Tuesday, 3 April 2012

ਕਵਿਤਾ ਦੀ ਮੌਤ

ਕੱਲ ਰਾਤ ਬੜੀ ਅਜੀਬ ਗੱਲ ਹੋਈ..ਕਵਿਤਾ ਸੁਰਾ(ਸ਼ਰਾਬ) ਪੀ ਕੇ ਕੁਝ ਬੇਸੁਰੀ ਹੋਈ ਫਿਰਦੀ ਮੇਰੇ ਕੋਲ ਆਈ...ਬੜੀਆਂ ਬੇਤੁਕੀਆਂ ਗੱਲਾਂ ਕਰਦੀ ਪਈ ਸੀ...
ਮੈਂ ਪੁੱਛਿਆ ਕਿ ਕਵਿਤਾ ਕੀ ਹਾਲ ਐ ਤੇਰਾ??
ਅੱਗੋਂ ਕਹਿੰਦੀ,"ਕਵਿਤਾ !!! ਕਿਹੜੀ ਕਵਿਤਾ???"
ਮੈਂ--ਓਹੀ ਕਵਿਤਾ...ਚੰਚਲ ਸ਼ੋਖ, ਕੋਮਲ ਫੁੱਲਾਂ ਵਰਗੀ ਕਵਿਤਾ, ਲੈਅ ਵਾਲੀ.. ਤਰੰਗਮਈ ਕਵਿਤਾ!!!
ਕਵਿਤਾ--ਓਹ ਅੱਛਾ..!! ਕਵਿਤਾ !!! ਉਸ ਕਵਿਤਾ ਦਾ ਤਾਂ ਵਿਆਹ ਹੋ ਗਿਆ ਪਿਛਲੇ ਮਹੀਨੇ.. ਇੰਗਲੈਂਡ ਤੋਂ ਮੁੰਡਾ ਆਇਆ ਸੀ..ਕਵਿਤਾ ਤੋਂ ਦੁੱਗਣੀ ਉਮਰ ਦਾ ਸੀ, ਪਰ ਪੈਸਾ ਬੜਾ ਸੀ ਕਹਿੰਦੇ ਉਹਦੇ ਕੋਲ.. ਤੇ ਕਵਿਤਾ ਦੇ ਵਾਲੀ ਵਾਰਸਾਂ ਨੇ ਆਪਣੀ ਸਮਝ ਮੁਤਾਬਿਕ ਨਾਪ ਤੋਲ,ਸੋਚ ਸਮਝ ਕੇ ਪਰਣਾ ਦਿੱਤੀ ਉਹਦੇ ਨਾਲ...ਹੁਣ ਤਾਂ ਉਹ ਇੰਗਲੈਂਡ ਚਲੀ ਗਈ ਤੇ ਸ਼ਾਇਦ ਮਾਂ ਬਣਨ ਵਾਲੀ ਆ ਉਹ ਤਾਂ....
ਮੈਂ-- ਨਹੀਂ ਨਹੀਂ....ਉਹ ਕਵਿਤਾ ਨਹੀਂ ਅੜੀਏ !! ਉਹ ਕਵਿਤਾ ਜਿਹੜੀ ਪਿਆਸ ਤੇ ਅਧੂਰੀਆਂ ਖ਼ਵਾਹਿਸ਼ਾਂ ਦੀ ਗੱਲ ਕਰਦੀ ਐ....
