Wednesday, 28 December 2011

ਤੂੰ ਮੇਰਾ ਕੀ ਬਣੇਂਗਾ???

ਤੂੰ ਪੁੱਛਿਆ ਕਿ ਤੂੰ ਮੇਰਾ ਕੀ ਬਣੇਂ???
ਤੂੰ ਬਣਨਾ ਚਾਹੁੰਦਾ ਹੈਂ ਤਾਂ
ਤੂੰ ਕੋਈ ਐਸੀ ਲਗਾਂ ਮਾਤਰਾ ਬਣਜਾ,
ਜੋ ਮੇਰੀ ਮੁਕਤਾ ਹੋਂਦ ਨੂੰ ਕਈ ਨਵੇਂ ਅਰਥਾਂ ਨਾਲ ਲਬਰੇਜ਼ ਕਰ ਦੇਵੇ....

ਤੂੰ ਸਮਾਜ ਦੇ ਦਿਮਾਗ ਨੂੰ ਆਈ ਮੋਚ
ਤੇ ਲੰਗੜਾ ਕੇ ਚੱਲਦੀ ਸੋਚ
ਦਾ ਇਲਾਜ ਲੱਭਣ ਲਈ ਮੇਰਾ ਹਮਰਾਹੀ ਬਣਜਾ...

ਤੂੰ ਆਪਣਾ ਬੱਚਿਆਂ ਵਰਗਾ ਨਿਰਛਲ ਤੇ ਨਿਰਮਲ ਹਾਸਾ ਹੱਸਦਾ
ਤੇ ਪਵਿੱਤਰ ਤੱਕਣੀ ਤੱਕਦਾ ਉਹ ਆਈਨਾ ਬਣਜਾ,
ਜਿਸ 'ਚ ਤੱਕ ਕੇ ਹਰ ਚਿਹਰਾ ਕੁਝ ਪਲ ਲਈ ਛਲ਼ ਕਪਟ ਭੁੱਲ ਜਾਵੇ.....

ਤੂੰ ਕਿਸੇ ਮਜਾਰ ਤੇ ਉੱਕਰੀ ਓਹ ਇਬਾਰਤ ਬਣਜਾ,
ਜਿਸਨੂੰ ਤੱਕਣ ਲਈ ਮੈਂ ਅੱਖਾਂ ਦੀ ਮੁਥਾਜ ਨਾ ਰਹਾਂ..
ਬਲਿਕ ਅੱਖੋਂ ਅੰਨੇ ਵਾਂਗ ਜਦੋਂ ਵੀ ਟੋਹਵਾਂ
ਤਾਂ ਮੇਰੀ ਰੂਹ ਤੈਨੂੰ ਮਹਿਸੂਸ ਕਰੇ ਤੇ ਮਾਣੇ...

ਤੂੰ ਪਲੀਜ਼, ਤੇਰੇ ਤੱਕ ਆਉਂਦੀਆਂ
ਮੇਰੀਆਂ ਨੰਗੀਆਂ ਜ਼ਖ਼ਮੀ  ਪੈੜਾਂ ਦਾ ਰਖਵਾਲਾ ਬਣਜਾ....।

ਤੇ ਜੇ ਤੂੰ ਕੁਝ ਦੇਣਯੋਗ ਹੈਂ
ਤਾਂ ਆਪਣੀਆਂ ਬਾਹਾਂ ਦੀ ਮਜ਼ਬੂਤ ਪਰ ਕੋਮਲ ਜਕੜ ਦ ਜਜ਼ਬੇ 'ਚ ਪਰੋ ਕੇ
ਆਪਣੇ ਸਾਹਾਂ ਦਾ ਨਿੱਘ ਤੇ ਧੜਕਣ ਦਾ ਸੰਗੀਤ ਮੈਨੂੰ ਦੇ....

ਤੇ ਜੇ ਤੂੰ ਸੱਚੀਂ 'ਮੇਰਾ ਕੁਝ' ਬਣਨਾ ਲੋਚਦਾ ਹੈਂ
ਤਾਂ ਤੂੰ ਮੇਰੀ ਨਵੀਂ ਸਵੇਰ, ਇਸ਼ਕ, ਪਾਗਲਪਣ
ਤੇ
ਮੇਰੀ ਭਟਕਣ ਦਾ ਅੰਤ ਬਣਜਾ।

ਜੱਸੀ ਸੰਘਾ
(੨੦ ਦਸੰਬਰ,੨੦੧੦)

No comments:

Post a Comment