Sunday, 17 August 2014

ਖ਼ਤ

ਮੈਨੂੰ ਖ਼ਤ ਲਿਖਣੇ ਬਹੁਤ ਪਸੰਦ ਨੇ !! ਮੈਂ 8-9 ਸਾਲਾਂ ਦੀ ਹੋਵਾਂਗੀ ਜਦੋਂ ਪਾਪਾ ਦੁਬਈ ਰਹਿੰਦੇ ਸੀ ਤੇ ਮੈਂ ਤੇ ਪਾਪਾ ਇੱਕ ਦੂਜੇ ਨੂੰ ਸਭ ਤੋਂ ਵੱਖਰੀ ਇੱਕ ਚਿੱਠੀ ਪਾਉਂਦੇ ਹੁੰਦੇ ਸੀ , ਉਹ ਪੂਰੇ ਪਰਿਵਾਰ ਵਾਲੀ ਚਿੱਠੀ ਤੋਂ ਅਲਹਿਦੀ ਹੁੰਦੀ ! ਮੈਂ ਨਿੱਕੀਆਂ ਨਿੱਕੀਆਂ ਗੱਲਾਂ ਰੰਗ ਬਿਰੰਗੇ ਪੈਨੱ, ਪੈਨਸਿਲਾਂ ਨਾਲ ਸਜਾ ਸਜਾ ਕੇ ਲਿਖਦੀ ! ਪਾਪਾ ਵੀ ਨਿੱਕੀਆਂ ਨਿੱਕੀਆਂ ਜਿਹੀਆਂ ਗੱਲਾਂ 'ਚ ਜਵਾਬ ਦਿੰਦੇ ! ਅਕਸਰ ਚੰਗੀਆਂ ਕਿਤਾਬਾਂ ਪੜਣ, ਵੀਰ ਨੂੰ ਵੀ ਪੜਾਉਣ, ਵੱਡਿਆਂ ਦਾ ਖ਼ਿਆਲ ਰੱਖਣ ਤੇ ਸਭ ਦੀਆਂ ਸ਼ਿਕਾਇਤਾਂ ਲਗਾਉਣ ਦੀ ਹੱਲਾਸ਼ੇਰੀ ਦਿੰਦੇ! ਮੇਰੇ ਚਾਚਾ ਜੀ ਵੀ ਹਮੇਸ਼ਾ ਖ਼ਤ ਲਿਖਦੇ , ਇੱਥੋਂ ਤੱਕ ਕਿ ਇੱਕ ਚਾਚਾ ਜੀ ਕਲਕੱਤੇ ਰਹਿੰਦੇ ਸਨ, ਉਹ ਵੀ ਹਮੇਸ਼ਾ ਕਿਸੇ ਤੋਂ ਖ਼ਤ ਲਿਖਵਾ ਕੇ ਪੋਸਟ ਕਰਦੇ, ਕਿਉਂਕਿ ਉਹ ਆਪ ਪੜ੍ਹੇ ਨਹੀਂ ਸਨ। 
ਫੇਰ ਪਾਪਾ ਜਦੋਂ ਵਾਪਿਸ ਆ ਗਏ ਤਾਂ ਚਿੱਠੀਆਂ ਵਾਲਾ ਸਿਲਸਿਲਾ ਕੁਝ ਵਕ਼ਤ ਲਈ ਰੁਕ ਗਿਆ । ਫੇਰ ਜਦੋਂ ਮੈਂ ਵੱਡੀ ਹੋ ਗਈ ਤਾਂ ਮੈਂ ਉਹਨਾਂ ਲੋਕਾਂ ਲਈ ਚਿੱਠੀਆਂ ਲਿਖ ਕੇ ਸਾਂਭਣੀਆਂ ਸ਼ੁਰੂ ਕਰ ਦਿੱਤੀਆਂ, ਜੋ ਕਿਸੇ ਵੇਲੇ ਬਹੁਤ ਨਜ਼ਦੀਕੀ ਰਹੇ ਸਨ ਤੇ ਫੇਰ ਅਚਾਨਕ ਦੂਰ ਹੋ ਗਏ, ਇਹਨਾਂ ਵਿੱਚ ਜ਼ਿਆਦਾਤਰ ਮੇਰੇ ਅਧਿਆਪਕ ਸ਼ਾਮਿਲ ਸਨ।
ਕੁਝ ਉਹਨਾਂ ਲੋਕਾਂ ਲਈ ਜਿਨ੍ਹਾਂ ਨੂੰ ਮੈਂ ਕਦੇ ਮਿਲੀ ਵੀ ਨਹੀਂ,ਪਰ ਉਹਨਾਂ ਤੋਂ ਪ੍ਰਭਵਿਤ ਸੀ।
ਤੇ ਕੁਝ ਚਿੱਠੀਆਂ ਮੇਰੇ ਆਪਣੇ ਆਪ ਲਈ ਵੀ ਨੇ , ਜਿੰਨ੍ਹਾਂ 'ਤੇ ਉਹਨਾਂ ਨੂੰ ਖੋਲ੍ਹ ਕੇ ਪੜਣ ਦੀ ਤਾਰੀਕ ਲਿਖੀ ਹੁੰਦੀ ਹੈ।
ਕੁਝ ਮੇਰੇ ਅਗਲੇਰੀ ਜ਼ਿੰਦਗੀ 'ਚ ਆਉਣ ਵਾਲੇ ਆਪਣਿਆਂ ਲਈ ਵੀ ਨੇ !
