Wednesday, 18 January 2012

ਮੈਂ ਤੇ ਪਾਕਿਸਤਾਨ.. (my Sentiments For Pakistan)

ਮੈਨੂੰ ਪਾਕਿਸਤਾਨ ਨਾਲ ਪਿਆਰ ਐ, ਜਿਵੇਂ ਭਾਰਤ ਨਾਲ..ਜਿਵੇਂ ਕਵਿਤਾ ਨਾਲ਼, ਬਲਵਿੰਦਰ ਬਾਊ ਜੀ ਨਾਲ, ਕਲਾ ਨਾਲ, ਅਭਿਸ਼ੇਕ ਨਾਲ ਜਾਂ ਆਪਣੀ ਮਾਂ ਨਾਲ..ਮੈਂ ਹਮੇਸ਼ਾ  ਛੋਟੇ ਹੁੰਦਿਆਂ ਤੋਂ ਹੀ ਪਾਕਿਸਤਾਨ ਨਾਲ ਜੁੜੀ ਮਹਿਸੂਸ ਕਰਦੀ ਹਾਂ (ਹੋ ਸਕਦਾ ਕਿ ਸਾਰੇ ਹੀ ਕਰਦੇ ਹੋਣ, ਪਰ ਸ਼ਾਇਦ ਨਹੀਂ).. ' ਮੈਂ ਪੰਜਵੀਂ ਛੇਵੀਂ 'ਚ ਸੀ ਜਦੋਂ ਪਾਪਾ ਦੁਬਈ ਰਹਿੰਦੇ ਸੀ, ਪਾਪਾ ਨੇ ਕਈ ਵਾਰ ਆਲਮ ਲੁਹਾਰ ਦੇ ਗਾਣਿਆਂ ਦੀਆਂ ਗੱਲਾਂ ਕਰਨੀਆਂ ਜਾਂ ਕਈ ਵਾਰ ਆਪਣੇ ਪਾਕਿਸਤਾਨੀ ਦੋਸਤਾਂ ਦਾ ਜ਼ਿਕਰ ਕਰਨਾ ਜੋ ਬੜੇ ਚੰਗੇ ਸਨ..ਤੇ ਉਸੇ ਹੀ ਅਰਸੇ ਦੌਰਾਨ ਕਾਰਗਿਲ ਦੀ ਲੜਾਈ ਲੱਗੀ ਹੋਈ ਸੀ.. ਲੋਕਾਂ ਦੇ ਦਿਲਾਂ ਵਿੱਚ ਨਫ਼ਰਤ ਭਰੀ ਹੋਈ ਸੀ ਪਾਕਿਸਤਾਨ ਲਈ..ਦਾਦਾ ਜੀ ਨੇ ਸ਼ਾਮ ਨੂੰ ਰੇਡੀਓ ਤੇ ਖ਼ਬਰਾਂ ਸੁਣਨੀਆਂ, ਰੋਜ਼ ਸਵੇਰੇ ਲੋਕਾਂ ਨੇ ਇਕੱਠੇ ਹੋ ਕੇ ਅਖ਼ਬਾਰ ਪੜਣਾ..ਸ਼ਹੀਦ ਫੌਜੀਆਂ ਦੀ ਗਿਣਤੀ ਦਿਨੋ ਦਿਨ ਵਧਦੀ ਸੀ..ਪਹਿਲੀ ਵਾਰ ਕੋਈ ਗਿਣਤੀ ਵਧਣ 'ਤੇ ਲੋਕਾਂ ਦੇ ਚਿਹਰਿਆਂ 'ਤੇ ਉੁਦਾਸੀ ਦੀ ਸ਼ਿੱਦਤ ਵਧਦੀ ਦੇਖੀ ਸੀ..। ਮੈਨੂੰ ਹੈਰਾਨੀ ਹੁੰਦੀ ਹੁੰਦੀ ਸੀ ਕਿ ਸੱਚੀਂ ਖੌਰੇ  ਪਾਕਿਸਤਾਨ 'ਚ ਸਾਰੇ ਅੱਤਵਾਦੀ ਹੀ ਰਹਿੰਦੇ ਐ..ਜਾਂ ਕੀ ਏਨੇ ਬੁਰੇ ਐ ਉੱਥੋਂ ਦੇ ਲੋਕ..