ਕਵਿਤਾ-- ਉਹੋ.....ਅੱਛਾ...ਉਹ ਆਪ ਹੀ ਬੜੀ ਪਿਆਸੀ ਸੀ,,,ਜਨਮਾਂ ਜਨਮਾਂ ਦੀ ਪਿਆਸ...ਉਹਦੀ ਤਾਂ ਜਿਉਂ ਰੂਹ ਮਾਰੂਥਲ ਬਣੀ ਪਈ ਸੀ.. ਤੇ ਇੱਕ ਦਿਨ ਉਹ ਇੱਕ ਨਦੀ ਕਿਨਾਰੇ ਪਾਣੀ ਪੀਣ ਝੁਕੀ ਤੇ ਇੱਕ ਵੱਡੇ ਦੈਂਤ ਨੇ ਉਹਨੂੰ ਧੱਕਾ ਦੇ ਦਿੱਤਾ ਨਦੀ ਵਿੱਚ... ਤੇ ਉੱਪਰੋਂ ਐਸਾ ਦਬੋਚਿਆ ਕਿ ਕਵਿਤਾ ਉੱਥੇ ਹੀ ਵਿਲਕਦੀ,ਤੜਪਦੀ ਦਮ ਤੋੜ ਗਈ... ਤੇ ਉਸੇ ਨਦੀ 'ਚ ਹੀ ਵਹਿ ਗਈ ਉਹ ਤਾਂ......
ਮੈਂ-- ਕਿੱਦਾਂ ਦੀਆਂ ਗੱਲਾਂ ਕਰ ਰਹੀ ਏਂ ਤੂੰ?? ਉਸ ਕਵਿਤਾ ਬਾਰੇ ਦੱਸ ਜਿਹੜੀ ਭਟਕਦੀ ਰਹਿੰਦੀ ਸੀ.. ਤੇ ਉਹਦੀ ਭਟਕਣ 'ਚੋਂ ਕਿੰਨੀਆਂ ਅਣਭੋਲ ਜਿਹੀਆਂ ਖੂਬਸੂਰਤ ਰਚਨਾਵਾਂ ਜਨਮ ਲੈਂਦੀਆਂ ਸਨ...ਉਹ ਵੀ ਅਜੀਬ ਹੀ ਸੀ.. ਕਦੇ ਉਹ ਤਵਾਇਫ਼ ਬਣਨਾ ਲੋਚਦੀ ਸੀ... ਕਦੇ ਕਦੇ ਤਵਾਇਫ਼ਾਂ ਨੂੰ ਵੀ ਜਿਸਮ ਫ਼ਰੋਸ਼ੀ ਦੇ ਧੰਦੇ 'ਚੋਂ ਕੱਢਣਾ ਚਾਹੁੰਦੀ ਸੀ.. ਕਦੇ ਉਹ ਗਰੀਬਾਂ ਦੇ ਨਿੱਕੇ ਨਿੱਕੇ ਬੱਚਿਆਂ ਦੇ ਹੱਥਾਂ ਵਿੱਚ ਫੜੀ ਕਲਮ ਬਣਦੀ ਸੀ... ਕਦੇ ਉਹ ਕਿਸੇ ਕੁੜੀ ਦੇ ਸਿਰ ਦੀ ਚੁੰਨੀ ਬਣਦੀ ਸੀ.. ਉਹ ਕਵਿਤਾ ਦਾ ਕੀ ਹਾਲ ਐ??
ਕਵਿਤਾ-- ਅੱਛਾ, ਉਹ ਜੋ ਬੜਾ ਸੋਹਣਾ ਗਾਉਂਦੀ ਵੀ ਐ.. ਸੁਣਿਐਂ ਤੂੰ ਕਦੇ ਕੁਝ ਉਹਦੇ ਸੁਰੀਲੇ ਕੰਠ 'ਚੋਂ???
ਮੈਂ--ਹਾਂ ਹਾਂ.... ਉਹਦਾ ਗਾਇਆ ਇੱਕ ਗਾਣਾ ਮੈਨੂੰ ਬੜਾ ਹੀ ਪਸੰਦ ਐ..... ਪਤਾ ਨਹੀਂ ਕਿੰਨੀ ਵਾਰ ਸੁਣਦੀ ਹਾਂ ਕਦੇ ਕਦੇ ਉਹ ਗਾਣਾ ਮੈਂ...ਉਹਦੇ ਬੋਲ ਨੇ....
ਮੈਨੂੰ ਚੰਦਰੇ ਜਿਹੇ ਆਉਂਦੇ ਨੇ ਖ਼ਿਆਲ਼,
ਰੱਬਾ ਉਹਦੀ ਖ਼ੈਰ ਹੋਵੇ...