ਫੇਰ ਮੈਂ ਅਮਰੀਕਾ ਗਈ ਤਾਂ ਉੱਥੋਂ ਮੈਂ ਆਪਣੇ ਇੱਕ ਦੋਸਤ ਹੈਪੀ ਨਾਲ ਖ਼ਤ ਵਾਰਤਾ ਜਾਰੀ ਰੱਖੀ ! ਹੈਪੀ ਦੇ ਦੋ ਖ਼ਤ ਮੇਰੀ ਜ਼ਿੰਦਗੀ ਦੇ ਸਭ ਤੋਂ ਪਿਆਰੇ ਤੇ ਖੂਬਸੂਰਤ ਖ਼ਤ ਨੇ।
ਪਾਪਾ ਨੂੰ ਵੀ ਮੈਂ ਲਗਾਤਾਰ ਲਿਖਦੀ ਰਹੀ, ਬੇਸ਼ਕ ਪਾਪਾ ਨੇ ਸਿਰਫ਼ ਦੋ ਹੀ ਵਾਰ ਜਵਾਬ ਦਿੱਤਾ, ਪਰ ਉਹ ਫੋਨ 'ਤੇ ਹਮੇਸ਼ਾ ਦੱਸਦੇ ਕਿ ਤੇਰੀ ਚਿੱਠੀ ਸੁਣਨ ਸਾਰੀ ਵੀਹੀ (ਗਲੀ) ਦੇ ਲੋਕ ਇਕੱਠੇ ਹੋ ਜਾਂਦੇ ਨੇ । ਤੇ ਮੈਨੂੰ ਹਰ ਵਾਰ ਸਭ ਦਾ ਨਾਮ ਲਿਖ ਕੇ ਤਕੀਆ ਕਲਾਮ ਕਰਨ ਲਈ ਕਹਿੰਦੇ । ਮੈਂ ਹਰ ਵਾਰ ਕਿਸੇ ਇੱਕ ਦੋ ਦਾ ਨਾਮ ਭੁੱਲ ਜਾਂਦੀ ਤਾਂ ਮਿੱਠੀ ਜਿਹੀ ਡਾਂਟ ਤੇ ਤਾਅਨਾ ਫੋਨ 'ਤੇ ਸੁਣਨ ਨੂੰ ਮਿਲ ਜਾਂਦਾ। ਬੜਾ ਵਧੀਆ ਲੱਗਦਾ ਇਹ ਸਭ !
ਮੈਂ ਅਜੇ ਵੀ ਖ਼ਤ ਲਿਖਦੀ ਹਾਂ , ਮੇਰੇ ਤੋਂ ਜਦੋਂ ਕੋਈ ਗੱਲ ਬੋਲ ਕੇ ਨਹੀਂ ਕਹਿ ਹੁੰਦੀ ਤਾਂ ਫੇਰ ਚੁਪਕੇ ਜਿਹੇ ਇੱਕ ਕਾਗਜ਼ ਦੇ ਹੱਥੀਂ ਸੁਨੇਹਾ ਭੇਜ ਕੇ ਆਪ ਸੁਰਖੁਰੂ ਹੋ ਜਾਂਦੀ ਹਾਂ ! ਮੇਰੇ ਕਈ ਖ਼ਤ ਮੇਰੀ ਮਾਂ ਤੇ ਨਿੱਕੀ ਭੈਣ ਦੇ ਨਾਮ ਵੀ ਨੇ, ਜੋ ਉਹਨਾਂ ਨੂੰ ਕਦੇ ਦਿਖਾਏ ਈ ਨਹੀਂ।
ਕੁਝ ਖ਼ਤ ਪਾਪਾ ਦੇ ਨੇ ,ਜਿਹੜੇ ਸਦੀਵੀਂ ਅਸੀਸ ਬਣ ਗਏ ।
ਕੁਝ ਖ਼ਤ ਦੋਸਤਾਂ ਦੇ ਨੇ , ਜਿੰਨ੍ਹਾਂ ਸਦਕਾ ਦਿਲਾਂ ਤੇ ਰੂਹਾਂ ਦੀ ਸਾਂਝ ਹਰ ਵਾਰ ਨਵੀਂ ਪੌੜੀ ਚੜ੍ਹਦੀ ਗਈ।
ਕੁਝ ਮੇਰੇ ਆਪਣੇ ਆਪ ਨੂੰ ਲਿਖੇ ਨੇ ,ਜੋ ਆਪਣੇ ਆਪ ਨਾਲ ਕੀਤੇ ਵਾਅਦਿਆਂ ਦੀ ਤਰਜ਼ਮਾਨੀ ਕਰਦੇ ਨੇ , ਤੇ ਮੈਨੂੰ ਖ਼ੁਦ ਨੂੰ ਹੀ ਇੱਕ ਨਿਸ਼ਚਿਤ ਅਰਸੇ ਪਿਛੋਂ ਨਿਰਧਾਰਿਤ ਕਸਵੱਟੀ 'ਤੇ ਪਰਖਦੇ ਨੇ।
