Wednesday, 28 December 2011

ਹਰਮਨ ਦੇ ਜਨਮ ਦਿਨ 'ਤੇ ਉਹਦੇ ਲਈ ਲਿਖੀ ਇੱਕ ਕਵਿਤਾ

ਕਲਾ ਵਾਂਗ ਸ਼ਾਇਦ ਰਿਸ਼ਤੇ ਵੀ ਉਮਰਾਂ ਦੇ ਮੁਥਾਜ ਨਹੀਂ ਹੁੰਦੇ.. ਇਹ ਕਵਿਤਾ ਮੇਰੇ ਬੱਚੇ ਹਰਮਨ ਲਈ ਉਸਦੇ ਜਨਮ ਦਿਨ ਤੇ ਓਹਦੀ ਅੰਮਾਂ ਵੱਲੋਂ..

ਚੰਨ ਜਿਹਾ ਮੇਰੇ ਚੰਨ ਦਾ ਮੁਖੜਾ,
ਜਾਪੇ ਜਿੱਦਾਂ ਰੂਹ ਦਾ ਟੁਕੜਾ..
ਅੱਖਾਂ ਉੱਤੇ ਵੀਰਾਨੀ ਛਾਈ,
ਚੰਨ ਮੋਹਰੇ ਜਿੱਦਾਂ ਬੱਦਲੀ ਆਈ..

ਜਦ ਵੀ ਮੈਨੂੰ ਆਖੇ ਮਾਂ,
ਤਪਦੇ ਹਿਰਦੇ ਪੈਂਦੀ ਛਾਂ...
ਜ਼ਿਹਨ ਮੇਰੇ ਤੇ ਰਾਜ ਉਸਦਾ,
ਉਸ ਵਿੱਚ ਵਸਦੀ ਮੇਰੀ ਰੂਹ...
ਜਿਸ ਦਿਨ ਮਾਂ ਕਹਿ ਨਾ ਬੁਲਾਵੇ,
ਦਿਨ ਮੇਰਾ ਖਾਲੀ ਹੋ ਜਾਵੇ..
ਉਹਦੀ ਚੁੱਪ ਹੈ ਸਜ਼ਾ ਮੇਰੇ ਲਈ,
ਵਿੱਚ ਕਲੇਜੇ ਪੈਂਦੀ ਧੂਹ..
ਉਹਦੇ ਰਾਹ ਵੱਲ ਜਾਂਦਾ ਦੁੱਖ,
ਉਡਾ ਲਿਜਾਵੇ ਮੇਰੀ ਭੁੱਖ...
ਉਸਦਾ ਹਉਕਾ, ਹੰਝੂ, ਸਿਸਕੀ,
ਦਿਲ ਮੇਰੇ ਨੂੰ ਜਾਵੇ ਛੂਹ...

ਚਿਹਰੇ ਉੱਤੇ ਨੂਰ ਇਲਾਹੀ,
ਪਰ ਨੈਣਾਂ ਵਿੱਚ ਚੁੱਪ ਹੈ ਛਾਈ..
ਤੇਰੀ ਚੁੱਪ ਮਾਂ ਪੜਦੀ ਜਾਵੇ,
ਜਿਉਂ ਜਿਉਂ ਤੈਨੂੰ ਜਾਣਦੀ ਜਾਵੇ,
ਆਪੇ ਨਾਲ ਹੀ ਲੜਦੀ ਜਾਵੇ...
ਇਹ ਈਕਣ ਕਿੱਦਾਂ ਹੋ ਸਕਦਾ,
ਰਲਦਾ ਮਿਲਦਾ, ਮਿਲਦਾ ਜੁਲਦਾ,
ਢਿੱਡੋਂ ਜਾਈ ਔਲਾਦ ਨਾ ਏਦਾਂ
ਪਰ ਜੋ ਵੀ ਜਿੱਦਾਂ ਹੋ ਸਕਦਾ....
ਤੂੰ ਮੇਰੀ ਆਂਦਰ ਦਾ ਟੁਕੜਾ,
ਕੁਝ ਹਫ਼ਤਿਆਂ ਤੋਂ, ਕੁਝ ਦਿਨਾਂ ਤੋਂ !!!
ਨਹੀਂ-ਨਹੀਂ !!!

ਸਦੀਆਂ ਤੋਂ ਤੂੰ ਮੇਰਾ ਪੁੱਤ ਹੈਂ,
ਮੇਰਾ ਆਪਣਾ ਜਿਉਂਦਾ ਬੁੱਤ ਹੈਂ.......
ਓਹੀ ਆਦਤਾਂ, ਓਹੀ ਜੀਊਣਾ,
ਓਹੀ ਹਾਸਾ , ਓਹੀ ਰੋਣਾ........
ਨਿੱਕੀ ਨਿੱਕੀ ਰਉਂ ਹੈ ਮਿਲਦੀ,
ਮਾਂ ਤੇਰੇ ਹਾਸੇ ਨਾਲ ਖਿਲਦੀ...

ਜਿਉਂ ਜਿਉਂ ਜ਼ਿਹਨ ਨੁੰ ਟੋਂਹਦਾ ਜਾਵੇਂ,
ਮਾਂ ਦੇ ਦਿਲ ਨੂੰ ਛੋਹੰਦਾ ਜਾਵੇਂ,..
ਦੂਜਿਆਂ ਦੀ ਖ਼ੁਸ਼ੀ ਨਾਲ ਜੀਵੇਂ,
ਮਾਂ ਦੇ ਦੁੱਖੜੇ ਪੀਣਾ ਚਾਹਵੇਂ...
ਬਹੁਤ ਵਾਰ ਦਿਲ ਏਦਾਂ ਕਰਦਾ,
ਗਲੇ ਤੀਕ ਜਦੋਂ ਹੈ ਭਰਦਾ..
ਤੇਰੀ ਬੁੱਕਲ ਵਿੱਚ ਸਿਰ ਧਰਕੇ,
ਸਾਰਾ ਜਿਗਰਾ ਜੇਰਾ ਕਰਕੇ....
ਤੈਨੂੰ ਸਾਰੇ ਦੁੱਖ ਸੁਣਾਵਾਂ,
'ਕੱਲੀ 'ਕੱਲੀ ਗੱਲ ਸਮਝਾਵਾਂ...
ਤੇਰੇ ਵਿੱਚ ਮਾਪਿਆਂ ਨੂੰ ਪਾਵਾਂ...
ਉੱਚੀ-ਉੱਚੀ, ਹੁਬਕੀਂ -ਹੁਬਕੀਂ,
ਭੁੱਖੇ ਭਾਣੇ ਬਾਲਕ ਵਾਂਗੂੰ,
ਬਹੁਤ ਰੋਵਾਂ, ਬਹੁਤ ਕੁਰਲਾਵਾਂ..
ਰੋਂਦੀ ਰੋਂਦੀ ਹਉਕੇ ਲੈਂਦੀ,
ਫੁੱਲ ਨਾਲੋਂ ਵੀ ਹਲਕੀ ਹੋ ਕੇ,
ਸਦਾ ਲਈ ਮੈਂ ਫਿਰ ਸੌਂ ਜਾਵਾਂ.....
(ਬਕਵਾਸ ਬੰਦ ਮਾਂ!!! ਗੁੱਸਾ ਨਹੀਂ ਪੁੱਤ !!! )

ਮੈਂ ਤਾਂ ਤੈਨੂੰ ਇਹ ਕਹਿੰਦੀ ਸੀ,
ਦੁੱਖ ਹੁਣ ਤੱਕ 'ਕੱਲੀ ਸਹਿੰਦੀ ਸੀ,
ਮਮਤਾ ਵਰਗੀ ਹੀ ਨਿੱਘੀ ਛਾਂ,
ਤੇਰੇ ਤੋਂ ਮੈਂ ਵੀ ਤਾਂ ਮਾਣਾਂ,
ਕਈ ਕਿਤਾਬਾਂ ਢੂੰਡ ਚੁੱਕੀ ਮੈਂ,
ਡਾਢਾ ਕੁਝ ਫਰੋਲ ਚੁੱਕੀ ਮੈਂ,
ਸਮਝਣਾ ਚਾਹੁੰਦੀ, ਜਾਣਨਾ ਚਾਹੁੰਦੀ..
ਜ਼ਿੰਦਗੀ ਕੀ ਕੀ ਗੁੰਝਲਾਂ ਉਲਝਾਉਂਦੀ,
ਤੇਰੀ ਵੀ ਜੋ ਮੈਂ ਮਾਣਦੀ ਛਾਂ,
ਮੈਂ ਤੇਰੀ ਜਾਂ
ਤੂੰ ਮੇਰੀ ਮਾਂ???

