Sunday, 17 August 2014

'ਮਾਸੀ ਅਮਰੋ'

'ਮਾਸੀ ਅਮਰੋ' 
ਅਸੀਂ ਨਿੱਕੇ ਨਿੱਕੇ ਸਾਂ ਤਾਂ ਗਲੀ ਵਿੱਚ ਜਦੋਂ ਬਾਕੀ ਘਰਾਂ ਵਿੱਚ ਖੇਡਣ ਜਾਂਦੇ ਤਾਂ ਇੱਕ ਘਰ ਸਿਰਫ਼ ਅਮਰੋ ਮਾਸੀ ਦਾ ਪਤਾ ਲੈਣ ਜਾਈਦਾ ਸੀ , ਉਹ ਘਰਾਂ ਵਿੱਚੋਂ ਮੇਰੀ ਚਾਚੀ ਲੱਗਦੀ ਸੀ ! ਉਹਦੇ ਗੁਰਦੇ ਫ਼ੇਲ ਹੋ ਗਏ ਸਨ ! ਉਹਦੇ ਕੋਈ ਬੱਚਾ ਨਹੀਂ ਸੀ, ਜਦੋਂ ਮੈਂ ਦਾਦੀ ਨਾਲ ਜਾਂਦੀ ਤਾਂ ਅਕਸਰ ਉਹਨਾਂ ਦੇ ਚਿਹਰੇ 'ਤੇ ਮੁਸਕੁਰਾਹਟ ਆ ਜਾਂਦੀ ! ਉਹ ਥੋੜੀ ਦੇਰ ਹੋਰ ਰੁਕਣ ਲਈ ਕਹਿੰਦੀ ,ਮੈਂ ਤੇ ਦਾਦੀ ਆਉਂਦੇ ਆਉਂਦੇ ਕੁਝ ਦੇਰ ਹੋਰ ਬੈਠ ਜਾਂਦੇ ! ਪਰ ਜਦੋਂ ਉਹ ਦਾਦੀ ਨੂੰ ਕਹਿੰਦੀ ਕਿ ਇਹਨੂੰ ਇੱਥੇ ਛੱਡ ਜਾਓ ,ਮੇਰੇ ਕੋਲ ਖੇਡ ਲਊਗੀ ਤਾਂ ਮੈਨੂੰ ਜਿਵੇਂ ਅਚਾਨਕ ਘਬਰਾਹਟ ਹੋਣੀ ਸ਼ੁਰੂ ਹੋ ਜਾਂਦੀ ਕਿ ਮੈਂ ਇੱਥੇ ਕੀ ਖੇਡੂੰਗੀ ? ਕੀਹਦੇ ਨਾਲ ? ਮੈਂ ਛੇਤੀ ਘਰੇ ਜਾਣ ਨੂੰ ਕਹਿੰਦੀ। 
ਕਈ ਔਰਤਾਂ ਤਾਂ ਉਹਦੇ ਘਰੇ ਆਪਣੇ ਬੱਚਿਆਂ ਨੂੰ ਜਾਣ ਹੀ ਨਾ ਦਿੰਦੀਆਂ ! ਅਕਸਰ ਕਿਹਾ ਜਾਂਦਾ ਕਿ ਉਹ ਟੂਣੇ ਟਾਮਣ ਕਰ ਦਿੰਦੀ ਹੈ , ਔਂਤਰੀ ਜੋ ਸੀ ! ਕਈ ਉਸ ਦੇ ਬੱਚਾ ਨਾ ਹੋਣਾ ਉਹ ਦੇ ਕਰਮਾਂ ਨਾਲ ਜੋੜਦੇ ਤੇ ਕੁਝ ਤਾਂ ਉਸਦੀ ਇਸ ਬਿਮਾਰੀ ਨੂੰ ਵੀ ਉਹਦੇ ਕਰਮਾਂ ਦਾ ਫਲ ਦੱਸਦੇ ! ਪਰ ਮੈਨੂੰ ਮਾਸੀ ਚੰਗੀ ਲੱਗਦੀ ਸੀ ਤੇ ਮੇਰੇ ਘਰਦੇ ਮੈਨੂੰ ਰੋਕਦੇ ਵੀ ਨਹੀਂ ਸਨ! ਸਗੋਂ ਮੈਨੂੰ ਤਾਂ ਉਹਨਾਂ ਦੇ ਘਰ ਖੇਡਣ ਜਾਣ ਲਈ ਵੀ ਕਿਹਾ ਜਾਂਦਾ ਸੀ। ਪਰ ਮੈਂ ਇਕੱਲੀ ਕਦੇ ਨਾ ਗਈ !