ਤੇ ਬੇਹੱਦ ਖੂਬਸੂਰਤ ਅਹਿਸਾਸਾਂ ਦਾ ਰੂਪ ਕੁਝ ਮੇਰੇ ਕਈ ਖ਼ਤ ਮੇਰੀ ਮੁਹੱਬਤ ਦੇ ਨਾਂਵੇਂ ਵੀ ਨੇ , ਜੋ ਅਕਸਰ ਕਵਿਤਾ ਬਣ ਗਏ।
ਮੇਰੀ ਨਿੱਕੀ ਭੈਣ ਮੇਰੀ ਤਰ੍ਹਾਂ ਹੀ ਹੁਣ ਮੇਰੇ ਲਈ ਜਾਂ ਮੇਰੇ ਕੁਝ ਦੋਸਤਾਂ ਲਈ ਪਰਚੀਆਂ ਜਿਹੀਆਂ ਲਿਖਦੀ ਰਹਿੰਦੀ ਹੈ, ਪਰ ਉਸ ਵਿੱਚ ਚਿੱਠੀ ਵਰਗੀ ਰੰਗਤ ਨਹੀਂ ਹੁੰਦੀ। ਇਹ ਕਿਤੇ ਨਾ ਕਿਤੇ ਮੈਨੂੰ ਚਿੱਠੀਆਂ ਵਾਲੇ ਕਲਚਰ ਦੇ ਖ਼ਤਮ ਹੋਣ ਦੀ ਨਿਸ਼ਾਨੀ ਲੱਗਦੀ ਹੈ , ਕਿਉਂਕਿ ਇੱਕ ਆਮ ਨੋਟ ਲਿਖਣ ਤੇ ਖ਼ਤ ਲਿਖਣ ਵਿੱਚ ਇੱਕ ਖ਼ਾਸ ਫ਼ਰਕ ਹੁੰਦਾ ਹੈ। 
ਇੱਕ ਆਪਣੀ ਹੀ ਤਹਿਜ਼ੀਬ ਹੁੰਦੀ ਸੀ ਖ਼ਤ ਲਿਖਣ ਦੀ ਵੀ ! ਉੱਪਰ ਸਤਿਗੁਰ ਤੇਰੀ ਓਟ ! ਸਤਿਨਾਮ ਵਾਹਿਗੁਰੂ ਜਾਂ ਕੁਝ ਹੋਰ ਲਿਖ ਕੇ ਸ਼ੁਰੂ ਕਰਨਾ ਵੀ ਵੱਡੇ ਸਿਖਾਉਂਦੇ ਸਨ, ਲਿਖਤੁਮ ...... ਅੱਗੇ ਮਿਲੇ ਪਿਆਰੇ ....... ਪਿਆਰ ਭਰੀ ਸਤਿ ਸ੍ਰੀ ਅਕਾਲ! ਏਥੇ ਸਭ ਸੁੱਖਸਾਂਦ ਹੈ , ਅੱਗੇ ਆਪ ਜੀ ਦੀ ਪਰਮਾਤਮਾ ਪਾਸੋਂ ਭਲੀ ਚਾਹੁੰਦੇ ਹਾਂ ! ਅੱਗੇ ਸਮਾਚਾਰ ਇਹ ਹੈ ਕਿ ......
ਤੇ ਫੇਰ ਕਿਵੇਂ ਕਿਵੇਂ ਪੈਰ੍ਹੇ ਬਦਲਣੇ, ਇਹ ਵੀ ਸਿਖਾਇਆ ਜਾਂਦਾ !!
ਤੇ ਫੇਰ ਜਦੋਂ ਪੇਪਰ ਖ਼ਤਮ ਹੋਣ ਵਾਲਾ ਹੁੰਦਾ ਤਾਂ ਕੋਈ ਵੱਡੀ ਸਾਰੀ ਗੱਲ ਯਾਦ ਆ ਜਾਂਦੀ ! ਫੇਰ ਕਿਵੇਂ ਕੰਨੀਆਂ 'ਤੇ ਟੇਢ਼ਾ ਪੁੱਠਾ ਕਰ ਕਰ ਲਿਖਣਾ !! ਤੇ ਕਈ ਵਾਰ ਉਹ ਸਾਈਡਾਂ 'ਤੇ ਲਿਖਿਆ ਗੂੰਦ ਨਾਲ ਚਿਪਕ ਕੇ ਖ਼ਰਾਬ ਵੀ ਹੋ ਜਾਂਦਾ !!