   ਬੜਾ ਕਮਾਲ ਗਾਇਆ ਐ....ਤੈਨੂੰ ਪਤਾ ਐ ਉਹ
ਕਵਿਤਾ--(ਵਿੱਚੋਂ ਹੀ ਕੱਟ ਕੇ....) ਆਹੋ ਆਹੋ...ਤੇ ਏਸ ਕਵਿਤਾ ਦੀ ਵੀ ਰੱਬ ਕਰੇ ਖ਼ੈਰ ਹੀ ਹੋਵੇ...ਇਹਦੇ ਬਾਰੇ ਵੀ ਬੜੇ ਚੰਦਰੇ ਖ਼ਿਆਲ਼ ਆਉਂਦੇ ਨੇ ਮੇਰੇ ਮਨ ਵਿੱਚ.... ਇਹਦੀ ਤਾਂ ਭਟਕਣ ਵੀ ਆਪਣੇ ਰਾਸਤੇ ਤੋਂ ਭਟਕ ਗਈ ਐ.. ਕੱਲ ਅਜੀਬ ਅਜੀਬ ਗੱਲਾਂ ਕਰਦੀ ਸੀ... ਕਹਿੰਦੀ ਮੈਂ ਤਾਂ ਸਭ ਕੁਝ ਛੱਡ ਕੇ ਨਿਜਾਮੂੰਦੀਨ ਦੀ ਦਰਗਾਹ ਚਲੇ ਜਾਣਾ ਐ... ਤੇ ਕੱਲ ਮੈਨੂੰ ਆਪਣਾ ਨਵਾਂ ਲਿਖਿਆ ਗਾਣਾ ਵੀ ਸੁਣਾਉਂਦੀ ਸੀ...
ਮੈਂ-- ਵਾਹ!! ਕੀ ਬੋਲ ਨੇ ਨਵੇਂ ਗੀਤ ਦੇ??
ਕਵਿਤਾ--ਦੱਸ ਆਖ਼ਰੀ ਸਲਾਮ ਤੈਨੂੰ ਘੱਲਾਂ ਜਾਂ ਨਾ ਘੱਲਾਂ??
ਮੈਂ--ਉਫ਼ !! ਕੀ ਹੋ ਗਿਆ ਇਹ ਸਭ ?? ਕੀ ਊਟ ਪਟਾਂਗ ਬਕ ਰਹੀ ਏਂ ਤੂੰ..?? ਕੋਈ ਸੋਹਣੀ ਗੱਲ ਕਰ ਅੜੀਏ.. ਰਾਤ ਦੇ ਦੋ ਵੱਜ ਗਏ ਨੇ... ਫੇਰ ਏਦਾਂ ਦੇ ਹੀ ਊਲ ਜਲੂਲ ਜਿਹੇ ਸੁਪਨੇ ਆਉਂਦੇ ਆ..
ਅੱਛਾ ਤੂੰ ਆਪਣੀ ਉਸ ਸਭ ਤੋਂ ਪੱਕੀ ਸਹੇਲੀ ਹਨੇਰੀ ਦੀ ਕੋਈ ਗੱਲ ਸੁਣਾ...ਜਿਹੜੀ ਤਿਤਲੀਆਂ ਰੰਗੇ ਖ਼ਾਬ ਬੁਣਨ ਦੀਆਂ ਗੱਲਾਂ ਕਰਦੀ ਹੁੰਦੀ ਸੀ, ਆਪਣੇ ਖ਼ਾਬਾਂ ਦੇ ਲਾੜੇ ਨੂੰ ਰੋਜ਼ ਚਾਵਾਂ ਵਾਲੀ ਪਟੜੀ 'ਤੇ ਬਿਠਾ ਕੇ ਹਾਸਿਆਂ ਦਾ ਵਟਣਾ ਮਲਦੀ ਸੀ..ਜੀਹਦਾ ਸ਼ਾਇਦ ਕੋਈ ਸੁਪਨਿਆਂ ਦਾ ਰਾਜਕੁਮਾਰ ਵੀ ਸੀ ਨਾ?? ਉਹਦੀ ਕਵਿਤਾ ਨਾਮਕ ਬੇੜੀ ਦਾ ਮੱਲਾਹ....!!!
ਕਵਿਤਾ-- ਹਾਂ ਹਾਂ...ਦੁਆ ਨਾਮ ਸੀ ਉਹਦਾ...
ਮੈਂ-- ਹਾਂ ਉਹੀ.. ਉਹਦੀ ਕੋਈ ਗੱਲ ਸੁਣਾ ਤੂੰ...ਉਹ ਕਿੰਨੀ ਜ਼ਿੰਦਾਦਿਲ ਆ ਨਾ !! ਉਹਦੇ ਬਾਰੇ ਦੱਸ ਕੁਝ...!!
ਕਵਿਤਾ-- ਅੱਜ ਉਸੇ ਜ਼ਿੰਦਾਦਿਲ ਨੂੰ ਮਿਲਣ ਤੋਂ ਬਾਅਦ ਹੀ ਆਹ ਬੁੱਢੇ ਸੰਨਿਆਸੀ (OLD MONK) ਦਾ ਸਹਾਰਾ ਲੈਣ ਦੀ ਨੌਬਤ ਆਈ ਆ.... ਉਹ ਤਾਂ ਪਾਗਲ ਹੋ ਗਈ ਐ.. (ਉੱਚੀ ਉੱਚੀ ਹੱਸਦੀ ਹੋਈ)
(ਤੇ ਫੇਰ ਇੱਕਦਮ ਉਦਾਸ ਹੋ ਗਈ ਤੇ ਬਹੁਤ ਹੀ ਗੰਭੀਰ ਹੋ ਜਾਂਦੀ ਐ)
ਤੈਨੂੰ ਪਤਾ ਐ ਏਦਾਂ ਦੇ ਬੰਦੇ ਦੀ ਉਦਾਸੀ ਨਾਲ ਜ਼ਿੰਦਗੀ ਦਾ ਵੀ ਦਮ ਘੁੱਟਦਾ ਐ.. ਐਸੀ ਮੌਤ ਨਾਲ ਜ਼ਿੰਦਗੀ ਮਰਦੀ ਐ..(...ਤੇ ਦੋ ਹੰਝੂ ਟਪਕ ਪੈਂਦੇ ਨੇ..)
ਮੈਂ-- ਪਰ ਹੋਇਆ ਕੀ??
ਕਵਿਤਾ-- ਉਹਦਾ ਅਸਲੀ ਨਾਮ ਵੀ ਕਵਿਤਾ ਹੀ ਸੀ ਤੈਨੂੰ ਪਤੈ??
ਮੈਂ-- ਸੀ?????
ਕਵਿਤਾ--ਨਾ..ਸੱਚ..ਹੈ....!!!
ਮੈਂ--ਪਰ ਹੋਇਆ ਕੀ ਇਸ ਕਵਿਤਾ ਨੂੰ ਹੁਣ??
ਕਵਿਤਾ--ਇਹ ਕਵਿਤਾ ਜੀਹਦੇ ਲਈ ਕਵਿਤਾ ਬਣੀ ਸੀ,ਉਸ ਮਾਲਿਕ ਨੇ ਹੀ ਇਹ ਮੰਨਣ ਤੋਂ ਇਨਕਾਰ ਕਰ ਦਿੱਤਾ ਐ ਕਿ ਉਹ ਕਵਿਤਾ ਐ!!! ਤੇ ਹੁਣ ਰੋਂਦੀ ਸੀ ਬੜਾ ਹੀ, ਕਦੇ ਪਾਗਲਾਂ ਵਾਂਗ ਹੱਸਦੀ ਐ.. ਕਦੇ ਹੱਸਦੀ ਹੀ ਰੋਣ ਲੱਗ ਪੈਂਦੀ ਐ... ਕਦੇ ਕਦੇ ਬੋਲੀ ਜਾਂਦੀ ਐ ਤੇ ਕਦੇ ਬੁਲਾਇਆਂ ਵੀ ਨਹੀਂ ਬੋਲਦੀ..
ਤੇ ਕੱਲ ਮੈਨੂੰ ਭੀੜ ਵਿੱਚ ਗਵਾਚੀ,ਰੁਲੀ ਫਿਰਦੀ ਮਿਲੀ....ਕਹਿੰਦੀ ਅਸਤੀਫਾ ਦੇ ਦੇਣਾ ਐ...!! ਹੁਣ ਹੋਰ ਨਹੀਂ ਸਹਿ ਹੁੰਦਾ....!!!
ਮੈਂ--ਪਰ ਉਹ ਕਿਹੜਾ ਕੋਈ ਨੌਕਰੀ ਕਰਦੀ ਐ!!! ਵਿਹਲੀਆਂ ਖਾਂਦੀ ਐ, ਐਸ਼ ਕਰਦੀ ਐ.. ਫੇਰ ਅਸਤੀਫਾ ਕਾਹਦਾ??
ਕਵਿਤਾ--ਪਤਾ ਨਹੀਂ...ਕਹਿੰਦੀ ਸਲਫਾਸ ਦੀ ਗੋਲੀ ਕੋਲ ਰੱਖਿਆ ਕਰਨੀ ਆ ਹੁਣ...(ਤੇ ਹੱਸ ਪੈਂਦੀ ਹੈ..)
ਮੈਂ--ਬਕਵਾਸ ਬੰਦ ਕਰ ਅੜੀਏ ਤੇ ਸੌਂ ਜਾ !!! ਪਹਿਲੀ ਵਾਰ ਪੀਤੀ ਹੋਣ ਕਰਕੇ ਤੈਨੂੰ ਚੜ ਗਈ ਐ ਜ਼ਿਆਦਾ...!!!
ਕਵਿਤਾ--ਸਿਗਰਟ ਜਾਂ ਬੀੜੀ ਮਿਲੂ ਕਿਤੋਂ??
ਮੈਂ--ਹੁਣ ਤੂੰ ਇਹ ਕੁਝ ਵੀ ਕਰੇਂਗੀ?? ਨਾਲੇ ਤੈਨੂੰ ਤਾਂ ਐਲਰਜੀ ਐ ਨਾ ਸਿਗਰੇਟ ਦੇ ਧੂੰਏਂ ਤੋਂ??
ਕਵਿਤਾ-- ਆਹੋ..ਸੀ!!! ਬੜੇ ਕੁਝ ਤੋਂ ਐਲਰਜੀ ਸੀ ਮੈਨੂੰ ਤਾਂ !!!. ਮੈਂ ਇਹਨਾਂ ਸਾਰੀਆਂ ਹਵਾ ਵਰਗੀਆਂ ਕਵਿਤਾਵਾਂ ਦਾ ਅਕਸ ਧੂੰਏਂ ਨਾਲ ਇੱਕਮਿੱਕ ਹੁੰਦਾ ਹੁੰਦਾ ਦੇਖਣਾ ਐ.. ਮੇਰੀ ਐਲਰਜੀ ਤੇ ਕਵਿਤਾ ਇੱਕ ਹੋ ਜਾਣੇ ਐ .. ਸੁਣਿਆ ਤੂੰ??? ਤੇ ਫੇਰ ਮੇਰੀ ਕਵਿਤਾ ਦਾ ਦਮ ਘੁੱਟੂ....ਤੇ ਫੇਰ...
ਮੈਂ--(ਵਿੱਚੋਂ ਹੀ ਗੱਲ ਕੱਟ ਕੇ..) ਤੂੰ ਆਪਣੀ ਜ਼ੁਬਾਨ ਨੂੰ ਲਗਾਮ ਦੇ ਹੁਣ ਤੇ ਮੈਨੂੰ ਸੌਣ ਦੇ..ਹੁਣ ਇੱਕ ਵੀ ਸ਼ਬਦ ਮੂੰਹੋਂ ਨਾ ਕੱਢੀਂ...
(ਤੇ ਕਵਿਤਾ ਬੱਚਿਆਂ ਵਾਂਗ ਆਪਣੇ ਬੁੱਲਾਂ 'ਤੇ ਉਂਗਲੀ ਰੱਖਕੇ ਮੈਨੂੰ ਭਰੋਸਾ ਦਿਲਾਉਂਦੀ ਹੈ ਕਿ ਉਹ ਨਹੀਂ ਬੋਲੇਗੀ....)