ਜੋ ਵੀ ਹੈ, ਕਮਾਲ ਹੈ !!!

ਮੇਰੀ ਮਮਤਾ ਏਹੀ ਚਾਹਵੇ,
ਕਾਇਨਾਤ ਨੂੰ ਵੀ ਸਮਝਾਵੇ...
ਇਹ ਜੋ ਮੇਰੀ ਨੰਨੀ ਜਾਨ,
ਇਸਦੇ ਉੱਤੇ ਸਭ ਨੂੰ ਮਾਣ..
ਰੁਮਕਦੀਆਂ ਸਦਾ ਰਹਿਣ ਹਵਾਵਾਂ,
ਉਡੀਕਦੀਆਂ ਇਹਨੂੰ ਲੰਮੀਆਂ ਰਾਹਵਾਂ..
ਫੁੱਲੋ ਗਹਿਰੀ ਵਾੜ ਸਜਾਓ..
ਚਾਵਾਂ ਦਾ ਵਿਹੜਾ ਮਹਿਕਾਓ...
ਕੈਰੀਆਂ ਨਜ਼ਰਾਂ ਕੋਲੋਂ ਬਚਾਓ..
ਲੂੰਏਂ ਨੀ ਜ਼ਰਾ ਹੌਲੀ ਵਗ,,
ਹਾੜ ਮਹੀਨਿਆਂ ਘੱਟ ਤੂੰ ਮਘ..
ਵੇ ਬੱਦਲੋ, ਇਹਦੇ ਕਹਿਣ 'ਤੇ ਵਰ ਜਾਓ,
ਨੰਨੀ ਜਿੰਦ ਨੂੰ ਖ਼ੁਸ਼ ਤਾਂ ਕਰ ਜਾਓ!!!

ਜੰਨਤ ਰੂਪੀ ਮਹਿਲ ਬਣਾਵਾਂ,
ਤੇਰੀਆਂ ਮੰਜ਼ਿਲਾਂ ਨਾਲ ਸਜਾਵਾਂ..
ਪੌੜੀ ਪੌੜੀ ਚੜਦਾ ਜਾਵੇਂ,
ਹਰ ਪਲ ਰਹਿ ਕੇ ਨਜ਼ਰਾਂ ਸਾਵੇਂ...
ਲੋਕਾਂ ਲਈ ਕੁਝ ਕਰਦਾ ਜਾਵੇਂ,
ਮੈਂ ਤਾਂ ਤੇਰੀ ਮਾਂ ਨਿਮਾਣੀ..
ਸਿਰਫ਼ ਪਿਆਰ ਦੀ ਭੁੱਖਣ ਭਾਣੀ,
ਸਭ ਰਿਸ਼ਤੇ ਅਜ਼ਮਾ ਹੈ ਚੁੱਕੀ,
ਧੁਰ ਅੰਦਰ ਤੱਕ ਬਿਖਰੀ ਟੁੱਟੀ...
ਤੂੰ ਤਾਂ ਮੇਰੀ ਆਸ ਦਾ ਸੂਰਜ,
ਕਦੇ ਨਾ ਛਿਪਣਾ, ਕਦੇ ਨਾ ਡੁੱਬਣਾ..
ਨੇਮ ਮੁਤਾਬਿਕ ਛਿਪਣਾ ਪੈਣਾ,
ਕਈ ਜਿੰਦਾਂ ਨੂੰ ਚਾਨਣ ਦੇਣਾ..
ਪਰ ਮੇਰੀ ਝੋਲੀ 'ਚ ਆ ਜਾਈਂ..
ਮਾਂ ਦੇ ਵਿਹੜੇ ਫੇਰਾ ਪਾ ਜਾਈਂ...
ਬੁੱਕਲ ਵਿੱਚ ਛੁਪਾ ਲਵਾਂਗੀ
ਬਾਲ ਗੋਪਾਲ ਵਾਂਗ ਸਜਾ ਕੇ,
ਲੋਰੀ ਗਾ ਕੇ, ਹਿੱਕ ਨਾਲ ਲਾ ਕੇ,
ਗਹਿਰੀ ਨੀਂਦ ਸੁਲਾ ਦੇਵਾਂਗੀ...
ਤੇਰੇ ਚਹਿਕਵੇਂ ਹਾਸੇ ਅੰਦਰ
ਮੈਂ ਵੀ ਸੁਰਗ ਨੂੰ ਪਾ ਲਵਾਂਗੀ,
ਮੈਂ ਵੀ ਸੁਰਗ ਨੂੰ ਪਾ ਲਵਾਂਗੀ!!!
--ਆਮੀਨ!!!
----ਮਾਂ (ਜੱਸੀ ਸੰਘਾ)
21 June, 2010

ਕਮੀਨੀ

ਬੜਾ ਸੋਚਿਆ ਕਿ ਮੈਂ 'ਕੁੜੀਆਂ ਵਾਂਗ'
'ਧੀ ਧਿਆਣੀਆਂ ' ਵਾਂਗ ਜੀਵਾਂ,
ਸ਼ਰੀਫ਼ ਕੁੜੀ ਬਣਕੇ....

ਪਰ...
ਕਿਸ ਨਾਲ? ਕੀਹਦੇ ਲਈ?
ਉਹਨਾਂ ਅਖੌਤੀ 'ਆਪਣਿਆਂ' ਲਈ,
ਜਿੰਨਾਂ ਜਦੋਂ ਦਿਲ ਕੀਤਾ
ਲੀਰਾਂ ਦੀ ਖਿੱਦੋ ਵਾਂਗ ਮੇਰੇ ਦਿਲ ਨਾਲ ਖੇਡਿਆ,
ਤੇ ਜਦੋਂ ਦਿਲ ਕੀਤਾ ਫੇਰ ਪੁਚਕਾਰ ਕੇ ਗਲ਼ੇ ਲਗਾ ਲਿਆ....

ਜਾਂ ਉਸ ਨਾਲ ਸ਼ਰਾਫ਼ਤ ਦਿਖਾਵਾਂ,
ਜੀਹਦੇ ਕਸਮਾਂ, ਵਾਅਦੇ
ਮੇਰੇ ਜਿਸਮ ਦੀ ਤਪਸ਼ 'ਚ
ਏਨੇ ਪਿਘਲ ਗਏ ਕਿ
ਉਹਦੇ ਨਿੱਖਰੇ ਸੁਪਨਿਆਂ ਦੇ ਮਿਆਰ ਮੁਤਾਬਿਕ ਮੈਂ
ਉਹਦੀ "ਸੂਫ਼ੀਆਨਾ" ਨਜ਼ਰ 'ਚ
ਬਦਸੂਰਤ ਹਾਂ।
......ਤੇ ਅੱਜ ਉਹ ਸਮੁੰਦਰ ਦੇ ਵਲਵਲਿਆਂ 'ਚੋਂ
ਡੁਬਕੀ ਮਾਰਕੇ ਖ਼ਜ਼ਾਨੇ ਕੱਢ ਲਿਆਉਣ ਦਾ ਦਾਅਵੇਦਾਰ,
ਮੁਹੱਬਤ ਨਾਮੀ ਖਜ਼ਾਨੇ ਨੂੰ ਠੋਕਰ ਮਾਰਕੇ
ਰੰਗੀਨ ਪਾਲਿਸ਼ ਕੀਤੇ ਮੋਤੀਆਂ 'ਚ ਗੁਆਚ ਗਿਐ।

ਜਾਂ ਉਸ ਜ਼ਮਾਨੇ ਨਾਲ ਕਦਮ ਮਿਲਾਵਾਂ,
ਜਿੱਥੇ ਇੱਕ ਸਮਾਜ ਸੁਧਾਰਕ ਬਾਪ,
ਆਪਣੇ ਪੁੱਤ ਨੂੰ ਇੱਕ ਤਲਾਕਸ਼ੁਦਾ " ਕੁੜੀ " ਨਾਲ
ਪਿਆਰ ਕਰਨ ਤੋਂ ਵਰਜਦਾ ਐ.....
ਕਿਉਂ ਜੋ ਸਮਾਜ 'ਚ ਉਹਦੀ ਵੀ ਕੋਈ ਇੱਜ਼ਤ ਐ।

ਮੈਂ ਨਹੀਂ "ਧੀ ਧਿਆਣੀ"
ਨਾ ਕੋਈ " ਬੀਬੀ ਰਾਣੀ ",
ਮੈਨੂੰ " ਬਾਗੀ " , " ਕਮੀਨੀ " ਸ਼ਬਦ ਹੀ ਸ਼ੋਭਦੇ ਨੇ,
ਨਹੀਂ ਸਵੀਕਾਰਾਂਗੀ ਮੈਂ ਉਸ ਬਾਪ ਦੀ ਵਰਜ....
ਤੇ ਨਾ ਹੀ ਉੁਸ ਸਨਾਵਰ* ਦੀ ਅਸਵੀਕਾਰਤਾ,
ਨਹੀਂ ਚਾਹੀਦਾ ਮੈਨੂੰ ਐਸਾ ਸ਼ਰੀਫ਼ ,ਇੱਜ਼ਤਦਾਰ ਸਮਾਜ !!
ਤੇ ਨਾ ਹੀ ਐਸੀ ਸੂਫ਼ੀਆਨਾ ਰੰਗਤ !!!
ਜੋ ਮੇਰੀਆਂ ਖ਼ੂਬਸੂਰਤ ਅੱਖਾਂ ਨੂੰ
ਏਨਾ ਕੱਜ ਦੇਵੇ ਕਿ
ਮੈਂ ਸਿਰਫ਼ ਬਾਹਰੀ ਸੁੰਦਰਤਾ ਦੀ ਮੁਥਾਜ ਬਣ ਕੇ ਰਹਿ ਜਾਵਾਂ।

ਨਹੀਂ ਚਾਹੀਦੇ ਮੈਨੂੰ ਐਸੇ ਸੁਪਨੇ ਤੇ ਵਾਅਦੇ
ਜਿਹੜੇ ਕਿਸੇ ਬਾਪ- ਬੇਟੇ ਦੀ ਇਜ਼ਾਜ਼ਤ ਨਾਲ ਹੀ ਪੁੰਗਰਣ
ਤੇ ਅਚਾਨਕ ਮੇਰੀ ਬਦਸੂਰਤੀ ਕਰਕੇ ਢਹਿ ਢੇਰੀ ਹੋ ਜਾਣ।

ਨਹੀਂ ਚਾਹੀਦਾ ਕਿਸੇ ਐਸੇ ਆਪਣੇ ਦਾ ਸਾਥ,
ਤੇ ਨਾ ਹੀ ਐਸਾ ਅਖੌਤੀ ਰੂਹ ਦਾ ਸਾਥੀ....
ਮੈਂ ਇਕੱਲੀ ਬਦਸੂਰਤ ਹੀ ਖ਼ੁਸ਼ , ਪਰ ਅਸੰਤੁਸ਼ਟ ਹਾਂ,
....ਤੇ ਮੇਰੀ ਇਸ ਅਸੰਤੁਸ਼ਟੀ ਨੂੰ ਮਿਟਾਉਣ ਲਈ
ਮੈਨੂੰ ਸੁਘੜ ਸਿਆਣੀ ਜਾਂ ਧੀ ਧਿਆਣੀ ਨਹੀਂ,
ਬਾਗੀ ਤੇ ਕਮੀਨੀ ਕਹੋ...
ਮੈਨੂੰ ਕਮੀਨੀ ਕਹੋ।

(*snavar urdu da ikk shabad hai, jis da arth hai samundar dian lehran wich gotey lga k khzane labh k liaaun wala))

ਜੱਸੀ ਸੰਘਾ

ਇੱਕ ਚਿੱਠੀ ਦੋ ਜਣਿਆਂ ਦੇ ਨਾਂ..

ਤੇਰੇ ਮੇਰੇ ਪਾਕ ਰਿਸ਼ਤੇ ਨੂੰ
ਕੋਈ ਦੁਨਿਆਵੀ ਤਾਕਤ ਜਾਂ
ਅਖੌਤੀ ਸਮਾਜ ਝੁਠਲਾ
ਨਹੀਂ ਸਕਦੇ..
ਆਖਿਰ ਕਿੰਨੀਆਂ ਸਾਂਝਾਂ ਨੇ
ਸਾਡੇ 'ਚ..
ਜਜ਼ਬਾਤ ਦੀ ਸ਼ਿੱਦਤ ਦੀ..
ਉਦਾਸੀ ਦੀ ਸਿਖਰ ਦੀ ਤੇ
ਸ਼ਾਇਦ ਕਈ ਯੁੱਗਾਂ ਯੁਗਾਂਤਰਾਂ
ਤੋਂ ਰੂਹ ਦੀ ਸਾਂਝ ਵੀ ਹੈ...

ਢਲਦੇ ਸੂਰਜ ਜਿਹੀਆਂ
ਤੇਰੀਆਂ ਅੱਖਾਂ ਮੈਨੂੰ ਹਮੇਸ਼ਾ
ਤਰਾਂ ਚੜ੍ਹਦੇ ਸੂਰਜ ਦੀਆਂ
ਪਲੇਠੀਆਂ ਕਿਰਨਾਂ ਤੋਂ
ਕਿਤੇ ਜਿਆਦਾ ਪਸੰਦ ਨੇ..

ਤੇਰੀ ਕੁੜੀਆਂ ਵਰਗੀ ਸੰਗ
ਮੇਰਾ ਹੀ ਅਨਿੱਖੜਵਾਂ
ਗਹਿਣਾ ਹੈ..
ਤੇਰੀਆਂ ਝੁਕੀਆਂ ਹੋਈਆਂ
ਪਲਕਾਂ ਵੀ ਮੈਨੂੰ ਪਿਆਰ
ਦਾ ਸੁਨੇਹਾ ਦਿੰਦੀਆਂ ਨੇ..

ਮੇਰੇ ਸਾਹਮਣੇ ਹੁੰਦੀਆਂ ਤੈਥੋਂ
ਸਾਂਭੀ ਨਾ ਜਾਂਦੀ ਖੁਸ਼ੀ ਤੇਰੀ
ਚੁੱਪ ਉਜਾਗਰ ਕਰਨ
ਲੱਗ ਜਾਂਦੀ ਏ..
ਤੇਰੇ ਅੰਦਰੇ ਅੰਦਰ ਘੁੱਟੇ ਬੋਲ
ਤੇਰੇ ਕੰਬਦੇ ਹੱਥਾਂ ਦੀ
ਛੋਹ 'ਚੋਂ ਪਕੜ ਲੈਂਦੀ ਹਾਂ ਮੈਂ..

ਕੁਝ ਪਲ ਤੇਰੇ ਵਾਲਾਂ 'ਚ
ਉਂਗਲਾਂ ਫੇਰਨ ਤੋਂ ਬਾਅਦ
ਅੱਜ ਤੱਕ ਮੇਰੇ ਪੋਟਿਆਂ
ਨੇ ਓਹ ਛੋਹ ਬਚਪਨ ਦੇ
ਖਿਡਾਉਣਿਆਂ ਵਾਂਗ
ਸੰਭਾਲ ਕੇ ਰੱਖੀ ਹੈ..

ਖੁੱਲ੍ਹੇ ਅੰਬਰ ਹੇਠ
ਤਾਰਿਆਂ ਭਰੀ ਛੱਤ ਹੇਠ
ਬੈਠ ਕੇ ਗੁਜ਼ਾਰੇ ਕੁਛ
ਵਕਤ ਤੋਂ ਬਾਅਦ ਓਹ
ਕਾਲੀ ਚਾਂਦੀ ਰੰਗੇ
ਸਿਤਾਰਿਆਂ ਜੜੀ ਚੁੰਨੀ
ਅੱਜ ਤੱਕ ਮੇਰੇ ਲਿਬਾਸ
ਦਾ ਅਨਿੱਖੜਵਾਂ ਤੇ
ਅਦਿੱਖ ਹਿੱਸਾ ਹੈ...

ਤੇਰੇ ਕੁਝ ਗਿਣਵੇਂ ਚੁਣਵੇਂ
ਹੁੰਘਾਰਿਆਂ ਸਹਾਰੇ ਬਥੇਰੀ
ਵਾਰ ਮੈਂ ਇਕੱਲੀ ਬੈਠ ਕੇ
ਵੀ ਦੁੱਖ ਫੋਲ ਲੈਂਦੀ ਹਾਂ..
ਕਿੰਨੀ ਵਾਰ ਟਿਕਟਿਕੀ
ਲਗਾ ਕੇ ਮੇਰੇ ਵੱਲ
ਵੇਖਦਿਆਂ ਤੈਨੂੰ ਮੇਰੇ 'ਚੋਂ
ਆਪਾ ਲੱਭਦਿਆਂ
ਤਾੜਿਆ ਹੈ ਮੈਂ..

ਕਿੰਨੀ ਵਾਰ ਤੇਰੇ ਵਾਦਿਆਂ
ਭਰੇ ਬੋਲਾਂ,ਕਵਿਤਾਵਾਂ ਤੇ
ਸ਼ਾਂਤ ਚੇਹਰੇ ਦੁਆਰਾ
ਆਪਣੀ ਭਟਕਣ ਖਤਮ
ਕਰਨ ਦੀ ਕੋਸ਼ਿਸ਼
ਕੀਤੀ ਹੈ ਮੈਂ...

ਪਰ ਪਤੈ ਕੀ ਹੁੰਦਾ
ਹਮੇਸ਼ਾ ਤੇਰੇ ਕੋਲ
ਬਹਿਣ,ਤੈਨੂੰ ਵੇਖਣ,
ਗੱਲਾਂ ਕਰਨ ਦੀ ਤਾਂਘ
ਹੋਰ ਭਟਕਣ 'ਚ
ਪਾ ਦਿੰਦੀ ਹੈ..

ਤੇ ਕਦੇ ਕਦਾਈਂ ਤੂੰ
ਆਉਂਦਾ ਏਂ..
ਕੋਲ ਵੀ ਬਹਿੰਦਾ ਏਂ..
ਦੇਖਦੀ ਵੀ ਹਾਂ..
ਪਰ ਤੂੰ ਜ਼ਿਆਦਾ
ਬੋਲਦਾ ਹੀ ਨਹੀਂ
ਆਦਤ ਅਨੁਸਾਰ..

ਤੇ ਤੈਨੂੰ ਤਾਂ ਪਤੈ
ਤੇਰੀ ਚੁੱਪ
ਮੇਰੀ ਤਾਂਘ
ਵਧਾ ਦਿੰਦੀ ਏ..
ਤੇਰੀ ਉਦਾਸੀ

ਮੇਰੀ ਤੜਪ ਨੂੰ
ਸਿਖਰ ਛੁਹਾ
ਦਿੰਦੀ ਏ...
ਤੇ ਅਖੀਰ ਜਦੋਂ ਤੂੰ
ਜਾਣ ਲਗਦਾ ਏਂ
ਮੇਰੇ ਕੋਲੋਂ ਤਾਂ
ਮੇਰੀ ਤਾਂਘ ਤੇ ਉਦਾਸੀ
'ਤੇ ਜੋਬਨ ਛਾ ਜਾਂਦਾ ਏ...

ਤੇ ਮੇਰੀ ਭਟਕਣ ਵੀ
ਆਪਣੇ ਰਸਤੇ ਤੋਂ
ਕਿਧਰੇ ਹੋਰ ਹੀ
ਭਟਕ ਜਾਂਦੀ ਏ..!!
jassi sangha..
june24,201

ਦਿਲ ਦਾ ਹਾਲ

ਮੌਸਮ ਖੁਸ਼ਗਵਾਰ ਹੈ,..ਗਰਮੀ ਨੀਂ ਜ਼ਿਆਦਾ.... ਕੜਾਕੇ ਦੀ ਠੰਡ ਨਹੀਂ....ਘਰ ਪਰਿਵਾਰ ਦੋਸਤਾਂ ਨਾਲ ਹਾਂ.. ਸਭ ਮੌਜ ਮਸਤੀ ਚੱਲ ਰਹੀ ਐ... ਪਰ ਮੇਰੇ ਦਿਲ ਦੇ ਰੇਡੀਓ ਦਾ ਕੋਈ ਸਟੇਸ਼ਨ ਸ਼ਾਂਤ ਨਹੀਂ, ਸੰਤੁਸ਼ਟ ਨਹੀਂ, ਖੁਸ਼ਨੁਮਾ ਮਾਹੌਲ ਨਹੀਂ ਕਿਤੇ...ਕੀ????? ਕਿਉਂ?????ਆਪ ਹੀ ਸੁਣ ਲਓ....
        
   ਐਨੀ ਗਰਮੀ ਪੈਣ ਤੋਂ ਬਾਅਦ ਮਸੀਂ ਥੋੜੀ ਠੰਡ ਪੈਣੀ ਸ਼ੁਰੂ ਹੋਈ ਐ..ਸਾਡੇ ਨਿਆਣੇ ਖ਼ੁਸ਼ ਨੇ!!! ਰਜਾਈਆਂ, ਕੋਟੀਆਂ-ਸਵੈਟਰ, ਮੂੰਗਫਲੀ-ਗੱਚਕ, ਧੂਣੀ ਸਭ ਨਵਾਂ ਬਦਲਾਵ ਆ ਉੰਨਾਂ ਲਈ... ਪਰ ਗੋਹਾ ਕੂੜਾ ਕਰਨ ਵਾਲੀ ਦਾ ਪਤੀ ਕਈ ਦਿਨਾਂ ਤੋਂ ਦਿਹਾੜੀ ਨਾ ਜਾ ਕੇ ਪਰਾਲੀ ਦੀਆਂ ਪੱਤਲਾਂ(ਗੱਦੇ ਜਾਂ ਗਦੈਲੇ ਦੀ ਥਾਂ) ਬਣਾ ਰਿਹਾ... ਹੇਠੋਂ ਨਿੱਘ ਦਾ ਜੁਗਾੜ ਹੋ ਜਾਏਗਾ ਪਰ ਰਜਾਈਆਂ ਦਾ ਇੰਤਜ਼ਾਮ ਅਜੇ ਵੀ ਬਾਕੀ ਐ...

ਨਰਮੇ ਦੀਆਂ ਸਿੱਕਰੀਆਂ ਵੱਜ ਵੱਜ ਕੇ ਜ਼ਖ਼ਮੀ ਨਿੱਕੇ ਨਿੱਕੇ ਹੱਥਾਂ ਬਾਰੇ ਕੱਲ ਪਹਿਲੀ ਵਾਰ ਚਿੰਤਾ ਹੋਈ ਮਾਂ ਬਾਪ ਨੂੰ ਕਿ ਕਾਸ਼ !! ਉੰਨਾਂ ਦੇ ਜੁਆਕ ਵੀ ਸਕੂਲ ਜਾਂਦੇ ਹੁੰਦੇ.. !!! ਇਸ ਲਈ ਨਹੀਂ ਕਿ ਭਵਿੱਖ ਦੀ ਚਿੰਤਾ ਐ.. ਬਲਿਕ ਇਸ ਲਈ ਕਿ ਜੇ ਕੱਲ ਉਹਨਾਂ ਦੇ ਬੱਚੇ ਵੀ ਸਕੂਲ ਹੁੰਦੇ ਤਾਂ ਕਿਸੇ ਅਮੀਰ ਨੇ ਕੱਲ ਜੋ ਵਰਦੀਆਂ ਤੇ ਬੂਟ ਵੰਡੇ, ਉੁਹ ਦੋ ਚਾਰ ਜੋੜੇ ਉੁੰਨਾਂ ਨਿਆਣਿਆਂ ਨੂੰ ਵੀ ਮਿਲ ਜਾਂਦੇ....|