ਤੇ ਫੇਰ ਚਿਪਕਾ ਕੇ ਬਾਹਰ ਟੇਡੀਆਂ ਲਾਈਨਾਂ ਮਾਰ ਦੇਣੀਆਂ, ਤਾਂ ਕਿ ਅਗਰ ਕੋਈ ਖੋਲੇਗਾ ਤਾਂ ਪਤਾ ਲੱਗ ਜਾਏਗਾ !! ਕਿੰਨੀਆਂ ਨਿੱਕੀਆਂ ਨਿੱਕੀਆਂ ਗੱਲਾਂ ਦਾ ਖ਼ਿਆਲ ਰੱਖਿਆ ਜਾਂਦਾ ਸੀ ।
ਇੱਕ ਵਾਰ ਮੈਂ ਆਪਣੇ ਇੱਕ ਦੋਸਤ ਨੂੰ ਖ਼ਤ ਲਿਖ ਕੇ ਬੰਦ ਕਰਕੇ ਰੱਖ ਦਿੱਤਾ ਤੇ ਕਿੰਨੇ ਹੀ ਦਿਨ ਪੋਸਟ ਨਾ ਕਰ ਸਕੀ। ਜਦੋਂ ਕਿੰਨੇ ਹੀ ਦਿਨਾਂ ਬਾਅਦ ਕਰਨ ਲਈ ਚੁੱਕਿਆ ਤਾਂ ਕੁਝ ਹੋਰ ਗੱਲਾਂ ਯਾਦ ਆ ਗਈਆਂ , ਹੁਣ ਇੱਕ ਹੋਰ ਖ਼ਤ ਉਸੇ ਵਕ਼ਤ ਲਿਖਣਾ ਮੁਮਕਿਨ ਨਹੀਂ ਸੀ, ਸੋ ਮੈਂ ਲਿਫ਼ਾਫ਼ੇ ਦੇ ਬਾਹਰ ਉਲਟੇ ਪਾਸੇ ਲਿਖਣਾ ਸ਼ੁਰੂ ਕਰ ਦਿੱਤਾ। ਉਹ ਮੈਨੂੰ ਬੜਾ ਜਿਹਾ ਤੇ ਸੋਹਣਾ ਜਾਪਿਆ, ਮੈਂ ਐਡਰੈੱਸ ਵਾਲਾ ਪਾਸਾ ਛੱਡ ਕੇ ਦੂਜਾ ਸਾਰਾ ਪਾਸਾ ਟੇਢਾ ਮੇਡਾ ਲਿਖ ਕੇ ਭਰ ਦਿੱਤਾ , ਫੇਰ ਮੈਨੂੰ ਆਪ ਨੂੰ ਬੜਾ ਅਜੀਬ ਜਿਹਾ ਲੱਗੀ ਜਾਵੇ ਕਿ ਭਲਾ ਡਾਕੀਆ ਕੀ ਸੋਚਦਾ ਹੋਊ ! ਤੇ ਇਹ ਵੀ ਪੱਕਾ ਪਤਾ ਸੀ ਕਿ ਜਿਸ ਦੇ ਵੀ ਹੱਥ ਵਿੱਚ ਇਹ ਚਿੱਠੀ ਜਾਵੇਗੀ,ਜੇ ਉਸਨੂੰ ਪੰਜਾਬੀ ਆਉਂਦੀ ਹੋਈ ਤਾਂ ਜ਼ਰੂਰ ਪੜੇਗਾ।
ਜਿਵੇਂ ਕਿ ਮੈਂ ਪਾਪਾ ਨੂੰ ਚਿੱਠੀਆਂ ਲਿਖਣ ਦਾ ਜ਼ਿਕਰ ਕੀਤਾ, ਪਾਪਾ ਦੀਆਂ ਉਸ ਵਕ਼ਤ ਜ਼ਿਆਦਾਤਰ ਦੋ ਜਾਂ ਤਿੰਨ ਚਿੱਠੀਆਂ ਆਉਂਦੀਆਂ , ਇੱਕ ਪੂਰੇ ਪਰਿਵਾਰ ਲਈ , ਦੂਜੀ ਮੇਰੇ ਤੇ ਮੇਰੇ ਵੀਰ ਰਣਧੀਰ ਲਈ ਤੇ ਤੀਸਰੀ ਮੇਰੀ ਮੰਮੀ ਲਈ। ਜਦੋਂ ਵੀ ਡਾਕੀਆ ਆਉਂਦਾ ਤਾਂ ਦਾਦਾ ਜੀ ਚਿੱਠੀਆਂ ਫੜਕੇ ਲਿਆਉਂਦੇ ਤੇ ਸਭ ਨੂੰ ਆਪਣੀ ਆਪਣੀ ਚਿੱਠੀ ਮਿਲ ਜਾਂਦੀ। ਘਰ ਵਿੱਚ ਏਦਾਂ ਰੌਣਕ ਲੱਗ ਜਾਂਦੀ ਜਿਵੇਂ ਕੋਈ ਪ੍ਰਾਹੁਣਾ ਆਇਆ ਹੋਵੇ , ਵਿਹੜੇ ਵਿੱਚ ਆਂਢੀਆਂ ਗੁਆਂਡੀਆਂ ਦੇ ਆਉਣ ਤੋਂ ਪਹਿਲਾਂ ਹੀ ਮੰਜੇ ਡਾਹ ਦਿੱਤੇ ਜਾਂਦੇ। ਮੈਂ ਜ਼ਿਆਦਾਤਰ ਪੂਰੇ ਪਰਿਵਾਰ ਵਾਲੀ ਚਿੱਠੀ ਪਹਿਲਾਂ ਪੜਦੀ, ਸਭ ਬੜੀ ਉਤਸੁਕਤਾ ਨਾਲ ਚਿੱਠੀ ਦੀ ਇੱਕ ਇੱਕ ਲਾਈਨ ਸੁਣਦੇ। ਕਦੇ ਆਰਾਮ ਨਾਲ , ਕਦੇ ਉੱਚੀ ਪੜ੍ਹਣ ਤੇ ਕਦੇ ਕਦੇ ਕੋਈ ਲਾਈਨ ਦੁਹਰਾਉਣ ਦੀਆਂ ਹਦਾਇਤਾਂ ਮਿਲਦੀਆਂ। ਮੈਨੂੰ ਚਿੱਠੀ ਪੜ੍ਹਦਿਆਂ ਕਈ ਵਾਰ ਸਿਸਕੀਆਂ , ਹਉਕਿਆਂ ਜਾਂ ਨੱਕ ਸੁਣਕਣ ਵਰਗੀਆਂ ਅਵਾਜ਼ਾਂ ਵੀ ਸੁਣਦੀਆਂ। ਮੈਂ ਚਿੱਠੀ ਪੜ੍ਹਣੀ ਛੱਡ ਕੇ ਜਿਧਰੋਂ ਆਵਾਜ਼ ਆਈ ਹੁੰਦੀ,ਉਧਰ ਦੇਖਣਾ ਸ਼ੁਰੂ ਕਰ ਦਿੰਦੀ ਕਿ ਰੋ ਕੌਣ ਰਿਹਾ !! ਮੇਰੀ ਦਾਦੀ ਹਰ ਵਾਰ ਰੋਂਦੀ । 
ਦਾਦਾ ਜੀ ਜਾਂ ਕੋਈ ਹੋਰ ਵੱਡਾ ਅੱਗੇ ਪੜ੍ਹਣ ਦੀ ਤਾਕੀਦ ਕਰਦੇ। ਜਿੰਨੀ ਦੇਰ ਚਿੱਠੀ ਪੜ੍ਹਕੇ ਸੁਣਾਈ ਜਾਂਦੀ, ਮੰਮੀ ਸਭ ਲਈ ਉਦੋਂ ਤੱਕ ਚਾਹ ਪਾਣੀ ਦਾ ਇੰਤਜ਼ਾਮ ਕਰਦੇ , ਚਿੱਠੀ ਖ਼ਤਮ ਹੋਣ ਤੋਂ ਬਾਅਦ ਚਾਹ ਵਰਤਾਈ ਜਾਂਦੀ ਤੇ ਅਕਸਰ ਸਾਰੇ ਚਿੱਠੀ ਚਿੱਠੀ ਲਿਖਣ ਵਾਲੇ ਦੀ ਕਾਮਯਾਬੀ ਤੇ ਸਿਹਤਯਾਬੀ ਲਈ ਦੁਆਵਾਂ ਦਿੰਦੇ। 
ਕਈ ਵਾਰ ਸਭ ਦੇ ਜਾਣ ਮਗਰੋਂ ਮੈਨੂੰ ਡਾਂਟ ਵੀ ਪੈ ਜਾਂਦੀ ,ਕਿਉਂਕਿ ਮੈਂ ਘਰ ਦੀਆਂ ਨਿੱਜੀ ਗੱਲਾਂ ਵੀ ਸਭ ਦੇ ਸਾਹਮਣੇ ਪੜ੍ਹ ਦਿੰਦੀ ਸੀ। ਮੈਨੂੰ ਕਿਹਾ ਜਾਂਦਾ ਸੀ ਕਿ ਇਸੇ ਲਈ ਕਿਹਾ ਜਾਂਦੈ ਕਿ ਸਭ ਦੇ ਸਾਹਮਣੇ ਚਿੱਠੀ ਘਰ ਦਾ ਕੋਈ ਵੱਡਾ ਮੈਂਬਰ ਪੜੇਗਾ, ਪਰ ਆਪਾਂ ਬਾਜ਼ ਆਉਣ ਵਾਲਿਆਂ 'ਚੋਂ ਕਿੱਥੇ ਸੀ!!