  ਤੇ ਮੈਂ ਥੱਕੀ ਹੋਣ ਕਰਕੇ ਜਲਦੀ ਹੀ ਸੌਂ ਗਈ।
      ਕਵਿਤਾ........ਮੌਤ.........ਦੈਂਤ.........ਪਿਆਸ......... ਆਖ਼ਰੀ ਸਲਾਮ..........ਸਲਫ਼ਾਸ....... ਤੇ ਮੈਂ ਚੀਕ ਮਾਰਕੇ ਜਾਗ ਜਾਂਦੀ ਹਾਂ...ਡਰੀ ਸਹਿਮੀ ਤੇ ਪਸੀਨੋ ਪਸੀਨੀ ਹੋਈ... ਘੜੀ ਦੇਖਦੀ ਹਾਂ.. ਸਵੇਰ ਦੇ ਛੇ ਵੱਜ ਗਏ... ਬੜਾ ਡਰਾਉਣਾ ਸੁਪਨਾ ਸੀ।
ਮੂੰਹ ਤੋਂ ਰਜਾਈ ਉਤਾਰੀ ਤਾਂ ਦੇਖਿਆ ਤਾਂ ਕਵਿਤਾ ਅਜੇ ਵੀ ਉਂਝ ਹੀ ਬੱਚੇ ਵਾਂਗ ਮੂੰਹ 'ਤੇ ਉਂਗਲੀ ਰੱਖੀ ਬੈਚੇਨ ਮੇਰੇ ਜ਼ਮੀਨ 'ਤੇ ਲੱਗੇ ਗੱਦੇ ਦੀ ਪਰਿਕਰਮਾ ਕਰ ਰਹੀ ਐ, ਇਹ ਨਿੱਕੀ ਜਿਹੀ ਕਵਿਤਾ ਨੇ ਪਰੇਸ਼ਾਨ ਕਰ ਰੱਖਿਐ... ਭਲਾ ਇਹ ਏਦਾਂ ਠੰਡ 'ਚ ਮਘਦੇ ਤੂਫ਼ਾਨ ਵਾਂਗ ਬਾਹਰ ਭਟਕੂ ਤਾਂ ਮੈਂ ਕਿਵੇਂ ਸੌਂ ਸਕਦੀ ਹਾਂ???
.......ਤੇ ਮੈਂ ਕਵਿਤਾ ਨੂੰ ਫੜ ਕੇ ਆਪਣੇ ਸਿਰਹਾਣੇ ਥੱਲੇ ਰੱਖ ਲਿਆ....ਤੇ ਸੌਂ ਗਈ.. ਤੇ ਹੁਣ ਜਦੋਂ ਗਿਆਰਾਂ ਵਜੇ ਜਾਗ ਕਰ ਦੇਖਿਆ ਤਾਂ ਕਵਿਤਾ ਮਰੀ ਪਈ ਐ...। ਕਵਿਤਾ ਦੇ ਦੋਸਤੋ, ਸ਼ਰੀਕੋ ਤੇ ਕਵਿਤਾ ਦੇ ਵਾਰਸੋ!!! ਕਵਿਤਾ ਮਰ ਗਈ ਐ.... ਰੋਵੋ.. ਕੁਰਲਾਓ... ਤੇ ਕਵਿਤਾ ਦੇ ਦੁਸ਼ਮਣੋਂ ਖ਼ੁਸ਼ੀਆਂ ਮਨਾਉ...
ਕਵਿਤਾ ਮਰ ਗਈ ਐ...
ਤੇ ਆਖ਼ਿਰ ਸੱਚੀਂ ਕਵਿਤਾ ਮਰ ਗਈ ਐ...।
 Jassi Sangha
Feb,29th,2012

1 comment:

  1. Jassi its beautiiiiiiiiiiiiiiiiiful written Bless you Jassi ਪਰਵੇਜ਼ ਸੰਧੂ

    ReplyDelete