ਮਾਸੀ ਦਿਨੋ ਦਿਨ ਕਮਜ਼ੋਰ ਹੁੰਦੀ ਗਈ। ਹਫ਼ਤੇ ਕੁ ਬਾਅਦ ਨੇਮ ਨਾਲ ਮੈਂ ਤੇ ਦਾਦੀ ਜਾਂ ਮੈਂ ਤੇ ਮੰਮੀ ਜਾਂਦੀਆਂ। ਜਿਵੇਂ ਜਿਵੇਂ ਉਹ ਕਮਜ਼ੋਰ ਹੁੰਦੀ ਗਈ , ਅਮਰੋ ਮਾਸੀ ਕੋਲ ਜਾਣ ਵਾਲੇ ਦਿਨਾਂ ਦਾ ਫ਼ਾਸਲਾ ਘਟਦਾ ਗਿਆ !
ਫਿਰ ਇੱਕ ਦਿਨ ਉਹਦੀ ਮੌਤ ਹੋ ਗਈ ... ਸਾਰਾ ਪਿੰਡ ਰੋਇਆ, ਸਾਡੇ ਘਰਦੇ ਸੰਸਕਾਰ 'ਤੇ ਗਏ ਹੋਏ ਸਨ ਤੇ ਮੈਂ ਤੇ ਵੀਰਾ ਘਰੇ ਸੀ। ਅਸੀਂ ਰੇਡੀਓ ਲਾ ਲਿਆ ਤੇ ਉੱਥੇ ਰੁੱਖ ਲਾਉਣ ਬਾਰੇ ਵਿਚਾਰ ਚਰਚਾ ਚੱਲ ਰਹੀ ਸੀ ! ਮੈਂ ਕਾਫ਼ੀ ਧਿਆਨ ਨਾਲ ਸੁਣ ਰਹੀ ਸੀ ਤਾਂ ਗੱਲਬਾਤ ਦੌਰਾਨ ਗੱਲ ਹੋਈ ਕਿ ਰੁੱਖ ਖ਼ਾਸ ਦਿਨਾਂ ਜਾਂ ਤਿਉਹਾਰਾਂ ਮੌਕੇ ਵੀ ਲਗਾਉਣੇ ਚਾਹੀਦੇ ਨੇ ! ਤੇ ਮੇਰੇ ਦਿਮਾਗ 'ਚ ਇੱਕਦਮ ਖ਼ਿਆਲ ਆਇਆ ਕਿ ਅੱਜ ਵੀ ਤਾਂ ਖ਼ਾਸ ਦਿਨ ਹੈ , ਉਦਾਸ ਹੀ ਸਹੀ ! 
ਬਰਸਾਤਾਂ ਦਾ ਮੌਸਮ ਸੀ , ਮੈਂ ਰੂੜੀਆਂ ਤੋਂ ਇੱਕ ਬੇਰੀ ਖੁੱਗ ਲਿਆਈ ਤੇ ਮੰਮੀ ਦੀ ਮੱਦਦ ਨਾਲ ਲਗਾ ਲਈ ! ਵਧੀਆ ਦੇਖਭਾਲ ਕਾਰਨ ਉਹ ਇੱਕ ਵਾਰ ਸੁੱਕ ਕੇ ਫੇਰ ਹਰੀ ਹੋ ਗਈ ! ਜਦੋਂ ਅਮਰੋ ਮਾਸੀ ਦੀ ਪਹਿਲੀ ਬਰਸੀ ਆਈ ਤਾਂ ਮੈਂ ਖ਼ੂਬ ਰੌਲਾ ਪਾਇਆ ਕਿ ਇਹ ਬੇਰੀ ਅੱਜ ਇੱਕ ਸਾਲ ਦੀ ਹੋ ਗਈ ! ਉਸ ਦਿਨ ਮੇਰੇ ਘਰਦਿਆਂ ਨੂੰ ਪਤਾ ਲੱਗਿਆ ਕਿ ਬੇਰੀ ਪਿੱਛੇ ਅਸਲੀ ਮਾਜਰਾ ਕੀ ਸੀ ! ਹੁਣ ਹਰ ਸਾਲ ਮਾਸੀ ਦੀ ਬਰਸੀ ਨੂੰ ਬੇਰੀ ਨਾਲ ਜੋੜਣ ਲੱਗੇ ! 