ਇੱਕ ਮੇਰੇ ਬਚਪਨ ਦੀ ਚਿੱਠੀਆਂ ਨਾਲ ਜੁੜੀ ਅਜਿਹੀ ਘਟਨਾ ਵੀ ਹੈ ਜਿਸ ਬਾਰੇ ਸੋਚ ਕੇ ਮੈਨੂੰ ਅੱਜ ਵੀ ਸ਼ਰਮ ਜਿਹੀ ਆ ਜਾਂਦੀ ਹੈ। ਇੱਕ ਵਾਰ ਪਤਾ ਨਹੀਂ ਕਿਵੇਂ ਤੇ ਕਿੱਥੋਂ ਮੇਰੇ ਸ਼ੈਤਾਨੀ ਦਿਮਾਗ ਵਿੱਚ ਇਹ ਗੱਲ ਆ ਗਈ ਕਿ ਪੂਰੇ ਪਰਿਵਾਰ ਵਾਲੀ ਚਿੱਠੀ ਮੈਂ ਸਭ ਨੂੰ ਪੜਕੇ ਸੁਣਾਉਂਦੀ ਹਾਂ , ਮੇਰੇ ਵਾਲੀ ਚਿੱਠੀ ਵੀ ਮੈਂ ਪੜਦੀ ਹਾਂ, ਫੇਰ ਮੰਮੀ ਵਾਲੀ ਚਿੱਠੀ ਮੈਂ ਜਾਂ ਕੋਈ ਹੋਰ ਕਿਉਂ ਨਹੀਂ ਪੜ ਸਕਦਾ ! ਜਦੋਂ ਅਗਲੀ ਵਾਰ ਚਿੱਠੀਆਂ ਆਈਆਂ ਤਾਂ ਮੰਮੀ ਦੇ ਹੱਥ ਵਿੱਚ ਉਹ ਚਿੱਠੀ ਜਾਣ ਤੋਂ ਪਹਿਲਾਂ ਹੀ ਮੇਰਾ ਰੋਣਾ ਧੋਣਾ ਸ਼ੁਰੂ ਹੋ ਗਿਆ,ਕਿ ਮੈਂ ਤਾਂ ਪਹਿਲਾਂ ਮੰਮੀ ਵਾਲੀ ਚਿੱਠੀ ਪੜਣੀ ਐ। ਮੈਨੂੰ 3-4 ਘੰਟੇ ਸਮਝਾਉਣ , ਵਰਾਉਣ ਦੀ ਕੋਸ਼ਿਸ਼ ਕੀਤੀ ਗਈ ਜੋ ਕਿ ਨਾਕਾਮਯਾਬ ਰਹੀ , ਮੈਂ ਲਗਾਤਾਰ ਰੋਂਦੀ ਰਹੀ ,ਸਿਰੇ ਦੀ ਜ਼ਿੱਦੀ ਸੀ। ਸੋ ਚਿੱਠੀ ਪੜਾ ਕੇ ਹੀ ਖਹਿੜਾ ਛੁੱਟਿਆ। ਪਰ ਫੇਰ ਮੈਨੂੰ ਲੱਗਿਆ ਕਿ ਇਹਦੇ ਵਿੱਚ ਵੀ ਤਾਂ ਸਾਡੇ ਦੋਹਾਂ ਭੈਣ ਭਰਾ ਬਾਰੇ ਹੀ ਜ਼ਿਆਦਾ ਲਿਖਿਆ ਹੈ , ਤੇ ਮੈਂ ਆਪਣੇ ਵਾਲੀ ਚਿੱਠੀ ਮੰਮੀ ਵਾਲੀ ਚਿੱਠੀ ਦੇ ਮੁਕਾਬਲੇ ਜ਼ਿਆਦਾ ਦਿਲਚਸਪ ਪਾਈ ! ਫੇਰ ਅੱਗੇ ਤੋਂ ਮੈਂ ਕਦੇ ਵੀ ਮੈਂ ਮੰਮੀ ਵਾਲੀ ਚਿੱਠੀ ਪੜਨ ਦੀ ਜ਼ਿਦ ਨਾ ਕੀਤੀ।
ਇੱਕ ਵਾਰ ਮੈਂ ਕਮਲੀ ਨੇ ਪਾਪਾ ਨੂੰ ਲਾਲ ਪੈਨੱ ਨਾਲ ਚਿੱਠੀ ਲਿਖ ਦਿੱਤੀ , ਫੇਰ ਜਵਾਬ 'ਚ ਪਾਪਾ ਦੀ ਚਿੱਠੀ 'ਚ ਮੈਨੂੰ ਦੱਸਿਆ ਗਿਆ ਸੀ ਕਿ ਖ਼ੁਸ਼ੀ ਦਾ ਖ਼ਤ ਲਾਲ ਪੈਨੱ ਨਾਲ ਨਹੀਂ ਲਿਖਦੇ ! ਪਤਾ ਨਹੀਂ ਸ਼ਾਇਦ ਇਹ ਵੀ ਕੋਈ ਨਿਯਮ ਨੀਤੀ ਹੋਊ ਭਾਈ!! ਪਰ ਮੈਂ ਕਈ ਵਰ੍ਹੇ ਪਾਪਾ ਤੋਂ ਪੁੱਛਦੀ ਰਹੀ ਕਿ ਵਿਆਹ ਵੇਲੇ ਵੀ ਤਾਂ ਲਾਲ ਰੰਗ ਨਾਲ ਛਪੇ ਕਾਰਡ ਹੁੰਦੇ ਨੇ !! ਲਾਲ!! ਉਹ ਤਾਂ ਸ਼ਗਨਾਂ ਦਾ ਰੰਗ ਹੈ ਨਾ !! ਪਰ ਕੋਈ ਜਵਾਬ ਜਿਹਾ ਹੀ ਨਹੀਂ ਮਿਲਿਆ ਕਦੇ !!
