਿੰਦੇ ਸੀ, ਪਾਪਾ ਨੇ ਕਈ ਵਾਰ ਆਲਮ ਲੁਹਾਰ ਦੇ ਗਾਣਿਆਂ ਦੀਆਂ ਗੱਲਾਂ ਕਰਨੀਆਂ ਜਾਂ ਕਈ ਵਾਰ ਆਪਣੇ ਪਾਕਿਸਤਾਨੀ ਦੋਸਤਾਂ ਦਾ ਜ਼ਿਕਰ ਕਰਨਾ ਜੋ ਬੜੇ ਚੰਗੇ ਸਨ..ਤੇ ਉਸੇ ਹੀ ਅਰਸੇ ਦੌਰਾਨ ਕਾਰਗਿਲ ਦੀ ਲੜਾਈ ਲੱਗੀ ਹੋਈ ਸੀ.. ਲੋਕਾਂ ਦੇ ਦਿਲਾਂ ਵਿੱਚ ਨਫ਼ਰਤ ਭਰੀ ਹੋਈ ਸੀ ਪਾਕਿਸਤਾਨ ਲਈ..ਦਾਦਾ ਜੀ ਨੇ ਸ਼ਾਮ ਨੂੰ ਰੇਡੀਓ ਤੇ ਖ਼ਬਰਾਂ ਸੁਣਨੀਆਂ, ਰੋਜ਼ ਸਵੇਰੇ ਲੋਕਾਂ ਨੇ ਇਕੱਠੇ ਹੋ ਕੇ ਅਖ਼ਬਾਰ ਪੜਣਾ..ਸ਼ਹੀਦ ਫੌਜੀਆਂ ਦੀ ਗਿਣਤੀ ਦਿਨੋ ਦਿਨ ਵਧਦੀ ਸੀ..ਪਹਿਲੀ ਵਾਰ ਕੋਈ ਗਿਣਤੀ ਵਧਣ 'ਤੇ ਲੋਕਾਂ ਦੇ ਚਿਹਰਿਆਂ 'ਤੇ ਉੁਦਾਸੀ ਦੀ ਸ਼ਿੱਦਤ ਵਧਦੀ ਦੇਖੀ ਸੀ..। ਮੈਨੂੰ ਹੈਰਾਨੀ ਹੁੰਦੀ ਹੁੰਦੀ ਸੀ ਕਿ ਸੱਚੀਂ ਖੌਰੇ  ਪਾਕਿਸਤਾਨ 'ਚ ਸਾਰੇ ਅੱਤਵਾਦੀ ਹੀ ਰਹਿੰਦੇ ਐ..ਜਾਂ ਕੀ ਏਨੇ ਬੁਰੇ ਐ ਉੱਥੋਂ ਦੇ ਲੋਕ..ਫੇਰ ਮੈਂ ਸੋਚਦੀ ਹੁੰਦੀ ਸੀ ਕਿ ਪਾਪਾ ਤੋਂ ਤਾਂ ਮੈਂ ਬੜੀਆਂ ਤਾਰੀਫ਼ਾਂ ਸੁਣੀਆਂ ਸੀ ਤੇ ਉਹ ਤਾਂ ਕਦੇ ਝੂਠ ਨਹੀਂ ਬੋਲ ਸਕਦੇ..ਚਲੋ ਇਹ ਤਾਂ ਬਾਲ ਮਨ ਦੇ ਫ਼ਿਕਰ ਤੇ ਹੈਰਾਨੀ ਸੀ ...।
  ਫੇਰ ਸ਼ਾਇਦ ਮੈਂ ਅੱਠਵੀਂ 'ਚ ਸੀ ਕਿ ਪਾਪਾ ਹਮੇਸ਼ਾ ਲਈ ਆ ਗਏ ਇੰਡੀਆ..ਤੇ ਉੱਥੋਂ ਲਿਆਂਦੇ ਸਮਾਨ ਵਿੱਚ ਇੱਕ ਚਾਬੀ ਵਾਲਾ ਛੱਲਾ (Key Ring) ਵੀ ਸੀ ਹਰੇ ਰੰਗ ਦਾ.. ਜਿਹਦੇ ਇੱਕ ਪਾਸੇ ਪਾਕਿਸਤਾਨ ਦਾ ਝੰਡਾ ਬਣਾਇਆ ਸੀ ਤੇ ਦੂਜੇ ਪਾਸੇ ਲਿਖਿਆ ਸੀ I LOVE PAK....

ਤੇ ਉਸ ਛੱਲੇ ਨੂੰ ਮੈਂ ਹਮੇਸ਼ਾ ਆਪਣੇ ਸਕੂਲ ਬੈਗ ਵਿੱਚ ਹੀ ਰੱਖਦੀ ਸੀ.. ਮੇਰੇ ਸਭ ਦੋਸਤ ਹੈਰਾਨ ਹੁੰਦੇ ਕਿ ਤੈਨੂੰ ਪਾਕਿਸਤਾਨ ਨਾਲ ਕੀ ਲਗਾਵ ਐ..?? ..ਤੇ ਆਖ਼ਿਰ ਉਹ ਛੱਲਾ ਚੋਰੀ ਹੋ ਗਿਆ..ਤੇ ਮੈਂ ਬੜਾ ਰੋਈ..ਬੜਾ ਲੱਭਿਆ, ਬਹੁਤ ਉਦਾਸ ਰਹੀ ਮੈਂ ਕਾਫ਼ੀ ਦੇਰ...।
ਪਰ ਪਾਪਾ ਤੋਂ ਹਮੇਸ਼ਾ ਹੀ ਕੁਝ ਨਾ ਕੁਝ ਪੁੱਛਦੇ ਰਹਿਣਾ ਪਾਕਿਸਤਾਨ ਬਾਰੇ..ਚਾਹੇ ਉਹ ਕਦੇ ਗਏ ਨਹੀਂ, ਪਰ ਸੁਣੀਆਂ ਸੁਣਾਈਆਂ ਗੱਲਾਂ ਦੱਸਦੇ ਰਹਿੰਦੇ.. ਕਦੇ ਪਾਪਾ ਤੋਂ ਉਰਦੂ ਦੇ ਲ਼ਫ਼ਜ਼ ਸਿੱਖੀ ਜਾਣੇ..ਸੋ ਏਨਾ ਕੁ ਲਗਾਵ ਬਣਿਆ ਰਿਹਾ...ਫ਼ੇਰ ਮੈਂ ਬਾਰਵੀਂ 'ਚ ਸੀ ਕਿ ਮੈਂ ਕਹਾਣੀ ਲੇਖਣ ਮੁਕਾਬਲੇ 'ਚ ਪੰਜਾਬ ਪੱਧਰ 'ਤੇ ਗਈ ਤਾਂ ਉੱਥੇ ਮੇਰੀ ਕਹਾਣੀ ਵੀ ਇਸੇ ਵਿਸ਼ੇ ਤੇ ਆਧਾਰਿਤ ਸੀ ਕਿ ਸਾਰੇ ਮੁਸਲਿਮ ਨਫ਼ਰਤ ਦੇ ਪਾਤਰ "ਮੁਸਲੇ" ਨਹੀਂ ਤੇ ਕੋਈ ਹੋਰ ਜ਼ਾਤ ਵੀ ਸਾਰੀ ਦੀ ਸਾਰੀ ਚੰਗੀ ਨਹੀਂ..ਬੁਰੇ ਤੇ ਭਲੇ ਇਨਸਾਨ ਹਰ ਜਗਾਹ ਹੁੰਦੇ ਨੇ.. ਸਿੱਕੇ ਦੇ ਦੋ ਪਹਿਲੂਆਂ ਵਾਂਗ..। ਫੇਰ ਜ਼ਾਤ ਭਾਵੇਂ ਕੋਈ ਵੀ ਹੋਵੇ ਤੇ ਦੇਸ਼ ਵੀ..ਤੇ ਉਸ ਕਹਾਣੀ ਨੇ ਪਹਿਲਾ ਸਥਾਨ ਪਾਇਆ ਪੰਜਾਬ 'ਚੋਂ..ਤੇ ਮੇਰਾ ਵਿਸ਼ਵਾਸ ਹੋਰ ਵਧ ਗਿਆ ਕਿ ਵੱਡੇ ਵੀ ਮੇਰੇ ਨਾਲ ਸਹਿਮਤ ਨੇ...
ਮੇਰਾ ਪਾਸਪੋਰਟ ਬਣਿਆ ਤਾਂ ਉਦੋਂ ਦਿੱਲੀ ਲਾਹੌਰ ਵਾਲੀ ਬੱਸ ਦੇ ਬੜੇ ਚਰਚੇ ਸੀ,, ਤੇ ਆਪਾਂ ਫ਼ੇਰ ਜ਼ਿੱਦ ਫੜ ਲਈ ਕਿ ਮੈਂ ਤਾਂ ਪਾਕਿਸਤਾਨ ਜਾਣਾ ਐ..ਮੈਂ ਤਾਂ ਲਾਹੌਰ ਦੇਖਣਾ ਐ..ਥੋੜੀ ਬਹੁਤ ਨਾਂਹ ਨੁੱਕਰ ਹੋਈ ਤੇ ਸ਼ਾਇਦ ਮੰਨ ਵੀ ਜਾਂਦੇ, ਪਰ ਉੰਨੀਂ ਦਿਨੀਂ ਹੀ ਕਰਾਚੀ ਬੰਬ ਧਮਾਕਾ ਹੋ ਗਿਆ..ਤੇ ਘਰਦੇ ਕਹਿੰਦੇ ਕਿ ਉੱਥੇ ਜਾਣੋਂ ਚੰਗਾ ਕਿਸੇ ਖੂਹ 'ਚ ਛਾਲ ਮਾਰਕੇ ਮਰਜਾ, ਘੱਟੋ ਘੱਟ ਆਖਰੀ ਰਸਮਾਂ ਤਾਂ ਕਰਲਾਂਗੇ.. :P
ਤੇ ਉਦੋਂ ਮੈਂ ਸਤਾਰਾਂ ਕੁ ਵਰਿਆਂ ਦੀ ਸੀ, ਉਸੇ ਅਰਸੇ ਦੌਰਾਨ ਮੈਨੂੰ ਅਬਰਾਰ-ਉਲ-ਹਕ(ਪੰਜਾਬੀ ਗਾਇਕ, ਜਿਸਨੂੰ ਪਾਕਿਸਤਾਨ ਦਾ ਗੁਰਦਾਸ ਮਾਨ ਕਿਹਾ ਜਾਂਦਾ ਹੈ) ਨਾਲ ਪਿਆਰ ਜਿਹਾ ਵੀ ਹੋ ਗਿਆ ਸੀ ਤੇ ਮੈਨੂੰ ਲੱਗਦਾ ਸੀ ਮੇਰਾ ਵਿਆਹ ਹੋਊ ਉਹਦੇ ਨਾਲ...ਤੇ ਇਹ ਸੁਪਨਾ ਬੜੀ ਦੇਰ ਕਾਇਮ ਵੀ ਰਿਹਾ...(ਹੁਣ ਦੋ ਕੁ ਸਾਲ ਪਹਿਲਾਂ ਪਤਾ ਲੱਗਾ ਕਿ ਉਹਦਾ ਤਾਂ ਵਿਆਹ ਹੋ ਗਿਆ..ਜੱਸੀ ਜੀ ਇੱਕ ਵਾਰ ਫੇਰ ਲੇਟ ਹੋ ਗਏ..ਉਫ਼...)
ਤੇ ਫੇਰ ਪੜਾਈ ਖ਼ਤਮ ਕਰਨ ਤੋਂ ਬਾਅਦ ਮੈਂ ਅਮਰੀਕਾ ਚਲੀ ਗਈ ਤੇ ਇੰਟਰਨੈਟ 'ਤੇ ਪਾਕਿਸਤਾਨ ਤੋਂ ਕਈ ਦੋਸਤ ਬਣ ਗਏ..ਜਿੰਨਾਂ ਵਿੱਚੋਂ ਇਮਰਾਨ, ਸ਼ਾਹਬਾਜ਼ ਵੀਰਾ,ਰਹੀਲ ਤੇ ਉਮਰ ਸ਼ਾਹ ਮੇਰੇ ਬੜੇ ਪਿਆਰੇ ਦੋਸਤ ਨੇ...ਤੇ ਇੱਕ ਵਾਰ ਮੇਰੇ ਅਮਰੀਕਾ ਹੁੰਦਿਆਂ ਹੀ ਸ਼ਾਹਬਾਜ਼ ਵੀਰ ਨੇ ਮੈਨੂੰ ਲਾਹੌਰ ਤੋਂ ਇੱਕ ਉਰਦੂ ਡਿਕਸ਼ਨਰੀ ਲੈ ਕੇ ਭੇਜੀ.. ( ਮੈਨੂੰ ਯਾਦ ਐ ਅਜੇ ਵੀ ਕਿ ਉਹਦੇ ਬਾਹਰ ਟੋਭਾ ਟੇਕ ਸਿੰਘ ਦਾ ਐਡਰੈਸ ਸੀ.. ਤੇ ਮੈਂ ਉਹਨੂੰ ਪੜ ਪੜ ਕੇ ਹੀ ਨਿਹਾਲ ਹੋਈ ਜਾ ਰਹੀ ਸੀ...) ਸੋ ਏਹ ਡਿਕਸ਼ਨਰੀ ਡਲਿਵਰ ਕਰਨ ਆਏ ਬੰਦੇ ਨੇ ਹੀ ਪਹਿਲਾਂ ਤਾਂ ਕਾਫੀ ਪੁੱਛਤਾਛ ਕੀਤੀ ਤੇ ਜਿਸ ਵੇਲੇ ਮੈਂ ਉਸ ਪੈਕ ਨੂੰ ਖੋਲ ਰਹੀ ਸੀ ਤਾਂ ਘਰ ਦੇ ਸਾਰੇ ਮੈਂਬਰ ਇੱਕਦਮ ਉੱਠ ਕੇ ਖੜੇ ਹੋ ਗਏ (ਜਿੰਨਾਂ ਨਾਲ ਮੈਂ ਰਹਿੰਦੀ ਸੀ,ਉਹ ਪਰਿਵਾਰ ਕਰਨਾਟਕ ਤੋਂ ਸੀ) .. ਮੈਨੂੰ ਪੁੱਛਣ ਲੱਗੇ ਕਿ ਕੀ ਐ? ਮੈਂ ਦੱਸ ਦਿੱਤਾ ਤੇ ਮੇਰੀ ਹੈਰਾਨੀ ਦੀ ਕੋਈ ਹੱਦ ਨਹੀਂ ਰਹੀ ਕਿ ਸਭ ਘਰ ਤੋਂ ਬਾਹਰ ਚਲੇ ਗਏ ਜਿਵੇਂ ਕਿਤਾਬ ਨਾ ਹੋ ਕੇ ਕੋਈ ਟਾਈਮ ਬੰਬ ਹੋਵੇ.. ਤੇ ਫੇਰ ਜਦੋਂ ਮੈਂ ਵੈਸਟਰਨ ਯੂਨੀਅਨ ਵੀਰੇ ਨੂੰ ਪੈਸੇ ਭੇਜਣ ਗਈ,ਕਿਉੁਂਕਿ ਮੈਂ ਕੁਝ ਹੋਰ ਸਮਾਨ ਮੰਗਵਾਉਣਾ ਚਾਹੁੰਦੀ ਸੀ,ਤਾਂ ਮੇਰੇ ਦੁਆਰਾ ਭਰਿਆ ਫਾਰਮ ਦੇਖ ਕੇ ਉਹਨਾਂ ਨੇ ਮਨਾ ਕਰ ਦਿੱਦਾ ਕਿ ਤੁਸੀਂ ਇੰਡੀਆ ਤੋਂ ਹੋ,ਇਸ ਲਈ ਤੁਸੀਂ ਪਾਕਿਸਤਾਨ 'ਚ ਕਿਸੇ ਨੂੰ ਪੈਸੇ ਨਹੀਂ ਭੇਜ ਸਕਦੇ.. ਬੜਾ ਅਜੀਬ ਲੱਗਿਆ ਕਿ ਯਾਰ ਇਹ ਨਫ਼ਰਤ ਇੱਥੋਂ ਤੱਕ ਵੀ!!! (ਜਾਂ ਫ਼ੇਰ ਸ਼ਾਇਦ ਸ਼ੁਰੂ ਹੀ ਉੱਥੋਂ ਹੁੰਦੀ ਐ)..
ਪਰ ਜੋ ਵੀ ਐ,ਇੱਦਾਂ ਦੀਆਂ ਗੱਲਾਂ ਬੜਾ ਸਤਾਉਂਦੀਆਂ ਨੇ..ਹੁਣੇ ਪਿਛਲੇ ਦਿਨੀਂ ਮੇਰੇ ਦੋਸਤ ਇਮਰਾਨ ਨੇ ਇੱਕ ਆਰਟੀਕਲ ਲਿਖਿਆ ਇਸਲਾਮਾਬਾਦ ਬਾਰੇ.. ਪੜ ਕੇ ਏਦਾਂ ਲੱਗਿਆ ਜਿਵੇਂ ਮੈਂ ਇੱਕ ਨਿੱਕੀ ਜਿਹੀ ਬੱਚੀ ਹੋਵਾਂ ਤੇ ਕੋਈ ਮੈਨੂੰ ਉਂਗਲ ਫੜਕੇ ਪੂਰਾ ਸ਼ਹਿਰ ਘੁਮਾ ਰਿਹਾ ਹੋਵੇ..ਉਹਦੇ ਪੈਰਾਂ ਹੇਠ ਆਏ ਸੁੱਕੇ ਪੱਤਿਆਂ ਦੀ ਕੜ ਕੜ ਮੈਂ ਵੀ ਸੁਣੀ..ਉੁੱਥੋਂ ਦੀ ਧੁੰਦ ਨਾਲ,ਠੰਡ ਨਾਲ ਜਿਵੇਂ ਮੇਰੇ ਵੀ ਹੱਥ ਪੈਰ ਸੁੰਨ ਹੋਏ..ਉੱਥੋਂ ਦੀਆਂ ਸ਼ਾਂਤ ਗਲੀਆਂ ਨੂੰ ਸ਼ਾਇਦ ਮੈਂ ਉਹਦੇ ਨਾਲੋਂ ਜ਼ਿਆਦਾ ਮਾਣਿਆਂ...
ਮੇਰਾ ਸੁਪਨਾ ਹੁੰਦਾ ਸੀ ਕਿ ਕਦੇ ਮੈਂ ਸੂਫ਼ੀ ਸਾਹਿਤ 'ਤੇ ਉੱਥੋਂ ਦੀ ਕਿਸੇ ਯੂਨੀਵਰਸਿਟੀ ਤੋਂ ਪੜਾਂਗੀ.. ਰੀਸਰਚ ਕਰਾਂਗੀ.....।
  ਮੈਨੂੰ ਨਹੀਂ ਪਤਾ ਇਹ ਕਿਉਂ ਐ,ਕੀ ਐ.. ਪਰ ਜਦੋਂ ਵੀ ਪਾਕਿਸਤਾਨ ਬਾਰੇ ਸੋਚਦੀ ਹਾਂ ਤਾਂ ਇਹ ਸਭ ਗੱਲਾਂ ਦਿਮਾਗ਼ ਵਿੱਚ ਜਿਵੇਂ ਕਿਸੇ ਫ਼ਿਲਮ ਵਾਂਗ ਇਕਦਮ ਆ ਜਾਂਦੀਆਂ ਨੇ.. ਤੇ ਅੰਤ ਵਿੱਚ ਇੱਕ ਕਮਾਲ ਦਾ ਨਜ਼ਾਰਾ ਜਿੱਥੇ ਆ ਕੇ ਮੇਰਾ ਦਿਮਾਗ ਦੌੜਣਾ ਬੰਦ ਕਰਦਾ ਐ.. ਉਹ ਇਹ ਕਿ ਮੈਂ ਯੂਨੀਵਰਸਿਟੀ ਦੇ ਇੱਕ ਬਹੁਤ ਵੱਡੇ ਹਾਲ ਵਿੱਚ ਸਟੇਜ 'ਤੋਂ ਕੁਝ ਬੋਲ ਰਹੀ ਹਾਂ.. ਉੁੱਥੋਂ ਲਈ ਪਿਆਰ ਬਾਰੇ...ਬਾਬੇ ਨਾਨਕ ਬਾਰੇ...ਬਾਬੇ ਬੁੱਲੇ ਬਾਰੇ... ਵਾਰਿਸ ਤੇ ਹੀਰ ਬਾਰੇ...ਲਾਹੌਰ ਦੀਆਂ ਗਲੀਆਂ ਬਾਰੇ...ਤੇ ਆਖ਼ਿਰ 1947 ਵਿੱਚ ਹੋਈ ਵੱਢ ਟੁੱਕ ਬਾਰੇ..!!!
ਤੇ ਅਚਾਨਕ ਮੇਰਾ ਗਲ਼ਾ ਭਰ ਆਉਂਦਾ ਐ.. ਸ਼ਬਦ ਗਲੇ 'ਚ ਅਟਕ ਕੇ ਰੁਕ ਜਾਂਦੇ ਨੇ.. ਤੇ ਮੇਰੀਆਂ ਪਥਰਾਈਆਂ ਅੱਖਾਂ ਹਜ਼ਾਰਾਂ ਦੀ ਗਿਣਤੀ 'ਚ ਬੈਠੇ ਲੋਕਾਂ 'ਤੇ ਨਜ਼ਰਾਂ ਸੁੱਟ ਰਹੀਆਂ ਨੇ.. .. ਤੇ ਜਿਵੇਂ ਹੀ ਮੋਤੀਆਂ ਵਰਗੇ ਦੋ ਹੰਝੂ ਮੇਰੀਆਂ ਪਲਕਾਂ ਤੋਂ ਡਿੱਗਦੇ ਨੇ..ਪੂਰਾ ਹਾਲ ਤਾੜੀਆਂ ਨਾਲ ਗੂੰਜ ਉੱਠਦੈ..ਮੈਂ ਉਸੇ ਵੇਲੇ ਉੁੱਚੀ ਉੁੱਚੀ ਰੋਂਦੀ ਉੱਥੇ ਹੀ ਬੈਠ ਜਾਂਦੀ ਹਾਂ ਤੇ ਉਸ ਹਾਲ 'ਚ ਬੈਠਾ ਹਰੇਕ ਬੰਦਾ ਹੁਣ ਨਮ ਅੱਖਾਂ ਲੈ ਕੇ ਖੜਾ ਐ............।
Jassi Sangha
15 Jan, 2012

My Views on View of Islamabad City

I have visited several cities of Pakistan so far, But the Islamabad came to my observation as the most beautiful, and Romantic city I ever felt. Location of Islamabad is so instinctive and attractive which reveals fragrance of natural beauty. Greenery plays pivotal role, which makes the viewer to have soul-touching view. Object that attaches the beauty of Islamabad in symmetrical way in sequence of trees, grassy area, and parks.

Season, which suits Islamabad is autumn. In this season, Islamabad lets out its actual appearance. Because of its snap-capturing look in winter and autumn, Islamabad is considered the beautiful city amongst “Most attractive cities in the world’s list”.  Islamabad is the only city in Pakistan that contains the beauty of multiple cities because of its geographical location. Islamabad attached with Kashmir and Punjab. Cool and calm environment of Islamabad is an additional beauty of this city. The most desirable “do” which I felt in this city is to walk on fallen leaves of the trees in winter. Once you walk over scattered leaves, these give you indescribable pleasure from their crunching voice. Islamabad keeps its people and environment wet in summer whether its perspiration via dehydration or precipitation.

The people of Islamabad are not as social as other people living in any other part of Pakistan like Lahore, Karachi, or Faisalabad. Islamabad is known as city of stranger and non-residence identity. People of Islamabad are not pure resident, belonging to different cities of the country. Islamabad is also known as the “city of elite people”. It does not allow an ordinary person to be settled in, that is the reason one can see apparently the huge social gap in this city. As the result of lessened cultural and traditional activities, Islamabad does not depict the actual representation of Pakistan’s identity.

Apart of all pros-and-cons, Islamabad is most demanding city for every Pakistani. If a man who is nature-loving, should definitely visit to Islamabad once in life. The most like-chalk-and-cheese thing of Islamabad is; one can have rural vista in urban mode. In night, this city absorbs all social complexions and portrays an immunized city, which fulfils with peace and soundless activities. The Islamabad city is a gateway to the Greenland of Pakistan.  
Imran Awan
11/Jan/2012

Saturday, 14 January 2012

ਚਿੜੀਆਂ.. ਕੁੜੀਆਂ..ਤਾਰੇ ਤੇ ਸਾਡਾ ਆਪਣਾ ਤਾਰਿਆਂ ਭਰਿਆ ਸੰਸਾਰ..meri te HarmanJeet di chatting!


Hrmn--ਤੂੰ ਆਇਓਂ ਤਾਂ ਚੁੰਨੀ 'ਤੇ ਕੁਝ ਬੂਟੀਆਂ ਉੱਭਰ ਆਈਆਂ..

jassi--ਬੂਟੀਆਂ 'ਤੇ ਮੇਰੇ ਵਰਗੀਆਂ ਝੱਲੀਆਂ ਚਿੜੀਆਂ ਵੀ ਨੇ?? chirrp chirrp krdiyaN?

hrmn--hmmmm...ਧੁੱਪ ਪੀਂਦੀਆਂ ਝੱਲੀਆਂ ਚਿੜੀਆਂ..

jassi-ਸਭ ਦੇ ਹਿੱਸੇ ਦੀ ਧੁੱਪ ਪੀ ਕੇ ਵੀ ਸਭ ਆਪਣਿਆਂ ਬੇਗ਼ਾਨਿਆਂ ਨੂੰ ਛਾਂਵਾਂ ਦਿੰਦੀਆਂ ਚਿੜੀਆਂ ???

hrmn--hmmm....ਧੁੱਪ ਪੀਂਦੀਆਂ ਤੇ ਛਾਂਵਾਂ ਡੋਲ੍ਹਦੀਆਂ
ਬੱਸ ਮਿੱਠਾ ਮਿੱਠਾ ਬੋਲਦੀਆਂ

jassi--ਦੁੱਖ ਹਾਸਿਆਂ ਦੇ ਸੰਗ ਤੋਲਦੀਆਂ,
ਰੰਗਾਂ ਜਿਹੇ ਹੰਝੂ ਡੋਲਦੀਆਂ ...
ਵਿਚਾਰੀਆਂ ਚਿੜੀਆਂ ...

hrmn--ਕੀ ਫੋਲਦੀਆਂ
ਕੀ ਟੋਲਦੀਆਂ
ਹਿੰਝਾਂ ਵਿੱਚ
ਰਾਤ ਘਚੋਲਦੀਆਂ

jassi-ਬੁੱਲ ਸੀਤੇ ਫ਼ੇਰ ਵੀ ਬੋਲਦੀਆਂ,
ਸੱਧਰਾਂ ਮਿੱਟੀ ਸੰਗ ਰੋਲਦੀਆਂ.

hrmn--ਪੌਣਾਂ ਵਿੱਚ ਮਿਸ਼ਰੀ ਘੋਲਦੀਆਂ
ਮਿੱਟੀ 'ਚੋਂ ਨਕਸ਼ ਫਰੋਲਦੀਆਂ

jassi--ਕਿਰਨਾਂ ਸੰਗ ਮਨ ਪਰਚਾਂਵਦੀਆਂ,
ਸੂਰਜ ਨੂੰ ਹਾਲ ਸੁਣਾਂਵਦੀਆਂ...

hrmn--ਕੀ ਢੂੰਡਦੀਆਂ ਕੀ ਲੋੜਦੀਆਂ
ਕੀ ਤੋੜਦੀਆਂ ਕੀ ਜੋੜਦੀਆਂ

jassi--ਹਵਾ ਸੰਗ ਗੱਲਾਂ ਕਰਦੀਆਂ,
ਉਂਝ ਜਿਉਂਦੀਆਂ ਪਲ਼ ਪਲ਼ ਮਰਦੀਆਂ...

hrmn--ਇਹ ਤਾਰਿਆਂ ਦੇ ਫੁੱਲ ਤੋੜਦੀਆਂ
ਤੇ ਛਿੱਟ ਛਿੱਟ ਚਾਨਣ ਜੋੜਦੀਆਂ

jassi--ਤੇਰਾ ਹਾਸਾ ਨੇ ਉਹ ਮਾਣਦੀਆਂ,
ਬਾਕੀ ਖ਼ਾਕ ਹੱਡਾਂ ਦੀ ਛਾਣਦੀਆਂ...
ਤੇਰੇ ਗ਼ਮ ਉੁਦਾਸੀ ਤੋੜਦੀਆਂ,
ਸਾਹ ਸਾਹਾਂ ਦੇ ਨਾਲ ਜੋੜਦੀਆਂ.
ਚੰਨ ਤਾਰਿਆਂ ਦੀਆਂ ਸਹੇਲੜੀਆਂ,
ਜੱਗ ਭਾਣੇ ਐਵੇਂ ਈ ਵੇਹਲੜੀਆਂ...

hrmn--haan : ) ਅੱਜ ਅਸਾਂ ਤਾਰਿਆਂ 'ਨਾ
ਪਾ ਲਈਆਂ ਸਕੀਰੀਆਂ
ਖਸਮਾਂ ਨੂੰ ਖਾਣ ਮਾਏ
ਓਹਦੀਆਂ ਅਮੀਰੀਆਂ..

jassi--yess!!! ਪੀੜਾਂ ਹੰਝੂਆਂ ਦੇ ਸੰਗ ਪੀਂਦੀਆਂ..
ਫੇਰ ਵੀ ਹੱਸ ਹੱਸ ਕੇ ਜੀਂਦੀਆਂ...

ਹਾਂ pta ਕਦੇ ਕਦੇ ਜੀਅ ਕਰਦਾ ਕਿ ਚਮਕਦੇ ਚਮਕਦੇ ਤਾਰੇ ਚੁਣ ਚੁਣ ਕੇ ਇਕੱਠੇ ਕਰਾਂ ਤੇ ਤੇਰੇ ਲਈ ਇੱਕ ਮੁਕਟ ਬਣਾਵਾਂ... ਤੇ ਕਦੇ ਜੀਅ ਕਰਦਾ ਕਿ ਉਹੀ ਇੱਕ ਇੱਕ ਤਾਰਾ ਤੇਰੇ ਕਦਮਾਂ ਤਲ਼ੇ ਵਿਛਾ ਦੇਵਾਂ...ਤੇ ਉਹਨਾਂ ਹੀ ਤਾਰਿਆਂ ਤੇ ਤੂੰ ਲੰਗੜੀ ਲੱਤ ਡੀਟੀਖ਼ਾਨਾ ਖੇਡਦਾ ਮੇਰੇ ਤੱਕ ਪਹੁੰਚਦਾ
ਕਿੰਨੀ ਹੀ ਵਾਰ ਡਿੱਗਦਾ ਡਿੱਗਦਾ ਬਚੇਂ... ਬੋਚ ਬੋਚ ਕੇ ਪੈਰ ਧਰੇਂ... ਤੂੰ ਜਿਹੜੇ ਵੀ ਪਾਸੇ ਲਿਫ਼ੇ ਮੇਰੀਆਂ ਬਾਹਾਂ ਆਪ ਹੀ ਉਸੇ ਪਾਸੇ ਉੱਲਰ ਜਾਣ....
ਤੇ ਆਖ਼ਿਰ ਤੂੰ ਮੇਰੇ ਤੱਕ ਪਹੁੰਚ ਈ ਜਾਵੇਂ ਜਿਵੇਂ ਨਿੱਕਾ ਜਿਹਾ ਨਿਆਣਾ ਪਹਿਲੀ ਵਾਰ ਕਦਮ ਪੁੱਟਦਾ ਆਪਣੀ ਮਾਂ ਦੀਆਂ ਬਾਹਾਂ 'ਚ ਆ ਕੇ ਢਹਿ ਢੇਰੀ ਹੋ ਜਾਂਦੈ... ਤੇ ਫ਼ੇਰ ਹੱਸਦੇ ਹੱਸਦੇ ਅਸੀ ਲੋਟ ਪੋਟ ਹੋ ਜਾਈਏ ਤੇ ਅਖ਼ੀਰ ਆਪਾਂ ਦੋਵੇਂ ਵੀ ਤਾਰੇ ਈ ਬਣ ਜਾਈਏ.. ਉਦਾਂ ਦੇ ਹੀ ਦੋ ਚਮਕਦੇ ਟਿਮਟਿਮਾਉਂਦੇ ਤਾਰੇ ਜਿਨਾਂ 'ਤੇ ਤੂੰ ਨਿੱਕੇ ਨਿੱਕੇ ਕਦਮ ਪੁੱਟ ਕੇ ਮੇਰੀਆਂ ਬਾਹਾਂ ਤੱਕ ਪੁੱਜਿਆ ਸੀ ਤੇ ਉਹੀ ਸਿਤਾਰੇ ਜਿੰਨਾਂ ਦਾ ਮੈਂ ਮੁਕਟ ਬਣਾਉਣਾ ਸੀ.......

hrmn--ਇਹ ਤਾਰੇ :))))
ਕੁਛ ਤਾਰੇ ਤੂੰ ਪੀਪਣੀਆਂ 'ਚ ਭਰ ਭਰ ਮੇਰੀ ਹਥੇਲੀ 'ਤੇ ਰੱਖ ਦਿੱਤੇ ਸੀ..ਕੁਛ ਤਾਰੇ ਤੂੰ ਖਿੱਲਾਂ ਵਾਂਗ ਚਬਾ ਗਈ ਸੀ..

jassi--ਉਹੀ ਤਾਰੇ ਨਾ ਜਿੰਨਾਂ ਦੀ ਛਾਂਵੇਂ ਆਪਾਂ ਬੈਠੇ ਸੀ.??

hrmn--hmmmmmਉਹੀ ਤਾਰੇ...ਓਸ ਵੇਲੇ ਮੇਰੇ ਅੰਦਰ ਬਾਹਰ ਤਾਰੇ ਹੀ ਤਾਰੇ ਸੀ..ਕੁਝ ਤਾਰੇ ਕਿੰਨੇ ਹੀ ਦਿਨ ਮੇਰੇ ਲੀੜਿਆਂ 'ਚੋਂ ਨਿੱਕਲਦੇ ਰਹੇ..

jassi-ਤੇ ਉਹ ਤਾਰਿਆਂ ਦੀ ਲੋਅ ਨੇ ਕਿੰਨੇ ਹੀ ਮਹੀਨੇ ਮੇਰਾ ਆਲਾ ਦੁਆਲਾ ਰੁਸ਼ਨਾਈ ਰੱਖਿਆ...

hrmn--ਮੈਂ ਡਰਦਾ ਕੁਛ ਤਾਰੇ ਜਲਦੀ ਜਲਦੀ ਦੁੱਧ ਦੇ ਗਲਾਸ 'ਚ ਖੋਰ ਕੇ ਪੀ ਗਿਆ ਸੀ

jassi-ਤੇ ਕੁਝ ਤਾਰਿਆਂ ਦੀ ਲੋਅ ਬਚਾਉਣ ਲਈ ਮੈਂ ਵੀ ਆਪਣੇ ਹੱਥ ਪਿੱਛੇ ਖਿੱਚ ਲਏ ਸੀ ਨਾ ਚਾਹੁੰਦਿਆਂ ਹੋਇਆਂ ਵੀ..

hrmn--ਸੱਤ ਕੁ ਤਾਰੇ ਮੇਰੇ ਦਰਾਜ਼ 'ਚ ਹਾਲੇ ਵੀ ਮਘ ਰਹੇ ਨੇ..

jassi--ਕਈ ਵਾਰ ਅਜੇ ਵੀ ਮੇਰੀਆਂ ਉਂਗਲਾਂ ਦੇ ਪੋਟੇ ਹਨੇਰੇ 'ਚ ਚਮਕਦੇ ਨੇ..
ਅਜੇ ਵੀ ਕਈ ਵਾਰ ਅੰਨੇ ਟੀਰੇ ਜੱਗ ਤੋਂ ਡਰ ਕੇ ਹੱਥ ਲੁਕੋ ਲੈਂਦੀ ਹਾਂ ਮੈਂ.. ਕਿ ਮੇਰੇ ਹੱਥਾਂ ਦੀ ਚਮਕ ਕੋਈ ਦੇਖ ਨਾ ਲਵੇ..

hrmn--ਤਾਰਿਆਂ ਨਾਲ ਖੇਡਦੇ ਖੇਡਦੇ ਪੋਟਿਆਂ 'ਤੇ ਕੁਛ ਲੱਗਾ ਰਹਿ ਗਿਆ ਸੀ..ਆਪਾਂ ਓਦਾਂ ਹੀ ਘਰੋ ਘਰੀ ਚਲੇ ਗਏ..ਆਪਾਂ ਹੱਥ ਨਹੀਂ ਸੀ ਧੋਤੇ...ਆਪਾਂ ਹੱਥ ਧੋਣਾ ਵੀ ਨਹੀਂ ਸੀ ਚਾਹੁੰਦੇ..

jassi--ਕਦੇ ਧੋਵਾਂਗੇ ਵੀ ਨਹੀਂ.. ਉਸ ਰੌਸ਼ਨੀ ਤੋਂ ਬਿਨਾਂ ਕੋਈ ਵੀ ਰੌਸ਼ਨੀ ਅਨਰਥ ਐ..:))

Thursday, 12 January 2012

ਮੇਰੇ ਜਾਏ ਲਫ਼ਜ਼

ਕਿੰਨੀ ਦਫ਼ਾ ਮੇਰੇ ਜਾਏ ਹਰਫ਼
ਕਿਸੇ ਅੱਖੜੀ ਔਲਾਦ ਵਾਂਗ,
ਮੈਨੂੰ ਬਿਨਾਂ ਵਜਾ ਠੁਕਰਾਉਂਦੇ ਨੇ
ਤੇ ਫੇਰ ਆਪ ਹੀ
ਸਵੀਕਾਰ ਕੇ ਗਲੇ ਲਗਾਉਂਦੇ ਨੇ...

ਕਿੰਨੀ ਵਾਰ ਮੈਨੂੰ ਗੂੜੀ ਨੀਂਦ ਸੁੱਤੀ ਨੂੰ
ਡਰਾਉਣੇ ਖ਼ਾਬ ਵਾਂਗ ਜਗਾ ਦਿੰਦੇ ਨੇ..
ਤੇ ਕਿੰਨੀ ਵਾਰ ਹਿੱਕ ਨਾਲ ਲਾ ਕੇ
ਲੋਰੀਆਂ ਦੇ ਦੇ ਸਵਾਉਂਦੇ ਨੇ...

ਕਦੇ ਮੇਰੀਆਂ ਗੁਸਤਾਖ਼ੀਆਂ ਤੋਂ ਜਾਣੂੰ ਹੋ ਕੇ ਵੀ
ਮੇਰੇ ਹੱਕ 'ਚ ਗਵਾਹੀਆਂ ਭੁਗਤਾਉਂਦੇ ਨੇ...
ਤੇ ਕਿੰਨੀ ਵਾਰ ਮੈਨੂੰ ਹੀ ਸੱਚ ਦੇ ਕਟਿਹਰੇ 'ਚ ਖੜਾ ਕੇ
ਸੱਚੀ ਨੂੰ ਵੀ ਝੁਠਲਾਉਣ ਦੀ ਕੋਸ਼ਿਸ਼ ਕਰਦੇ ਨੇ...

ਕਦੇ ਅੱਗ ਦਾ ਭਾਂਬੜ ਬਣ
ਮੇਰੇ ਠੰਡੇ ਯਖ਼ ਜਜ਼ਬਾਤਾਂ ਨੂੰ ਸੇਕ ਦਿੰਦੇ ਨੇ
ਤੇ ਕਦੇ ਮੇਰੀ ਰੂਹ ਦੀ ਸੁੱਕੀ ਬੰਜਰ ਜ਼ਮੀਨ 'ਤੇ
ਸਾਉਣ ਦੀ ਘਟਾ ਵਾਂਗ ਵਰਦੇ ਨੇ...


ਕਿੰਨੇ ਹੁਸੀਨ ਰਿਸ਼ਤਿਆਂ ਦੇ ਵਿਚੋਲੇ ਬਣੇ ਨੇ ਇਹ!!!
ਕਿੰਨੇ ਪਾਕ ਸਾਕਾਂ ਦੀਆਂ ਤਸਵੀਰਾਂ ਉੱਕਰੀਆਂ ਨੇ
ਇਹਨਾਂ ਅੱਖਰਾਂ ਸਦਕਾ!!!!
ਤੇ ਕਈ ਵਾਰ ਜਾਨੋਂ ਪਿਆਰੇ ਰਿਸ਼ਤਿਆਂ ਦੇ ਟੁੱਟਣ ਦਾ ਦਰਦ
ਵੀ ਇਹਨਾਂ ਹੀ ਆਪਣੇ ਉੱਪਰ ਹੰਢਾਇਆ ਐ.. 


ਕਦੇ ਕਦੇ ਤਾਂ ਲੱਗਦੈ ਕਿ
ਮੇਰੀ ਹੋਂਦ ਈ ਮੇਰੇ ਲਿਖੇ ਅੱਖਰਾਂ ਕਰਕੇ ਐ...
ਤੇ ਕਦੇ ਲੱਗਦੈ ਕਿ ਇਹ ਅੱਖਰ ਮੇਰੇ ਕਰਕੇ ਹੋਂਦ 'ਚ ਆਏ..
ਜੋ ਵੀ ਹੈ, ਨਹੁੰ ਮਾਸ ਦਾ ਰਿਸ਼ਤਾ ਐ ਮੇਰਾ
ਮੇਰੇ ਖ਼ੁਦ ਦੇ ਜਾਏ ਲਫ਼ਜ਼ਾਂ ਨਾਲ,
ਇਹ ਮੇਰੀ ਜ਼ੁਬਾਨ ਨੇ
ਤੇ ਮੈਂ ਇਹਨਾਂ ਦੀ ਬੁੱਤ ਘਾੜੀ...
Jassi Sangha
16 July,2011

Tuesday, 10 January 2012

कुछ शेयर

**जब से मिला है लगा मेरी दुनिया है वो,
जाने कौन सी दुनिया की परवाह करने की दुहाई देता है वो...

**डर ये नहीं कि मेरे पास नहीं आयेगा वो,
अफ़सोस ये है कि छूट रहे हैं उससे बहुत हसीन पल..

**चाहे नहीं कदर आज मेरी बेइन्तहा  मोहब्बत की,
पर एक दिन अपने मुकामों की गिनती करते
एक मुकाम ये भी गिनेगा वो
कि किसी ने चाहा भी था उसे बावरों की तरह..

**चाहे दुहाई देता है वो मुझे मेरी फ़ितरत बदलने की,
यकीनन इंतज़ार तो वो भी करता होगा  मेरे पागलपन के अगले किस्से का..

**वक़्त ज़ाया जाता है उसका हमसे बात करने में,
क्या जाने वो अनजान,उससे गुफ़्तगू ही हमारा वक़्त-ए-इबादत है..

**क़ाबिल-ए-तारीफ़ था उसका बंदे से ख़ुदा बनाना मुझे,
मगर क्या हुसीन सफ़र था अरश से फर्श तक का भी...

**हमारा आशिकाना मिजाज़ है या उसकी कशिश-ए-नज़र
कि ख़बर-ए-अंजाम के बावजूद भी दिल काबू में नहीं..

**मालूम है कि मैं उसके क़ाबिल नहीं,
पर सुना है वो मोहब्बत की कदर करने वालों में से है...
Jassi Sangha
2010

ਕੁਝ ਸ਼ੇਅਰ

**ਆਪਣੀ ਖੁਸ਼ਫ਼ਹਿਮੀ ਨਾਲ਼ ਸੰਤੁਸ਼ਟ ਐ ਉਹ ਕਿ ਮੈਂ ਉਸ ਨੂੰ ਜ਼ਿਹਨ ਵਿੱਚੋਂ ਕੱਢ ਦਿੱਤਾ ਐ
ਤੇ ਮੈਂ ਇਸ ਸੰਤੁਸ਼ਟੀ ਨਾਲ਼ ਖ਼ੁਸ਼ ਹਾਂ ਕਿ ਉਹ ਮੇਰੀ ਰੂਹ ਦਾ ਹਿੱਸਾ ਬਣ ਚੁੱਕਾ ਐ..
 
**ਮੇਰੇ ਨਾਲ ਵਾਪਰੇ ਕੁਝ ਜਾਨ-ਲੇਵਾ ਹਾਦਸੇ.......
ਜਿੰਨਾਂ ਦਾ ਕਈ ਵਰਿਆਂ ਤੱਕ ਮੇਰੀ ਜਾਨ ਬਖਸ਼ਣ ਲਈ ਸ਼ੁਕਰੀਆ ਕੀਤਾ ਜਾਂਦਾ ਸੀ.....
ਹੁਣ ਕੋਸਿਆ ਜਾਣ ਲੱਗੈ ਉਨਾਂ ਨੂੰ ਉਸੇ ਹੀ ਕਾਰਨ ਲਈ........
 
**ਸਿਰਫ਼ "ਮੇਰੀ ਖ਼ੁਸ਼ੀ" ਚਾਹੁਣ ਵਾਲੇ ਨੂੰ,........
ਅੱਜ ਜਦੋਂ ਮੈਂ ਉਸਤੋਂ ਦੂਰ ਰਹਿ ਕੇ ਵੀ ਖ਼ੁਸ਼ੀ ਜ਼ਾਹਿਰ ਕੀਤੀ....
ਤਾਂ ਨਤੀਜਾ ਦੇਖਕੇ ਪਤਾ ਲੱਗਾ ਕਿ ਕਦੇ ਕਦੇ ਝੂਠ ਸੱਚ ਤੋਂ ਫ਼ਾਇਦੇਮੰਦ ਹੁੰਦਾ!!!!!!!

**ਜਾਣੇਂ ਕਿਉਂ ਮੇਰਾ ਦਿਲ, ਤੇਰੇ ਲਈ ਧੜਕਣਾ ਸ਼ੁਰੂ ਕਰ ਦਿੰਦਾ ਐ ਕਿਤੇ ਕਿਤੇ,
ਮੈਂ ਕੋਈ ਗੁਸਤਾਖੀ ਤਾਂ ਨਹੀਂ ਕਰ ਰਹੀ ਨਾ ਕਿਤੇ???
""ਨਾ ਨਾ, ਪਿਆਰ ਕਰਨਾ ਤਾਂ ਚੰਗੀ ਗੱਲ ਆ!!!" ਕਹਿ ਕੇ ਹੁੰਗਾਰਾ ਦਿੱਤਾ ਉਸ ਕਮਬਖ਼ਤ ਨੇ.........

**ਐ ਪਰਵਾਨੇ ਮਿਲੇਂਗੇ ਤੁਮਹੇਂ ਉਸ ਦਿਨ
ਜਬ ਤੁਮਹਾਰੀ ਮਕਬੂਲੀਅਤ ਕੇ ਗੁਜ਼ਰ ਚੁਕੇ ਜ਼ਮਾਨੇ ਹੋਂਗੇ,
ਮਹਿਫ਼ਿਲ ਹੋਗੀ ਹਮਾਰੀ ਔਰ ਹਮਾਰੇ ਹੀ ਅਫ਼ਸਾਨੇ ਹੋਂਗੇ.......

**ਜ਼ਿੰਦਗੀ ਦੀ ਕਸ਼ਮਕਸ਼ ਨੇ ਕਰ ਦਿੱਤੇ ਕਈ ਟੁਕੜੇ,
ਵਰਨਾ ਮੈਂ ਜ਼ਿੰਦਗੀ ਦੀ ਰਖੇਲ ਨਹੀਂ
ਜ਼ਿੰਦਗੀ ਮੇਰੀ ਮਹਿਬੂਬ ਹੁੰਦੀ.........।

**ਫ਼ਰਜ਼ ਨਿਭਾਉਣ ਦਾ ਅਧਿਐਨ ਕਰਨ ਦੇ
ਏਨੇ ਆਦੀ ਹੋ ਗਏ ਕਿ ਹੁਣ "ਹੱਕ" ਵਾਧੂ ਵਿਸ਼ਾ ਲੱਗਦਾ ਹੈ।
jassi sangha..

ਮੇਰੀ ਮਾਂ / ਵੀਰਾਂ

ਮਾਂ ਤੇ ਮਮਤਾ ਬਹੁਤ ਹੀ ਖੂਬਸੂਰਤ ਸ਼ਬਦਾਂ , ਅਹਿਸਾਸ ਤੇ ਰਿਸ਼ਤਿਆਂ ਚੋਂ ਹਨ..ਮਾਂ ਨੂੰ ਹਮੇਸ਼ਾ ਹੀ ਰੱਬ ਦਾ ਦਰਜਾ ਜਿੱਤਾ ਜਾਂਦਾ ਹੈ ਪਰ ਜੇ ਮੈਂ ਆਪਣੀ ਗੱਲ ਕਰਾਂ ਤਾਂ ਮੈਂ ਸ਼ੁਰੂ ਤੋਂ ਹੀ ਆਪਣੇ ਪਾਪਾ ਦੇ ਜ਼ਿਆਦਾ ਨਜ਼ਦੀਕ ਸੀ..ਮੇਰੇ ਲਈ ਓਹੀ ਰੱਬ ਸੀ..(ਹੁਣ ਵੀ ਨੇ...)

ਮੇਰੀ ਮਾਂ ਨੂੰ ਮੈਂ ਅਕਸਰ ਵੀਰਾਂ (ਮਾਂ ਦਾ ਪੇਕਿਆਂ ਦਾ ਨਾਮ, ਪਰ ਕਿਉਂਕਿ ਮੇਰੇ ਨਾਨਾ ਨਾਨੀ ਦੀ ਮੌਤ ਹੋਇਆਂ ਤਕਰੀਬਨ 20  ਸਾਲ ਹੋ ਗਏ,ਸੋ ਉਹਨਾਂ ਨੂੰ ਹੁਣ ਕੋਈ ਇਸ ਨਾਮ ਨਾਲ ਨਹੀਂ ਪੁਕਾਰਦਾ...ਮੈਨੂੰ ਲੱਗਦੈ ਕਿ ਮੇਰਾ ਮਾਂ ਨੂੰ ਵੀਰਾਂ ਕਹਿ ਕੇ ਬੁਲਾਉਣਾ ਚੰਗਾ ਲੱਗਦਾ ਹੋਊ.. ਵੈਸੇ ਪੁੱਛਿਆ ਨਹੀਂ ਕਦੇ...ਹਾਂ..ਇੱਕ ਹਾਸੋਹੀਣੀ ਗੱਲ਼ ਇਹ ਜ਼ਰੂਰ ਆ ਕਿ ਕਈ ਵਾਰ ਜਦੋਂ ਮੈਂ ਵੀਰਾਂ ਕਹਿ ਕੇ ਆਵਾਜ਼ ਮਾਰਾਂ ਤਾਂ ਅੱਗੋਂ ਜਵਾਬ ਹੁੰਦਾ ਐ.."ਹਾਂ,ਮੇਰੀ ਮਾਂ..." ਮੈਂ ਆਪਣੀ ਮਾਂ ਦੀ ਮਾਂ ਵੀ਼!!!!!)ਕਹਿ ਕੇ ਬੁਲਾਉਂਦੀ ਹਾਂ ਤੇ  ਜੇ ਮੈਂ ਸ਼ਬਦਾਂ ਦੇ ਸਾਂਚੇ ਵਿਚ ਢਾਲਣ ਦੀ ਕੋਸ਼ਿਸ਼ ਕਰਾਂ (ਭਾਵੇਂ ਔਖਾ ਹੈ) ਤਾਂ ਮੈਂ ਕਹਾਂਗੀ ਕਿ ਉਹ "ਮਮਤਾ ਦੀ ਮੂਰਤ" (ਖਾਸੀਅਤ ਇਹ ਹੈ ਕਿ ਉਹ ਸਾਰੇ ਬੱਚਿਆਂ ਲਈ ਹੈ),ਬੱਚਿਆਂ ਤਰਾਂ ਖੁੱਲ ਕੇ ਹੱਸਣ ਵਾਲੀ,ਸਾਫ਼ ਦਿਲ,ਬੜਬੋਲੀ,ਜ਼ਰੂਰਤ ਤੋਂ ਵਧਕੇ ਭਾਵੁਕ,ਮਜ਼ਬੂਤ ਵੀ,ਰਿਸ਼ਤਿਆਂ ਨਾਲ ਘੁੱਟ ਕੇ ਬੱਝੀ ਹੋਈ,ਹੱਦ ਦਰਜੇ ਦੀ ਮਿਹਨਤੀ ਹੈ..
ਸਭ ਤੋਂ ਪਹਿਲੀ ਗੱਲ ਜੋ ਹਰ ਕੋਈ ਨੋਟ ਕਰਦਾ ਹੈ ਉਹ ਉਸਦਾ ਬੱਚਿਆਂ ਲਈ ਪਿਆਰ.. ਪੂਰੀ ਗਲੀ ਦੇ ਬੱਚੇ ਮਾਂ ਲਈ ਸਾਡੇ ਜਿੰਨੇ ਹੀ ਲਾਡਲੇ ਹਨ..ਸਾਨੂੰ (ਮੈਂ,ਵੀਰ ਜਾਂ ਸਾਡੇ ਪਰਿਵਾਰ ਨੂੰ) ਬੱਚਿਆਂ ਕਰਕੇ ਡਾਂਟ ਪੈ ਸਕਦੀ ਹੈ ਪਰ ਸਾਡੀ ਕੀ ਮਜ਼ਾਲ ਕਿ ਸਾਰੇ ਬੱਚਿਆਂ ਨੂੰ ਕੁਛ ਕਹਿ ਦੇਈਏ ..ਮਾਂ ਸਾਹਮਣੇ ਕੋਈ ਬੱਚਿਆਂ ਨਾਲ ਉੱਚੀ ਆਵਾਜ਼ ਵਿੱਚ ਗੱਲ ਵੀ ਨਹੀਂ ਕਰ ਸਕਦਾ..ਸ਼ਾਮ ਵੇਲੇ ਸਾਡੇ ਘਰ ਧਰਮਸ਼ਾਲਾ ਜਿੰਨੀ ਰੌਣਕ ਲੱਗੀ ਹੁੰਦੀ ਹੈ..ਮਾਂ ਸਦਕੇ ਹੀ ..!!!ਕਈ ਨਿਆਣੇ ਤਾਂ ਕਈ ਵਾਰ ਰੋਟੀ ਵੀ ਸਾਡੇ ਘਰ ਹੀ ਖਾ ਜਾਂਦੇ ਆ...ਤੇ ਮੇਰੀ ਛੋਟੀ ਭੈਣ ਅਰਸ਼ਦੀਪ ਵੀ ਅਸੀਂ ਗੋਦ ਲਈ ਹੋਈ ਆ, ਜੋ ਕਿ ਸਾਡੇ ਦੋਨਾਂ ਤੋਂ ਜ਼ਿਆਦਾ ਲਾਡਲੀ ਹੈ..
ਮਾਂ ਨੂੰ ਘਰ 'ਚ ਸਾਰੇ ਬਹੁਤ ਪਿਆਰ ਕਰਦੇ ਨੇ..ਮਾਂ ਦੀਆਂ ਕਈ ਗੱਲਾਂ ਸਾਨੂੰ ਛੋਟੇ ਹੁੰਦੇ ਸਮਝ ਨਹੀਂ ਸੀ ਆਉਂਦੀਆਂ ,ਜਿਵੇਂ ਕਿਸੇ ਹੋਰਨਾਂ ਨਿਆਣਿਆਂ ਲਈ ਸਾਨੂੰ ਝਿੜਕ ਦੇਣਾ,ਘਰ 'ਚ ਕਿਸੇ ਚੀਜ਼ ਦਾ ਬਚਿਆ ਆਖਰੀ ਹਿੱਸਾ ਵੀ ਕਿਸੇ ਮੰਗਣ ਆਏ ਨੂੰ ਦੇ ਦੇਣਾ.. ਕਿਸੇ ਨੇ ਦਾਲ ਲੈਣ ਆਉਣਾ ਤੇ ਮਾਂ ਨੇ ਘਿਉ ਪਾ ਕੇ ਦੇਣਾ, ਕਦੇ ਵੀ ਕੋਈ ਹਰ ਸ਼ਿੰਗਾਰ ਨਾ ਕਰਨਾ,ਹੋਰ ਵੀ ਬੜਾ ਕੁਛ..
ਮਾਂ ਬਹੁਤ ਬੜਬੋਲੀ ਹੈ,ਚੁਗਲੀ ਵਾਲਿਆਂ ਨੂੰ ਨਫਰਤ ਕਰਦੀ ਹੈ ਤੇ ਜ਼ਿਆਦਾਤਰ ਸਿੱਧਾ ਜਾ ਕੇ ਪੁਛ ਵੀ ਲੈਂਦੀ ਹੈ.....
ਮਾਂ ਬਹੁਤ ਖੁੱਲ ਕੇ ਹੱਸਦੀ ਹੈ, ਜ਼ਿਆਦਾਤਰ ਸਾਡੇ ਨਾਲ ਉੱਚੀ ਹੱਸਣ ਲਈ ਸਾਡੇ ਤੋਂ ਜ਼ਿਆਦਾ ਝਿੜਕਾਂ ਮਾਂ ਨੂੰ ਹੀ ਪੈਂਦੀਆਂ ਨੇ..(ਦਾਦਾ ਦਾਦੀ ਜੀ ਤੋਂ..)..
ਜੇ ਮੈਂ ਆਪਣੇ ਨਾਲ ਮਾਂ ਦੇ ਰਿਸ਼ਤੇ ਦੀ ਗੱਲ ਕਰਾਂ ਤਾਂ ਮੈਂ ਮਾਂ ਦੇ ਜ਼ਿਆਦਾ ਨਜ਼ਦੀਕ ਨਹੀ ਸੀ,ਪਾਪਾ ਦੇ ਨਾਲ ਜ਼ਿਆਦਾ ਬਣਦੀ ਸੀ ਮੇਰੀ..ਮਾਂ ਦਾ ਸਤਿਕਾਰ ਬਹੁਤ ਸੀ ਪਰ ਕਦੇ ਦਿਲ ਦੀ ਗੱਲ ਜਿਵੇਂ ਪਾਪਾ ਨੂੰ ਦੱਸਦੀ ਸੀ ਓਵੇਂ ਮਾਂ ਨੂੰ ਕਦੇ ਨਹੀ ਸੀ ਦੱਸੀ..
ਇਸੇ ਤਰਾਂ ਹੀ ਰਿਹਾ ਕਿ ਇੱਕ ਵਾਰੀ ਅਜਿਹਾ ਮੋੜ ਆਇਆ ਕਿ ਸਭ ਦਾ ਸਾਥ ਛੁੱਟ ਗਿਆ ਤੇ ਓਸ ਵੇਲੇ ਮਾਂ ਦੀ ਅਹਿਮੀਅਤ ਪਤਾ ਲੱਗੀ...ਮਾਂ ਮੇਰੇ ਤੋਂ ਪਹਿਲਾਂ ਬੀਮਾਰ ਹੋ ਗਈ .. ਪਹਿਲੀ ਵਾਰ ਪਤਾ ਲੱਗਾ ਕਿ ਸੱਚੀਂ ਕੁਛ ਅਨੋਖਾ ਰਿਸ਼ਤਾ ਹੈ ਇਹ ,ਜੋ ਕਿਸੇ ਵੀ ਹਾਲ 'ਚ ਟੁੱਟ ਨਹੀ ਸਕਦਾ...
ਇਹੀ ਅਰਦਾਸ ਐ ਰੱਬ ਅੱਗੇ ਕਿ ਰੱਬ ਕਿਸੇ ਬੱਚਿਆਂ ਦੀ ਮਾਂ ਨਾ ਖੋਹਵੇ.. ਸ਼ਾਲਾ ਹਰ ਘਰ, ਹਰ ਵਿਹੜਾ , ਤੇ ਹਰ ਬੱਚੇ ਦਾ ਚਿਹਰਾ ਮਾਂ ਕਰਕੇ ਹਰਿਆ ਭਰਿਆ, ਖਿੜਿਆ ਰਹੇ.. !!!
ਆਮੀਨ
ਜੱਸੀ ਸੰਘਾ..,,

ਤੁਕਬੰਦੀ ਕਰਨ ਦੀ ਕੋਸ਼ਿਸ਼

ਲੜਣਾ ਲੜਾਉਣਾ ਸੌਖਾ, ਪੜਣਾ ਪੜਾਉਣਾ ਸੌਖਾ,
ਸੌਖੇ ਉਪਦੇਸ਼ ਨੇ,ਅਮਲ ਔਖਾ ਕਰਨਾ....

ਹੰਝੂ ਐ ਵਹਾਉਣਾ ਸੌਖਾ,ਖਹਿੜਾ ਐ ਛਡਾਉਣਾ ਸੌਖਾ,
ਔਖਾ ਸੱਚ ਜਾਣ ਕੇ ਵੀ ਜੀ-ਜੀ ਕਰਨਾ...

ਖਿੱਚਣੀ ਲਕੀਰ ਸੌਖੀ,ਵੇਚਣੀ ਜ਼ਮੀਰ ਸੌਖੀ,
ਔਖਾ ਮੂਲ ਰਹਿ ਕੇ ਐ ਹਾਲਾਤਾਂ ਨਾਲ ਲੜਣਾ....

ਕਰਨੀ ਪੜਾਈ ਸੌਖੀ,ਫੋਕੀ ਐ ਚੜਾਈ ਸੌਖੀ,
ਬੰਦੇ ਨੂੰ ਮਨੁੱਖੋਂ ਇਨਸਾਨ ਔਖਾ ਬਣਨਾ...

ਹੋਣਾ ਛੇਤੀ ਢੇਰੀ ਸੌਖਾ, ਕਰਨਾ ਐ 'ਮੇਰੀ' ਸੌਖਾ,
ਬੜਾ ਔਖਾ 'ਤੂੰ' ਦੀ ਪਹਿਲ ਹੁੰਦਾ ਕਰਨਾ...

ਅੰਨੇ ਦਾ ਐ ਜੇਰਾ ਧੰਨ, ਛੜੇ ਲਈ ਲਵੇਰਾ ਧੰਨ,
ਚਾਹੀਦਾ ਸੁਰਗ ਸਾਨੂੰ,ਔਖਾ ਬੜਾ ਮਰਨਾ......

ਕਰਨਾ ਹਨੇਰਾ ਸੌਖਾ,ਨਿਸ਼ਚਿਤ ਜੇਰਾ ਸੌਖਾ,
ਬੜਾ ਔਖਾ ਕਿਸੇ ਲਈ ਸੂਰਜ ਬਣ ਚੜਣਾ.....

ਰਿਸ਼ਤੇ ਬਣਾਉਣਾ ਸੌਖਾ,ਜਸ਼ਨ ਮਨਾਉਣਾ ਸੌਖਾ,
ਬੁਰੇ ਵੇਲੇ ਔਖਾ ਆਪਣੇ ਦੀ ਢਾਲ ਬਣਨਾ....

ਪਸ਼ੂਆਂ ਨੂੰ ਧੂਹਣਾ ਸੌਖਾ, ਫੁੱਲਾਂ ਨੂੰ ਐ ਛੂਹਣਾ ਸੌਖਾ,
ਨੱਕ 'ਚ ਨਕੇਲ ਹੋਵੇ ਬੜਾ ਔਖਾ ਤੁਰਨਾ...

ਲਾਈਲੱਗ ਪਿੱਛੇ ਲਾਉਣਾ,ਬਲਦੀ ਤੇ ਤੇਲ ਪਾਉਣਾ,
ਔਖਾ ਅੱਗ ਉੱਤੇ ਐ ਜੀ ਪਾਣੀ ਵਾਂਗੂੰ ਵਰਨਾ(vahrna)..

ਮਾੜੇ ਨਾਲ ਖਹਿਣਾ ਸੌਖਾ,"ਖੁਸ਼ ਹਾਂ ਮੈਂ" ਕਹਿਣਾ ਸੌਖਾ,
ਬੜਾ ਔਖਾ ਖੁਦ ਅੱਗੇ ਸ਼ੀਸ਼ੇ ਮੂਹਰੇ ਖੜਣਾ........

ਡੇਰਿਆਂ ਤੇ ਜਾਣਾ ਸੌਖਾ, ਪੈਰੀਂ ਹੱਥ ਲਾਉਣਾ ਸੌਖਾ,
ਔਖਾ ਇਨਸਾਨੀਅਤ ਵਾਲੇ ਰਾਹ ਤੇ ਤੁਰਨਾ......

ਖ਼ੁਦ ਨੂੰ ਗਿਰਾਉਣਾ ਸੌਖਾ,ਵਾਹ ਵਾਹ ਕਰਾਉਣਾ ਸੌਖਾ,
ਔਖਾ ਗੁਣੀਂ ਹੋ ਕੇ ਸੱਚੇ ਕਲਾਕਾਰ ਬਣਨਾ......

ਮਾਲਾ ਐ ਚੜਾਉਣੀ ਸੌਖੀ,ਉੱਤੋਂ ਧੂਫ਼ ਲਾਉਣੀ ਸੌਖੀ,
ਔਖਾ ਉਸ ਧੂੰਏਂ ਵਿੱਚੋਂ 'ਸੋਚ' ਨੂੰ ਐ ਫੜਣਾ....

ਕਲਮ ਘਸਾਉਣੀ ਸੌਖੀ, ਬਾਬੂ(ਰਜਬ ਅਲੀ ਜੀ) ਦੀ ਰੀਸ ਲਾਉਣੀ ਸੌਖੀ,
'ਜੱਸੀ' ਬੜਾ ਔਖਾ ਹੁੰਦਾ, ਟੀਸੀ ਉੱਤੇ ਖੜਣਾ....।
jassi sangha.
2010

ਮੇਰੀ ਨਾਨੀ ਮਾਂ ਲਈ ਇੱਕ ਸ਼ਰਧਾਂਜਲੀ...

ਨਾਨੀ ਸ਼ਬਦ ਨਾਨਕਿਆਂ ਤੋਂ ਸ਼ੁਰੂ ਕਰਦੇ ਹਾਂ.. 'ਨਾਨਕੇ' ਇੱਕ ਐਸਾ ਸ਼ਬਦ ਹੈ ਜਿਸਦੇ ਜ਼ਿਹਨ ਵਿੱਚ ਆਉਂਦਿਆਂ ਹੀ ਖੁੱਲਾ-ਡੁੱਲਾ ਖਾਣਾ ਪੀਣਾ, ਖੜਮਸਤੀਆਂ ਤੇ ਰੱਜਵੇਂ ਪਿਆਰ ਦਾ ਖਿਆਲ ਆਉਂਦਾ ਹੈ। ਜਿਵੇਂ ਬਚਪਨ ਵਿੱਚ ਕਹਿੰਦੇ ਹੁੰਦੇ ਸੀ-
ਨਾਨਕੇ ਘਰ ਜਾਵਾਂਗੇ,
ਲੱਡੂ ਪੇੜੇ ਖਾਵਾਂਗੇ,
ਮੋਟੇ ਹੋ ਕੇ ਆਵਾਂਗੇ।
ਤੇ ਲੱਗਦਾ ਹੈ ਇੰਨਾਂ ਪੰਕਤੀਆਂ 'ਚ ਨਾਨਕਿਆਂ ਦਾ ਪੂਰਾ ਲਾਡ ਪਿਆਰ ਸਮਾਇਆ ਹੋਵੇ।
ਤੇ ਨਾਨਕਿਆਂ ਬਾਰੇ ਸੋਚ ਕੇ ਜੋ ਮੇਰੇ ਮਨ ਵਿੱਚ ਤਸਵੀਰ ਉੱਭਰਦੀ ਹੈ ਉਹ ਨਾਨੀ ਦੇ ਚਿਹਰੇ ਤੇ ਆਪਣੇ ਦੋਹਤੇ ਦੋਹਤੀਆਂ ਵਿੱਚ ਆਪਣੀ ਧੀ ਦਾ ਅਕਸ ਦੇਖ ਖੁਸ਼ੀ ਤੇ ਸਕੂਨ, ਨਾਨੇ ਦੀਆਂ ਮਿੱਠੀਆਂ-ਪਿਆਰੀਆਂ ਝਿੜਕਾਂ, ਹਾਸਾ ਠੱਠਾ........ਤੇ ਮਾਮਿਆਂ ਨੂੰ ਰੱਜ ਕੇ ਤੰਗ ਕਰਨਾ, ਸਿਰ 'ਚ ਗਲੀਆਂ ਕਰਨ ਵਾਲੀ ਗੱਲ ਕਹਿ ਲਉ ਜਾਂ ਕਹਿ ਲਉ ਸਿਰ ਤੇ ਨੱਚਣਾ.....ਤੇ ਮਾਸੀਆਂ ਮਾਮੀਆਂ ਨਾਲ ਪਿਆਰ ਸ਼ਰਾਰਤ ਤੇ ਨੋਕ ਝੋਕ........।
ਕਿੰਨਾਂ ਪਿਆਰਾ ਜਿਹਾ ਮਾਹੌਲ ਲੱਗਦਾ ਆ ਜਿਵੇਂ ਪੂਰਾ ਸੰਸਾਰ ਆ ਸਮਾ ਗਿਆ ਹੋਵੇ ਸਿਰਫ਼ ਨਾਨਕੇ ਸ਼ਬਦ ਵਿੱਚ.......।
ਪਰ ਮੈਂ ਕਦੇ ਇਸ ਸ਼ਬਦ ਜਾਂ ਨਾਨੀ ਦੇ ਪਿਆਰ ਨੂੰ ਕਦੇ ਮਹਿਸੂਸ ਨਹੀਂ ਕਰ ਪਾਈ। ਮੇਰੇ ਲਈ ਇਹ ਸ਼ਬਦ ਬਹੁਤ ਅਨਜਾਣ ਰਿਹਾ ਹੈ... ਮੈਂ ਨਿੱਕੀ ਜਿਹੀ ਹੁੰਦੀ ਸੀ ਤਾਂ ਯਾਦ ਹੈ ਕਿ ਮੇਰੀ ਮਾਂ ਮੇਰੇ ਨਾਨਕੇ ਸੀ ਕਾਫੀ ਦਿਨਾਂ ਤੋਂ ਤੇ ਇੱਕ ਦਿਨ ਮੇਰਾ ਮਾਮਾ ਮੈਨੂੰ ਲੈਣ ਆਇਆ ਕਿ ਨਾਨੀ ਇਹਦਾ ਮੂੰਹ ਦੇਖਣ ਲਈ ਕਹਿੰਦੀ ਆ......ਮੈਨੂੰ ਬੜਾ ਚਾਅ ਕਿ ਅੱਜ ਮੰਮੀ ਨੂੰ ਮਿਲਾਂਗੇ.. ਤੇ ਜਾ ਕੇ ਦੇਖਿਆ ਕਿ ਉਥੇ ਕਾਫੀ ਜਣੇ ਮੰਜਾ ਘੇਰੀ ਖੜੇ ਸੀ ਤੇ ਨਾਨੀ ਮੰਜੇ ਤੇ ਮਰਨ ਕਿਨਾਰੇ ਪਈ ਸੀ.. ਹਾਲੇ ਵੀ ਯਾਦ ਆ ਕੋਈ ਹਰੇ ਜਿਹੇ ਰੰਗ ਦਾ ਲੇਪ ਜਿਹਾ ਲਾਇਆ ਹੋਇਆ ਸੀ ਗਲੇ ਤੇ.. (ਗਲੇ ਦਾ ਕੈਂਸਰ ਸੀ ਉਨਾਂ ਨੂੰ).. ਮਾਂ ਰੋ ਰਹੀ ਸੀ .. ਮੈਨੂੰ ਕੋਲ ਦੇਖ ਕੇ ਨਾਨੀ ਨੇ ਮੇਰਾ ਮੂੰਹ ਪਲੋਸਿਆ ਤੇ ਕੁਝ ਕਹਿਣ ਦੀ ਨਾਕਾਮ ਕੋਸ਼ਿਸ਼ ਕੀਤੀ ਤੇ ਫੇਰ ਜਿਵੇਂ ਅੱਖਾਂ ਭਰ ਆਈਆਂ.. ਮੈਂ ਛੋਟੀ ਸੀ ਸੋ ਮੈਂ ਦੌੜ ਆਈ ਤੇ ਜ਼ਿਦ ਕੀਤੀ ਕਿ ਮੈਂ ਤਾਂ ਪਾਪਾ ਕੋਲ ਜਾਣਾ ਆ.. ਤੇ ਮਾਮਾ ਮੈਨੂੰ ਛੱਡ ਗਿਆ..ਦੋ-ਚਹੁੰ ਦਿਨਾਂ ਬਾਅਦ ਮੇਰੀ ਨਾਨੀ ਦੀ ਮੌਤ ਹੋ ਗਈ। ਨਾਨਾ ਜੀ ਪਹਿਲਾਂ ਹੀ ਨਹੀਂ ਸੀ ..ਹੌਲੀ ਹੌਲੀ ਘਰ ਉੱਜੜਦਾ ਗਿਆ...(ਘਰ ਦੀ ਕਹਾਣੀ ਕਦੇ ਫੇਰ ਸੁਣਾਉਂਗੀ.....)... ਮੰਮੀ ਨੇ ਬੜਾ ਰੋਣਾ ਤੇ ਸਾਨੂੰ ਬੜਾ ਅਜੀਬ ਲੱਗਣਾ ਕਿ ਫੇਰ ਕੀ ਹੋਇਆ ਮੰਮੀ ਕਾਹਤੋਂ ਰੋਂਦੀ ਆ.. ਅਸੀਂ ਕਦੇ ਕਦੇ ਨਾਲ ਈ ਰੋਣ ਲੱਗ ਜਾਣਾ... ।
ਪਰ ਜਦੋਂ ਥੋੜੀ ਸੁਰਤ ਸੰਭਲੀ ਤਾਂ ਸਕੂਲ 'ਚ ਸਾਰਿਆਂ ਨੇ ਜਦੋਂ ਗਰਮੀ ਦੀਆਂ ਛੁੱਟੀਆਂ 'ਚ ਨਾਨਕੇ ਜਾਣ ਬਾਰੇ ਗੱਲ ਕਰਨੀ ਤਾਂ ਅਸੀਂ ਮੈਂ ਇੱਕ ਪਾਸੇ ਜਿਹੇ ਹੋ ਕੇ ਬਹਿ ਜਾਣਾ... ਤੇ ਅਸੀਂ ਕਾਫੀ ਚਿਰ ਪਹਿਲਾਂ ਹੀ ਉਦਾਸ ਹੋ ਜਾਣਾ ਤੇ ਮਾਂ ਨੇ ਵੀ ਹਮੇਸ਼ਾ ਰੋਣਾ ਛੁੱਟੀਆਂ 'ਚ... ਮੇਰੀਆਂ ਭੂਆ ਕੋਲ ਚਲੇ ਜਾਂਦੇ ਸੀ ਤੇ ਅੱਧੀਆਂ ਛੁੱਟੀਆਂ ਭੂਆਂ ਦੇ ਨਿਆਣਿਆਂ ਨੇ ਸਾਡੇ ਪਿੰਡ ਆ ਜਾਣਾ... ਪਰ ਪੂਰਾ ਬਚਪਨ ਉਹੀ ਤਰਸਯੋਗ ਜਿਹੇ ਨਿਆਣੇ ਰਹੇ........ ਕਿਤੇ ਵੀ ਜਾਣਾ ਛੁੱਟੀਆਂ 'ਚ, ਸਭ ਤੋਂ ਸੁਣਨਾ " ਵਿਚਾਰਿਆਂ ਦੇ ਨਾਨਕੇ ਹੈਨੀਂ, ਤਾਂ ਕਰਕੇ ਇੱਥੇ ਆ ਗਏ........"
ਪਰ ਇਹ ਕਹਿਣਾ ਝੂਠ ਬੋਲਣ ਵਾਲੀ ਗੱਲ ਹੋਵੇਗੀ ਕਿ ਅਸੀਂ ਕਿਸੇ ਕਿਸਮ ਦੇ ਪਿਆਰ ਤੋਂ ਵਾਂਝੇ ਰਹੇ.. ਦਾਦੀ ਦਾਦਾ, ਭੂਆ ਜੀ,ਮੇਰੀ ਮੰਮੀ ਦੇ ਨਾਨਕੇ, ਪਾਪਾ ਦੇ ਨਾਨਕੇ, ਮੰਮੀ ਦੇ ਭੂਆ ਹੋਰੀਂ ਸਭ ਨੇ ਮਾਂ ਤੇ ਸਾਨੂੰ ਰੱਜਵਾਂ ਪਿਆਰ ਦਿੱਤਾ...ਮੰਮੀ ਨੂੰ ਮੇਰੇ ਦਾਦਾ ਦਾਦੀ ਜੀ ਮੇਰੀਆਂ ਭੂਆ ਤੋਂ ਵੀ ਜ਼ਿਆਦਾ ਪਿਆਰ ਕਰਦੇ ਆ...।
ਹੁਣ ਕੋਈ ਨਾਨੀ ਨੂੰ ਇਨਾਂ ਯਾਦ ਨਹੀਂ ਕਰਦਾ,, ਪਰ ਪਤਾ ਨਹੀਂ ਮੇਰੇ ਦਿਲ 'ਚ ਇੱਕ ਚੀਸ ਜਿਹੀ ਕਦੇ ਕਦੇ ਬਹੁਤ ਉੱਠਦੀ ਆ ਕਿ ...."ਜੇ ਮੇਰੀ ਨਾਨੀ ਹੁੰਦੀ......." ਮੈਂ ਕਦੇ ਕਦੇ ਕੋਈ ਜ਼ਿਦ ਕਰਦੀ ਹਾਂ ਬਹੁਤ.. ਪਾਗਲਾਂ ਜਾਂ ਬੱਚਿਆਂ ਵਾਂਗ(ਹੁਣ ਤੱਕ ਦੋ - ਤਿੰਨ ਵਾਰ ਹੋ ਚੁੱਕਾ ) ਤੇ ਮੇਰੀ ਜ਼ਿੱਦ ਦਾ ਪਿਛਲਾ ਕਿੱਸਾ ਵੀ ਨਾਨੀ ਨਾਲ ਹੀ ਸੰਬੰਧਿਤ ਹੈ, ਤਿੰਨ ਕੁ ਸਾਲ ਦੀ ਗੱਲ ਐ ਕਿ ਮੈਂ ਹੋਸਟਲ 'ਚ ਸੀ, ਕੁਝ ਬੀਮਾਰ ਵੀ ਸੀ ਤੇ ਉਹ ਜ਼ਿਦ ਵਾਲਾ ਦੌਰਾ ਵੀ ਪੈ ਗਿਆ ਤੇ ਮੈਂ ਰੋਣਾ ਸ਼ੁਰੂ ਕਰ ਦਿੰਤਾ ਜ਼ੋਰ ਨਾਲ ਕਿ ਮੈਂ ਨਾਨੀ ਕੋਲ ਜਾਣਾ ਆ,, ਤੇ ਕਾਫੀ ਕੁੜੀਆਂ ਇਕੱਠੀਆਂ ਹੋ ਗਈਆਂ .. ਤੇ ਸਾਰੇ ਕਹਿੰਦੇ ਕਿ ਛੁੱਟੀ ਲੈ ਕੇ ਘਰ ਜਾ ਕੇ ਮਿਲਿਆ ਜੇ ਯਾਦ ਆਈ ਆ .. ਤੇ ਮੇਰੀ ਰੂਮ ਮੇਟ ਕਹਿੰਦੀ ਏਹਦੀ ਨਾਨੀ ਤਾਂ ਬਚਪਨ 'ਚ ਹੀ ਮਰ ਗਈ ਸੀ ਤੇ ਸਾਰੇ ਹੱਸਣ ਲੱਗ ਪਏ...।
ਚਾਹੇ ਕਈ ਵਾਰ ਲੱਗਿਆ ਕਿ ਨਾਨੀ ਵਾਲਾ ਪਿਆਰ ਮਿਲ ਗਿਆ ਪਰ ਭੁਲੇਖਾ ਸੀ..ਮੇਰੀ ਛੋਟੀ ਮਾਂ(ਚਾਚੀ ਜੀ) ਦੀ ਮਾਂ ਨੇ ਕਾਫੀ ਪਿਆਰ ਦਿੱਤਾ ਤੇ ਉੰਨਾਂ ਦੀ ਵੀ ਮੌਤ ਹੋ ਗਈ ..ਥੋੜੇ ਹੀ ਚਿਰ ਬਾਅਦ... ਇੱਕ ਹੋਰ ਅਖਾਉਤੀ ਨਾਨੀ ਨੇ ਬੜਾ ਪਿਆਰ ਦਿਖਾਉਣਾ ਤੇ ਅਸੀਂ ਵੀ ਆਉਣ ਜਾਣ ਲੱਗ ਪਏ(ਮੈਂ ਤੇ ਵੀਰ) ..ਪਰ ਇੱਕ ਵਾਰ ਮੈਂ ਸੁੱਤੀ ਪਈ ਨੇ ਸੁਣਿਆ ਉਹ "ਨਾਨੀ..!!" ਕਿਸੇ ਨੂੰ ਕਹਿ ਰਹੀ ਸੀ ਕਿ ਇਹ ਹਰ ਵਾਰ ਹੀ ਕਿਉਂ ਆ ਜਾਂਦੇ ਆ...ਕਈ ਦੋਸਤਾਂ ਦੀਆਂ ਨਾਨੀਆਂ ਤੋਂ ਪਿਆਰ ਮਿਲਿਆ ਪਰ ਉਹ ਆਪਣਾਪਣ ਕਿਤੋਂ ਨਹੀਂ ਮਿਲਿਆ... ਤੇ ਫਿਰ ਹੌਲੀ ਹੌਲੀ ਇਹ ਸਵੀਕਾਰ ਕਰ ਲਿਆ ਕਿ ਨਾਨੀ ਨਹੀਂ ਮਿਲੇਗੀ ਕਿਤੇ ਵੀ....।
ਮੈਨੂੰ ਹਮੇਸ਼ਾ ਲੱਗਿਆ ਹੈ ਕਿ ਸਾਡੇ ਹੋਰ ਬਹੁਤ ਪਿਆਰੇ ਰਿਸ਼ਤੇ ਨੇ ਮਾਂ-ਪਿਉ, ਦਾਦਾ ਦਾਦੀ, ਭੂਆ, ਮਾਸੀਆਂ ਤੇ ਹੋਰ ਕਈ .. ਉਦਾਂ ਹੀ ਨਾਨੀ ਨਾਲ ਵੀ ਸ਼ਾਇਦ ਬਹੁਤ ਗੂੜਾ ਰਿਸ਼ਤਾ ਹੁੰਦਾ ਹੋਵੇਗਾ.... ਕਿਸਮਤ ਵਾਲੇ ਨੇ ਜਿੰਨਾਂ ਨੂੰ ਸਾਰੇ ਰਿਸ਼ਤੇ ਨਸੀਬ ਹੁੰਦੇ ਨੇ......... ਤੇ ਇਹੀ ਦੁਆ ਕਰਦੀ ਹਾਂ ਕਿ ਅਜਿਹਾ ਪਿਆਰਾ ਦਿਲ ਦਾ ਕਰੀਬੀ ਰਿਸ਼ਤਾ ਕਦੇ ਨਾ ਛੁੱਟੇ ਕਿਸੇ ਤੋਂ.................!!!
ਆਮੀਨ........
ਜੱਸੀ ਸੰਘਾ..
April,2010

ਮੇਰੇ ਨਾਨਕੇ

ਮੇਰਾ ਮੇਰੇ ਨਾਨਕਿਆਂ ਬਾਰੇ ਤਜ਼ਰਬਾ ਬੜਾ ਅਜੀਬ, ਉਦਾਸ ਤੇ ਦਿਲਚਸਪ ਰਿਹਾ ਐ.. ਮੇਰੀਆਂ ਦੂਜੀਆਂ ਮਾਸੀਆਂ ਦੇ ਸਹੁਰਿਆਂ ਦੇ ਮੁਕਾਬਲੇ ਮੇਰਾ ਪਿੰਡ ਨੇੜੇ ਸੀ ਨਾਨਕਿਆਂ ਦੇ...। ਮੇਰੇ ਦੋ ਮਾਮਿਆਂ 'ਚੋਂ ਇੱਕ ਦਾ ਵਿਆਹ ਹੋਇਆ ਨਹੀਂ ਸੀ ਤੇ ਦੂਜੇ ਨੇ ਅਜੇ ਕਰਵਾਇਆ ਨਹੀਂ ਸੀ.. ਉੁਹ ਟਰੱਕ ਡਰਾਈਵਰ ਸੀ। ਤੇ ਦੂਜਾ ਵਿਹਲੜ...ਉਨਾਂ ਦੋਨਾਂ ਦੀ ਸੋਚ ਬਹੁਤ ਅਜੀਬ ਐ.. ਮੇਰੇ ਘਰਦਿਆਂ ਦੀ ਸੋਚ ਨਾਲੋਂ ਵੀ ਬਹੁਤ ਫ਼ਰਕ ਸੀ। ਸੋ ਮੈਂ ਤੇ ਵੀਰ ਜਾਣਾ ਪਸੰਦ ਨਹੀਂ ਸੀ ਕਰਦੇ। ਰਣਧੀਰ ਕਹਿੰਦਾ ਹੁੰਦਾ ਸੀ,"ਨਾਨਕੇ ਜਾਣ ਤੋਂ ਚੰਗਾ ਆ ਖੇਤ ਚਲੇ ਜਾਉ।"
ਨਾਨਕਿਆਂ ਦਾ ਢਹਿਆ ਜਿਹਾ ਘਰ ਹੁੰਦਾ ਸੀ ਨਾਨੀ ਦੀ ਮੌਤ ਤੋਂ ਬਾਅਦ.... ਤੇ ਉਸ ਘਰ ਦੀ ਜ਼ਿੰਮੇਵਾਰੀ ਮੰਮੀ ਤੇ ਮਾਸੀਆਂ ਤੇ ਸੀ। ਤੇ ਕਿਉਂਕਿ ਮੇਰਾ ਘਰ ਨਜ਼ਦੀਕ ਸੀ ਇਸ ਲਈ ਮੰਮੀ ਹੀ ਜ਼ਿਆਦਾ ਖਿਆਲ ਰੱਖਦੇ ਸੀ.. ਸੋ ਸਾਲ 'ਚ ਦੋ ਤਿੰਨ ਵਾਰੀਂ ਜਾਣਾ ਪੈਂਦਾ ਸੀ ਕਦੇ ਘਰ ਲਿੱਪਣ, ਕਦੇ ਕੱਪੜੇ ਧੋਣ, ਕਦੇ ਸਫਾਈ ਕਰਨ..। ਮਾਂ ਨੇ ਜ਼ਬਰਦਸਤੀ ਮੈਨੂੰ ਲੈ ਜਾਣਾ.. ਕਿਉਂਕਿ ਉਥੇ ਜਾ ਕੇ ਕੱਲੇ ਬੰਦੇ ਨੂੰ ਉਦਾਂ ਹੀ ਘਰ ਖਾਣ ਨੂੰ ਆਉਂਦਾ ਸੀ। ਤੇ ਮੈਨੂੰ ਮੌਤ ਪੈ ਜਾਂਦੀ ਸੀ ਉਥੇ ਜਾਣ ਦੇ ਨਾਂ ਤੇ ਹੀ........।
ਅਸੀਂ ਦੁੱਧ,ਚਾਹ ਪੱਤੀ ਵਗੈਰਾ ਘਰੋਂ ਹੀ ਲੈ ਕੇ ਜਾਂਦੇ ਸੀ। ਕਦੇ ਕਦੇ ਤਾਂ ਰੋਟੀ ਵੀ। ਜਾਂ ਫੇਰ ਘਰੋਂ ਈ ਰੱਜ ਕੇ ਜਾਣਾ ਤੇ ਭੁੱਖੇ ਭਾਣੇ ਘਰੇ ਆ ਕੇ ਵੜਣਾ...। ਵੈਸੇ ਕਦੇ ਕਦਾਈਂ ਕੋਈ ਗਵਾਂਢੀ ਵੀ ਖੁਆ ਦਿੰਦੇ ਸੀ ਰੋਟੀ।
ਉਥੇ ਜਿਵੇਂ ਹੀ ਜਾ ਕੇ ਪਹੀ ਤੇ ਉਤਰਨਾ ਤਾਂ ਕਾਫੀ ਵਾਟ ਤੁਰ ਕੇ ਜਾਣਾ ਪੈਣਾ ਸੀ, ਚੰਗੀ ਕਸਰਤ ਹੋ ਜਾਂਦੀ ਸੀ.. ਸਾਹ ਫੁੱਲ ਜਾਣਾ.. ਅਜੇ ਵੀ ਯਾਦ ਆ ਸਿਰ ਰੜ ਜਾਂਦਾ ਸੀ। ਫੇਰ ਜਦੋਂ ਹੀ ਜਾ ਪਹੁੰਚਣਾ ਤਾਂ 75% ਬਾਹਰਲੇ ਦਰਵਾਜ਼ੇ ਨੂੰ ਜਿੰਦਰਾ ਤੇ ਕਮਰਿਆਂ ਨੂੰ ਤਾਂ ਹਮੇਸ਼ਾ ਹੀ। ਅੱਜ ਤੱਕ ਇੱਕ ਵਾਰ ਵੀ ਏਦਾਂ ਨਹੀਂ ਹੋਇਆ ਕਿ ਨਾਨਕੇ ਗਏ ਤੇ ਮਾਮਾ ਘਰ ਹੋਵੇ। ਫੇਰ ਜਾ ਕੇ ਮਾਂ ਨੇ ਸੜਕ ਤੇ ਦਰਵਾਜੇ ਕੋਲ ਖੜ ਜਾਣਾ ਤੇ ਮੇਰੀ ਫੇਰੀ ਸ਼ੁਰੂ ਕਿ ਜਾ ਕੇ ਮਾਮੇ ਨੂੰ ਲੱਭ ਕੇ ਲਿਆ.. ਪਹਿਲਾਂ ਪਿੰਡ ਦੀ ਧਰਮਸ਼ਾਲਾ 'ਚ ਜਾਣਾ ਤੇ ਪਿੰਡ ਸੀ ਬਹੁਤ ਵੱਡਾ ... ਸੋ ਬਹੁਤ ਬਜ਼ੁਰਗ ਹੁੰਦੇ ਸੀ.. ਮੈਂ ਸ਼ਰਮਾਉਂਦੀ ਘੱਟ ਹੀ ਸੀ .. ਜਾ ਕੇ ਪੁੱਛਣਾ ਕਿ ਮੇਰਾ ਮਾਮਾ ਨੀਂ ਆਇਆ ਏਥੇ?? ਅੱਗੇ ਮਾਮਾ ਇਦਾਂ ਦਾ ਚੜਦਾ ਚੰਦ ਕਿ 75% ਉਹ ਵੀ ਥੜੇ ਤੇ ਨਹੀਂ ਸੀ ਹੁੰਦਾ। ਤੇ ਮੈਂ ਸਭ ਬਜ਼ੁਰਗਾਂ ਤੋਂ ਸਿਰ ਪਲੋਸਵਾ ਕੇ ਜਦੋਂ ਨੂੰ ਮਾਂ ਕੋਲ ਵਾਪਿਸ ਆਉਣਾ ਤਾਂ ਇਧਰ ਉਦੋਂ ਤੱਕ ਮਾਂ ਨਾਲ ਹੋਰ ਭਾਣਾ ਵਰਤ ਚੁੱਕਾ ਹੁੰਦਾ ਸੀ.. ਮਾਂ ਕੋਲ ਪਹੁੰਚਣਾ ਤਾਂ ਦੇਖਣਾ ਕਿ ਅੱਠ ਦਸ ਬੁੜੀਆਂ ਨੇ ਮਾਂ ਨੂੰ ਘੇਰਾ ਪਾਇਆ ਹੋਣਾ ਤੇ ਜਿਵੇਂ ਮਾਂ ਨੂੰ ਰੋਣ ਲਈ ਤਰਲੇ ਪਾ ਰਹੀਆਂ ਹੋਣ। ਜਦੋਂ ਤੱਕ ਮਾਂ ਰੋਂਦੀ ਨਹੀਂ ਸੀ ਲੱਗੀਆਂ ਰਹਿੰਦੀਆਂ ਸੀ.."ਚਲ ਥੋਡੇ ਤਾਂ ਘਰ ਵਸਗੇ ਮੁੰਡਿਆਂ ਦਾ ਕੀ ਬਣੂੰ.. ਮਾਂ ਮਛੋਰ ਹੋ ਗਏ.."
"ਭਾਈ ਬੁੜੀਆਂ ਨਾਲ ਈ ਘਰ ਵਸਦੇ ਆ ..ਦੇਖਲਾ ਹੁਣ ਕਾਂ ਬੋਲਦੇ ਆ"
"ਭੈਣੇ ਬਾਹਲੀਂ ਚੰਗੀ ਬੁੜੀ ਸੀ ਚੰਦਰੀ..." ਵਗੈਰਾ ਵਗੈਰਾ.. ਮਾਂ ਨੇ ਜਦੋਂ ਤੱਕ ਰੋਣ ਨਾ ਲੱਗਣਾ।
ਫੇਰ ਜਿਵੇਂ ਈ ਮਾਂ ਦੇ ਹੰਝੂ ਸ਼ੁਰੂ, ਬੁੜੀਆਂ ਦੇ ਪੈਰ ਵੀ ਘਰਾਂ ਵੱਲ ਵਾਪਿਸ। ਚਲੋ ਫੇਰ ਮਾਂ ਨੂੰ ਚੁੱਪ ਕਰਵਾਉਣਾ ਤੇ ਮਾਂ ਨੇ ਕਹਿਣਾ ਚੱਲ ਪਹਿਲਾਂ ਚਾਬੀ ਲੱਭੀਏ...। ਇੱਕ ਪਾਸਿਉਂ ਲੱਗਣਾ ਗਲੀ ਦੇ ..ਪੰਦਰਾਂ ਵੀਹ ਘਰਾਂ 'ਚ ਪੁੱਛਣਾ ..ਕਿਸੇ ਨੇ ਕਹਿਣਾ ਉਧਰ ਜਾਂਦਾ ਦੇਖਿਆ ਸੀ ਕਿਸੇ ਨੇ ਦੂਜੇ ਪਾਸੇ ਕਹਿਣਾ..।ਪਿੰਡ ਬਹੁਤ ਵੱਡਾ ਸੀ ਸੋ ਚਾਬੀ ਲੱਭਦਿਆਂ ਨੂੰ ਦੁਪਹਿਰ ਹੋ ਜਾਂਦੀ ਸੀ...(ਏਨੀ ਅਕਲ ਪਤਾ ਨੀਂ ਹੈ ਨੀਂ ਸੀ ਕਿ ਇੱਕ ਚਾਬੀ ਸਾਨੂੰ ਦੇ ਦਿੰਦੇ,, ਪਰ ਮੰਮੀ ਹੋਰੀਂ ਤਿੰਨ ਭੈਣਾਂ ਸੀ ਤੇ ਚਾਬੀ ਇੱਕ ਈ ਵਾਧੂ ਹੋਣੀ ਆ..) ਫੇਰ ਜੀ ਜਦੋਂ ਤਾਈਂ ਮਾਮਾ ਜੀ ਨੇ ਲੱਭਣਾ ਤਾਂ ਮਾਮੇ ਨੇ ਆਪ ਨੀਂ ਘਰ ਆਉਣਾ . ਚਾਬੀ ਦੇ ਕੇ ਤੋਰ ਦੇਣਾ।
ਫੇਰ ਦਰਵਾਜ਼ਾ ਖੁੱਲਣਾ ਆਖਿਰ ਤਾਂ ਸੋਚੋ ਅੱਗੋਂ ਕੀ ਹਾਲ ਹੋਊ ਵਿਹੜੇ ਦਾ... ਦੋ ਦੋ ਹੱਥ ਦਾ ਘਾਹ ਤੇ ਉਤੋਂ ਮਾਮਾ ਮੇਰਾ ਫੁੱਲਾਂ ਦਾ ਸ਼ੌਕੀਨ..ਹਰ ਤਿਮਾਹੀ ਫੁੱਲ ਲਗਵਾ ਲੈਂਦਾ ਸੀ ਤੇ ਪਾਣੀ ਪਾਉਣਾ ਨਹੀਂ ਕਦੇ , ਸੋ ਉਹਨਾਂ ਦਾ ਕਤਲੇਆਮ ਵੀ ਸਾਡੇ ਹੱਥੋਂ ਹੀ ਲਿਖਿਆ ਹੁੰਦਾ ਸੀ। ਸੋ ਮਾਂ ਨੇ ਕਿਸੇ ਦੀ ਕਹੀ ਮੰਗ ਕੇ ਲੱਗਣਾ ਘਾਹ ਪੁੱਟਣ ਤੇ ਮੈਨੂੰ ਕਹਿਣਾ ਕਿਸੇ ਦੇ ਘਰੋਂ ਪਾਣੀ ਦੀ ਬਾਲਟੀ ਲੈ ਕੇ ਆ, ਨਲਕਾ ਵੀ ਉੱਤਰਿਆ ਹੁੰਦਾ ਸੀ। ਸੋ ਸਾਹੋਂ ਸਾਹ ਹੋ ਕੇ ਵਿਹੜੇ ਦੀ ਸਫਾਈ ਕਰਕੇ ਘਾਹ ਕਿਸੇ ਖੂੰਜੇ ਲਾ ਕੇ , ਪਿਛਲੀ ਵਾਰ ਵਾਲੇ ਘਾਹ ਨੂੰ ਅੱਗ ਲਾ ਕੇ ਫੇਰ ਕਮਰੇ ਖੋਲਣੇ। ਤੇ ਅੱਗੇ ਕਮਰਿਆਂ ਦੀ ਹਾਲਤ ਆਪ ਹੀ ਸੋਚ ਲਵੋ..ਮਣਾਂ ਮੂੰਹੀਂ ਮਿੱਟੀ, ਤੇ ਰੱਬ ਦਾ ਭਲਾ ਦੋ ਈ ਸੀ ਕਮਰੇ। ਕਦੇ ਕਦੇ ਚੂਹੇ ਵੀ ਮਰੇ ਹੁੰਦੇ ਸੀ ਅੰਦਰ ਸੋ ਮੂੰਹ ਸਿਰ ਲਪੇਟ ਕੇ ਮਾਂ ਨੇ ਪਹਿਲਾਂ ਉਨਾਂ ਦਾ ਸ਼ਰੀ ਗਣੇਸ਼ ਕਰਨਾ। ਫੇਰ ਕਿਸੇ ਕੋਨੇ 'ਚੋਂ ਸਟੋਵ ਲੱਭ ਕੇ ਚਾਹ ਬਣਾਉਣੀ ਤੇ ਉਦੋਂ ਹੀ ਮਾਮੇ ਨੇ ਆ ਟਪਕਣਾ ਕਿਤੋਂ ਤੇ ਨਾਲ ਦੋ ਚਾਰ ਹੋਰ ਵੀ ਮੱਖੀਮਾਰ । ਤੇ ਉਨਾਂ ਨੇ ਫੇਰ ਪੂਰੇ ਵਿਹੜੇ 'ਚ ਏਦਾਂ ਗੇੜਾ ਮਾਰਨਾ ਜਿਵੇਂ ਗਰਦੌਰੀ ਕਰਨ ਆਏ ਹੋਣ। ਨਾਲ ਨਾਲ ਮਾਮੇ ਦੀਆਂ ਟਿੱਪਣੀਆਂ ਵੀ ਜਿਵੇਂ," ਵੀਰਾਂ(ਮਾਂ ਦਾ ਨਾਮ) ਆਹ ਏਥੇ ਜੇ ਜੜਾਂ ਰਹਿ ਗੀਆਂ,, ਕਹੀ ਕੀਹਦੀ ਲਿਆਂਦੀ ਸੀ, ਫਲਾਣੇ ਕੇ ਬਾਹਲੀ ਸਹੀ ਕਹੀ ਆ, ਅਗਲੀ ਵਾਰੀ ਉਨਾਂ ਦਿਉਂ ਲੈ ਕੇ ਆਈਂ"
" ਆਹ ਫੁੱਲ ਪੱਟਕੇ ਟੋਇਆਂ 'ਚ ਮਿੱਟੀ ਕਾਹਤੋਂ ਭਰਤੀ, ਮੈਂ ਹੁਣ ਸੰਤਰੇ, ਅਮਰੂਦਾਂ ਦੇ ਬੂਟੇ ਲਗਵਾਉਣੇ ਸੀ.." ਜਾਣਿ ਕਿ ਮਾਂ ਦੇ ਪੱਲੇ ਫੇਰ ਉਹੀ ਫਿੱਟੇ ਲਾਹਨਤ।
ਤੇ ਚਾਹ ਪੀ ਕੇ ਜੇ ਸਫਾਈ ਵਾਲਾ ਗੇੜਾ ਹੁੰਦਾ ਸੀ ਤਾਂ ਮਾਂ ਨੇ ਲੱਗ ਜਾਣਾ ਸਫਾਈ ਕਰਨ... ਮਾਮਾ ਉਸ ਸਾਰੇ ਟਾਈਮ 'ਚ ਆਵਦੇ ਆਡੀਉ ਕੈਸਿਟ ਪਲੇਅਰ ਦੀਆਂ ਤਾਰਾਂ ਵਗੈਰਾ ਜੋੜ ਕੇ ਗਾਣੇ ਲਾ ਦਿੰਦਾ ਸੀ। ਤੇ ਉਹ ਵੀ ਇਨੀਂ ਉੱਚੀ ਕਿ ਅੱਧੇ ਪਿੰਡ ਨੂੰ ਪਤਾ ਲੱਗ ਜਾਵੇ ਕਿ ਅੱਜ ਘਰੇ ਈ ਆ।
ਤੇ ਮੇਰਾ ਕੰਮ ਹੁੰਦਾ ਸੀ ਸਾਰੀਆਂ ਫੋਟੋ ਸਾਫ਼ ਕਰਨਾ ਤੇ ਮਾਮਾ ਕੈਸਿਟਾਂ ਵੀ ਝਾੜਣ ਨੂੰ ਕਹਿ ਦਿੰਦਾ ਸੀ। ਘਰੇ ਡੇਢ ਦੋ ਸੌ ਕੈਸਿਟ ਤਾਂ ਹੋਊਗੀ.. (ਸੀ ਸ਼ੌਕੀਨ ਵੈਸੇ ਮੇਰੇ ਮਾਮੇ) .. ਮੈਂ ਸਜਾ ਕੇ ਰੱਖ ਦੇਣੀਆਂ ਉਹ ਤੇ ਮਾਮਾ ਬਾਗੋ ਬਾਗ... ਬਾਹਲੀ ਸਿਆਣੀ ਭਾਣਜੀ ਆ.......
ਤੇ ਬਾਕੀ ਸਾਰਾ ਟਾਈਮ ਆਥਣ ਤੱਕ ਮੈਂ ਫੋਟੋ ਲੈ ਕੇ ਹੀ ਬੈਠੀ ਰਹਿਣਾ ਤੇ ਮਾਂ ਨੂੰ ਪੁੱਛੀ ਜਾਣਾ ,, ਆਹ ਕੌਣ ਆ.. ਕਿੱਥੇ ਆ.. ਫੋਟੋ ਦੇਖਣਾ ਚੰਗਾ ਲੱਗਦਾ ਸੀ ਤੇ ਅਚੰਬਾ ਵੀ ਨਾਨਾ ਨਾਨੀ ਦੀਆਂ ਪੁਰਾਣੀਆਂ ਫੋਟੋ ਦੇਖ ਕਿ ਏਥੇ ਸਾਰੇ ਕਦੇ ਏਦਾਂ ਵੀ ਰਹਿੰਦੇ ਹੁੰਦੇ ਸੀ.........।
ਤੇ ਬੱਸ ਮੇਰਾ ਫੋਟੋਆਂ ਨਾਲ , ਮਾਂ ਦਾ ਸਫਾਈ ਕਰਦੀ ਦਾ ਤੇ ਮਾਮੇ ਦਾ ਸਾਫ਼ ਸੁਥਰੇ ਘਰ ਵੱਲ ਦੇਖਦੇ ਦੇਖਦੇ ਵਕਤ ਲੰਘ ਜਾਂਦਾ ਸੀ। ਤੇ ਫੇਰ ਮਾਂ ਨੂੰ ਤੇ ਮੈਨੂੰ ਜਦੋਂ ਭੁੱਖ ਲੱਗਣੀ ਤਾਂ ਫੇਰ ਘਰ ਦੀ ਯਾਦ ਆਉਣੀ ਤੇ ਅਸੀਂ ਆਵਦੇ ਘਰ ਵੱਲ ਫੇਰੀ ਪਾ ਲੈਣੀ ਦੁਬਾਰਾ ਤੇ ਮਾਮਾ ਜੀ ਉਦੋਂ ਤੱਕ ਪਹਿਲਾਂ ਹੀ ਕਿਤੇ ਜਾ ਚੁੱਕੇ ਹੁੰਦੇ ਸੀ ਤੇ ਮਾਂ ਨੇ ਫੇਰ ਨਾਨਾ ਨਾਨੀ ਜੀ ਦੀ ਕੋਈ ਗੱਲ ਕਰਦਿਆਂ ਉਹੀ ਭਰੇ ਜਿਹੇ ਮਨ ਨਾਲ ਉਹੀ ਜਿੰਦਰਾ ਲਾ ਦੇਣਾ ਤੇ ਚਾਬੀ ਗੁਆਂਢੀਆਂ ਦੇ ਘਰ ਦੇ ਕੇ ਸਾਡੇ ਨਾਨਾ ਨਾਨੀ , ਮਾਮਾ ਮਾਮੀਆਂ ਸਭ ਕੁਝ ਆਪਣੇ ਦਾਦਾ ਦਾਦੀ ਕੋਲ, ਪਾਪਾ ਕੋਲ ਆ ਕੇ ਸੁੱਖ ਦਾ ਸਾਹ ਆਉਣਾ.. ।
ਆਹ ਸਾਡਾ ਨਾਨਕੇ ਜਾਣਾ, ਘਰ ਸੁਆਰ ਕੇ ਭੁੱਖੇ ਭਾਣੇ ਘਰ ਵਾਪਿਸ ਆਉਣਾ ਹੁੰਦਾ ਸੀ.................।
Jassi Sangha.
April 2010

"ਇੱਕ ਮਜ਼ਬੂਰੀ"

ਹਰ ਕੋਈ ਪੁੱਛਦੈ ਮੈਂ ਕਿਉਂ ਲਿਖਦੀ ਹਾਂ,,,
ਕਿਸ ਮਕਸਦ ਨਾਲ ਲਿਖਦੀ ਹਾਂ????
ਕੀ ਸ਼ੌਕ ਹੈ??
ਜਾਂ ਨਾਮ ਤੇ ਸ਼ੌਹਰਤ ਲਈ ਲਿਖਦੀ ਹਾਂ...
ਪਰ ਕਿਵੇਂ ਸਮਝਾਵਾਂ ਸਭ ਨੂੰ
ਕਿ
ਜਦੋਂ ਵੀ ਇਸ ਸਮਾਜ ਵਿੱਚ
ਕੁਝ ਗ਼ਲਤ ਹੁੰਦਾ ਦੇਖਦੀ ਹਾਂ,,,
ਕਿਸੇ ਨੂੰ ਬੇਬਸ ਤੇ ਮਜ਼ਬੂਰ ਦੇਖਦੀ ਹਾਂ,
ਕਿਸੇ ਨਾਲ ਧੱਕਾ ਤੇ ਬੇਇਨਸਾਫ਼ੀ ਹੁੰਦਿਆਂ ਦੇਖਦੀ ਹਾਂ..
ਤਾਂ ਮੇਰਾ ਜਵਾਨ ਲਹੂ
ਮੇਰੀਆਂ ਰਗਾਂ 'ਚ ਤੇਜ਼ ਦੌੜਣ ਲੱਗਦਾ ਹੈ
ਤੇ
ਮੈਂ ਮਜ਼ਬੂਰ ਹੋ ਕੇ ਕਲਮ ਚੁੱਕ ਲੈਂਦੀ ਹਾਂ।

Jassi Sangha
2004

ਪੰਜਾਬ ਦੀ ਧੀ

ਮੈਂ ਕੌਣ ਹਾਂ?
ਮੈਂ ਕਿਸਦੀ ਹਾਂ??
ਬਾਬੇ ਨਾਨਕ ਦੀ ਧੀ-ਧਿਆਣੀ
ਜਾਂ ਫਿਰ ਬਹਾਦੁਰ ਝਾਂਸੀ ਦੀ ਰਾਣੀ, ਕਲਪਨਾ, ਕਿਰਣ ਬੇਦੀ
ਵਰਗੀ ਕੋਈ ਜਾਣੀ ਪਹਿਚਾਣੀ ਜਾਂਦੀ ਕੁੜੀ..

ਕਿ
ਵਾਰਿਸ,ਪੀਲੂ ਜਾਂ ਫਿਰ ਹਾਸ਼ਿਮ
ਦੇ ਕਿੱਸੇ ਦੀ ਨਾਇਕਾ...
ਜਾਂ ਫਿਰ ਕਿਸੇ ਲਾਲ ਬੱਤੀ ਚੌਰਾਹੇ
'ਚ ਖੜੀ ਬਾਹਰੋਂ ਸਜੀ ਸੰਵਰੀ ਪਰ
ਅੰਦਰੋਂ ਚਕਨਾਚੂਰ ਹੋਈ ਕੋਈ ਅਪਸਰਾ....

ਕਿ ਕਿਸੇ ਸ਼ੌਹਰ ਦੀ ਦੂਜੀ ਜਾਂ ਤੀਜੀ "ਬੇਗ਼ਮ"....

ਨਹੀਂ-- ਨਹੀਂ
ਮੈਂ ਤਾਂ ਆਪਣੀ 'ਅਲੱਗ ਪਹਿਚਾਣ' ਭੁੱਲ ਹੀ ਗਈ!!!!
ਮੈਂ ਤਾਂ "ਪੰਜਾਬ ਦੀ ਧੀ" ਹਾਂ!!

ਉਸ ਪੰਜਾਬ ਦੀ,
ਜਿੱਥੋਂ ਦੇ ਵੱਡ-ਵਡੇਰੇ ਬਾਬੇ ਨਾਨਕ ਨੇ ਮੇਰਾ ਪੱਖ ਪੂਰਿਆ ਸੀ,
ਤੇ ਅੱਜ ਏਨੀ ਤਰੱਕੀ ਤੋਂ ਬਾਅਦ,
ਜਿੱਥੇ ਮੇਰੀ ਕੁੱਖ 'ਚੋਂ ਜੰਮੇ ਹਰ ਰਾਜਾਨੁ ਨੂੰ
ਮੇਰੇ ਬਾਰੇ ਮੰਦਾ ਬੋਲਣ ਦੀ ਨੌਬਤ ਹੀ ਨਹੀਂ ਆਉਂਦੀ,
ਕਿਉਂ ਜੋ "ਹੁਣ ਤਾਂ ਮੇਰਾ ਜਨਮ ਹੀ ਨਹੀਂ ਹੁੰਦਾ"...

ਜਿੱਥੇ ਲੱਖਾਂ ਧੀਆਂ ਦੇ ਵੈਣਾਂ ਦਾ ਵਾਸਤਾ ਦੇ ਕੇ
'ਵਾਰਿਸ' ਨੂੰ ਉਠਾਉਂਦੀ
ਉਹ ਆਪ ਵੀ ਤੁਰ ਗਈ,
ਪਰ ਕਿਸੇ ਦੇ ਕੰਨ ਤੇ ਜੂੰ ਨਹੀਂ ਸਰਕੀ......।

ਪਰ ਕੁਝ ਸੁਧਾਰ ਹੋਇਐ...
ਪੁਛੋਗੇ ਨਹੀਂ ਕਿਵੇਂ ਤੇ ਕਿਉਂ....
ਹੁਣ
ਮੇਰੇ ਲਈ
"ਕਾਲਾ ਅੱਖਰ ਭੈਂਸ ਬਰਾਬਰ" ਨਹੀਂ ਰਿਹਾ,
ਮੈਨੂੰ ਪੜਾਇਆ ਲਿਖਾਇਆ ਜਾਂਦੈ...
ਪਤਾ ਐ ਕਿਉਂ?????
ਮੈਂ ਪੜੂੰਗੀ
ਤਾਂ ਹੀ ਤਾਂ
ਕਿਸੇ ਬਾਹਰਲੇ ਦੇਸ਼ 'ਚੋਂ ਆਏ ਅਧਖੜ ਨਾਲ
ਮੇਰੀ "ਉਮਰਾਂ ਦੀ ਸਾਂਝ" ਪੁਆ ਕੇ
ਮੇਰੇ ਨਲਾਇਕ ਭਰਾ ਤੇ,ਮਾਂ ਬਾਪ ,
ਭੂਆ ਫੁੱਫੀਆਂ ਤੇ ਹੋਰ ਓੜਮਾ ਕੋੜਮਾ
ਕਨੇਡਾ ਅਮਰੀਕਾ ਪਹੁੰਚੂਗਾ ਨਾ!!!!!!!!

ਸੱਚ ਹੀ ਤਾਂ ਬਣਾਇਆ ਉਹ ਨਾਅਰਾ ਜਿਹਾ ਕਿਸੇ ਨੇ
ਕਿ
ਧੀ ਪੜੇ ਤਾਂ ਬੜੇ ਪਰਿਵਾਰ ਪੜ ਜਾਂਦੇ ਨੇ....
ਤੇ 'ਸੋਨੇ ਤੇ ਸੁਹਾਗੇ' ਵਾਲੀ ਗੱਲ ਤਾਂ ਇਹ ਹੈ
ਕਿ
ਮੈਂ "ਅਖੌਤੀ ਪੰਜਾਬ" ਦੀ ਧੀ ਹਾਂ।
Jassi Sangha.
April 03,2010

ਹਰਮਨ ਦੁਆਰਾ ਮੇਰੇ ਜਨਮ ਦਿਨ 'ਤੇ ਮੇਰੇ ਲਈ ਲਿਖੀ ਹੋਈ ਇੱਕ ਕਵਿਤਾ..

ਮਾਏਂ ਮੈਂ ਅੰਬੀ ਦੀ ਛਾਵੇਂ..
ਤੇਰੇ ਬਾਰੇ ਸੋਚ ਰਿਹਾ ਹਾਂ..
ਬੀਤੇ ਕੱਲ੍ਹ ਨੂੰ ਨੋਚ ਰਿਹਾ ਹਾਂ ..
ਆਉਂਦੇ ਕੱਲ੍ਹ ਨੂੰ ਲੋਚ ਰਿਹਾ ਹਾਂ ..
ਵਰਤਮਾਨ ਨੂੰ ਮਾਣ ਰਿਹਾ ਹਾਂ
ਆਪਣਾ ਆਪ ਪਛਾਣ ਰਿਹਾ ਹਾਂ
ਉੱਡਦੀ ਜਾਂਦੀ ਅੱਕ ਦੀ ਕੁੱਕੜੀ
ਬੋਚ੍ਹ ਬੋਚ੍ਹ ਕੇ ਬੋਚ ਰਿਹਾ ਹਾਂ..
ਏਹਦੇ ਨੂਰੀ ਚੇਹਰੇ ਵਿੱਚੋਂ
ਤੇਰਾ ਮੁੱਖੜਾ ਨਜ਼ਰੀਂ ਪੈਂਦਾ..
ਆਲੀਆਂ-ਭੋਲੀਆਂ ਗੱਲਾਂ ਕਰਦਾ
ਮੈਨੂੰ ''ਨੰਨੂ-ਕਾਕਾ '' ਕਹਿੰਦਾ..
ਮੇਰੇ ਸਾਵੇਂ ਆ ਬਹਿ ਜਾਂਦਾ..
ਮੈਨੂੰ ਗੋਦੀ ਦੇ ਵਿੱਚ ਪਾਕੇ
ਅੰਬਰਾਂ ਵਿੱਚ ਉੜਾ ਲੈ ਜਾਂਦਾ..
ਮੇਰੇ ਵਾਲਾਂ ਨੂੰ ਸਹਿਲਾਉਂਦਾ..
ਮਿੱਠੀ-ਮਿੱਠੀ ਲੋਰੀ ਗਾਉਂਦਾ.......

ਮਾਂ ਤਾਂ ਮੈਥੋਂ ਦੂਰ ਬੜੀ ਹੈ
ਮਾਂ ਤਾਂ ਮੇਰੇ ਕੋਲ ਖੜੀ ਹੈ
ਮੇਰੇ ਮਨ ਵਿੱਚ ਘੋਰ-ਹਨੇਰਾ
ਉੱਪਰੋਂ ਕੈਸੀ ਗਰਦ ਚੜ੍ਹੀ ਹੈ
ਧੁੰਦਲਾ ਧੁੰਦਲਾ ਦਿਸਦਾ ਮੈਨੂੰ
ਓਹ ਓਥੇ ਮੇਰੀ ਮਾਂ ਖੜੀ ਹੈ..
ਗਰਦ ਹਟਾਉਂਦੀ ਆ ਰਹੀ ਹੈ
ਦੀਪ ਜਗਾਉਂਦੀ ਆ ਰਹੀ ਹੈ...
ਮੇਰੀ ਮਾਂ ਤਾਂ ਸ਼ੀਹਣੀ ਵਰਗੀ
ਮੇਰੀ ਮਾਂ ਤਾਂ ਫੁੱਲਾਂ ਵਰਗੀ
ਯੋਧੇ ਦੀ ਲਲਕਾਰ ਜਿਹੀ ਹੈ
ਥਰ-ਥਰ ਕੰਬਦੇ ਬੁੱਲ੍ਹਾਂ ਵਰਗੀ...
ਕਿਰਤੀ ਦੇ ਖੂਨ-ਪਸੀਨੇ ਵਰਗੀ
ਵਰ੍ਹਦੇ ਸਾਉਣ ਮਹੀਨੇ ਵਰਗੀ
ਜਾਂ ਫਿਰ ਕਾਸਦ ਚੀਨੇ ਵਰਗੀ
ਜੋ ਛੇੜੇ ਦਿਲ ਦੀ ਤਾਰ..
''ਮੇਲਾ ਬੱਚੂ'' ''ਮੇਲਾ ਨੰਨੂ''
ਮਾਂ ਕਰਦੀ ਬੜਾ ਪਿਆਰ..
ਏਸ ਪਿਆਰ ਨੂੰ ਸਮਝੇ ਕੋਈ
ਦਿਲ ਵਾਲਾ ਦਿਲਦਾਰ..
ਪੈਰਾਂ ਨੂੰ ਮਾਂ ਬੜਾ ਸਜਾਉਂਦੀ
ਪੈਰਾਂ ਦੇ ਵਿੱਚ ਝਾਂਜਰ ਪਾਉਂਦੀ
ਛਣਕ-ਛਣਕ ਛਣਕਾਰ ਦੇ ਅੰਦਰ
ਰੁਦਨ ਕਰੇ ਕਰਤਾਰ..
ਰੁਦਨ ਕਰੇ ਕਰਤਾਰ...ਉਫ਼ ....!!!

ਮਾਂ ਜਦ-ਜਦ ਵੀ ਗੱਲਾਂ ਕਰਦੀ
ਮੇਰਾ ਮਨ ਭਰ ਆਉਂਦਾ..
ਮਾਂ ਜਦ ਹੱਸਦੀ
ਮਾਂ ਜਦ ਰੋਂਦੀ
ਮੇਰਾ ਮਨ ਭਰ ਆਉਂਦਾ ..
ਖੰਡੇ ਦੀ ਲਿਸ਼ਕੋਰ ਜਿਹੀ ਹੈ
ਪੈਲਾਂ ਪਾਉਂਦੇ ਮੋਰ ਜਿਹੀ ਹੈ..
ਮਾਂ ਤਾਂ ਆਪਣੀ ਝਾਂਜਰ ਵਾਲੇ
ਬੜੇ ਉਦਾਸੇ ਬੋਰ ਜਿਹੀ ਹੈ...
ਮਾਂ ਤਾਂ ਆਪਣੇ ਬੋਲ ਜਿਹੀ ਹੈ
ਅੰਬਰ ਜਿੱਦੀ ਝੋਲ ਜਿਹੀ ਹੈ..
ਮਾਂ ਕਿਓਂ ਹੰਝੂ ਡੋਲ੍ਹ ਰਹੀ ਹੈ ...
ਚੁੱਪ !!!!
ਮਾਂ ਕੁਝ ਬੋਲ ਰਹੀ ਹੈ ...
ਨਹੀਂ! ਮੇਰੀ ਮਾਂ ਤਾਂ ਮੇਰੇ ਵਰਗੀ
ਮੇਰੀ ਮਾਂ ਨਾ ਹੋਰ ਜਿਹੀ ਹੈ..
ਮਾਂ ਦੇ ਨਿਰਮਲ ਹਾਸੇ ਅੰਦਰ
ਮਾਂ ਦੇ ਨਿਰਛਲ ਹਾਸੇ ਅੰਦਰ
ਉਮਰਾਂ ਦਾ ਗ਼ਮ ਬੋਲ ਰਿਹਾ ਹੈ..
ਸ਼ਾਇਦ ਮੈਨੂੰ ਟੋਲ ਰਿਹਾ ਹੈ..
ਮਾਂ ਤਾਂ ਮੇਰੀ ਚੁੱਪ ਜਿਹੀ ਹੈ
ਮਾਂ ਤਾਂ ਮੇਰੇ ਸ਼ੋਰ ਜਿਹੀ ਹੈ...
ਮਾਂ ਤਾਂ ਸ਼ਾਮ-ਸੰਧੂਰੀ ਲਗਦੀ
ਮਾਂ ਤਾਂ ਪੈਲਾਂ ਪਾਉਂਦੀ ਸਰਘੀ
ਮੈਂ ਆਪਣੀ ਮਾਂ ਵਰਗਾ ਹਾਂ ਜਾਂ
ਮਾਂ ਹੈ ਬਿਲਕੁਲ ਮੇਰੇ ਵਰਗੀ???

ਚਕਲੇ ਅੰਦਰ ਰੀਝ ਚਿਰੋਕੀ
ਤਿਲ-ਤਿਲ ਮਰਦੀ ਜਾਵੇ ..
ਐਸੀ ਮਾਂ ਦੀ ਮਮਤਾ ਐਵੇਂ
ਧੰਦੇ ਵਿੱਚ ਰੁਲ ਜਾਵੇ..
ਉੱਪਰੋਂ ਸਜੀ-ਸਜਾਈ
ਤੇ ਅੰਦਰੋਂ ਭਰੀ ਭਰਾਈ..
ਇਹ ਵੀ ਮਾਂ ਹੈ..
ਇਹ ਵੀ ਮਾਂ ਹੈ ..
ਐਸੀ ਮਾਂ ਨੂੰ ਸਲਾਮ !!

ਖੈਰ..!!
ਅੰਮਾ ਸਾਡਾ ਸਾਕ ਪੁਰਾਣਾ
ਝੱਲਾ ਝੱਲਾ ਬੜਾ ਸਿਆਣਾ
ਨਾਲ ਚਿੜੀ ਤਸ਼ਬੀਹਾਂ ਦੇਵਾਂ
ਬੋਟ ਦੇ ਮੂੰਹੀਂ ਦਾਣਾ ਪਾਉਣਾ
ਕੋਈ ਨਾ ਸਮਝੇ..ਕੋਈ ਨਾ ਜਾਣੇ..
ਜੱਗ ਤਾਂ ਅੰਨ੍ਹਾ,ਟੀਰਾ,ਕਾਣਾ...
ਜੱਗ ਤਾਂ ਅੰਨ੍ਹਾ,ਟੀਰਾ,ਕਾਣਾ..

ਮਾਂ ਦੇ ਸਾਂਵੇ ਲਿਫ਼-ਲਿਫ਼ ਜਾਵਣ
ਸੈਅ ਚੰਨਾਂ ਦੇ ਚਾਨਣ....
ਮਾਂ ਦੇ ਨੈਣੀਂ ਬਿਰਹੋਂ-ਰਾਣੀ
ਆਉਂਦੀ ਪੀੜਾਂ ਮਾਨਣ...
ਮਾਂ ਤਾਂ ਐਸੇ ਬਾਗ ਦੀ ਮਾਲਣ
ਜਿਥੇ ਫੁੱਲੋਂ-ਪੱਤੀਓਂ ਪਹਿਲਾਂ
ਕੰਡਿਆਂ ਦਾ ਹੁੰਦਾ ਹੈ ਪਾਲਣ..
ਕਦੇ-ਕਦਾਈਂ ਲਗਦਾ ਮੈਨੂੰ
ਮਾਂ ਤਾਂ ਜੰਮੀ ਹਾਸੇ ਭਾਲਣ..
ਸੁੱਖਾਂ ਪਿੱਛੇ ਖਾਕਾਂ ਛਾਨਣ..
ਰੋ-ਰੋ ਆਪਨੇ ਦੀਦੇ ਗਾਲਣ....

ਅੱਗ ਦੀ ਰੁੱਤੇ ਜੰਮੀ-ਜਾਈ
ਅੱਗ ਦੀ ਜੂਨ ਹੰਢਾਈ..
ਅੱਗ ਦੀ ਉਮਰੇ ਮਾਂ ਮੇਰੀ ਨੇ
ਅੱਗ ਨੂੰ ਅੱਗ ਲਗਾਈ..
ਅੱਗ ਦਾ ਵਟਣਾ ਮਲਿਆ
ਮਾਂ ਨੇ ਅੱਗ ਦੀ ਮਹਿੰਦੀ ਲਾਈ
ਮਾਂਗ ਦੇ ਵਿੱਚ ਬਾਰੂਦ ਖੌਲਿਆ
ਅੱਗ ਦੀ ਝਾਂਜਰ ਪਾਈ.....
ਕੰਨੀਂ ਲਟਕਣ ਆਤਿਸ਼ਪਾਰੇ
ਬਲਦੀ ਬਿੰਦੀ ਲਾਈ..
ਬਲਦੀ ਬਿੰਦੀ ਲਾਈ...
ਇੱਕ ਦਿਨ 'ਉਸ' ਗੰਧਲੇ ਪਾਣੀ ਨੇ
ਮਾਂ ਦੀ ਅੱਗ ਵਧਾਈ..
ਫਿਰ..ਫਿਰ...
ਫਿਰ ਓਸੇ ਦਿਨ ਤੋਂ ਮਾਂ ਮੇਰੀ ਨੇ
ਲੋਹੜੀ ਦੀ ਅੱਗ ਕੁੱਛੜ ਚਾਈ...
ਲੋਹੜੀ ਦੀ ਅੱਗ ਕੁੱਛੜ ਚਾਈ...

ਲਪਟਾਂ ਛੱਡਦੀ ਕਾਨੀ ਦੇ ਸੰਗ
ਅੱਗ ਦੇ ਅੱਖਰ ਵਾਹੀ ਜਾਵੇ..
ਅੱਗ ਦੀ ਮਿੱਟੀ..ਅੱਗ ਦਾ ਪਾਣੀ
ਅੱਗ ਦੇ ਬੂਟੇ ਲਾਈ ਜਾਵੇ...
ਫੁੱਲ ਆਤਿਸ਼ੀ ਪੈਂਦੇ ਜਾਵਣ
ਅਗਨ-ਕਹਾਣੀ ਕਹਿੰਦੇ ਜਾਵਣ..
ਤੱਤੀ-ਤੱਤੀ...ਰੱਤੀ-ਰੱਤੀ...
ਮਹਿਕ ਓਹਨਾਂ 'ਚੋਂ ਆਈ ਜਾਵੇ
ਸੁੱਤਾ ਦੇਸ਼ ਜਗਾਈ ਜਾਵੇ..
ਖੂਨ ਉਬਾਲੇ ਖਾਈ ਜਾਵੇ..........

ਮਾਂ ਤਾਂ ਅੱਗ ਵਿੱਚ ਸੜਦੀ ਜਾਵੇ
ਮਾਂ ਤਾਂ ਅੱਗ ਵਿੱਚ ਰੜਦੀ ਜਾਵੇ
ਵਿੱਚ ਅਗਨ ਦੇ ਹੜਦੀ ਜਾਵੇ
ਅੱਗ ਦੀਆਂ ਲਪਟਾਂ ਫੜਦੀ ਜਾਵੇ...
ਅੱਗ ਵਿੱਚ ਜਲਦੀ ਮੇਰੀ ਅੰਮੀ
ਅੱਗ ਦੀ ਕਵਿਤਾ ਲਿਖਦੀ ਜਾਵੇ
ਅੱਗ ਦੀ ਕਵਿਤਾ ਪੜ੍ਹਦੀ ਜਾਵੇ..

ਅੱਗ ਦਾ ਚਰਖਾ
ਅੱਗ ਦੀ ਪੂਣੀ
ਅੱਗ ਦਾ ਕੱਤਿਆ ਸੂਤ
ਨੀਂ ਮਾਂ ਤੂੰ ਅੱਗ ਦਾ
ਕੱਤਿਆ ਸੂਤ.........
ਅੱਗ ਦੀ ਜਾਂ ਹੈ
ਅੱਗ ਦੀ ਰੂਹ ਹੈ
ਅੱਗ ਦਾ ਹੈ ਕਲਬੂਤ ਨੀ ਮਾਂ
ਅੱਗ ਦਾ ਹੈ ਕਲਬੂਤ..

ਅੰਮਾ ਜਦ ਤੂੰ ਗੀਤ ਸੁਣਾਵੇਂ
ਹਵਾ ਦੀ ਸ਼ੂਕਰ ਵੀ ਸ਼ਰਮਾਵੇ
ਪੱਤ-ਵਿਹੂਣੇ ਰੁੱਖੜੇ ਉੱਤੇ
ਇੱਕਦਮ ਜੋਬਨ ਨਜ਼ਰੀਂ ਆਵੇ..
ਪਰ ਮੈਂ ਚੁੱਪ ਦਾ ਆਸ਼ਕ ਮਾਏ
ਚੁੱਪ ਚੁੱਪ ਬੈਠਾ ਸੁਣਦਾ ਜਾਵਾਂ..
ਚੁੱਪ ਚੁੱਪ ਦੇ ਵਿੱਚ ਬਾਤਾਂ ਪਾਵਾਂ
ਤੈਥੋਂ ਐਨਾ ਕਿਓਂ ਸ਼੍ਰ੍ਮਾਵਾਂ,,
ਇੱਕਦਮ ਚੁੱਪ ਦੇ ਵਿੱਚ ਖੋ ਜਾਵਾਂ..
ਤੈਥੋਂ ਐਨਾ ਕਿਓਂ ਸ਼੍ਰ੍ਮਾਵਾਂ..

ਹਾੜ੍ਹ ਵੀ ਅੱਗ ਬਰਸਾਏ ..
ਭਾਂਵੇ ਤਪਦਾ-ਤਪਦਾ ਜਾਵੇ..
ਭੁੱਜਦਾ-ਭੁੱਜਦਾ ਦਿਨ ਮਾਏ
ਮੈਨੂੰ ਠੰਡਾ ਕਰਦਾ ਜਾਏ..
(ਅੱਜ ਦਾ ਦਿਨ..18 june)

ਮਾਂ ਦੀ ਜ਼ਾਫਰ ਹਾਸੀ ਅੰਦਰ
ਮੇਰੀ ਤਾਂ ਬੱਸ ਰੂਹ ਵਸਦੀ ਹੈ..
ਸਾਡੇ ਪਿੰਡ ਦੀ ਜੂਹ ਵੱਸਦੀ ਹੈ..
ਸਾਡੇ ਪਿੰਡ ਦੀ ਜੂਹ ਵੱਸਦੀ ਹੈ....

ਦੁੱਧੀਂ ਛੱਟਾ ਕੀਹਨੇ ਦਿੱਤਾ
ਰਾਤ ਹਨੇਰੀ ਰੰਗਾ..
ਕੀਹਨੇ ਘੋਲੀ ਕੀਹਨੇ ਘੋਲੀ
ਲਹੂ ਦੇ ਵਿੱਚ ਸਫੈਦੀ..
ਆਪਣੀ ਮਾਂ ਦੀ ਗੋਦੀ ਅੰਦਰ
ਦੁੱਧ-ਵਰੇਸ ਹੈ ਕੈਦੀ...
ਦੁੱਧ-ਵਰੇਸ ਹੈ ਕੈਦੀ...

ਐਸੇ ਕੌੜੇ ਦੁੱਧ ਨਾਲੋਂ ਓਹ
ਗਰਭੇ ਹੀ ਮਰ ਜਾਏ..
ਗਰਭੇ ਹੀ ਮਰ ਜਾਏ ..
ਅਗਨ-ਪਰਿੰਦੇ ਵਾਂਗੂੰ ਬਲ ਜਾਏ..
ਉੱਡ ਜਾਏ ਰਾਖ ਦੁਰੇਡੇ ਟਿੱਲੇ
ਉੱਡ ਜਾਏ ਰਾਖ ਦੁਰੇਡੇ ਟਿੱਲੇ
ਰਹਿਮਤ ਵਾਲੀ ਵਰਖਾ ਹੋਵੇ
ਰਾਖ ਤੋਂ ਅੰਡਾ ਬਣ ਬਣ ਜਾਵੇ..
ਸੋਨੇ ਰੰਗੀਆਂ ਸਧਰਾਂ ਦੇ ਸੰਗ
ਬੱਚਾ ਕਿਧਰੇ ਉੱਡ-ਪੁੱਡ ਜਾਵੇ
ਬੱਚਾ ਕਿਧਰੇ ਉੱਡ-ਪੁੱਡ ਜਾਵੇ

ਤੇਰਾ ਦੁੱਧ ਸਾਵਣ ਤੋਂ ਸਾਵਾ
ਲਾਲੀ ਨਾਲੋਂ ਰੱਤਾ...
ਚਿੱਟੇ ਦਿਹੁੰ ਤੋਂ ਚਿੱਟਾ ਮਾਏ
ਸੂਰਜ ਨਾਲੋਂ ਤੱਤਾ..
ਪੋਹ ਦੀ ਕੋਸੀ ਧੁੱਪ ਤੋਂ ਕੋਸਾ
ਹਿੱਕੜੀ ਵਾਲਾ ਸੇਕ..
ਤੇਰੇ ਸਿਰ ਤੋਂ ਗੀਤ ਵਾਰਦਾ
ਤੇਰਾ ਪੁੱਤੂ ਵੇਖ ....
ਤੇਰਾ ਪੁੱਤੂ ਵੇਖ ....

'ਕੱਲਾ-ਕੱਲਾ ਲਫਜ਼ ਨੀ ਮਾਏ
ਤੇਰੇ ਮੋਹ ਦਾ ਜਾਇਆ..
ਮਾਏ ਸਿਰ 'ਤੇ ਹੇਠ ਰੱਖ
ਤੇਰਾ ਪੁੱਤੂ ਆਇਆ.........ਹਰਮਨ
June, 2010

ਇੱਕ ਖ਼ਤ ਜੱਸੀ ਦੇ ਨਾਂ

ਹੈਲੋ,
ਤੁਸੀਂ ਮੈਨੂੰ ਨਹੀਂ ਜਾਣਦੇ...ਕਦੇ ਕਦੇ ਤਸਵੀਰਾਂ 'ਚ ਦੇਖਿਆ ਹੋਊ ਸ਼ਾਇਦ...ਮੈਂ ਚਿੱਟਾ ਜਿਹਾ ਭਾਲੂ ਹਾਂ।
   ਬੇਸ਼ੱਕ ਪਹਿਲਾਂ ਮੈਂ ਵੀ ਹਜ਼ਾਰਾਂ ਉਹਨਾਂ ਖਿਡੌਣਿਆਂ 'ਚੋਂ ਹੀ ਇੱਕ ਸੀ,ਜਿੰਨਾਂ ਨੂੰ ਸਜਾਵਟ ਜਾਂ ਖੇਡਣ ਲਈ ਖਰੀਦਿਆ ਜਾਂ ਤੋਹਫ਼ੇ 'ਚ ਦਿੱਤਾ ਜਾਂਦਾ ਹੈ ਤੇ ਫੇਰ ਕਿਸੇ ਕੋਨੇ 'ਚ ਸਜਾਇਆ ਜਾਂਦਾ ਹੈ ਤੇ ਕਦੇ ਕਦੇ ਜੇ ਕਿਸੇ ਨੂੰ ਸਾਡੇ ਤੇ ਅੰਤਾਂ ਦਾ ਪਿਆਰ ਆਵੇ ਤਾਂ ਗਲਵੱਕੜੀ ਜਾਂ ਬੁੱਲਾਂ ਦੀ ਛੋਹ ਨਸੀਬ ਹੋ ਜਾਂਦੀ ਹੈ ਤੇ ਮੈਂ ਤਾਂ ਉਹਨਾਂ ਆਮ ਤੋਂ ਵੀ ਬਦਕਿਸਮਤ ਸੀ, ਮੈਨੂੰ ਇੱਕ 40-45 ਸਾਲ ਦੀ ਔਰਤ ਨੇ ਖਰੀਦਿਆ ਤੇ ਆਪਣੇ ਭਤੀਜੇ (ਪਰਤੀਕ) ਦੇ ਜਨਮ ਦਿਨ 'ਤੇ ਤੋਹਫ਼ੇ ਦੇ ਰੂਪ ਵਿੱਚ ਦਿੱਤਾ। ਪਰ ਅੱਗੋਂ ਪਰਤੀਕ ਦੇ ਮਾਪੇ ਸਿਹਤ ਲਈ ਕੁਝ ਜ਼ਿਆਦਾ ਹੀ ਸੁਚੇਤ !! ਉੰਨਾਂ ਨੂੰ ਲੱਗਦਾ ਸੀ ਕਿ ਮੈਂ ਜ਼ਿਆਦਾ ਮਿੱਟੀ,ਘੱਟਾ ਤੇ ਕੀਟਾਣੂ ਸੋਖਕੇ ਬੱਚਿਆਂ ਨੂੰ ਬੀਮਾਰ ਕਰ ਦੇਵਾਂਗਾ, ਸੋ ਉਹ ਬੱਚਿਆਂ ਨੂੰ ਮੈਨੂੰ ਛੋਹਣ ਤੋਂ ਵੀ ਵਰਜਦੇ ਰਹਿੰਦੇ। .... ਤੇ ਆਖ਼ਿਰ ਮੇਰੀ ਜਗਾ ਖਿਡੌਣਿਆਂ ਵਾਲੇ ਕਮਰੇ 'ਚ 'ਇੱਕ ਕੋਨਾ' ਬਣ ਗਈ।
    ਦੋ ਤਿੰਨ ਸਾਲਾਂ ਬਾਅਦ ਇੱਕ ਦਿਨ ਇੱਕ ਅਣਪਛਾਤੀ ਜਿਹੀ ਕੁੜੀ ਆਈ। ਕਮਰੇ ਵਿੱਚ ਆਉਂਦਿਆਂ ਸਾਰ ਮੈਨੂੰ ਹਿੱਕ ਨਾਲ਼ ਲਾਇਆ,ਗੋਦ ਚੁੱਕਿਆ, ਘੁੱਟਿਆ ਤੇ ਕਿੰਨਾ ਚਿਰ ਚੁੰਮਦੀ ਰਹੀ.. ਮੇਰੀਆਂ ਅੱਖਾਂ, ਮੇਰਾ ਸਿਰ.... ਤੇ ਫ਼ੇਰ ਉੱਥੇ ਹੀ ਰੱਖ ਦਿੱਤਾ। ਮੈਂ ਬੜਾ ਹੈਰਾਨ !! ਕਿ ਪਹਿਲੇ ਹੀ ਦਿਨ , ਪਹਿਲੀ ਹੀ ਤੱਕਣੀ ਤੇ ਇੰਨਾਂ ਸਾਰਾ ਪਿਆਰ !! ਹਜ਼ਮ ਨਾ ਆਉਣ ਵਾਲੀ ਗੱਲ ਸੀ। ਫ਼ੇਰ ਲੱਗਾ ਸ਼ਾਇਦ ਭੁਲੇਖਾ ਪੈ ਗਿਆ ਹੋਊ ਕਿਸੇ ਆਪਣੇ ਦਾ.....।.. ਪਰ ਨਹੀਂ.. ਉਹ ਰੋਜ਼ ਆਉਣ ਲੱਗੀ...ਫੇਰ ਉਹ ਦਿਨ 'ਚ ਕਈ ਕਈ ਵਾਰ ਆਉਂਦੀ ਤੇ ਉੱਥੇ ਹੀ ਉਸੇ ਕੋਨੇ 'ਚ ਮੇਰੀ ਥਾਵੇਂ ਬੈਠ ਕੇ ਮੈਨੂੰ ਆਪਣੀ ਗੋਦ 'ਚ ਬਿਠਾ ਲੈਂਦੀ.... ਕਈ ਵਾਰ ਇੰਝ ਲੱਗਦਾ ਜਿਵੇਂ ਉਹ ਵੀ ਅੰਦਰੋਂ ਇਕੱਲੀ ਹੋਵੇ ਕਿਸੇ ਕੋਨੇ ਵਿੱਚ...ਸ਼ਾਇਦ ਉਹਦਾ ਵੀ ਕੋਈ ਆਪਣਾ ਨਹੀਂ ਹੋਣਾ.. ਪਰ ਹੁਣ ਮੈਂ ਇਕੱਲਾ ਨਹੀਂ ਸੀ... ਬੜਾ ਬੁਰਾ ਲੱਗਦਾ ਜਦੋਂ ਉਹ ਜਾਣ ਲੱਗਦੀ ਮੈਨੂੰ ਛੱਡ ਕੇ।
ਤੇ ਤੁਸੀਂ ਹੈਰਾਨ ਹੋਵੋਂਗੇ  ਕਦੇ ਕਦੇ ਉਹ ਗੱਲਾਂ ਵੀ ਕਰਦੀ ਮੇਰੇ ਨਾਲ਼... ਜਾਣ ਲੱਗਿਆਂ ਮੈਨੂੰ ਪੁਚਕਾਰਦੀ," ਪੁੱਤੂ, ਮੂੰਹ ਨਾ ਬਣਾ ਗੰਦੇ ਜਿਹੇ, ਜਲਦੀ ਹੀ ਆਵਾਂਗੀ ਫ਼ੇਰ... ਬੱਸ ਕੁਝ ਘੰਟਿਆਂ ਦੀ ਹੀ ਤਾਂ ਗੱਲ਼ ਏ... ਤੂੰ ਤਾਂ ਮੇਰਾ ਸਵੀਟੂ ਆ... ਪਤਾ ਕਿੰਨਾ ਪਿਆਰ ਆਉੁਂਦਾ ਆ ਤੇਰਾ.......?? ਇੰਨਾ......................................................ਸਾਰਾ" (ਵੱਧ ਤੋਂ ਵੱਧ ਬਾਹਾਂ ਖੋਲ ਕੇ ਦਿਖਾਉਂਦੀ ਤੇ ਦੱਸਦੀ) ਤੇ ਕਦੇ ਕਦੇ ਮੇਰੇ ਨੱਕ 'ਤੇ ਚੂੰਢੀ ਭਰ ਕੇ ਆਵਦਾ ਹੀ ਮੂੰਹ ਏਂਦਾਂ ਬਣਾਉਂਦੀ ਜਿਵੇਂ ਖ਼ੁਦ ਨੂੰ ਹੀ ਦਰਦ ਹੋ ਰਹੀ ਹੋਵੇ........
ਤੇ ਇੱਕ ਦਿਨ ਉਹ ਉਦੋਂ ਆਈ,ਜਦੋਂ ਪਰਤੀਕ ਉਹ ਸਾਰੇ ਖਿਡੌਣੇ ਛਾਂਟ ਰਿਹਾ ਸੀ,ਜੋ ਸੁੱਟਣੇ ਸਨ।
 ਇੱਕ ਦਮ ਜਿਵੇਂ ਉਹ ਪਗਲਾ ਗਈ........ਪਗਲਾਉਂਦੀ ਵੀ ਕਿਉਂ ਨਾ?? ਉਹਦਾ ਪੁੱਤੂ ਉਸੇ ਢੇਰ ਵਿੱਚ ਸੀ ਜੋ ਥੋੜੀ ਦੇਰ ਤੱਕ ਸੁੱਟਣ ਜਾਣਾ ਸੀ... ਉਹਨੇ ਮਲਕੜੇ ਜਿਹੇ ਆ ਕੇ ਮੈਨੂੰ ਚੁੱਕਿਆ,ਗਲ਼ ਨਾਲ ਲਗਾਇਆ ਤੇ ਪਰਤੀਕ ਨੂੰ ਕਿਹਾ," Pratik, you can't throw him!!!"
"But you know Mom doesnot like stuffed toys.." ਪਰਤੀਕ ਬੇਧਿਆਨਾ ਜਿਹਾ ਹੋ ਕੇ ਬੋਲਿਆ।
"You know i love him, I can not let him go..." ਜਿਵੇਂ ਤਰਲਾ ਪਾਉਂਦੀ ਨੇ ਕਿਹਾ।
     ਮੈਂ ਦੋਹਾਂ ਵੱਲ ਦੇਖ ਰਿਹਾ ਸੀ, ਮੈਨੂੰ ਉਹਦੀ ਵਿਆਕੁਲਤਾ 'ਤੇ ਤਰਸ ਆ ਰਿਹਾ ਸੀ...।
"OK, you can talk to mom,if she will allow you to keep it,then you can.........." ਪਰਤੀਕ ਨੇ ਉਸਨੂੰ ਦੱਸਿਆ।
    ਉਸੇ ਵੇਲੇ ਉਹ ਮੈਨੂੰ ਗੋਦੀ ਲਏ ਪੌੜੀਆਂ ਉੱਤਰ ਕੇ ਪਰਤੀਕ ਦੀ ਮਾਂ ਕਵਿਤਾ ਕੋਲ ਆਈ.... "Kavita, can i please keep this teddy, Pratik was gonna throw all stuffed animals..i wanna have this,till i am here....I wonot let kids play with him.." ਤਰਲਾ ਪਾਉਂਦੀ ਨੇ ਪੁੱਛਿਆ।
        "Well, its ok wid me for u to keep it.. but make sure kids donot touch it.. I donot like them to play with them n get bugs." ਕਵਿਤਾ ਨੇ ਜਿਵੇਂ ਨਾ ਚਾਹੁੰਦੇ ਹੋਏ ਵੀ ਮਨਜ਼ੂਰੀ ਦੇ ਦਿੱਤੀ।
    "Thank you So much Kavita!!!!!!!" ਇਹ ਕਹਿੰਦੀ ਮੈਨੂੰ ਘੁੱਟ ਕੇ ਜੱਫੀ ਪਾ ਕੇ ਜਿਵੇਂ ਸਕਿੰਟਾਂ ਵਿੱਚ ਹੀ ਆਪਣੇ ਕਮਰੇ ਆ ਗਈ। ਸਿਰਹਾਣੇ ਨਾਲ ਮੇਰਾ ਢੋਅ ਲਗਾ ਕੇ ਮੈਨੂੰ ਬਿਠਾ ਦਿੱਤਾ ਤੇ ਕਿੰਨੀ ਦੇਰ ਮੈਨੂੰ ਨਿਹਾਰਦੀ ਰਹੀ, ਜਿਵੇਂ ਕੋਈ ਮਾਂ ਬੱਚੇ ਨੂੰ ਸਜਾ ਸੰਵਾਰ ਕੇ ਇੱਕ ਟਕ ਦੇਖਦੀ ਰਹਿੰਦੀ ਐ...