ਕੁਝ ਸਾਲਾਂ ਬਾਅਦ ਬੇਰੀ ਨੂੰ ਬੇਰ ਲੱਗਣ ਲੱਗ ਗਏ , ਮੋਟੇ ਮੋਟੇ ਬਹੁਤ ਮਿੱਠੇ ਬੇਰ ! ਤੇ ਹੁਣ ਉਸ ਬੇਰੀ ਨੂੰ ਬਾਰਾਂ ਮਹੀਨੇ ਚੌਵੀ ਦਿਨ ਈ ਬੇਰ ਲੱਗੇ ਰਹਿੰਦੇ ਨੇ ! ਕੋਈ ਰੁੱਤ ਕੁਰੁੱਤ ਨਹੀਂ ! ਸਾਲ 'ਚ ਦੋ ਵਾਰ ਖ਼ੂਬ ਮਿੱਠੇ ਬੇਰ ਲੱਗਦੇ ਨੇ। ਸਾਰੇ ਪਿੰਡ ਦੇ ਜੁਆਕ ਉਸ ਬੇਰੀ ਦੇ ਬੇਰ ਖਾਣ ਆਉਂਦੇ ਨੇ ! 
ਕਈ ਵਾਰ ਸਾਡਾ ਕੁੱਤਾ ਜੁਆਕਾਂ ਨੂੰ ਵੱਢਣ ਵੀ ਪੈ ਜਾਂਦਾ ਐ ਪਰ ਮੈਂ ਹਮੇਸ਼ਾ ਸ਼ਾਮ ਨੂੰ ਕੁੱਤਾ ਬੰਨ੍ਹ ਦਿੰਦੀ ਹਾਂ ਤਾਂ ਕਿ ਜੁਆਕ ਬਿਨਾਂ ਡਰ ਦੇ ਆ ਸਕਣ ! 
ਹੁਣ ਅਸੀਂ ਉਸ ਬੇਰੀ ਨੂੰ ਮਾਸੀ ਅਮਰੋ ਹੀ ਕਹੀਦਾ ਐ ਤੇ ਅਮਰੋ ਦੇ ਵਿਹੜੇ ਹੁਣ ਸ਼ਾਮ ਨੂੰ ਖ਼ੂਬ ਰੌਣਕ ਲੱਗਦੀ ਆ ! ਨਾ ਤਾਂ ਕੋਈ ਮਾਂ ਆਪਣੇ ਬੱਚੇ ਨੂੰ ਅਮਰੋ ਦੀ ਛਾਂ ਥੱਲੇ ਜਾਣ ਤੋਂ ਵਰਜਦੀ ਹੈ ਤੇ ਨਾ ਈ ਨਿਆਣੇ ਰੋਕਿਆਂ ਰੁਕਦੇ ਨੇ !
ਮੈਂ ਪਤਾ ਨੀਂ ਉਹਨਾਂ ਮਾਵਾਂ ਤੋਂ ਬਦਲਾ ਲੈ ਰਹੀ ਹਾਂ ਜੋ ਅਮਰੋ ਮਾਸੀ ਤੋਂ ਆਪਣੇ ਨਿਆਣਿਆਂ ਨੂੰ ਡਰਾਉਂਦੀਆਂ ਸਨ ਜਾਂ ਉਸ ਰੇਡੀਓ ਪ੍ਰੋਗਰਾਮ ਵਾਲੇ ਬੰਦੇ ਦਾ ਕਹਿਣਾ ਮੰਨ ਰਹੀ ਹਾਂ , ਪਰ ਮੈਨੂੰ ਲੱਗਦਾ ਹੈ ਕਿ ਅਮਰੋ ਮਾਸੀ ਸੱਚੀਂ ਕਿਤੇ ਇਹ ਸਭ ਦੇਖ ਕੇ ਹੁਣ ਹਮੇਸ਼ਾ ਹੀ ਮੁਸਕੁਰਾ ਰਹੀ ਹੈ ! ਪਰ ਜਿਵੇਂ ਬੇਰੀ ਦਾ ਹਰ ਮਿੱਠਾ ਬੇਰ ਕਹਿੰਦਾ ਹੈ ਕਿ ਅਮਰੋ ਕਦੇ ਵੀ ਔਂਤਰੀ ਨਹੀਂ ਸੀ , ਔਰਤ ਔਂਤਰੀ ਹੋ ਈ ਨਹੀਂ ਸਕਦੀ !
-Jassi Sangha

No comments:

Post a Comment