Wednesday, 28 December 2011

ਇੱਕ ਚਿੱਠੀ ਦੋ ਜਣਿਆਂ ਦੇ ਨਾਂ..

ਤੇਰੇ ਮੇਰੇ ਪਾਕ ਰਿਸ਼ਤੇ ਨੂੰ
ਕੋਈ ਦੁਨਿਆਵੀ ਤਾਕਤ ਜਾਂ
ਅਖੌਤੀ ਸਮਾਜ ਝੁਠਲਾ
ਨਹੀਂ ਸਕਦੇ..
ਆਖਿਰ ਕਿੰਨੀਆਂ ਸਾਂਝਾਂ ਨੇ
ਸਾਡੇ 'ਚ..
ਜਜ਼ਬਾਤ ਦੀ ਸ਼ਿੱਦਤ ਦੀ..
ਉਦਾਸੀ ਦੀ ਸਿਖਰ ਦੀ ਤੇ
ਸ਼ਾਇਦ ਕਈ ਯੁੱਗਾਂ ਯੁਗਾਂਤਰਾਂ
ਤੋਂ ਰੂਹ ਦੀ ਸਾਂਝ ਵੀ ਹੈ...

ਢਲਦੇ ਸੂਰਜ ਜਿਹੀਆਂ
ਤੇਰੀਆਂ ਅੱਖਾਂ ਮੈਨੂੰ ਹਮੇਸ਼ਾ
ਤਰਾਂ ਚੜ੍ਹਦੇ ਸੂਰਜ ਦੀਆਂ
ਪਲੇਠੀਆਂ ਕਿਰਨਾਂ ਤੋਂ
ਕਿਤੇ ਜਿਆਦਾ ਪਸੰਦ ਨੇ..

ਤੇਰੀ ਕੁੜੀਆਂ ਵਰਗੀ ਸੰਗ
ਮੇਰਾ ਹੀ ਅਨਿੱਖੜਵਾਂ
ਗਹਿਣਾ ਹੈ..
ਤੇਰੀਆਂ ਝੁਕੀਆਂ ਹੋਈਆਂ
ਪਲਕਾਂ ਵੀ ਮੈਨੂੰ ਪਿਆਰ
ਦਾ ਸੁਨੇਹਾ ਦਿੰਦੀਆਂ ਨੇ..

ਮੇਰੇ ਸਾਹਮਣੇ ਹੁੰਦੀਆਂ ਤੈਥੋਂ
ਸਾਂਭੀ ਨਾ ਜਾਂਦੀ ਖੁਸ਼ੀ ਤੇਰੀ
ਚੁੱਪ ਉਜਾਗਰ ਕਰਨ
ਲੱਗ ਜਾਂਦੀ ਏ..
ਤੇਰੇ ਅੰਦਰੇ ਅੰਦਰ ਘੁੱਟੇ ਬੋਲ
ਤੇਰੇ ਕੰਬਦੇ ਹੱਥਾਂ ਦੀ
ਛੋਹ 'ਚੋਂ ਪਕੜ ਲੈਂਦੀ ਹਾਂ ਮੈਂ..

ਕੁਝ ਪਲ ਤੇਰੇ ਵਾਲਾਂ 'ਚ
ਉਂਗਲਾਂ ਫੇਰਨ ਤੋਂ ਬਾਅਦ
ਅੱਜ ਤੱਕ ਮੇਰੇ ਪੋਟਿਆਂ
ਨੇ ਓਹ ਛੋਹ ਬਚਪਨ ਦੇ
ਖਿਡਾਉਣਿਆਂ ਵਾਂਗ
ਸੰਭਾਲ ਕੇ ਰੱਖੀ ਹੈ..

ਖੁੱਲ੍ਹੇ ਅੰਬਰ ਹੇਠ
ਤਾਰਿਆਂ ਭਰੀ ਛੱਤ ਹੇਠ
ਬੈਠ ਕੇ ਗੁਜ਼ਾਰੇ ਕੁਛ
ਵਕਤ ਤੋਂ ਬਾਅਦ ਓਹ
ਕਾਲੀ ਚਾਂਦੀ ਰੰਗੇ
ਸਿਤਾਰਿਆਂ ਜੜੀ ਚੁੰਨੀ
ਅੱਜ ਤੱਕ ਮੇਰੇ ਲਿਬਾਸ
ਦਾ ਅਨਿੱਖੜਵਾਂ ਤੇ
ਅਦਿੱਖ ਹਿੱਸਾ ਹੈ...

ਤੇਰੇ ਕੁਝ ਗਿਣਵੇਂ ਚੁਣਵੇਂ
ਹੁੰਘਾਰਿਆਂ ਸਹਾਰੇ ਬਥੇਰੀ
ਵਾਰ ਮੈਂ ਇਕੱਲੀ ਬੈਠ ਕੇ
ਵੀ ਦੁੱਖ ਫੋਲ ਲੈਂਦੀ ਹਾਂ..
ਕਿੰਨੀ ਵਾਰ ਟਿਕਟਿਕੀ
ਲਗਾ ਕੇ ਮੇਰੇ ਵੱਲ
ਵੇਖਦਿਆਂ ਤੈਨੂੰ ਮੇਰੇ 'ਚੋਂ
ਆਪਾ ਲੱਭਦਿਆਂ
ਤਾੜਿਆ ਹੈ ਮੈਂ..

ਕਿੰਨੀ ਵਾਰ ਤੇਰੇ ਵਾਦਿਆਂ
ਭਰੇ ਬੋਲਾਂ,ਕਵਿਤਾਵਾਂ ਤੇ
ਸ਼ਾਂਤ ਚੇਹਰੇ ਦੁਆਰਾ
ਆਪਣੀ ਭਟਕਣ ਖਤਮ
ਕਰਨ ਦੀ ਕੋਸ਼ਿਸ਼
ਕੀਤੀ ਹੈ ਮੈਂ...

ਪਰ ਪਤੈ ਕੀ ਹੁੰਦਾ
ਹਮੇਸ਼ਾ ਤੇਰੇ ਕੋਲ
ਬਹਿਣ,ਤੈਨੂੰ ਵੇਖਣ,
ਗੱਲਾਂ ਕਰਨ ਦੀ ਤਾਂਘ
ਹੋਰ ਭਟਕਣ 'ਚ
ਪਾ ਦਿੰਦੀ ਹੈ..

ਤੇ ਕਦੇ ਕਦਾਈਂ ਤੂੰ
ਆਉਂਦਾ ਏਂ..
ਕੋਲ ਵੀ ਬਹਿੰਦਾ ਏਂ..
ਦੇਖਦੀ ਵੀ ਹਾਂ..
ਪਰ ਤੂੰ ਜ਼ਿਆਦਾ
ਬੋਲਦਾ ਹੀ ਨਹੀਂ
ਆਦਤ ਅਨੁਸਾਰ..

ਤੇ ਤੈਨੂੰ ਤਾਂ ਪਤੈ
ਤੇਰੀ ਚੁੱਪ
ਮੇਰੀ ਤਾਂਘ
ਵਧਾ ਦਿੰਦੀ ਏ..
ਤੇਰੀ ਉਦਾਸੀ

ਮੇਰੀ ਤੜਪ ਨੂੰ
ਸਿਖਰ ਛੁਹਾ
ਦਿੰਦੀ ਏ...
ਤੇ ਅਖੀਰ ਜਦੋਂ ਤੂੰ
ਜਾਣ ਲਗਦਾ ਏਂ
ਮੇਰੇ ਕੋਲੋਂ ਤਾਂ
ਮੇਰੀ ਤਾਂਘ ਤੇ ਉਦਾਸੀ
'ਤੇ ਜੋਬਨ ਛਾ ਜਾਂਦਾ ਏ...

ਤੇ ਮੇਰੀ ਭਟਕਣ ਵੀ
ਆਪਣੇ ਰਸਤੇ ਤੋਂ
ਕਿਧਰੇ ਹੋਰ ਹੀ
ਭਟਕ ਜਾਂਦੀ ਏ..!!
jassi sangha..
june24,201

No comments:

Post a Comment