ਫੇਰ ਮੈਂ ਸੋਚਦੀ ਹੁੰਦੀ ਸੀ ਕਿ ਪਾਪਾ ਤੋਂ ਤਾਂ ਮੈਂ ਬੜੀਆਂ ਤਾਰੀਫ਼ਾਂ ਸੁਣੀਆਂ ਸੀ ਤੇ ਉਹ ਤਾਂ ਕਦੇ ਝੂਠ ਨਹੀਂ ਬੋਲ ਸਕਦੇ..ਚਲੋ ਇਹ ਤਾਂ ਬਾਲ ਮਨ ਦੇ ਫ਼ਿਕਰ ਤੇ ਹੈਰਾਨੀ ਸੀ ...।
  ਫੇਰ ਸ਼ਾਇਦ ਮੈਂ ਅੱਠਵੀਂ 'ਚ ਸੀ ਕਿ ਪਾਪਾ ਹਮੇਸ਼ਾ ਲਈ ਆ ਗਏ ਇੰਡੀਆ..ਤੇ ਉੱਥੋਂ ਲਿਆਂਦੇ ਸਮਾਨ ਵਿੱਚ ਇੱਕ ਚਾਬੀ ਵਾਲਾ ਛੱਲਾ (Key Ring) ਵੀ ਸੀ ਹਰੇ ਰੰਗ ਦਾ.. ਜਿਹਦੇ ਇੱਕ ਪਾਸੇ ਪਾਕਿਸਤਾਨ ਦਾ ਝੰਡਾ ਬਣਾਇਆ ਸੀ ਤੇ ਦੂਜੇ ਪਾਸੇ ਲਿਖਿਆ ਸੀ I LOVE PAK....

ਤੇ ਉਸ ਛੱਲੇ ਨੂੰ ਮੈਂ ਹਮੇਸ਼ਾ ਆਪਣੇ ਸਕੂਲ ਬੈਗ ਵਿੱਚ ਹੀ ਰੱਖਦੀ ਸੀ.. ਮੇਰੇ ਸਭ ਦੋਸਤ ਹੈਰਾਨ ਹੁੰਦੇ ਕਿ ਤੈਨੂੰ ਪਾਕਿਸਤਾਨ ਨਾਲ ਕੀ ਲਗਾਵ ਐ..?? ..ਤੇ ਆਖ਼ਿਰ ਉਹ ਛੱਲਾ ਚੋਰੀ ਹੋ ਗਿਆ..ਤੇ ਮੈਂ ਬੜਾ ਰੋਈ..ਬੜਾ ਲੱਭਿਆ, ਬਹੁਤ ਉਦਾਸ ਰਹੀ ਮੈਂ ਕਾਫ਼ੀ ਦੇਰ...।
ਪਰ ਪਾਪਾ ਤੋਂ ਹਮੇਸ਼ਾ ਹੀ ਕੁਝ ਨਾ ਕੁਝ ਪੁੱਛਦੇ ਰਹਿਣਾ ਪਾਕਿਸਤਾਨ ਬਾਰੇ..ਚਾਹੇ ਉਹ ਕਦੇ ਗਏ ਨਹੀਂ, ਪਰ ਸੁਣੀਆਂ ਸੁਣਾਈਆਂ ਗੱਲਾਂ ਦੱਸਦੇ ਰਹਿੰਦੇ.. ਕਦੇ ਪਾਪਾ ਤੋਂ ਉਰਦੂ ਦੇ ਲ਼ਫ਼ਜ਼ ਸਿੱਖੀ ਜਾਣੇ..ਸੋ ਏਨਾ ਕੁ ਲਗਾਵ ਬਣਿਆ ਰਿਹਾ...ਫ਼ੇਰ ਮੈਂ ਬਾਰਵੀਂ 'ਚ ਸੀ ਕਿ ਮੈਂ ਕਹਾਣੀ ਲੇਖਣ ਮੁਕਾਬਲੇ 'ਚ ਪੰਜਾਬ ਪੱਧਰ 'ਤੇ ਗਈ ਤਾਂ ਉੱਥੇ ਮੇਰੀ ਕਹਾਣੀ ਵੀ ਇਸੇ ਵਿਸ਼ੇ ਤੇ ਆਧਾਰਿਤ ਸੀ ਕਿ ਸਾਰੇ ਮੁਸਲਿਮ ਨਫ਼ਰਤ ਦੇ ਪਾਤਰ "ਮੁਸਲੇ" ਨਹੀਂ ਤੇ ਕੋਈ ਹੋਰ ਜ਼ਾਤ ਵੀ ਸਾਰੀ ਦੀ ਸਾਰੀ ਚੰਗੀ ਨਹੀਂ..ਬੁਰੇ ਤੇ ਭਲੇ ਇਨਸਾਨ ਹਰ ਜਗਾਹ ਹੁੰਦੇ ਨੇ.. ਸਿੱਕੇ ਦੇ ਦੋ ਪਹਿਲੂਆਂ ਵਾਂਗ..। ਫੇਰ ਜ਼ਾਤ ਭਾਵੇਂ ਕੋਈ ਵੀ ਹੋਵੇ ਤੇ ਦੇਸ਼ ਵੀ..ਤੇ ਉਸ ਕਹਾਣੀ ਨੇ ਪਹਿਲਾ ਸਥਾਨ ਪਾਇਆ ਪੰਜਾਬ 'ਚੋਂ..ਤੇ ਮੇਰਾ ਵਿਸ਼ਵਾਸ ਹੋਰ ਵਧ ਗਿਆ ਕਿ ਵੱਡੇ ਵੀ ਮੇਰੇ ਨਾਲ ਸਹਿਮਤ ਨੇ...
ਮੇਰਾ ਪਾਸਪੋਰਟ ਬਣਿਆ ਤਾਂ ਉਦੋਂ ਦਿੱਲੀ ਲਾਹੌਰ ਵਾਲੀ ਬੱਸ ਦੇ ਬੜੇ ਚਰਚੇ ਸੀ,, ਤੇ ਆਪਾਂ ਫ਼ੇਰ ਜ਼ਿੱਦ ਫੜ ਲਈ ਕਿ ਮੈਂ ਤਾਂ ਪਾਕਿਸਤਾਨ ਜਾਣਾ ਐ..ਮੈਂ ਤਾਂ ਲਾਹੌਰ ਦੇਖਣਾ ਐ..ਥੋੜੀ ਬਹੁਤ ਨਾਂਹ ਨੁੱਕਰ ਹੋਈ ਤੇ ਸ਼ਾਇਦ ਮੰਨ ਵੀ ਜਾਂਦੇ, ਪਰ ਉੰਨੀਂ ਦਿਨੀਂ ਹੀ ਕਰਾਚੀ ਬੰਬ ਧਮਾਕਾ ਹੋ ਗਿਆ..ਤੇ ਘਰਦੇ ਕਹਿੰਦੇ ਕਿ ਉੱਥੇ ਜਾਣੋਂ ਚੰਗਾ ਕਿਸੇ ਖੂਹ 'ਚ ਛਾਲ ਮਾਰਕੇ ਮਰਜਾ, ਘੱਟੋ ਘੱਟ ਆਖਰੀ ਰਸਮਾਂ ਤਾਂ ਕਰਲਾਂਗੇ.. :P
ਤੇ ਉਦੋਂ ਮੈਂ ਸਤਾਰਾਂ ਕੁ ਵਰਿਆਂ ਦੀ ਸੀ, ਉਸੇ ਅਰਸੇ ਦੌਰਾਨ ਮੈਨੂੰ ਅਬਰਾਰ-ਉਲ-ਹਕ(ਪੰਜਾਬੀ ਗਾਇਕ, ਜਿਸਨੂੰ ਪਾਕਿਸਤਾਨ ਦਾ ਗੁਰਦਾਸ ਮਾਨ ਕਿਹਾ ਜਾਂਦਾ ਹੈ) ਨਾਲ ਪਿਆਰ ਜਿਹਾ ਵੀ ਹੋ ਗਿਆ ਸੀ ਤੇ ਮੈਨੂੰ ਲੱਗਦਾ ਸੀ ਮੇਰਾ ਵਿਆਹ ਹੋਊ ਉਹਦੇ ਨਾਲ...ਤੇ ਇਹ ਸੁਪਨਾ ਬੜੀ ਦੇਰ ਕਾਇਮ ਵੀ ਰਿਹਾ...(ਹੁਣ ਦੋ ਕੁ ਸਾਲ ਪਹਿਲਾਂ ਪਤਾ ਲੱਗਾ ਕਿ ਉਹਦਾ ਤਾਂ ਵਿਆਹ ਹੋ ਗਿਆ..ਜੱਸੀ ਜੀ ਇੱਕ ਵਾਰ ਫੇਰ ਲੇਟ ਹੋ ਗਏ..ਉਫ਼...)