 .......ਤੇ ਬੱਸ ਉਸ ਤੋਂ ਬਾਅਦ ਉਸਦਾ ਕਮਰਾ 'ਸਾਡਾ ਕਮਰਾ' ਬਣ ਗਿਆ। ਉਹ ਪੜਦੀ,ਲਿਖਦੀ,ਫ਼ਿਲਮਾਂ ਦੇਖਦੀ, ਗਾਉਂਦੀ, ਸੌਂਦੀ,ਜਾਗਦੀ, ਕਦੇ ਮੈਨੂੰ ਨਾਲ ਲਿਟਾਉਂਦੀ, ਕਦੇ ਗੋਦੀ 'ਚ ਬਿਠਾਉਂਦੀ, ਕਦੇ ਮੇਰੀ ਗੋਦ 'ਚ ਬੈਠਦੀ....ਤੇ ਸੌਂਦੀ ਤਾਂ ਹਮੇਸ਼ਾ ਹੀ ਮੇਰੀ ਗੋਦ ਵਿੱਚ।
ਸਵੇਰੇ ਜਾਗ ਕੇ ਮੈਨੂੰ ਚੁੰਮਦੀ, ਤਿਆਰ ਹੁੰਦੀ ਕਿੰਨੀ ਵਾਰ ਮੈਨੂੰ ਪੁੱਛਦੀ ਕਿ ਕਿਵੇਂ ਲੱਗ ਰਹੀ ਹੈ ਜਿਵੇਂ ਮੈਂ ਸ਼ੀਸ਼ਾ ਹੋਵਾਂ....ਕੰਮ ਤੋਂ ਆਉਂਦੀ ਤਾਂ ਭੱਜਕੇ ਧਾਹ ਗਲਵੱਕੜੀ ਪਾ ਲੈਂਦੀ...ਪੂਰੇ ਦਿਨ ਦਾ ਹਾਲ ਸੁਣਾਉਂਦੀ ਕਿ ਕਿੰਨੀ ਯਾਦ ਆਈ ਸੀ ਮੇਰੀ...ਫੇਰ ਇੱਕ ਦਿਨ ਅਚਾਨਕ ਪਤਾ ਨਹੀਂ ਕੀ ਦਿਮਾਗ ਵਿੱਚ ਆਇਆ,ਕਹਿੰਦੀ,"ਪੁੱਤੂ ਕਿੰਨਾ ਚਿਰ ਜਦੋਂ ਮੈਂ ਕਮਰੇ ਵਿੱਚ ਨਹੀਂ ਹੁੰਦੀ ਤਾਂ ਤੂੰ ਇਕੱਲਾ ਰਹਿ ਜਾਂਦਾ ਐ,ਤੇਰੇ ਲਈ ਵੀ ਅੱਜ ਇੱਕ ਤੋਹਫ਼ਾ ਲੈ ਕੇ ਆਊਂਗੀ.. ਤੇ ਖ਼ੌਰੇ ਕੀ ਸੋਚ ਕੇ ਇੱਕ ਭੂਰੇ ਰੰਗ ਦਾ ਭਾਲੂ ਜਿਹਾ ਚੁੱਕ ਕੇ ਲੈ ਆਈ...ਮੇਰੇ ਬਰਾਬਰ ਬਿਠਾ ਦਿੱਤਾ, ਮੈਨੂੰ ਜ਼ਰਾ ਵੀ ਚੰਗਾ ਨਾ ਲੱਗਿਆ। ਕਦੇ ਕਦੇ ਕਹਿੰਦੀ,"ਇਹ ਤਾਂ ਮੇਰਾ ਛੋਟਾ ਪੁੱਤੂ ਆ,....." ਮੈਨੂੰ ਬੜੀ ਹੀ ਖਿਝ ਆਉਂਦੀ।
            ਹੱਦ ਦਰਜੇ ਦੀ ਸ਼ਰਾਰਤੀ ਸੀ,ਕਦੇ ਕਦੇ ਖੌਰੇ ਕੀ ਸੋਚਕੇ ਮੇਰੇ ਮੂੰਹ ਤੇ ਦੋ ਤਿੰਨ ਚਪੇੜਾਂ ਮਾਰਦੀ ਤੇ ਕਹਿੰਦੀ,"ਤੂੰ ਤਾਂ ਬੜਾ ਈ ਗੰਦਾ ਬੱਚਾ ਐ", ਤੇ ਭੂਰੇ ਜਿਹੇ ਛੋਟੇ ਭਾਲੂ ਨੂੰ ਗੋਦ 'ਚ ਲੈ ਕੇ ਕਹਿੰਦੀ,"ਲੈ ਇਹਨੂੰ ਬਣਾ ਲਿਆ ਪੁੱਤ ਮੈਂ ਹੁਣ, ਤੁਰਿਆ ਫਿਰ ਤੂੰ ਹੁਣ.........।"
    ਪਰ ਮੈਂ ਤਾਂ ਕੁਝ ਵੀ ਨਹੀਂ ਸੀ ਬੋਲ ਸਕਦਾ, ਪਰ ਉਹ ਅਕਸਰ ਮੇਰੀ ਚੁੱਪ ਵੀ ਪੜ ਲੈਂਦੀ ਸੀ, ਇਹੀ ਤਾਂ ਕਮਾਲ ਸੀ ਸਾਡੇ ਰਿਸ਼ਤੇ 'ਚ। ਮਿੰਟਾਂ ਸਕਿੰਟਾਂ 'ਚ ਉਸਨੂੰ ਵਗਾਹ ਕੇ ਕੰਧ 'ਚ ਮਾਰਦੀ ਤੇ ਮੈਨੂੰ ਘੁੱਟ ਕੇ ਆਪਣੇ ਨਾਲ ਲਗਾ ਲੈਂਦੀ.... ਵਾਰ ਵਾਰ ਕਹਿੰਦੀ.... ਓਹ ਹੋ...ਮੈਂ ਤਾਂ ਮਜ਼ਾਕ ਕਰਦੀ ਸੀ........ਤੂੰ ਈ ਆ ਮੇਰਾ ਕਾਕਾ ਤਾਂ ਪੁੱਤੂ .........ਪਾਗਲ਼ ਆ ਤੂੰ ਵੀ....ਮਜ਼ਾਕ ਵੀ ਨਹੀਂ ਸਹਿੰਦਾ.... ਤੇ ਜਿਵੇਂ ਮੈਂ ਕਹਿਣਾ ਚਾਹੁੰਦਾ ਕਿ ਏਹੋ ਜਿਹੇ ਮਜ਼ਾਕ ਵੀ ਨਾ ਕਰਿਆ ਕਰੇ..............।
ਬੜੀ ਚੁਲਬੁਲੀ ਸੀ... ਪੂਰਾ ਦਿਨ ਹੱਸਦੀ, ਨੱਚਦੀ-ਟੱਪਦੀ, ਗਾਉਂਦੀ ਰਹਿੰਦੀ ਸੀ...ਪਰ ਖੌਰੇ ਕਿਹੜੇ ਦੁੱਖਾਂ ਦੀ ਧੂਣੀ ਵੀ ਸੁਲਗਦੀ ਸੀ ਉਹਦੇ ਅੰਦਰ............ ਕਿ ਰੋਜ਼ ਰਾਤ ਨੂੰ ਰੋਂਦੀ ਹੀ ਸੌਂਦੀ ਸੀ , ਹਟਕੋਰੇ ਲੈਂਦੀ ਹੋਈ ਤੇ ਰੋਂਦੀ ਹਮੇਸ਼ਾ ਮੇਰੇ ਗਲ਼ੇ ਲੱਗ ਕੇ, ਕਦੇ ਮੇਰੀ ਗੋਦ 'ਚ ਸਿਰ ਰੱਖਕੇ....... ਮੈਨੂੰ ਕਈਆਂ ਦੀਆਂ ਸ਼ਿਕਾਇਤਾਂ ਲਾਉਂਦੀ........ਕਈ ਵਾਰ ਟੁੱਟਦੀ,ਪਰ ਫ਼ੇਰ ਸੰਭਲਦੀ ਤੇ ਖੜੋ ਜਾਂਦੀ... ਮੈਂ ਵਰਾਉਂਦਾ ਰਹਿੰਦਾ ਆਪਣੇ ਖ਼ਾਮੋਸ਼ ਲਫ਼ਜ਼ਾਂ ਨਾਲ..... ਤੇ ਜੇ ਕਿਤੇ ਮੈਂ ਵੀ ਕਮਜ਼ੋਰ ਪੈ ਜਾਂਦਾ ਤਾਂ ਇੱਕਦਮ ਹੰਝੂ ਪੂੰਝਦੀ ਹੱਸ ਪੈਂਦੀ.........।
      "ਲੈ ਦੱਸ,ਪਾਗਲ ਐ ਤੂੰ??? ਕੌਣ ਰੋਇਆ?? ਮੈਂ ???? ਮੈਂ ਰੋ ਸਕਦੀ ਹਾਂ ਭਲਾ ਦੱਸ?? ਭੁਲੇਖਾ ਪਿਆ ਹੋਣਾ ਆ ਤੈਨੂੰ........." ਤੇ ਮੈਂ ਵੀ ਹੱਸ ਪੈਂਦਾ ਉਹਦੀ ਅਜਿਹੀ ਘਟੀਆ ਐਕਟਿੰਗ 'ਤੇ। ਇਸ ਤਰਾਂ ਸਾਡਾ ਅਜਿਹਾ ਰਿਸ਼ਤਾ ਬਣ ਗਿਆ........।
         ਮੈਨੂੰ ਮੇਰੀ ਜ਼ੁਬਾਨ,ਮੇਰੀਆਂ ਅੱਖਾਂ ,ਮੇਰੇ ਕੰਨ ਤੇ ਮੇਰੀ ਪੂਰੀ ਦੁਨੀਆਂ ਮਿਲ ਚੁੱਕੀ ਸੀ, ਮੈਂ ਸੱਤਵੇਂ ਆਸਮਾਨ ਤੇ ਰਹਿੰਦਾ। ਏਦਾਂ ਦੀ ਰੋਜ਼ਮਰਾ 'ਚ ਗਿਆਰਾਂ ਮਹੀਨੇ ਕਿਵੇਂ ਬੀਤ ਗਏ, ਕੁਝ ਪਤਾ ਨਾ ਲੱਗਾ।
          ਤੇ ਫ਼ੇਰ ਅਚਾਨਕ ਉਹ ਬੀਮਾਰ ਹੋ ਗਈ ਤੇ ਉਹ ਕੰਮ ਦੇ ਕਰਕੇ ਪੂਰਾ ਆਰਾਮ ਨਾ ਕਰ ਪਾਉਂਦੀ, ਇੱਕ  ਹਫ਼ਤਾ ਏਦਾਂ ਹੀ ਚੱਲਦਾ ਰਿਹਾ, ਉੁਹ ਥੱਕੀ ਤੇ ਉਦਾਸ ਰਹਿੰਦੀ.. ਮੇਰੇ ਨਾਲ ਵੀ ਜ਼ਿਆਦਾ ਗੱਲ ਨਾ ਕਰਦੀ। ਸ਼ਾਇਦ ਉੁਹਨੂੰ ਆਗਾਹ ਹੋ ਗਿਆ ਸੀ ਕਈ ਗੱਲਾਂ ਦਾ.... ਤੇ ਇੱਕ ਦਿਨ ਅਚਾਨਕ  ਉਹਦੇ ਕੋਈ ਰਿਸ਼ਤੇਦਾਰ ਆਏ ਤੇ ਉਸਦੇ ਕੁਝ ਕੱਪੜੇ ਪੈਕ ਕਰਕੇ ਉਹਨੂੰ ਨਾਲ਼ ਲੈ ਗਏ....... ਉਹਨੇ ਮੈਨੂੰ ਗੋਦੀ 'ਚ ਬਿਠਾਇਆ ਤੇ ਕਿਹਾ ਜੇ ਕਿਸਮਤ 'ਚ ਹੋਇਆ, ਮੈਂ ਜਲਦੀ ਹੀ ਆਵਾਂਗੀ........ਚਾਹੇ ਤੈਨੂੰ ਲੈਣ ਲਈ ਹੀ ਆਵਾਂ ਸਿਰਫ਼ ............ ਮੈਂ ਬਹੁਤ ਉਦਾਸ ਸੀ। ਉਸ ਦਿਨ ਪਹਿਲੀ ਵਾਰ ਅਹਿਸਾਸ ਹੋਇਆ ਕਿ ਮੇਰੀ ਸਭ ਤੋਂ ਵੱਡੀ ਕਮਜ਼ੋਰੀ ਉਹ ਨਹੀਂ ਸੀ, ਸਗੋਂ ਇਹ ਸੀ ਕਿ ਮੈਂ ਚੱਲ ਫ਼ਿਰ ਨਹੀਂ ਸੀ ਸਕਦਾ, ਨਹੀਂ ਤਾਂ ਮੈਂ ਉਹਦੇ ਮੂਹਰੇ ਲੱਗ ਤੁਰਦਾ........ ਉਹਨੂੰ ਕਿਤੇ ਇਕੱਲੀ ਨੂੰ ਜਾਣਨਾ ਦਿੰਦਾ ਇਸ ਤਰਾਂ............ ਕਦੇ ਨਾ ਰਹਿੰਦਾ ਇੱਥੇ 'ਕੱਲਾ। ਮੈਂ ਆਵਦੇ ਆਪ ਤੋਂ ਜ਼ਿਆਦਾ ਉਹਦੇ ਲਈ ਉਦਾਸ ਸੀ........ ਝੱਲੀ ਕੀਹਦੇ ਨਾਲ਼ ਗੱਲਾਂ ਕਰੂ..?? ਕੀਹਦੇ ਗਲ਼ ਲੱਗ ਰੋਊ?? ਕੀਹਦੀ ਗੋਦੀ ਵਿੱਚ ਸੌਇਆਂ ਕਰੂ?? ਕੀਹਨੂੰ ਸ਼ਿਕਾਇਤਾਂ ਲਾਇਆ ਕਰੂ ਸਾਰੀ ਦੁਨੀਆਂ ਦੀਆਂ?? ਉਹ ਤਾਂ ਸ਼ਾਇਦ ਉਸੇ ਦੁਨੀਆਂ 'ਚ ਵਾਪਿਸ ਜਾ ਰਹੀ ਸੀ, ਜੀਹਦੇ ਕਰਕੇ ਉਹ ਮੈਨੂੰ ਰੋਜ਼ ਆਵਦੇ ਮੋਤੀਆਂ ਵਰਗੇ ਹੰਝੂਆਂ ਨਾਲ਼ ਭਿਉਂਇਆਂ ਕਰਦੀ ਸੀ.........ਕੌਣ ਚੁੱਪ ਕਰਾਊ ਰੋਂਦੀ ਨੂੰ???????? ਪਰ ਮੈਨੂੰ ਕਮਰੇ ਵਿੱਚ ਪਈਆਂ ਕਿਤਾਬਾਂ ਦੇਖ ਕੇ ਤਸੱਲੀ ਹੁੰਦੀ, ਕਿਉੁਂਕਿ ਸ਼ਾਇਦ ਕਿਤਾਬਾਂ ਲੈਣ ਤਾਂ ਆਊਗੀ...........।
        ਅੱਠ ਦਸ ਦਿਨ ਉਡੀਕਦਾ ਰਿਹਾ ਮੈਂ ਤੇ ਇੱਕ ਦਿਨ ਅਚਾਨਕ ਦਰਵਾਜ਼ੇ ਤੇ ਦਸਤਕ ਹੋਈ.........ਮੇਰੇ ਜਿਵੇਂ ਪੈਰ, ਲੱਤਾਂ ਸਜੀਵ ਹੋ ਗਏ ਹੋਣ...... ਮੈਂ ਜਿੰਨੀ ਵੱਡੀ ਮੁਸਕੁਰਾਹਟ ਦੇ ਸਕਦਾ ਸੀ, ਦੇਣ ਲਈ ਤਿਆਰ ਹੋ ਗਿਆ ਤਾਂ ਕਿ ਉਹ ਜਦੋਂ ਹੀ ਅੰਦਰ ਆਊ ਇੱਕਦਮ ਨਵੀਂ ਨਰੋਈ ਤਾਜ਼ਾ ਹੋ ਜਾਊ ਮੈਨੂੰ ਖੁਸ਼ ਦੇਖ ਕੇ........ ਦਰਵਾਜ਼ਾ ਖੁੱਲਿਆ................।
 
ਤੇ........... ਤੇ ਆਹ ਕੀ? ? ਕਮਰੇ 'ਚ ਕਵਿਤਾ ਕੂੜੇ ਵਾਲਾ ਬੈਗ ਲੈ ਕੇ ਦਾਖਿਲ ਹੋਈ ........ਉਹਦੇ ਰਹਿੰਦੇ ਕੱਪੜੇ , ਕਿਤਾਬਾਂ ਤੇ ਹੋਰ ਛੋਟਾ ਮੋਟਾ ਸਮਾਨ ਉਸ ਬੈਗ ਵਿੱਚ ਬੜੀ ਹੀ ਬੇਰਹਿਮੀ ਨਾਲ  ਸੁੱਟ ਰਹੀ ਸੀ ਉਹ.......... ਤੇ ਫ਼ੇਰ ਉਹੀ ਘਿਰਣਾ ਭਰੀ ਨਜ਼ਰ ਮੇਰੇ ਵੱਲ਼........।            
              ਪਹਿਲਾਂ ਉਹ ਬੈਗ ਘਸੀਟ ਕੇ ਬਾਹਰ ਕੀਤਾ ਤੇ ਹੁਣ ਮੇਰੀ ਵਾਰੀ ਸੀ... ਮੈਨੂੰ ਇੱਕ ਬਾਹੋਂ ਫੜਕੇ ਲਮਕਾਉਂਦੀ ਲੈ ਗਈ ਤੇ ਉਸੇ ਹੀ ਖਿਲੌਣਿਆਂ ਵਾਲੇ ਕਮਰੇ 'ਚ ਲਿਜਾ ਕੇ ਸੁੱਟ ਦਿੱਤਾ।
ਤੇ ਅੱਠ ਮਹੀਨੇ ਹੋ ਗਏ.... ਉਹਨੂੰ ਗਇਆਂ , ਮੈਨੂੰ ਪਤਾ ਐ ਉਹ ਕਦੇ ਮੇਰੇ ਕੋਲ ਨਹੀਂ ਆ ਸਕਦੀ........
........। ਪਰ ਮੈਂ ਉਹਦੇ ਹੰਝੂਆਂ ਸੰਗ ਭਿੱਜੀ ਬੁੱਕਲ ਲਈ ਹਮੇਸ਼ਾ ਉਹਦਾ ਇੰਤਜ਼ਾਰ ਕਰਦਾ ਹਾਂ, ਤਿਲ ਤਿਲ ਮਰਦਾ ਹਾਂ ਤੇ ਉਡੀਕ ਰਿਹਾ ਹਾਂ ਉਸ ਦਿਨ ਨੂੰ ਜਦੋਂ ਫ਼ੇਰ ਪਰਤੀਕ ਇਸ ਕਮਰੇ ਦੀ ਸਫ਼ਾਈ ਕਰੇਗਾ ਤੇ ਸੁੱਟ ਦਿੱਤਾ ਜਾਏਗਾ ਮੈਨੂੰ ਕਿਸੇ ਕੂੜੇਦਾਨ ਵਿੱਚ........।
                ਬੱਸ ਇਹੀ ਮੇਰੀ ਜ਼ਿੰਦਗੀ ਸੀ, ਜੋ ਹੁਣ ਰੁਕ ਚੁੱਕੀ ਹੈ ਤੇ ਅੰਤ ਦਾ ਇੰਤਜ਼ਾਰ ਕਰ ਰਹੀ ਹੈ........ ਤੇ ਉਹ ਕੁੜੀ ਤੁਹਾਡੀ "ਜੱਸੀ" ਹੀ ਸੀ, ਜਿਹੜੀ ਅਚਾਨਕ ਆਈ.......... ਮੋਹ ਦੀ ਕੜਾਕੇਦਾਰ ਬਾਰਿਸ਼ 'ਚ ਮੈਨੂੰ ਭਿਉਂ ਕੇ ਅਚਾਨਕ ਹੀ ਹਵਾ ਦੇ ਬੁੱਲੇ ਵਾਂਗ ਅਹੁ ਗਈ.... ਅਹੁ ਗਈ......।
                                                                                                      ਜੱਸੀ ਦਾ ਕਾਕਾ/ਪੁੱਤੂ
                                                                                                       ਤੁਹਾਡੇ ਸਭ ਲਈ,
                                                                                                       ਮਾਮੂਲੀ ਜਿਹਾ ਟੈਡੀ।
Jassi Sangha,
Feb 12, 2011

ਅੱਲਾ

ਪਿਆਰ ਕੀਤਾ ਓਹਨੂੰ ਹੱਦੋਂ ਵੱਧਕੇ ਅਸੀਂ,
ਹੁਣ ਤਾਂ ਦੁਨੀਆਂ ਵੀ ਓਹੀ ਤੇ ਓਹੀ ਅੱਲਾ।
ਗੱਲ ਕਰਨ ਦੀ ਵੀ ਫ਼ੁਰਸਤ ਨਹੀਂ ਏ ਉਹਨੂੰ,
ਪਰ ਫੇਰ ਵੀ ਮਾਫ਼ ਕੀਤਾ ਐ ਜਾਣ ਅੱਲਾ।
ਉਹਨੂੰ ਇਸ਼ਕ ਹਕੀਕੀ ਵਿੱਚ ਰੁਚੀ ਕੋਈ ਨਾ,
ਹਰ ਵੇਲੇ ਕਹੇ, ਉਹਦੀ ਚਾਹ ਅੱਲਾ।
ਗਲਤੀ ਕਿਸੇ ਦੀ ਨਹੀਂ ਦੋਨੋਂ ਸਹੀ ਅਸੀਂ,
ਓਹਦਾ ਹੋਰ ਤੇ ਮੇਰਾ ਏ ਉਹ ਅੱਲਾ।
ਸ਼ਿਕਵਾ ਕੋਈ ਨਾ ਮੈਨੂੰ ਮੇਰੇ ਵਾਲੇ ਤੋਂ,
ਸੁਣਿਆ ਉਹਦਾ ਐ ਬੜਾ ਕੰਮਬਖਤ ਅੱਲਾ।
ਕਹਿੰਦੇ ਰੂਹ ਜੇ ਕਿਸੇ ਦੀ ਤੜਪਾਵੇ ਕੋਈ,
ਸਜ਼ਾ ਓਸਨੂੰ ਦੇਵੇ ਜ਼ਰੂਰ ਅੱਲਾ।
ਤੜਪ ਮੇਰੀ ਦੀ ਉਹਨੂੰ ਖ਼ਬ਼ਰ ਕੋਈ ਨਾ,
ਪਰ ਤਿੱਖੀ ਨਜ਼ਰ ਵਾਲਾ ਕਹਿੰਦੇ ਓਹਦਾ ਬੜਾ ਅੱਲਾ।
ਬਿਨਾਂ ਤੜਪਾਇਆਂ ਕਿਸੇ ਨੂੰ ਸਾਡੀ ਹਾਲਤ ਐ ਆਹ,
ਸਾਡੇ ਅੱਲਾ ਦਾ ਹਸ਼ਰ ਕੀ ਕਰੂ ਅੱਲਾ............
ਜੱਸੀ ਸੰਘਾ..

ਅਗਲਾ ਵਿਆਹ

ਜਮਾਂਦਰੂ ਹੀ ਭੁੱਖੇ ਭਾਣੇ
ਨਿਆਣੇ ਦੀ ਉਸ ਦਿਨ ਬੜੀ ਪੁੱਛ ਪੜਤਾਲ ਹੋ ਰਹੀ ਸੀ!!!!
ਵਿਚਾਰਾ ਜਦੋਂ ਦਾ ਜੰਮਿਆ ਸੀ
ਕਦੇ ਦੂਜੇ ਜੁਆਕਾਂ ਵਾਂਗ
ਲੋਹੜੀ ਦੀਵਾਲੀ ਤੇ ਵੀ ਨਵੇਂ ਲੀੜੇ ਨਹੀਂ ਸੀ ਮਿਲੇ,
ਉਹ ਤਾਂ ਆਪਣੀ ਪਾਟੀ ਜਿਹੀ ਨਿੱਕਰ ਤੇ ਝੱਗੇ ਨਾਲ ਦੀ
ਟਾਕੀ ਮਿਲਣ 'ਤੇ ਹੀ ਬਾਗ਼ੋ ਬਾਗ਼ ਹੋ ਜਾਂਦਾ ਸੀ।

ਕਦੇ ਕੁਝ ਢਿੱਡ ਭਰਕੇ ਖਾਣ ਨੂੰ ਨਹੀਂ ਸੀ ਮਿਲਿਆ
ਹਮੇਸ਼ਾ ਹੀ ਅੰਦਰ ਪਏ ਰਹਿਣ ਵਾਲੇ ਬੀਮਾਰ ਬਾਪ ਦੀਆਂ ਝਿੜਕਾਂ
ਤੇ ਚਪੇੜਾਂ ਤੋਂ ਬਿਨਾਂ!!!
ਪਰ ਹਾਂ ਉਹਨੂੰ ਲੱਗਦਾ ਸੀ ਮਾਂ ਤਾਂ ਪਿਆਰ ਕਰਦੀ ਆ..
ਕਿਸੇ ਦਾ ਜੂਠਾ ਬਚਿਆ ਖੁਚਿਆ ਲੈ ਕੇ ਆਉਂਦੀ
ਤੇ ਖਾਣ ਨੂੰ ਦਿੰਦੀ ਉਹਨੂੰ......।

ਤੇ ਪਹਿਲੀ ਵਾਰ ਉਹ ਨਿਮਾਣਾ ਜਿਹਾ ਖੁਸ਼ ਹੋਇਆ,
ਜਦੋਂ ਉਹਦਾ ਬਾਪੂ ਮਰਿਆ.......
ਉਹਨੂੰ ਲੱਗਿਆ ਨਾ ਹੁਣ ਰੋਜ਼ ਦੀ ਮਾਰ ਕੁਟਾਈ
ਤੇ ਹੁਣ ਤਾਂ ਮਾਂ ਵੀ ਸਿਰਫ਼ ਉਹਦਾ ਹੀ ਖ਼ਿਆਲ ਰੱਖੂ........

ਪਰ ਆਹ ਤਾਂ ਉਮੀਦ ਤੋਂ ਵੀ ਵਧਕੇ ਸੀ....
ਉਹਦੇ ਲਈ ਨਵੇਂ ਕੱਪੜੇ!
ਘਰ 'ਚ ਜਸ਼ਨ!!
ਬਸਤੀ 'ਚ ਲੱਗਿਆ ਟੈਂਟ!!!
ਤੇ ਉਸ ਬਾਲੜੇ ਮਨ ਨੂੰ ਪਤਾ ਲੱਗਾ
ਕਿ ਉਸਦੀ ਮਾਂ ਦਾ ਵਿਆਹ ਸੀ..
ਬੜੀ ਖੁਸ਼ੀ ਹੋਈ ਉਸ ਅਨਜਾਣ ਨੂੰ...........

...........ਤੇ ਉਹ ਵੀ ਮਾਂ ਦੀ ਡੋਲੀ ਦੇ ਨਾਲ ਹੀ
ਤੁਰ ਗਿਆ ਕਿਸੇ ਬੇਗਾਨੇ ਪਿੰਡ ਵੱਲ....
ਪਰ ਉਹੀ ਜਾਣੀ ਪਹਿਚਾਣੀ ਬਸਤੀ...
ਉਦਾਂ ਦੇ ਹੀ ਪਾਟੀਆਂ ਨਿੱਕਰਾਂ ਵਾਲੇ ਜੁਆਕ,
ਤੇ ਦੋ ਚਾਰ ਦਿਨਾਂ ਬਾਅਦ ਉਹੀ ਖਾਣਾ ਪੀਣਾ,.....

...........ਤੇ ਹੌਲੀ ਹੌਲੀ....
ਉਹੀ ਪੁਰਾਣੀਆਂ ਪਰ.....
..........ਨਵੇਂ ਬਾਪ ਦੀਆਂ ਝਿੜਕਾਂ,
ਤੇ ਕੁੱਟਮਾਰ ਵੀ.....
ਪਰ ਕੁਝ ਫ਼ਰਕ ਸੀ.....
ਪਹਿਲਾਂ ਤੋਂ ਵੀ ਖ਼ਤਰਨਾਕ ਹੁੰਦਾ ਸੀ ਕੁਟਾਪਾ
ਉਹਦਾ ਤੇ ਉਹਦੀ ਮਾਂ ਦਾ...
ਏਹ ਬਾਪ ਤੰਦਰੁਸਤ ਜੋ ਸੀ!!!!.

ਤੇ ਉਹ ਵਿਚਾਰਾ ਸੋਚਦਾ ਰਿਹਾ
ਕੋਈ ਹੱਲ ਇਸ ਗੰਧਾਲ ਚਾਲ ਦਾ.....
.....ਤੇ ਇੱਕ ਦਿਨ ਮੈਂ ਜਦੋਂ
ਉਸ ਤਿੰਨ ਚਾਰ ਸਾਲ ਦੇ ਨਿਆਣੇ ਨੂੰ ਪਹਿਲੀ ਵਾਰ
ਬੋਲਦਿਆਂ ਦੇਖਿਆ,
...........ਸ਼ਾਇਦ ਪਹਿਲਾ ਸਵਾਲ ਸੀ ਓਹਦਾ
ਇਹ ਆਪਣੀ ਮਾਂ ਨੂੰ....
ਕਿ
"ਮਾਂ, ਹੁਣ ਤੇਰਾ ਅਗਲਾ ਵਿਆਹ ਕਦੋਂ ਹੋਊਗਾ???"
Jassi Sangha