ਕਈ ਮਹੀਨਿਆਂ ਬਾਅਦ ਘਰ ਆਈ ਹਾਂ ਤੇ ਮਾਂ ਨੇ ਜਦੋਂ ਰਾਤ ਨੂੰ ਮੈਨੂੰ ਬਿਸਤਰਾ ਦਿੱਤਾ ਤਾਂ ਦਾਦੀ ਦੇ ਸੰਦੂਕ ਵਿੱਚੋਂ ਦਰੀ ਤੇ ਖੇਸ ਕੱਢ ਕੇ ਦਿੱਤਾ। ਹੁਣ ਸਾਰੇ ਘੂਕ ਸੌਂ ਚੁੱਕੇ ਨੇ,ਪਰ ਮੈਂ ਦਾਦੀ ਦੀ ਖੁਸ਼ਬੂ ਵਾਲੇ ਖੇਸ ਵਿੱਚ ਸਿਰਹਾਣੇ ਵਿੱਚ ਮੂੰਹ ਤੁੰਨੀ ਰੋ ਰਹੀ ਹਾਂ...
ਦਾਦੀ ਦਾ ਸੰਦੂਕ ਵੀ ਕਿੱਡੀ ਅਨੋਖੀ ਸ਼ੈਅ ਆ ਨਾ,ਕਿੱਡੀ ਦੌਲਤ ਸਾਂਭੀ ਬੈਠਾ ਏ... ਮੇਰੀ ਦਾਦੀ ਦੀ ਖੁਸ਼ਬੂ ਕੈਦ ਕਰੀ ਬੈਠਾ ਏ। ਜਦੋਂ ਮੇਰੀ ਦਾਦੀ ਮਾਂ ਮਰ ਗਈ ਤਾਂ ਉਹਨਾਂ ਦੀ ਬਾਂਹ 'ਚ ਨੌਂ ਦਸ ਵਰਿਆਂ ਤੋਂ ਪਾਈ ਵੰਗ ਮੈਂ ਚੋਰੀ ਚੋਰੀ ਉਤਾਰ ਲਈ ਤੇ ਰੂੰ 'ਚ ਲਪੇਟ ਕੇ ਰੱਖ ਲਈ। ਕੱਚ ਦੀ ਉਸ ਵੰਗ 'ਚੋਂ ਦਾਦੀ ਦੀ ਖੁਸ਼ਬੂ ਆਉਂਦੀ ਸੀ ,ਪਰ ਕੁਝ ਹੀ ਮਹੀਨਿਆਂ ਬਾਅਦ ਚਲੀ ਗਈ......ਸ਼ਾਇਦ ਕਿਉਂਕਿ ਮੈਂ ਸੁੰਘਦੀ ਹੀ ਰਹਿੰਦੀ ਸੀ ਵਾਰ ਵਾਰ !
..........ਤੇ ਅੱਜ ਸਾਲ ਬਾਅਦ ਫੇਰ ਉਹੀ ਜਾਣੀ ਪਹਿਚਾਣੀ ਖੁਸ਼ਬੂ … ਤੇ ਮੈਂ ਲੇਟੀ ਹੋਈ ਹਾਂ … ਉਸੇ ਖੁਸ਼ਬੂ ਨੂੰ ਉੱਪਰ ਤਾਣ ਰੱਖਿਐ…ਉਸੇ ਖੁਸ਼ਬੂ 'ਚ ਲਪੇਟੀ ਮੈਂ ਸੁੰਘੜ ਕੇ ਜਿਹੇ ਬਿਲਕੁਲ ਉਸੇ ਤਰਾਂ ਪਈ ਹਾਂ, ਜਿਵੇਂ ਦਾਦੀ ਦੇ ਢਿੱਡ ਵਿੱਚ ਗੋਡੇ ਵਾੜ ਕੇ ਸੌਂਦੀ ਹੁੰਦੀ ਸੀ ਤੇ ਉਹ ਅਕਸਰ ਕਹਿੰਦੀ ,'ਏਡੀ ਹੋ ਗਈ ਆਂ ,ਅੜੀਏ ਤੈਨੂੰ ਸੌਣਾ ਨਾ ਆਇਆ !! ਸੌਂਦੀ ਅਜੇ ਵੀ ਕੁੱਕੜੀ ਵਾਂਗੂ ਆ... ਦੇਖ ਆਂ ਕਿਵੇਂ ਕੰਨਾਂ ਨੂੰ ਗੋਡੇ ਲਾ ਕੇ ਸੌਂਦੀ ਆ !!'
ਮੈਂ ਹਮੇਸ਼ਾ ਹੀ ਦਾਦੀ ਨਾਲ ਸੁੱਤੀ ਹੋਸਟਲ ਜਾਣ ਤੱਕ ! ਮੈਂ ਕਦੇ ਵੀ ਉਹਨਾਂ ਨੂੰ ਦੂਜੇ ਪਾਸੇ ਮੂੰਹ ਨਾ ਕਰਨ ਦਿੰਦੀ। ਮੈਨੂੰ ਆਦਤ ਸੀ ਮੈਂ ਉਹਨਾਂ ਦੀ ਕੁੜਤੀ ਦਾ ਗਲਾ ਜਾਂ ਕੜਾ ਘੁੱਟ ਕੇ ਫੜਕੇ ਸੌਂਦੀ। ਉਹ ਅਕਸਰ ਕਹਿੰਦੇ ,'ਕਿਤੇ ਨੀਂ ਭੱਜਣ ਲੱਗੀ ਤੈਨੂੰ ਛੱਡ ਕੇ... ਆਹ ਕੁੜਤੀ ਛੱਡ ਦੇ ਮੇਰੀ !' ਪਰ ਮੇਰੀ ਇਹ ਆਦਤ ਕਦੇ ਨਾ ਗਈ...ਪਰ ਦਾਦੀ ਅਖ਼ਿਰ ਚਲੀ ਗਈ।
ਤੇ ਜਿਸ ਸ਼ਾਮ ਨੂੰ ਉਹ ਗਈ.. ਮੈਂ ਸਿਰਹਾਣੇ ਬੈਠੀ ਸੀ.. ਤੇ ਸਿਰਹਾਣੇ ਵੱਲ ਵੇਂਹਦੀ ਨੇ ਉਹਨੇ ਪ੍ਰਾਣ ਤਿਆਗੇ !ਚਾਚਾ ਜੀ ਉਹਨਾਂ ਦੀਆਂ ਅੱਖਾਂ ਬੰਦ ਕੀਤੀਆਂ ! ਲੱਗਿਆ ਜਿਵੇਂ ਕਿਸੇ ਨੇ ਮਜ਼ਾਕ ਕੀਤਾ ਹੋਵੇ ... ਏਦਾਂ ਕਿੱਦਾਂ ਹੋ ਸਕਦੈ ਕਿ ਉਹੀ ਹੱਡ ਮਾਸ ਦਾ ਬੰਦਾ ਫੇਰ ਦੁਬਾਰਾ ਬੋਲੇ ਚੱਲੇ ਹੀ ਨਾ !
31 ਮਾਰਚ ਦਾ ਦਿਨ ਸੀ। ਦਾਦੀ ਨੂੰ ਹੋਰ ਮੰਜੇ 'ਤੇ ਲੇਟਾ ਕੇ ਚਾਰ ਕੌਲਿਆਂ 'ਚ ਪਾਣੀ ਪਾ ਕੇ ਪਾਵੇ ਉਸ 'ਚ ਟਿਕਾ ਦਿੱਤੇ ਗਏ !ਸਾਰੇ ਰੋ ਕੇ ਥੱਕ ਹਾਰ ਗਏ ! ਸਭ ਔਰਤਾਂ ਦਾਦੀ ਦੇ ਮੰਜੇ ਦੇ ਆਸ ਪਾਸ ਤੇ ਮਰਦ ਥੋੜਾ ਹਟ ਕੇ ਬੈਠੇ ਸਨ ! ਦੋ-ਚਾਰ ਘੰਟਿਆਂ ਬਾਅਦ ਹੀ ਬਰਫ਼ ਲਿਆਉਣ ਦੀਆਂ ਗੱਲਾਂ ਹੋਣ ਲੱਗ ਪਈਆਂ ! ਮੈਨੂੰ ਬੜੀ ਹੈਰਾਨੀ ਹੋਈ ਕਿ ਇੱਕ ਸਰੀਰ ਨੂੰ ਬਰਫ 'ਚ ਰੱਖਣ ਬਾਰੇ ਕਿਵੇਂ ਸੋਚਿਆ ਜਾ ਸਕਦਾ ਹੈ ,ਜਦੋਂ ਕਿ ਜਿਉਂਦੇ ਜੀਅ ਅਸੀਂ ਬਰਫ਼ ਦਾ ਟੁਕੜਾ ਕੁਝ ਮਿੰਟ ਵੀ ਸਰੀਰ ਨਾਲ ਲਗਾ ਕੇ ਨਹੀਂ ਰੱਖ ਸਕਦੇ ! ਲੱਗਿਆ ਕਿ ਕੁਝ ਹੀ ਘੰਟਿਆਂ 'ਚ ਸਾਰੇ ਏਨੇ ਨਿਰਮੋਹੇ ਕਿਵੇਂ ਹੋ ਸਕਦੇ ਨੇ ! ਮੈਂ, ਰਣਧੀਰ (ਵੀਰਾ) ਤੇ ਪਾਪਾ ਨੇ ਬਰਫ਼ ਲਈ ਮਨਾਂ ਕਰ ਦਿੱਤਾ!
ਮੈਂ ਦਾਦੀ ਦੇ ਮੰਜੇ 'ਤੇ ਦਾਦੀ ਦੇ ਚਿਹਰੇ ਨੂੰ ਆਪਣੇ ਹੱਥਾਂ 'ਚ ਲੈ ਕੇ ਬੈਠੀ ਰਹੀ। ਕਈ ਵਾਰ ਮੈਨੂੰ ਉੱਥੋਂ ਉੱਠਣ ਲਈ ਕਿਹਾ ਗਿਆ ਪਰ ਮੈਂ ਕੁਝ ਦੇਰ ਬਾਅਦ ਫੇਰ ਆ ਜਾਂਦੀ ਜਾਂ ਅਣਸੁਣੀ ਕਰਕੇ ਬੈਠੀ ਰਹਿੰਦੀ। ਉਸੇ ਸਮੇਂ ਦੌਰਾਨ ਮੈਂ ਵੰਗ ਤੇ ਕੜਾ ਉਤਾਰ ਲਏ... ਤੇ ਉਹ ਕੜਾ ਮੈਂ ਉਸ ਦਿਨ ਤੋਂ ਬਾਅਦ ਹਮੇਸ਼ਾ ਪਾ ਕੇ ਰੱਖਦੀ ਹਾਂ...
ਦਾਦੀ ਦਾ ਚਿਹਰਾ ਕਿਵੇਂ ਲਿਸ ਲਿਸ ਕਰਦੇ ਮਾਸ ਤੋਂ ਪੱਥਰ ਬਣਿਆਂ, ਕਿਵੇਂ ਚਮੜੀ ਦਾ ਰੰਗ ਪੀਲਾ ਜ਼ਰਦ ਹੋਇਆ ,ਮੈਨੂੰ ਇੱਕ ਇੱਕ ਪਲ ਯਾਦ ਐ !
ਉਸ ਸਾਰੀ ਰਾਤ ਮੈਂ ਦਾਦੀ ਦਾ ਚਿਹਰਾ ਫੜਕੇ ਸੂਰਜ ਨੂੰ ਉਡੀਕਦੀ ਰਹੀ ਕਿ ਸ਼ਾਇਦ ਉਹਦੀ ਗਰਮੀ ਬਰਫ਼ ਵਰਗੇ ਸਰੀਰ 'ਚ ਜਾਨ ਪਾ ਦੇਵੇਗੀ ... ਕਿ ਸ਼ਾਇਦ ਉਹ ਅੱਗ ਦਾ ਗੋਲਾ ਇਸ ਬਰਫ਼ ਦੀ ਸਿੱਲ੍ਹ ਬਣੇ ਸਰੀਰ ਨੂੰ ਫਿਰ ਤੋਂ ਉਹੀ ਹੱਡ ਮਾਸ ਦਾ ਬਣਾ ਦੇਵੇਗਾ! ਮੈਨੂੰ ਲੱਗਦਾ ਰਿਹਾ ਸ਼ਾਇਦ ਦਾਦੀ ਬੋਲੂਗੀ….ਹਿੱਲੂਗੀ….ਉਦਾਂ ਹੀ ਕਹੂਗੀ ਕਿ ਤੂੰ ਵੀ ਪੈ ਜਾ ਹੁਣ !! ਮੈਨੂੰ ਓਨਾ ਚਿਰ ਨੀਂਦ ਨਹੀਂ ਆਉਂਦੀ ਜਿੰਨਾਂ ਚਿਰ ਤੂੰ ਨਾ ਨਾਲ ਸੌਂਵੇਂ ! ਪਰ ਨਹੀਂ ,ਉਸ ਪੂਰੀ ਰਾਤ ਮੈਂ ਕੋਲ ਬੈਠੀ ਰੋਂਦੀ ਰਹੀ ਤੇ ਉਹ ਘੂਕ ਸੁੱਤੀ ਰਹੀ !
ਸਵੇਰ ਤੱਕ ਮੇਰਾ ਕੁਦਰਤ ਤੋਂ ਜਿਵੇਂ ਵਿਸ਼ਵਾਸ ਉੱਠ ਗਿਆ ਸੀ ਤੇ ਜਿਵੇਂ ਦਾਦੀ ਮਾਂ ਤੋਂ ਵੀ।
ਸੂਰਜ,ਹਵਾ,ਪਾਣੀ ਸਭ ਜਾਅਲੀ ਤੇ ਝੂਠੇ ਲੱਗ ਰਹੇ ਸਨ, ਸਿਰਫ ਅੱਗ ਤੇ ਮਿੱਟੀ ਅਸਲੀ ਤੇ ਸੱਚੀ, ਜਿੰਨ੍ਹਾਂ ਨੇ ਦਾਦੀ ਨੂੰ ਸਮੋ ਲਿਆ ਆਪਣੇ ਵਿੱਚ !
ਪਰ ਅੱਜ ਮੇਰੇ ਮੰਜੇ 'ਤੇ ਦਾਦੀ ਫੇਰ ਮੇਰੇ ਨਾਲ ਪਈ ਆ,ਜਿੱਥੇ ਪਹਿਲਾਂ ਦਾਦੀ ਦੇ ਮੰਜੇ 'ਤੇ ਮੈਂ ਉਹਨਾਂ ਦੇ ਨਾਲ ਪੈਂਦੀ ਸੀ !
ਕੁਦਰਤ ਮਹਾਨ ਐ ! ਸਿਰਫ਼ ਰੰਗ ਰੂਪ ਬਦਲਦੇ ਨੇ।
ਸ਼ਾਇਦ ਬੰਦਾ ਵੀ ਤਾਂ ਹਵਾ ਵਰਗਾ ਈ ਐ ਜਾਂ ਫੇਰ ਖੁਸ਼ਬੂ ਵਰਗਾ ਤੇ ਖੁਸ਼ਬੂ ਤਾਂ ਜ਼ਿੰਦਾ ਐ ਦਾਦੀ ਦੇ ਸੰਦੂਕ 'ਚ !
ਮਤਲਬ ਦਾਦੀ ਵੀ ਜ਼ਿੰਦਾ ਐ...
ਵਾਕਿਆ ਹੀ ਕੁਦਰਤ ਮਹਾਨ ਹੈ ਤੇ ਦਾਦੀ ਵੀ।
Jassi Sangha
17 August/2013
No comments:
Post a Comment