ਤੇ ਫੇਰ ਪੜਾਈ ਖ਼ਤਮ ਕਰਨ ਤੋਂ ਬਾਅਦ ਮੈਂ ਅਮਰੀਕਾ ਚਲੀ ਗਈ ਤੇ ਇੰਟਰਨੈਟ 'ਤੇ ਪਾਕਿਸਤਾਨ ਤੋਂ ਕਈ ਦੋਸਤ ਬਣ ਗਏ..ਜਿੰਨਾਂ ਵਿੱਚੋਂ ਇਮਰਾਨ, ਸ਼ਾਹਬਾਜ਼ ਵੀਰਾ,ਰਹੀਲ ਤੇ ਉਮਰ ਸ਼ਾਹ ਮੇਰੇ ਬੜੇ ਪਿਆਰੇ ਦੋਸਤ ਨੇ...ਤੇ ਇੱਕ ਵਾਰ ਮੇਰੇ ਅਮਰੀਕਾ ਹੁੰਦਿਆਂ ਹੀ ਸ਼ਾਹਬਾਜ਼ ਵੀਰ ਨੇ ਮੈਨੂੰ ਲਾਹੌਰ ਤੋਂ ਇੱਕ ਉਰਦੂ ਡਿਕਸ਼ਨਰੀ ਲੈ ਕੇ ਭੇਜੀ.. ( ਮੈਨੂੰ ਯਾਦ ਐ ਅਜੇ ਵੀ ਕਿ ਉਹਦੇ ਬਾਹਰ ਟੋਭਾ ਟੇਕ ਸਿੰਘ ਦਾ ਐਡਰੈਸ ਸੀ.. ਤੇ ਮੈਂ ਉਹਨੂੰ ਪੜ ਪੜ ਕੇ ਹੀ ਨਿਹਾਲ ਹੋਈ ਜਾ ਰਹੀ ਸੀ...) ਸੋ ਏਹ ਡਿਕਸ਼ਨਰੀ ਡਲਿਵਰ ਕਰਨ ਆਏ ਬੰਦੇ ਨੇ ਹੀ ਪਹਿਲਾਂ ਤਾਂ ਕਾਫੀ ਪੁੱਛਤਾਛ ਕੀਤੀ ਤੇ ਜਿਸ ਵੇਲੇ ਮੈਂ ਉਸ ਪੈਕ ਨੂੰ ਖੋਲ ਰਹੀ ਸੀ ਤਾਂ ਘਰ ਦੇ ਸਾਰੇ ਮੈਂਬਰ ਇੱਕਦਮ ਉੱਠ ਕੇ ਖੜੇ ਹੋ ਗਏ (ਜਿੰਨਾਂ ਨਾਲ ਮੈਂ ਰਹਿੰਦੀ ਸੀ,ਉਹ ਪਰਿਵਾਰ ਕਰਨਾਟਕ ਤੋਂ ਸੀ) .. ਮੈਨੂੰ ਪੁੱਛਣ ਲੱਗੇ ਕਿ ਕੀ ਐ? ਮੈਂ ਦੱਸ ਦਿੱਤਾ ਤੇ ਮੇਰੀ ਹੈਰਾਨੀ ਦੀ ਕੋਈ ਹੱਦ ਨਹੀਂ ਰਹੀ ਕਿ ਸਭ ਘਰ ਤੋਂ ਬਾਹਰ ਚਲੇ ਗਏ ਜਿਵੇਂ ਕਿਤਾਬ ਨਾ ਹੋ ਕੇ ਕੋਈ ਟਾਈਮ ਬੰਬ ਹੋਵੇ.. ਤੇ ਫੇਰ ਜਦੋਂ ਮੈਂ ਵੈਸਟਰਨ ਯੂਨੀਅਨ ਵੀਰੇ ਨੂੰ ਪੈਸੇ ਭੇਜਣ ਗਈ,ਕਿਉੁਂਕਿ ਮੈਂ ਕੁਝ ਹੋਰ ਸਮਾਨ ਮੰਗਵਾਉਣਾ ਚਾਹੁੰਦੀ ਸੀ,ਤਾਂ ਮੇਰੇ ਦੁਆਰਾ ਭਰਿਆ ਫਾਰਮ ਦੇਖ ਕੇ ਉਹਨਾਂ ਨੇ ਮਨਾ ਕਰ ਦਿੱਦਾ ਕਿ ਤੁਸੀਂ ਇੰਡੀਆ ਤੋਂ ਹੋ,ਇਸ ਲਈ ਤੁਸੀਂ ਪਾਕਿਸਤਾਨ 'ਚ ਕਿਸੇ ਨੂੰ ਪੈਸੇ ਨਹੀਂ ਭੇਜ ਸਕਦੇ.. ਬੜਾ ਅਜੀਬ ਲੱਗਿਆ ਕਿ ਯਾਰ ਇਹ ਨਫ਼ਰਤ ਇੱਥੋਂ ਤੱਕ ਵੀ!!! (ਜਾਂ ਫ਼ੇਰ ਸ਼ਾਇਦ ਸ਼ੁਰੂ ਹੀ ਉੱਥੋਂ ਹੁੰਦੀ ਐ)..
ਪਰ ਜੋ ਵੀ ਐ,ਇੱਦਾਂ ਦੀਆਂ ਗੱਲਾਂ ਬੜਾ ਸਤਾਉਂਦੀਆਂ ਨੇ..ਹੁਣੇ ਪਿਛਲੇ ਦਿਨੀਂ ਮੇਰੇ ਦੋਸਤ ਇਮਰਾਨ ਨੇ ਇੱਕ ਆਰਟੀਕਲ ਲਿਖਿਆ ਇਸਲਾਮਾਬਾਦ ਬਾਰੇ.. ਪੜ ਕੇ ਏਦਾਂ ਲੱਗਿਆ ਜਿਵੇਂ ਮੈਂ ਇੱਕ ਨਿੱਕੀ ਜਿਹੀ ਬੱਚੀ ਹੋਵਾਂ ਤੇ ਕੋਈ ਮੈਨੂੰ ਉਂਗਲ ਫੜਕੇ ਪੂਰਾ ਸ਼ਹਿਰ ਘੁਮਾ ਰਿਹਾ ਹੋਵੇ..ਉਹਦੇ ਪੈਰਾਂ ਹੇਠ ਆਏ ਸੁੱਕੇ ਪੱਤਿਆਂ ਦੀ ਕੜ ਕੜ ਮੈਂ ਵੀ ਸੁਣੀ..ਉੁੱਥੋਂ ਦੀ ਧੁੰਦ ਨਾਲ,ਠੰਡ ਨਾਲ ਜਿਵੇਂ ਮੇਰੇ ਵੀ ਹੱਥ ਪੈਰ ਸੁੰਨ ਹੋਏ..ਉੱਥੋਂ ਦੀਆਂ ਸ਼ਾਂਤ ਗਲੀਆਂ ਨੂੰ ਸ਼ਾਇਦ ਮੈਂ ਉਹਦੇ ਨਾਲੋਂ ਜ਼ਿਆਦਾ ਮਾਣਿਆਂ...
ਮੇਰਾ ਸੁਪਨਾ ਹੁੰਦਾ ਸੀ ਕਿ ਕਦੇ ਮੈਂ ਸੂਫ਼ੀ ਸਾਹਿਤ 'ਤੇ ਉੱਥੋਂ ਦੀ ਕਿਸੇ ਯੂਨੀਵਰਸਿਟੀ ਤੋਂ ਪੜਾਂਗੀ.. ਰੀਸਰਚ ਕਰਾਂਗੀ.....।
  ਮੈਨੂੰ ਨਹੀਂ ਪਤਾ ਇਹ ਕਿਉਂ ਐ,ਕੀ ਐ.. ਪਰ ਜਦੋਂ ਵੀ ਪਾਕਿਸਤਾਨ ਬਾਰੇ ਸੋਚਦੀ ਹਾਂ ਤਾਂ ਇਹ ਸਭ ਗੱਲਾਂ ਦਿਮਾਗ਼ ਵਿੱਚ ਜਿਵੇਂ ਕਿਸੇ ਫ਼ਿਲਮ ਵਾਂਗ ਇਕਦਮ ਆ ਜਾਂਦੀਆਂ ਨੇ.. ਤੇ ਅੰਤ ਵਿੱਚ ਇੱਕ ਕਮਾਲ ਦਾ ਨਜ਼ਾਰਾ ਜਿੱਥੇ ਆ ਕੇ ਮੇਰਾ ਦਿਮਾਗ ਦੌੜਣਾ ਬੰਦ ਕਰਦਾ ਐ.. ਉਹ ਇਹ ਕਿ ਮੈਂ ਯੂਨੀਵਰਸਿਟੀ ਦੇ ਇੱਕ ਬਹੁਤ ਵੱਡੇ ਹਾਲ ਵਿੱਚ ਸਟੇਜ 'ਤੋਂ ਕੁਝ ਬੋਲ ਰਹੀ ਹਾਂ.. ਉੁੱਥੋਂ ਲਈ ਪਿਆਰ ਬਾਰੇ...ਬਾਬੇ ਨਾਨਕ ਬਾਰੇ...ਬਾਬੇ ਬੁੱਲੇ ਬਾਰੇ... ਵਾਰਿਸ ਤੇ ਹੀਰ ਬਾਰੇ...ਲਾਹੌਰ ਦੀਆਂ ਗਲੀਆਂ ਬਾਰੇ...ਤੇ ਆਖ਼ਿਰ 1947 ਵਿੱਚ ਹੋਈ ਵੱਢ ਟੁੱਕ ਬਾਰੇ..!!!
ਤੇ ਅਚਾਨਕ ਮੇਰਾ ਗਲ਼ਾ ਭਰ ਆਉਂਦਾ ਐ.. ਸ਼ਬਦ ਗਲੇ 'ਚ ਅਟਕ ਕੇ ਰੁਕ ਜਾਂਦੇ ਨੇ.. ਤੇ ਮੇਰੀਆਂ ਪਥਰਾਈਆਂ ਅੱਖਾਂ ਹਜ਼ਾਰਾਂ ਦੀ ਗਿਣਤੀ 'ਚ ਬੈਠੇ ਲੋਕਾਂ 'ਤੇ ਨਜ਼ਰਾਂ ਸੁੱਟ ਰਹੀਆਂ ਨੇ.. .. ਤੇ ਜਿਵੇਂ ਹੀ ਮੋਤੀਆਂ ਵਰਗੇ ਦੋ ਹੰਝੂ ਮੇਰੀਆਂ ਪਲਕਾਂ ਤੋਂ ਡਿੱਗਦੇ ਨੇ..ਪੂਰਾ ਹਾਲ ਤਾੜੀਆਂ ਨਾਲ ਗੂੰਜ ਉੱਠਦੈ..ਮੈਂ ਉਸੇ ਵੇਲੇ ਉੁੱਚੀ ਉੁੱਚੀ ਰੋਂਦੀ ਉੱਥੇ ਹੀ ਬੈਠ ਜਾਂਦੀ ਹਾਂ ਤੇ ਉਸ ਹਾਲ 'ਚ ਬੈਠਾ ਹਰੇਕ ਬੰਦਾ ਹੁਣ ਨਮ ਅੱਖਾਂ ਲੈ ਕੇ ਖੜਾ ਐ............।
Jassi Sangha
15 Jan, 2012

No comments:

Post a Comment