ਫੇਰ ਵੱਡੀ ਹੋ ਕੇ ਆਪਣੇ ਆਪ ਗਰੀਟਿੰਗ ਕਾਰਡ ਬਨਾਉਣ ਦਾ ਸ਼ੌਕ ਪੈ ਗਿਆ , ਬਹੁਤ ਬਣਾਏ ਤੇ ਚਿੱਠੀਆਂ ਲਿਖਣ ਦਾ ਸਿਲਸਿਲਾ ਜਾਰੀ ਰਿਹਾ।
ਅਜੇ ਵੀ ਲਿਖਦੀ ਹਾਂ ਪਰ ਜ਼ਿਆਦਾਤਰ ਆਪਣੇ ਆਪ ਨੂੰ ਜਾਂ ਆਪਣੀ ਡਾਇਰੀ ਵਿੱਚ। ਪਰ ਪਹਿਲਾਂ ਵਾਲੀ ਚਿੱਠੀਆਂ ਵਾਲੀ ਤਹਿਜ਼ੀਬ ਹੁਣ ਗਾਇਬ ਹੈ, ਕਿਸੇ ਨੂੰ ਲਿਖੋ ਵੀ ਤਾਂ ਜਵਾਬ ਨਹੀਂ ਮਿਲਦਾ! ਅਕਸਰ ਜਵਾਬ ਮਿਲੇਗਾ ਕਿ ਚਿੱਠੀ ਲਿਖਣੀ ਨਹੀਂ ਆਉਂਦੀ ! ਮੇਰਾ ਦਿਲ ਕਰਦਾ ਹੈ ਕਿ ਦੱਸਾਂ 'ਚਿੱਠੀ ਲਿਖਣ ਆਉਣ' ਵਰਗਾ ਕੁਝ ਨਹੀਂ ਹੁੰਦਾ, ਦਿਲ ਤੋਂ ਨਿੱਕਲੇ ਲਫਜ਼ਾਂ ਤੇ ਬਨਾਉਟੀ ਘੜੇ ਹੋਏ ਜਜ਼ਬਾਤਾਂ ਦਾ ਤਾਂ ਸ਼ਬਦਾਂ ਦੀ ਬਣਤਰ ਦੇਖ ਕੇ ਹੀ ਅੰਦਾਜ਼ਾ ਲੱਗ ਜਾਂਦਾ ਹੈ। ਲਿਖਣਾ ਸ਼ੁਰੂ ਤਾਂ ਕਰੋ , ਚਿੱਠੀ ਆਪ ਹੀ ਤੁਹਾਡੀ ਉਂਗਲੀ ਫੜਕੇ ਸੋਚਾਂ ,ਸ਼ਬਦਾਂ ਦੇ ਉਸ ਖੂਬਸੂਰਤ ਰਸਤੇ 'ਤੇ ਲੈ ਜਾਂਦੀ ਹਾਂ ,ਜਿੱਥੇ ਤੁਹਾਨੂੰ ਲਿਖਣ ਲਈ ਕੋਈ ਖ਼ਾਸ ਘਾਲਣਾ ਨਹੀਂ ਘਾਲਣੀ ਪੈਂਦੀ। ਪਰ ਫੇਰ ਲੱਗਦਾ ਹੈ ਸ਼ਾਇਦ ਮੈਂ ਹੀ ਜ਼ਿਆਦਾ ਪੁਰਾਣੇ ਖ਼ਿਆਲਾਂ ਦੀ(ਓਲਡ ਫੈਸ਼ਨਡ ) ਹਾਂ ! ਅੱਜਕਲ ਦੇ ਪੜਿਆਂ ਲਿਖਿਆਂ ਵਿੱਚ ਤਾਂ ਵਧ ਤੋਂ ਵਧ ਕਿਤਾਬ ਕਿਤਾਬ ਦੇ ਮੂਹਰੇ ਇੱਕ ਨੋਟ ਲਿਖਣ ਤੱਕ ਦਾ ਰੁਝਾਣ ਬਚਿਆ ਹੈ ਬਸ ! ਉਹ ਵੀ ਹੁਣ ਈ- ਪੈਡਜ਼ ਤੇ ਸਟਿੱਕੀ ਨੋਟਸ ਤੱਕ ਹੀ ਸਿਮਟਦਾ ਨਜ਼ਰ ਆਉਂਦਾ ਹੈ। ਅੱਜਕਲ ਅਗਰ ਕਿਸੇ ਦੂਰ ਬੈਠੇ ਦੀ ਬਹੁਤ ਜ਼ਿਆਦਾ ਯਾਦ ਆਉਂਦੀ ਹੋਵੇ ਤਾਂ ਅਸੀਂ ਇੱਕ ਮਿੰਟ ਵਿੱਚ ਐਸ. ਐਮ. ਐਸ. ਜਾਂ ਫੋਨ ਕਰਕੇ ਬੋਲ ਕੇ ਆਪਣੀਆਂ ਭਾਵਨਾਵਾਂ ਵਿਅਕਤ ਕਰ ਦਿੰਦੇ ਹਾਂ। ਸੋਚੋ, ਓਹੀ ਗੱਲ, ਖ਼ਿਆਲਾਂ ਦੀ ਉਹੀ ਖ਼ਾਸ ਉਡਾਰੀ ਜੇ ਕਿਤੇ ਇੱਕ ਕਾਗਜ਼ ਦੀ ਬੁੱਕਲ 'ਚ ਹਮੇਸ਼ਾ ਲਈ ਸਾਂਭ ਲਈ ਜਾਵੇ ਤਾਂ ਉਹ ਪਲ ਜਾਂ ਗੱਲ ਵਰ੍ਹਿਆਂ ਤੱਕ ਸੋਹਣੀ ਯਾਦ ਬਣੀ ਰਹਿ ਸਕਦੀ ਹੈ। 
ਪਰ ਚਾਹੇ ਸੌ ਵਾਰ ਫੋਨ 'ਤੇ ਗੱਲ ਕਰੋ ਜਾਂ ਸੌ ਕੋਹ ਚੱਲ ਕੇ ਮਿਲ ਆਓ ਪਰ ਖ਼ਤ ਦੀ ਕੋਈ ਰੀਸ ਨਹੀਂ ! ਹਮੇਸ਼ਾ ਦਾਦੀ ਦੀ ਬਾਤ ਵਰਗੇ ਪੁਰਾਣੇ ਪਰ ਤਾਜ਼ਾ ਤੇ ਨਵੇਂ ਨਕੋਰ ਲੱਗਦੇ ਨੇ, ਸਿਰਹਾਣੇ ਪਏ ਖ਼ਤ ਦਾ ਜਿਵੇਂ ਮਾਂ ਦੀ ਗੋਦ ਵਰਗਾ ਆਸਰਾ ਹੁੰਦਾ ਏ!!
ਤੇ ਮੁੱਦਤਾਂ ਬੀਤ ਗਈਆਂ,ਹੁਣ ਤਾਂ ਕਿਸੇ ਦਾ ਖ਼ਤ ਵੀ ਨਹੀਂ ਆਇਆ !! 
ਹਾਂ, ਹਰ ਕਿਸੇ ਦੇ ਐਸ. ਐਮ. ਐਸ. ਜਿੰਨ੍ਹਾਂ ਨਾਲ ਕੋਈ ਸੋਹਣੀ ਯਾਦ ਜੁੜੀ ਹੋਵੇ , ਉਹ ਸਾਰੇ ਤਾਰੀਕ ਤੇ ਟਾਈਮ ਸਮੇਤ ਲਿਖ ਲਿਖ ਕੇ ਡਾਇਰੀਆਂ ਭਰਦੀ ਰਹਿੰਦੀ ਹਾਂ। ਇਹ ਵੀ ਸ਼ਾਇਦ ਲਫਜ਼ਾਂ ਨੂੰ ਸੰਭਾਲਣ ਦਾ ਹੀ ਇੱਕ ਜ਼ਰੀਆ ਹੈ ਤੇ ਹੋ ਸਕਦਾ ਹੈ ਮੇਰੇ ਖ਼ਤ ਲਿਖਣ ਜਾਂ ਵਾਰ ਵਾਰ ਪੜਣ ਦੀ ਆਦਤ ਦੀ ਪੂਰਤੀ ਦਾ ਇੱਕ ਸਾਧਨ ਵੀ !!
ਪਰ ਖ਼ਤ ਤਾਂ ਖ਼ਤ ਹੈ ! ! ਖ਼ਤ ਦਾ ਕੋਈ ਬਦਲ ਨਹੀਂ ਤੇ ਨਾ ਹੀ ਕਦੇ ਹੋਵੇਗਾ !!
- JASSI SANGHA

2 comments: