Wednesday, 28 December 2011

ਦਿਲ ਦਾ ਹਾਲ

ਮੌਸਮ ਖੁਸ਼ਗਵਾਰ ਹੈ,..ਗਰਮੀ ਨੀਂ ਜ਼ਿਆਦਾ.... ਕੜਾਕੇ ਦੀ ਠੰਡ ਨਹੀਂ....ਘਰ ਪਰਿਵਾਰ ਦੋਸਤਾਂ ਨਾਲ ਹਾਂ.. ਸਭ ਮੌਜ ਮਸਤੀ ਚੱਲ ਰਹੀ ਐ... ਪਰ ਮੇਰੇ ਦਿਲ ਦੇ ਰੇਡੀਓ ਦਾ ਕੋਈ ਸਟੇਸ਼ਨ ਸ਼ਾਂਤ ਨਹੀਂ, ਸੰਤੁਸ਼ਟ ਨਹੀਂ, ਖੁਸ਼ਨੁਮਾ ਮਾਹੌਲ ਨਹੀਂ ਕਿਤੇ...ਕੀ????? ਕਿਉਂ?????ਆਪ ਹੀ ਸੁਣ ਲਓ....
        
   ਐਨੀ ਗਰਮੀ ਪੈਣ ਤੋਂ ਬਾਅਦ ਮਸੀਂ ਥੋੜੀ ਠੰਡ ਪੈਣੀ ਸ਼ੁਰੂ ਹੋਈ ਐ..ਸਾਡੇ ਨਿਆਣੇ ਖ਼ੁਸ਼ ਨੇ!!! ਰਜਾਈਆਂ, ਕੋਟੀਆਂ-ਸਵੈਟਰ, ਮੂੰਗਫਲੀ-ਗੱਚਕ, ਧੂਣੀ ਸਭ ਨਵਾਂ ਬਦਲਾਵ ਆ ਉੰਨਾਂ ਲਈ... ਪਰ ਗੋਹਾ ਕੂੜਾ ਕਰਨ ਵਾਲੀ ਦਾ ਪਤੀ ਕਈ ਦਿਨਾਂ ਤੋਂ ਦਿਹਾੜੀ ਨਾ ਜਾ ਕੇ ਪਰਾਲੀ ਦੀਆਂ ਪੱਤਲਾਂ(ਗੱਦੇ ਜਾਂ ਗਦੈਲੇ ਦੀ ਥਾਂ) ਬਣਾ ਰਿਹਾ... ਹੇਠੋਂ ਨਿੱਘ ਦਾ ਜੁਗਾੜ ਹੋ ਜਾਏਗਾ ਪਰ ਰਜਾਈਆਂ ਦਾ ਇੰਤਜ਼ਾਮ ਅਜੇ ਵੀ ਬਾਕੀ ਐ...

ਨਰਮੇ ਦੀਆਂ ਸਿੱਕਰੀਆਂ ਵੱਜ ਵੱਜ ਕੇ ਜ਼ਖ਼ਮੀ ਨਿੱਕੇ ਨਿੱਕੇ ਹੱਥਾਂ ਬਾਰੇ ਕੱਲ ਪਹਿਲੀ ਵਾਰ ਚਿੰਤਾ ਹੋਈ ਮਾਂ ਬਾਪ ਨੂੰ ਕਿ ਕਾਸ਼ !! ਉੰਨਾਂ ਦੇ ਜੁਆਕ ਵੀ ਸਕੂਲ ਜਾਂਦੇ ਹੁੰਦੇ.. !!! ਇਸ ਲਈ ਨਹੀਂ ਕਿ ਭਵਿੱਖ ਦੀ ਚਿੰਤਾ ਐ.. ਬਲਿਕ ਇਸ ਲਈ ਕਿ ਜੇ ਕੱਲ ਉਹਨਾਂ ਦੇ ਬੱਚੇ ਵੀ ਸਕੂਲ ਹੁੰਦੇ ਤਾਂ ਕਿਸੇ ਅਮੀਰ ਨੇ ਕੱਲ ਜੋ ਵਰਦੀਆਂ ਤੇ ਬੂਟ ਵੰਡੇ, ਉੁਹ ਦੋ ਚਾਰ ਜੋੜੇ ਉੁੰਨਾਂ ਨਿਆਣਿਆਂ ਨੂੰ ਵੀ ਮਿਲ ਜਾਂਦੇ....|

ਪਿਛਲੇ ਮਹੀਨੇ ਹੀ ਵਿਆਹਿਆ ਜੀਤੇ ਕਾ ਪਾਲਾ ਦੁਬਈ ਚਲਿਆ ਗਿਆ, ਖ਼ੁਸ਼ੀ ਐ ਕਿ ਓਹ ਨਸ਼ੇ ਪੱਤੇ ਛੱਡ ਕੇ ਕਮਾਉਣਾ ਸ਼ੁਰੂ ਕਰੂ, ਪਰ ਮੈਨੂੰ ਚਿੰਤਾ ਉਹਦੀ ਨਵੀਂ ਨਵੇਲੀ ਵਹੁਟੀ ਵੱਲ ਦੇਖਦੀਆਂ ਨਜਾਇਜ਼ ਚੋਭਦਾਰ ਨਜ਼ਰਾਂ ਦੀ ਐ ...... ਅਜੇ ਦੋ ਕੁ ਮਹੀਨੇ ਪਹਿਲਾਂ ਹੀ ਗੁਆਂਢ ਪਿੰਡ 'ਚ ਵਿਦੇਸ਼ੋਂ ਪਰਤੇ ਇੱਕ ਨੌਜਵਾਨ ਨੇ ਆਪਣੀ ਸੋਹਣੀ ਸੁਨੱਖੀ ਪਤਨੀ ਦੀ ਹੱਤਿਆ ਕੀਤੀ ਆ,... ""ਮਾੜੀ ਸੀ ਉਹ ਪਿੰਡ ਦੇ ਕਈ ਮੁੰਡਿਆਂ ਨਾਲ!!!!"" ਚਲੋ ਖ਼ੈਰ ਹੱਤਿਆ ਤਾਂ ਹੁਣ ਆਤਮ ਹੱਤਿਆ ਬਣ ਗਈ ਤੇ ਢਕੀ ਹੀ ਰਿੱਝੀ ਖਾ ਕੇ ਡਕਾਰ ਵੀ ਨੀਂ ਮਾਰਿਆ ਕਿਸੇ ਨੇ!!!! ਪਰ ਉਹ ਮੁੰਡੇ ਅਜੇ ਵੀ ਕਿਸੇ ਨਵੀਂ ਵਿਆਹੀ ਸੋਹਣੀ ਸੁਨੱਖੀ ਦੀ ਤਲਾਸ਼ 'ਚ ਹਨ|

ਤੇ ਕਿਤੇ ਮੂਲੋਂ ਸਿੱਧੀ ਸਾਧੀ ਜਿਹੀ ਪੰਮੀ ਸਿਰਫ਼ ਇਸੇ ਕਰਕੇ ਆਪਣੀ ਜ਼ਿੰਦਗੀ ਤੋਂ ਖੁਸ਼ ਹੈ ਕਿ ਚਲੋ ਉਹਦਾ ਵਿਆਹ ਤਾਂ ਹੋ ਗਿਆ(ਕਿਉਂਕਿ ਉਹਦੇ ਵਰਗੀਆਂ ਹੀ ਉਹਦੀਆਂ ਦੋ ਸਿੱਧੀਆਂ ਸਾਧੀਆਂ ਵੱਡੀਆਂ ਭੈਣਾਂ ਅਜੇ ਤੱਕ ਆਪਣੇ ਬਾਬਲ ਦੇ ਦੁਆਰੇ ਈ ਨੇ..) ,, ਭਾਵੇਂ ਕਿ ਉਹਦਾ ਪਤੀ ਦੇਵ ਕਿਸੇ ਹੋਰ ਤੀਵੀਂ ਨਾਲ ਰਹਿ ਰਿਹਾ ਹੈ, ਪਰ ਛੇ ਮਹੀਨੀਂ ਘਰ ਵੱਜਿਆ ਉਹਦਾ ਗੇੜਾ ਵੀ ਪੰਮੀ ਨੂੰ ਉਹਦੇ ਤੇ (ਪੰਮੀ ਤੇ) ਕੀਤਾ ਅਹਿਸਾਨ ਲੱਗਦੈ....| 

   ਪਰਸੋਂ ਹੀ ਇੱਕ ਸਖੀ ਨੇ ਫੋਨ ਤੇ ਦੱਸਿਆ ਕਿ ਕਈ ਦਿਨਾਂ ਤੋਂ ਬੱਸ ਵਿੱਚ ਸਫ਼ਰ ਕਰਨਾ ਪੈ ਰਿਹਾ,ਦਿੱਕਤ ਬੱਸ ਜਾਂ ਰੋਜ਼ਮਰਾ ਦੇ ਸਫ਼ਰ ਤੋਂ ਨਹੀਂ, ਪਰ ਕਈ ਮਰਦਾਨਗੀ ਭਰੇ ਅੰਗ ਉਸਨੂੰ ਛੋਹੰਦੇ ਨੇ ਤੇ ਕਈ ਕਲਹਿਣੇ ਹੱਥ ਉਹਦੇ ਅੰਗਾਂ ਨੂੰ ਟੋਹਣ ਦੀ ਕੋਸ਼ਿਸ਼ ਕਰਦੇ ਨੇ....|

ਕੱਲ ਮੈਡੀਕਲ ਪੜਦੀ ਭੈਣ ਨੇ ਪੁੱਛਿਆ ਕਿ ਦੀਦੀ ਤੁਹਾਨੂੰ ਪਤਾ ਐ ਕਿ ਅੱਜਕੱਲ ਜਨਮ ਦਰ ਤੋਂ ਜ਼ਿਆਦਾ ਅਬੌਰਸ਼ਨ ਹੋ ਰਹੇ ਨੇ,, ਬਹੁਤ ਸਾਰੇ ਅਣਜਾਣੇ ਕਾਰਨਾਂ ਨਾਲ,,,,ਕਿਤੇ ਔਕਸੀਟੌਕਸਿਨ, ਸਪਰੇਆਂ,ਦਵਾਈਆਂ,ਪਾਣੀ ਵਗੈਰਾ ਕਰਕੇ ਤਾਂ ਨਹੀਂ, ਕਿਤੇ ਗਿਰਝਾਂ ਦੇ ਆਂਡਿਆਂ ਦੇ ਖੋਲ ਤਰਾਂ ਸਾਡੀ ਹੋਂਦ ਵੀ ਇੰਨੀ ਪਤਲੀ ਤਾਂ ਨਹੀਂ ਪੈ ਗਈ ਕਿ ਵਜੂਦ ਤੋਂ ਪਹਿਲਾਂ ਹੀ ਟੁੱਟ ਜਾਈਏ !!!!! ਕੀ ਕੁੱਖ ਵੀ ਖ਼ਤਰੇ ਵਿੱਚ ਆ???ਕਹਿੰਦੀ ਕਿਤੇ ਕਿਤੇ ਤਾਂ ਬੜਾ ਡਰ ਲੱਗਦਾ ਆ ਦੀਦੀ ਕਿ ਅਜੇ ਪੜਣਾ ਲਿਖਣਾ ਤੇ ਪੈਰਾਂ ਤੇ ਖੜੇ ਵੀ ਹੋਣਾ ਆ, ਉਦੋਂ ਤੱਕ ਕੀ ਹਾਲ ਬਣੂੰ? ਜੇ ਗਿਰਝਾਂ ਵਾਲੀ ਹੋਈ?? ਪਰ ਕਿਵੇਂ ਦੱਸਾਂ ਉੁਹਨੂੰ ਕਿ ਜੇ ਉੁਹ ਜਲਦੀ ਮਾਂ ਬਨਣ ਬਾਰੇ ਸੋਚ ਰਹੀ ਆ ਤਾਂ ਇਹ ਵੀ ਕੋਈ ਖ਼ਾਸ ਸੁਰੱਖਿਅਤ ਨਹੀਂ| ਹੁਣ ਤਲਾਕ ਦਰ ਨੂੰ ਵੀ ਕਾਫ਼ੀ ਪੌਸ਼ਟਿਕ ਆਹਾਰ ਮਿਲ ਰਿਹੈ!!!!

ਅਗਲੇ ਮਹੀਨੇ ਵਿਆਹੀ ਜਾਣ ਵਾਲੀ ਅਮਨੀ ਬੜੀ ਖ਼ੁਸ਼ ਆ ਆਪਣੇ ਰਾਜਕੁਮਾਰ ਦੇ ਸੁਪਨਿਆਂ 'ਚ ਗੁੰਮ.... ਕਿਵੇਂ ਸਮਝਾਵਾਂ ਕਿ ਉੁਹਦਾ ਵਿਆਹ ਸਿਰਫ਼ ਉੁਹਦੇ ਮੰਗੇਤਰ ਨਾਲ ਨਹੀਂ ਬਲਕਿ ਸੰਯੁਕਤ ਟੱਬਰ ਨਾਲ ਹੋ ਰਿਹਾ ਐ, ਉੁਹ ਰਾਜਕੁਮਾਰ ਤਾਂ ਕੁਝ ਪਲ਼ ਬਾਹਾਂ 'ਚ ਲੈਣ ਆਇਆ ਕਰੂ,, ਘੁੱਪ ਹਨੇਰੇ 'ਚ, ਬਾਕੀ ਦਿਨ ਦੀ
ਰੌਸ਼ਨੀ 'ਚ ਤਾਂ ਵਿਚਾਰੀ ਨੇ ਬਦਲੇ ਨਾਮ ਤੇ ਵਜੂਦ ਨੂੰ ਹੀ ਸਾਬਿਤ ਕਰਨਾ ਐ|

ਗੁਆਂਢ 'ਦ ਦਿਨੋਂ ਦਿਨ ਅਮੀਰ ਹੋ ਰਹੇ ਨਵਜੋਤ ਦੇ ਘਰ ਨਵੀਂ ਪਾਈ ਕੋਠੀ ਤੇ ਬੈਅ ਲਏ ਦਸ ਕਿੱਲਿਆਂ ਦੀ ਖ਼ੁਸ਼ੀ 'ਚ ਸਵੇਰੇ ਸੁਖਮਨੀ ਸਾਹਿਬ ਦਾ ਭੋਗ ਪਿਐ, ਤੇ ਹੁਣ ਦੁਪਹਿਰੇ ਇੱਕ ਵਜੇ ਵੀ ਸਪੀਕਰ ਵੱਜ ਰਿਹੈ| ਪਿੰਡ ਦਾ ਕਹਿੰਦਾ ਕਹਾਉਂਦਾ ਜਥੇਦਾਰ ਆਪਣੀ ਆਖਰੀ ਬਚੀ ਦੋ ਕਨਾਲਾਂ ਦੀ ਰਜਿਸਟਰੀ ਕਰਾਉਣ ਗਿਆ ਹਉਕਾ ਲੈ ਗਿਆ.... " ਜੱਟ ਦੀ ਜਾਨ ਤਾਂ ਜ਼ਮੀਨ ਹੀ ਹੁੰਦੀ ਹੈ" ਨੂੰ ਸਾਬਿਤ ਕਰ ਗਿਆ... ਦਿਲ ਦੇ ਦੌਰੇ ਨਾਲ 54 ਸਾਲ ਦੀ ਉਮਰ 'ਚ ਹੀ ਚੱਲ ਵਸਿਆ|  ਵਿਚਾਰਾ ਗਰੰਥੀ ਵੀ ਚੰਗਾ ਵਫ਼ਾਦਾਰ ਕਲਾਕਾਰ ਆ ਰੱਬ ਦਾ....ਸਵੇਰੇ ਉਹਦੀਆਂ ਦਾਤਾਂ ਦੀ ਬੱਲੇ ਬੱਲੇ ਤੇ ਹੁਣ.................... ਉਫ਼

ਤੇ ਹੁਣੇ  ਪੀ.ਸੀ.ਸੀ.ਦੀ ਵੈਰੀਫ਼ਿਕੇਸ਼ਨ ਲਈ ਥਾਣੇ ਜਾ ਕੇ ਆਈ ਹਾਂ, ਤੇ ਉੱਥੇ ਪੰਦਰਾਂ ਵੀਹ ਹਜ਼ਾਰ ਬਟੋਰਦੇ ਮੁਨਸ਼ੀ ਦਾ ਢਿੱਡ ਮੇਰੇ ਬਾਪੂ ਦੀ ਜੇਬ 'ਚ ਬਚਿਆ ਆਖਰੀ ਪੰਜ ਸੌ ਲੈ ਕੇ ਵੀ ਨਹੀਂ ਭਰਿਆ..... ਅਜੇ ਵੱਡੇ ਸਾਹਬ ਨਾਲ ਗੱਲ ਕਰਨ ਨੂੰ ਕਹਿੰਦਾ ਸੀ...|  

             ਸ਼ਾਇਦ ਮੇਰੇ ਆਸ ਪਾਸ ਵੀ ਸਭ ਪਰੇਸ਼ਾਨ ਹੋਣੇ ਆ ਮੇਰੇ ਤੋਂ, ਮਹਿੰਦਰ ਕੀ ਜੱਸੀ ਬਹੁਤ ਪੜਦੀ ਲਿਖਦੀ ਆ, ਕੁਝ ਨਾ ਕੁਝ ਪੜਦੀ ਰਹਿੰਦੀ ਆ| ਪਰ ਖ਼ੁਸ਼ੀ ਇਸ ਦੀ ਨਹੀਂ ਕਿ ਬੜਾ ਕੁਝ ਸਿੱਖ ਰਹੀ ਆ, ਅਫ਼ਸੋਸ ਇਸ ਗੱਲ ਦਾ ਐ ਕਿ ਇੰਨੀਆਂ ਖ਼ਤਰਨਾਕ ਗੱਲਾਂ ਸਿੱਖ ਰਹੀ ਐ ਕਿ ਏਨੇ ਸਾਲਾਂ ਤੋਂ ਚੱਲੀਆਂ ਚਲਾਈਆਂ ਆ ਰਹੀਆਂ ਰੀਤਾਂ ਰਿਵਾਜ 'ਤੇ ਉਂਗਲ ਉਠਾਉਣ ਦੀ ਜੁਅਰੱਤ ਕਰਨ ਲੱਗੀ ਐ!!!!!ਚਲੋ ਖ਼ੈਰ....... ਏੇਸੇ ਲਈ ਤਾਂ 23 ਸਾਲਾਂ ਦੀ ਆ ਤੇ ਬੱਤੀਆਂ ਦੀ ਲੱਗਦੀ ਆ...|
------------
ਜੱਸੀ ਸੰਘਾ
21/11/2010

No comments:

Post a Comment