ਪਿਛਲੇ ਮਹੀਨੇ ਹੀ ਵਿਆਹਿਆ ਜੀਤੇ ਕਾ ਪਾਲਾ ਦੁਬਈ ਚਲਿਆ ਗਿਆ, ਖ਼ੁਸ਼ੀ ਐ ਕਿ ਓਹ ਨਸ਼ੇ ਪੱਤੇ ਛੱਡ ਕੇ ਕਮਾਉਣਾ ਸ਼ੁਰੂ ਕਰੂ, ਪਰ ਮੈਨੂੰ ਚਿੰਤਾ ਉਹਦੀ ਨਵੀਂ ਨਵੇਲੀ ਵਹੁਟੀ ਵੱਲ ਦੇਖਦੀਆਂ ਨਜਾਇਜ਼ ਚੋਭਦਾਰ ਨਜ਼ਰਾਂ ਦੀ ਐ ...... ਅਜੇ ਦੋ ਕੁ ਮਹੀਨੇ ਪਹਿਲਾਂ ਹੀ ਗੁਆਂਢ ਪਿੰਡ 'ਚ ਵਿਦੇਸ਼ੋਂ ਪਰਤੇ ਇੱਕ ਨੌਜਵਾਨ ਨੇ ਆਪਣੀ ਸੋਹਣੀ ਸੁਨੱਖੀ ਪਤਨੀ ਦੀ ਹੱਤਿਆ ਕੀਤੀ ਆ,... ""ਮਾੜੀ ਸੀ ਉਹ ਪਿੰਡ ਦੇ ਕਈ ਮੁੰਡਿਆਂ ਨਾਲ!!!!"" ਚਲੋ ਖ਼ੈਰ ਹੱਤਿਆ ਤਾਂ ਹੁਣ ਆਤਮ ਹੱਤਿਆ ਬਣ ਗਈ ਤੇ ਢਕੀ ਹੀ ਰਿੱਝੀ ਖਾ ਕੇ ਡਕਾਰ ਵੀ ਨੀਂ ਮਾਰਿਆ ਕਿਸੇ ਨੇ!!!! ਪਰ ਉਹ ਮੁੰਡੇ ਅਜੇ ਵੀ ਕਿਸੇ ਨਵੀਂ ਵਿਆਹੀ ਸੋਹਣੀ ਸੁਨੱਖੀ ਦੀ ਤਲਾਸ਼ 'ਚ ਹਨ|

ਤੇ ਕਿਤੇ ਮੂਲੋਂ ਸਿੱਧੀ ਸਾਧੀ ਜਿਹੀ ਪੰਮੀ ਸਿਰਫ਼ ਇਸੇ ਕਰਕੇ ਆਪਣੀ ਜ਼ਿੰਦਗੀ ਤੋਂ ਖੁਸ਼ ਹੈ ਕਿ ਚਲੋ ਉਹਦਾ ਵਿਆਹ ਤਾਂ ਹੋ ਗਿਆ(ਕਿਉਂਕਿ ਉਹਦੇ ਵਰਗੀਆਂ ਹੀ ਉਹਦੀਆਂ ਦੋ ਸਿੱਧੀਆਂ ਸਾਧੀਆਂ ਵੱਡੀਆਂ ਭੈਣਾਂ ਅਜੇ ਤੱਕ ਆਪਣੇ ਬਾਬਲ ਦੇ ਦੁਆਰੇ ਈ ਨੇ..) ,, ਭਾਵੇਂ ਕਿ ਉਹਦਾ ਪਤੀ ਦੇਵ ਕਿਸੇ ਹੋਰ ਤੀਵੀਂ ਨਾਲ ਰਹਿ ਰਿਹਾ ਹੈ, ਪਰ ਛੇ ਮਹੀਨੀਂ ਘਰ ਵੱਜਿਆ ਉਹਦਾ ਗੇੜਾ ਵੀ ਪੰਮੀ ਨੂੰ ਉਹਦੇ ਤੇ (ਪੰਮੀ ਤੇ) ਕੀਤਾ ਅਹਿਸਾਨ ਲੱਗਦੈ....| 

   ਪਰਸੋਂ ਹੀ ਇੱਕ ਸਖੀ ਨੇ ਫੋਨ ਤੇ ਦੱਸਿਆ ਕਿ ਕਈ ਦਿਨਾਂ ਤੋਂ ਬੱਸ ਵਿੱਚ ਸਫ਼ਰ ਕਰਨਾ ਪੈ ਰਿਹਾ,ਦਿੱਕਤ ਬੱਸ ਜਾਂ ਰੋਜ਼ਮਰਾ ਦੇ ਸਫ਼ਰ ਤੋਂ ਨਹੀਂ, ਪਰ ਕਈ ਮਰਦਾਨਗੀ ਭਰੇ ਅੰਗ ਉਸਨੂੰ ਛੋਹੰਦੇ ਨੇ ਤੇ ਕਈ ਕਲਹਿਣੇ ਹੱਥ ਉਹਦੇ ਅੰਗਾਂ ਨੂੰ ਟੋਹਣ ਦੀ ਕੋਸ਼ਿਸ਼ ਕਰਦੇ ਨੇ....|

ਕੱਲ ਮੈਡੀਕਲ ਪੜਦੀ ਭੈਣ ਨੇ ਪੁੱਛਿਆ ਕਿ ਦੀਦੀ ਤੁਹਾਨੂੰ ਪਤਾ ਐ ਕਿ ਅੱਜਕੱਲ ਜਨਮ ਦਰ ਤੋਂ ਜ਼ਿਆਦਾ ਅਬੌਰਸ਼ਨ ਹੋ ਰਹੇ ਨੇ,, ਬਹੁਤ ਸਾਰੇ ਅਣਜਾਣੇ ਕਾਰਨਾਂ ਨਾਲ,,,,ਕਿਤੇ ਔਕਸੀਟੌਕਸਿਨ, ਸਪਰੇਆਂ,ਦਵਾਈਆਂ,ਪਾਣੀ ਵਗੈਰਾ ਕਰਕੇ ਤਾਂ ਨਹੀਂ, ਕਿਤੇ ਗਿਰਝਾਂ ਦੇ ਆਂਡਿਆਂ ਦੇ ਖੋਲ ਤਰਾਂ ਸਾਡੀ ਹੋਂਦ ਵੀ ਇੰਨੀ ਪਤਲੀ ਤਾਂ ਨਹੀਂ ਪੈ ਗਈ ਕਿ ਵਜੂਦ ਤੋਂ ਪਹਿਲਾਂ ਹੀ ਟੁੱਟ ਜਾਈਏ !!!!! ਕੀ ਕੁੱਖ ਵੀ ਖ਼ਤਰੇ ਵਿੱਚ ਆ???ਕਹਿੰਦੀ ਕਿਤੇ ਕਿਤੇ ਤਾਂ ਬੜਾ ਡਰ ਲੱਗਦਾ ਆ ਦੀਦੀ ਕਿ ਅਜੇ ਪੜਣਾ ਲਿਖਣਾ ਤੇ ਪੈਰਾਂ ਤੇ ਖੜੇ ਵੀ ਹੋਣਾ ਆ, ਉਦੋਂ ਤੱਕ ਕੀ ਹਾਲ ਬਣੂੰ? ਜੇ ਗਿਰਝਾਂ ਵਾਲੀ ਹੋਈ?? ਪਰ ਕਿਵੇਂ ਦੱਸਾਂ ਉੁਹਨੂੰ ਕਿ ਜੇ ਉੁਹ ਜਲਦੀ ਮਾਂ ਬਨਣ ਬਾਰੇ ਸੋਚ ਰਹੀ ਆ ਤਾਂ ਇਹ ਵੀ ਕੋਈ ਖ਼ਾਸ ਸੁਰੱਖਿਅਤ ਨਹੀਂ| ਹੁਣ ਤਲਾਕ ਦਰ ਨੂੰ ਵੀ ਕਾਫ਼ੀ ਪੌਸ਼ਟਿਕ ਆਹਾਰ ਮਿਲ ਰਿਹੈ!!!!

ਅਗਲੇ ਮਹੀਨੇ ਵਿਆਹੀ ਜਾਣ ਵਾਲੀ ਅਮਨੀ ਬੜੀ ਖ਼ੁਸ਼ ਆ ਆਪਣੇ ਰਾਜਕੁਮਾਰ ਦੇ ਸੁਪਨਿਆਂ 'ਚ ਗੁੰਮ.... ਕਿਵੇਂ ਸਮਝਾਵਾਂ ਕਿ ਉੁਹਦਾ ਵਿਆਹ ਸਿਰਫ਼ ਉੁਹਦੇ ਮੰਗੇਤਰ ਨਾਲ ਨਹੀਂ ਬਲਕਿ ਸੰਯੁਕਤ ਟੱਬਰ ਨਾਲ ਹੋ ਰਿਹਾ ਐ, ਉੁਹ ਰਾਜਕੁਮਾਰ ਤਾਂ ਕੁਝ ਪਲ਼ ਬਾਹਾਂ 'ਚ ਲੈਣ ਆਇਆ ਕਰੂ,, ਘੁੱਪ ਹਨੇਰੇ 'ਚ, ਬਾਕੀ ਦਿਨ ਦੀ
ਰੌਸ਼ਨੀ 'ਚ ਤਾਂ ਵਿਚਾਰੀ ਨੇ ਬਦਲੇ ਨਾਮ ਤੇ ਵਜੂਦ ਨੂੰ ਹੀ ਸਾਬਿਤ ਕਰਨਾ ਐ|

ਗੁਆਂਢ 'ਦ ਦਿਨੋਂ ਦਿਨ ਅਮੀਰ ਹੋ ਰਹੇ ਨਵਜੋਤ ਦੇ ਘਰ ਨਵੀਂ ਪਾਈ ਕੋਠੀ ਤੇ ਬੈਅ ਲਏ ਦਸ ਕਿੱਲਿਆਂ ਦੀ ਖ਼ੁਸ਼ੀ 'ਚ ਸਵੇਰੇ ਸੁਖਮਨੀ ਸਾਹਿਬ ਦਾ ਭੋਗ ਪਿਐ, ਤੇ ਹੁਣ ਦੁਪਹਿਰੇ ਇੱਕ ਵਜੇ ਵੀ ਸਪੀਕਰ ਵੱਜ ਰਿਹੈ| ਪਿੰਡ ਦਾ ਕਹਿੰਦਾ ਕਹਾਉਂਦਾ ਜਥੇਦਾਰ ਆਪਣੀ ਆਖਰੀ ਬਚੀ ਦੋ ਕਨਾਲਾਂ ਦੀ ਰਜਿਸਟਰੀ ਕਰਾਉਣ ਗਿਆ ਹਉਕਾ ਲੈ ਗਿਆ.... " ਜੱਟ ਦੀ ਜਾਨ ਤਾਂ ਜ਼ਮੀਨ ਹੀ ਹੁੰਦੀ ਹੈ" ਨੂੰ ਸਾਬਿਤ ਕਰ ਗਿਆ... ਦਿਲ ਦੇ ਦੌਰੇ ਨਾਲ 54 ਸਾਲ ਦੀ ਉਮਰ 'ਚ ਹੀ ਚੱਲ ਵਸਿਆ|  ਵਿਚਾਰਾ ਗਰੰਥੀ ਵੀ ਚੰਗਾ ਵਫ਼ਾਦਾਰ ਕਲਾਕਾਰ ਆ ਰੱਬ ਦਾ....ਸਵੇਰੇ ਉਹਦੀਆਂ ਦਾਤਾਂ ਦੀ ਬੱਲੇ ਬੱਲੇ ਤੇ ਹੁਣ.................... ਉਫ਼

ਤੇ ਹੁਣੇ  ਪੀ.ਸੀ.ਸੀ.ਦੀ ਵੈਰੀਫ਼ਿਕੇਸ਼ਨ ਲਈ ਥਾਣੇ ਜਾ ਕੇ ਆਈ ਹਾਂ, ਤੇ ਉੱਥੇ ਪੰਦਰਾਂ ਵੀਹ ਹਜ਼ਾਰ ਬਟੋਰਦੇ ਮੁਨਸ਼ੀ ਦਾ ਢਿੱਡ ਮੇਰੇ ਬਾਪੂ ਦੀ ਜੇਬ 'ਚ ਬਚਿਆ ਆਖਰੀ ਪੰਜ ਸੌ ਲੈ ਕੇ ਵੀ ਨਹੀਂ ਭਰਿਆ..... ਅਜੇ ਵੱਡੇ ਸਾਹਬ ਨਾਲ ਗੱਲ ਕਰਨ ਨੂੰ ਕਹਿੰਦਾ ਸੀ...|  

             ਸ਼ਾਇਦ ਮੇਰੇ ਆਸ ਪਾਸ ਵੀ ਸਭ ਪਰੇਸ਼ਾਨ ਹੋਣੇ ਆ ਮੇਰੇ ਤੋਂ, ਮਹਿੰਦਰ ਕੀ ਜੱਸੀ ਬਹੁਤ ਪੜਦੀ ਲਿਖਦੀ ਆ, ਕੁਝ ਨਾ ਕੁਝ ਪੜਦੀ ਰਹਿੰਦੀ ਆ| ਪਰ ਖ਼ੁਸ਼ੀ ਇਸ ਦੀ ਨਹੀਂ ਕਿ ਬੜਾ ਕੁਝ ਸਿੱਖ ਰਹੀ ਆ, ਅਫ਼ਸੋਸ ਇਸ ਗੱਲ ਦਾ ਐ ਕਿ ਇੰਨੀਆਂ ਖ਼ਤਰਨਾਕ ਗੱਲਾਂ ਸਿੱਖ ਰਹੀ ਐ ਕਿ ਏਨੇ ਸਾਲਾਂ ਤੋਂ ਚੱਲੀਆਂ ਚਲਾਈਆਂ ਆ ਰਹੀਆਂ ਰੀਤਾਂ ਰਿਵਾਜ 'ਤੇ ਉਂਗਲ ਉਠਾਉਣ ਦੀ ਜੁਅਰੱਤ ਕਰਨ ਲੱਗੀ ਐ!!!!!ਚਲੋ ਖ਼ੈਰ....... ਏੇਸੇ ਲਈ ਤਾਂ 23 ਸਾਲਾਂ ਦੀ ਆ ਤੇ ਬੱਤੀਆਂ ਦੀ ਲੱਗਦੀ ਆ...|
------------
ਜੱਸੀ ਸੰਘਾ
21/11/2010

ਤੇਰੀਆਂ ਅੱਖਾਂ

ਕੀ ਤੈਨੂੰ ਪਤਾ ਐ??
ਤੇਰੀਆਂ ਅੱਖਾਂ ਤੇਰੇ ਦਿਲ ਤੇ ਰੂਹ ਦਾ ਦਰਪਣ ਨੇ,
ਸ਼ਾਇਦ ਨਹੀਂ ਪਤਾ ਹੋਣਾ,
ਜੇ ਪਤਾ ਹੋਵੇ ਦਿਖਾਵੇਂ ਨਾ !!
ਪਰ ਸ਼ਾਇਦ ਪਤਾ ਹੋਵੇ,
ਜੇ ਨਾ ਪਤਾ ਹੋਵੇ ਤਾਂ ਲੁਕਾਵੇਂ ਨਾ !!


ਖੜੋਤ ਨਹੀਂ ਐ ਤੇਰੀਆਂ ਅੱਖਾਂ ਵਿੱਚ,
ਬਲਿਕ ਇੱਕ ਲੰਬੇ ਪੈਂਡੇ ਦੀ ਸ਼ੁਰੂਆਤ ਨੇ...
ਜਿੱਥੋਂ ਹਮੇਸ਼ਾ ਤੇਰੇ ਅੰਦਰਲਾ ਬੱਚਾ
ਮੇਰੇ ਅੰਦਰਲੇ ਬੱਚੇ ਦੀ ਉਂਗਲ ਫੜਕੇ
ਉਸ ਖ਼ੂਬਸੂਰਤ ਰਾਸਤੇ ਤੇ ਲੈ ਜਾਂਦਾ ਐ
ਜਿਸਦਾ ਮੁਕਾਮ ਮੈਨੂੰ ਅਜੇ ਤੱਕ ਨਹੀਂ ਪਤਾ..
ਤੇ ਸ਼ਾਇਦ ਤੈਨੂੰ ਵੀ ਨਹੀਂ ਪਤਾ ਹੋਣਾ...
ਏਸੇ ਲਈ ਅੰਤ ਤੱਕ ਲਿਜਾਂਦਾ ਨੀਂ !!
ਜਾਂ ਸ਼ਾਇਦ ਤੈਨੂੰ ਚੰਗੀ ਤਰਾਂ ਪਤਾ ਹੋਵੇ,
ਏਸੇ ਲਈ ਦਿਲ 'ਚ ਵਸਾਂਦਾ ਨੀਂ !!


ਕਦੇ ਕਦੇ ਤੇਰੀਆਂ ਲਿਸ਼ਕਦੀਆਂ ਖ਼ੁਰਾ‌ਫ਼ਾਤੀ ਅੱਖਾਂ
ਮੈਨੂੰ ਵੀ ਭੁਲੇਖੇ 'ਚ ਪਾ ਦਿੰਦੀਆਂ ਨੇ,
ਕਿ ਇਹ ਉਹੀ ਇਨਸਾਨ ਐ, ਜੋ
ਦਿਲ ਨਾ ਹੋਣ ਦੇ ਦਾਅਵੇ ਕਰਦਾ ਐ??
ਤੇ ਜਿਸਦੀਆਂ ਅੱਖਾਂ ਕਿਸੇ ਅਨਜਾਣ ਦਿਲ ਨੂੰ ਵੀ
ਨਾ ਦੁਖਾਉਣ ਦਾ ਵਾਅਦਾ ਕਰਦੀਆਂ ਨੇ.....


ਇੱਕ ਵਾਰ ਮਾਰੂਥਲ ਵਿੱਚ ਭਟਕੇ ਕਿਸੇ ਰਾਹੀ ਵਾਂਗ,
ਬੇਸਹਾਰਾ, ਲਾਚਾਰ ਜਿਹੀਆਂ ਵੀ ਦੇਖੀਆਂ ਸੀ ਤੇਰੀਆਂ ਅੱਖਾਂ...
ਤੇ ਕਿੰਨੀ ਵਾਰ ਮੀਂਹ 'ਚ ਭਿੱਜੇ ਨਿਆਣੇ ਵਾਂਗੂੰ
ਕਿਲਕਾਰੀਆਂ ਮਾਰਦੀਆਂ ਵੀ ਦੇਖੀਆਂ ਸੀ ਤੇਰੀਆਂ ਅੱਖਾਂ...


ਕੀ ਅਜੇ ਵੀ ਤੈਨੂੰ ਸ਼ਿਕਾਇਤ ਐ ਕਿ ਮੈਂ ਤੇਰੀਆਂ ਅੱਖਾਂ 'ਚ ਨਹੀਂ ਦੇਖਦੀ???
ਦੱਸ ਹੋਰ ਕੀ ਕੀ ਦੱਸਾਂ??
ਮੈਂ ਤਾਂ ਬਹੁਤ ਵਾਰ
ਵਿਲਕਦੀਆਂ ਪਰ ਖ਼ਾਮੋਸ਼ ਤੇ
ਖਾਲੀਪਣ ਨਾਲ ਭਰੀਆਂ ਵੀ ਦੇਖੀਆਂ ਨੇ ਤੇਰੀਆਂ ਅੱਖਾਂ!!!
--ਜੱਸੀ ਸੰਘਾ
06/13/2011

ਇੱਕ ਗੀਤ ਕਿਸੇ ਦੇ ਨਾਂ...

ਉਹ ਯਾਦਾਂ ਵਿੱਚ, ਉਹ ਖ਼ਾਬਾਂ ਵਿੱਚ,
ਉਹ ਰੂਹ ਮੇਰੀ ਵਿੱਚ ਵੱਸਦਾ ਏ..
ਕੋਈ ਚਮਕ ਰੂਹਾਨੀ ਚਿਹਰੇ 'ਤੇ,
ਮਸਤਾਨਾ ਹਾਸਾ ਹੱਸਦਾ ਏ...
ਉਹ ਯਾਦਾਂ ਵਿੱਚ, ਉਹ ਖ਼ਾਬਾਂ ਵਿੱਚ.....

ਇੱਕ ਬੂਹਾ ਇਸ਼ਕੇ ਦਾ ਸੰਦਲੀ,
ਤੱਕ ਆਪ ਮੁਹਾਰੇ ਖੜਕ ਪਵੇ..
ਰਾਤਾਂ ਨੇ ਨੀਂਦ ਵਿਹੂਣੀਆਂ ਹੁਣ,
ਅੱਖੀਂ ਇਸ਼ਕ ਓਹਦੇ ਦੀ ਰੜਕ ਪਵੇ..
ਉਹ ਯਾਦਾਂ ਵਿੱਚ, ਉਹ ਖ਼ਾਬਾਂ ਵਿੱਚ.....

ਓਹਦੇ ਗਿਣਵੇਂ-ਚੁਣਵੇਂ ਬੋਲ ਮਿੱਠੇ,
ਕੰਨੀਂ ਵੱਜਦਾ ਜਿਵੇਂ ਰਬਾਬ ਹੋਵੇ..
ਕੋਲ਼ ਹੋਵੇ ਸਮਾਂ ਵੀ ਬੱਝ ਜਾਂਦਾ,
ਜਿਵੇਂ ਹਕੀਕਤ ਨਹੀਂ ਕੋਈ ਖ਼ਾਬ ਹੋਵੇ...
ਉਹ ਯਾਦਾਂ ਵਿੱਚ, ਉਹ ਖ਼ਾਬਾਂ ਵਿੱਚ.....

ਰੰਗ ਸੂਹਾ ਉਹਦਾ ਲਾਲ ਜਿਹਾ,
ਜੀਕੂੰ ਦੁੱਧ ਦੇ ਵਿੱਚ ਗੁਲਾਲ ਜਾਪੇ..
ਕਦੀ ਬੜਾ ਪਿਆਰਾ ਲੱਗਦਾ ਏ,
ਕਿਸੇ ਸੋਹਣੀ ਦਾ ਮਹੀਂਵਾਲ ਜਾਪੇ..
ਉਹ ਯਾਦਾਂ ਵਿੱਚ, ਉਹ ਖ਼ਾਬਾਂ ਵਿੱਚ.....

ਉਹਦੇ ਸਾਹਾਂ ਵਾਲੀ ਮਹਿਕ ਸਦਾ,
ਮੇਰੇ ਸਾਹਾਂ ਨੂੰ ਮਹਿਕਾ ਜਾਵੇ..
ਕੈਸੀ ਜਾਦੂਮਈ ਐ ਛੋਹ ਉਸਦੀ,
ਚੰਚਲ ਮਨ ਨੂੰ ਬਹਿਕਾ ਜਾਵੇ..
ਉਹ ਯਾਦਾਂ ਵਿੱਚ, ਉਹ ਖ਼ਾਬਾਂ ਵਿੱਚ.....
-----------
ਜੱਸੀ ਸੰਘਾ
ਮਈ,੨੦੧੧

ਤੂੰ ਮੇਰਾ ਕੀ ਬਣੇਂਗਾ???

ਤੂੰ ਪੁੱਛਿਆ ਕਿ ਤੂੰ ਮੇਰਾ ਕੀ ਬਣੇਂ???
ਤੂੰ ਬਣਨਾ ਚਾਹੁੰਦਾ ਹੈਂ ਤਾਂ
ਤੂੰ ਕੋਈ ਐਸੀ ਲਗਾਂ ਮਾਤਰਾ ਬਣਜਾ,
ਜੋ ਮੇਰੀ ਮੁਕਤਾ ਹੋਂਦ ਨੂੰ ਕਈ ਨਵੇਂ ਅਰਥਾਂ ਨਾਲ ਲਬਰੇਜ਼ ਕਰ ਦੇਵੇ....

ਤੂੰ ਸਮਾਜ ਦੇ ਦਿਮਾਗ ਨੂੰ ਆਈ ਮੋਚ
ਤੇ ਲੰਗੜਾ ਕੇ ਚੱਲਦੀ ਸੋਚ
ਦਾ ਇਲਾਜ ਲੱਭਣ ਲਈ ਮੇਰਾ ਹਮਰਾਹੀ ਬਣਜਾ...

ਤੂੰ ਆਪਣਾ ਬੱਚਿਆਂ ਵਰਗਾ ਨਿਰਛਲ ਤੇ ਨਿਰਮਲ ਹਾਸਾ ਹੱਸਦਾ
ਤੇ ਪਵਿੱਤਰ ਤੱਕਣੀ ਤੱਕਦਾ ਉਹ ਆਈਨਾ ਬਣਜਾ,
ਜਿਸ 'ਚ ਤੱਕ ਕੇ ਹਰ ਚਿਹਰਾ ਕੁਝ ਪਲ ਲਈ ਛਲ਼ ਕਪਟ ਭੁੱਲ ਜਾਵੇ.....

ਤੂੰ ਕਿਸੇ ਮਜਾਰ ਤੇ ਉੱਕਰੀ ਓਹ ਇਬਾਰਤ ਬਣਜਾ,
ਜਿਸਨੂੰ ਤੱਕਣ ਲਈ ਮੈਂ ਅੱਖਾਂ ਦੀ ਮੁਥਾਜ ਨਾ ਰਹਾਂ..
ਬਲਿਕ ਅੱਖੋਂ ਅੰਨੇ ਵਾਂਗ ਜਦੋਂ ਵੀ ਟੋਹਵਾਂ
ਤਾਂ ਮੇਰੀ ਰੂਹ ਤੈਨੂੰ ਮਹਿਸੂਸ ਕਰੇ ਤੇ ਮਾਣੇ...

ਤੂੰ ਪਲੀਜ਼, ਤੇਰੇ ਤੱਕ ਆਉਂਦੀਆਂ
ਮੇਰੀਆਂ ਨੰਗੀਆਂ ਜ਼ਖ਼ਮੀ  ਪੈੜਾਂ ਦਾ ਰਖਵਾਲਾ ਬਣਜਾ....।

ਤੇ ਜੇ ਤੂੰ ਕੁਝ ਦੇਣਯੋਗ ਹੈਂ
ਤਾਂ ਆਪਣੀਆਂ ਬਾਹਾਂ ਦੀ ਮਜ਼ਬੂਤ ਪਰ ਕੋਮਲ ਜਕੜ ਦ ਜਜ਼ਬੇ 'ਚ ਪਰੋ ਕੇ
ਆਪਣੇ ਸਾਹਾਂ ਦਾ ਨਿੱਘ ਤੇ ਧੜਕਣ ਦਾ ਸੰਗੀਤ ਮੈਨੂੰ ਦੇ....

ਤੇ ਜੇ ਤੂੰ ਸੱਚੀਂ 'ਮੇਰਾ ਕੁਝ' ਬਣਨਾ ਲੋਚਦਾ ਹੈਂ
ਤਾਂ ਤੂੰ ਮੇਰੀ ਨਵੀਂ ਸਵੇਰ, ਇਸ਼ਕ, ਪਾਗਲਪਣ
ਤੇ
ਮੇਰੀ ਭਟਕਣ ਦਾ ਅੰਤ ਬਣਜਾ।

ਜੱਸੀ ਸੰਘਾ
(੨੦ ਦਸੰਬਰ,੨੦੧੦)

Sunday, 25 December 2011

"ਕਾਇਨਾਤ ਦੀ ਧੀ" ਜਾਂ "ਧਰਤੀ ਦੀ ਮਾਂ"

ਮੇਰੇ ਲਈ ਕਾਫ਼ੀ ਨਹੀਂ
ਮੇਰਾ ਘਰ
ਮੇਰਾ ਪਿੰਡ
ਮੇਰਾ ਦੇਸ਼
ਇਹ ਪੂਰਾ ਜਹਾਨ
ਤੇ ਨਾ ਹੀ ਪੂਰੀ ਦੀ ਪੂਰੀ ਧਰਤੀ..
ਮੈਨੂੰ ਤਾਂ ਲੱਗਦੈ ਜਿਵੇਂ ਮੈਂ
ਖਾਲ਼ੀ ਖਲਾਅ ਦੀ
ਆਜ਼ਾਦ ਹਵਾ ਦੀ
ਤੇ ਪੂਰੀ ਕਾਇਨਾਤ ਦੀ ਧੀ ਹੋਵਾਂ....
ਤੇ ਅਕਸਰ ਸੂਰਜ ਦੀ ਸ਼ਰੀਕਣ ਹੋ ਕੇ
ਮੈਂ ਅੱਧਕ ਵਰਗੇ ਚੌਥ ਦੇ ਚੰਦ 'ਤੇ
ਕਿਸੇ ਰਾਜਕੁਮਾਰੀ ਵਾਂਗੂੰ ਬੈਠੀ ਹੋਵਾਂ...

ਕਿਸੇ ਕਾਲੇ ਬੋਲੇ ਬੱਦਲ ਹੇਠ ਚਮਕਦਾ ਸੂਰਜ ਕੈਦ ਕਰਕੇ
ਮੈਂ ਊਸ ਬੱਦਲ ਨੂੰ ਚੁੰਨੀ ਬਣਾ ਕੇ ਲਪੇਟ ਲਵਾਂ...
ਤੇ ਮੇਰੇ ਮੱਥੇ ਤੋਂ ਸੂਰਜ ਦੀ ਕੈਦ ਕੀਤੀ ਰੌਸ਼ਨੀ ਦੀ ਕਿਨਾਰੀ ਨਾਲ
ਮੈਂ ਬੇਵਕਤਾ ਈ ਦਿਨ ਚੜਦਾ ਕਰ ਦਿਆਂ...।
ਮੈਂ ਅਗੜ ਦੁਗੜੇ ਤਾਰਿਆਂ 'ਤੇ ਪੈਰ ਰੱਖ ਰੱਖ ਖ਼ੂਬ ਭੱਜਾਂ..
ਸਿਤਾਰਿਆਂ ਤੋਂ ਬਣੇ ਡੀਕਰੀਖ਼ਾਨੇ 'ਚ
ਮੈਂ ਚੌਦਵੀਂ ਦੇ ਚੰਨ ਨੂੰ ਡੀਕਰੀ ਬਣਾਕੇ
ਬੇਖ਼ੌਫ਼ ਲੰਙੀ ਲੱਤ ਖੇਡਾਂ.....।
ਪਸੀਨੋ ਪਸੀਨੀ ਹੋ ਜਾਵਾਂ ਤਾਂ ਮੇਰੀ ਮਾਂ ਹਵਾ
ਮੇਰੇ ਵਾਲਾਂ ਨਾਲ ਖੇਡੇ, ਲਾਡ ਲਡਾਵੇ..।
ਧਰਤੀ 'ਤੇ ਮੀਂਹ ਵਰੇ ਤਾਂ ਮੈਂ
ਰੂੰ ਵਰਗੇ ਬੱਦਲਾਂ 'ਤੇ ਢਿੱਡ ਪਰਨੇ ਲੇਟ ਕੇ
ਮੀਂਹ 'ਚ ਕਿਲਕਾਰੀਆਂ ਮਾਰਦੇ ਨਿਆਣਿਆਂ ਨੂੰ ਦੇਖਾਂ,
ਜਨੌਰਾਂ,ਪੰਛੀਆਂ ਨੂੰ ਚਾਅ ਚੜਿਆ ਦੇਖਾਂ,
ਫ਼ਸਲਾਂ ਤੇ ਦਰੱਖ਼ਤ ਝੂਮਦੇ ਦੇਖਾਂ...
ਤੇ ਜਦੋਂ ਨਦੀਆਂ,ਝਰਨੇ ਤੇ ਸਮੁੰਦਰ ਦੇਖਦੀ ਹਾਂ
ਤਾਂ ਦਿਲ ਕਰਦੈ ਕਿ ਲੂਣ ਵਾਂਗੂੰ ਖ਼ੁਰ ਜਾਵਾਂ ਉਸ ਪਾਣੀ ਵਿੱਚ,
ਕਿਸੇ ਘਰ,ਪਿੰਡ,ਦੇਸ਼ ਜਾਂ ਮਹਾਂਦੀਪ ਦੀ ਨਿੱਜੀ ਮਲਕੀਅਤ ਨਾ ਰਹਿ ਕੇ
ਆਜ਼ਾਦ ਵਹਿੰਦੀ ਰਹਾਂ....

ਪਰ ਇਹ ਆਨੰਦ, ਇਹ ਸੁਪਨੇ ਵੀ ਮੇਰੇ ਨਹੀਂ...
ਕਿਉਂਕਿ ਦੂਜੇ ਹੀ ਪਲ਼
ਜਦੋਂ ਕੜਾਕੇਦਾਰ ਮੀਂਹ 'ਚ
ਕਿਸੇ ਗ਼ਰੀਬ ਨੂੰ ਮੋਘਰੇ ਮੁੰਦਦੇ ਦੇਖਦੀ ਹਾਂ,
ਬੇਘਰਿਆਂ ਨੂੰ ਦਰੱਖਤਾਂ ਦੀ ਛੱਤ ਬਣਾ ਕੇ
ਭਿੱਜਣੋਂ ਬਚਦੇ ਦੇਖਦੀ ਹਾਂ ...
ਤਾਂ ਉਸ ਆਸਮਾਨੀ ਬਿਜਲੀ ਦੀ ਕੜਕ 
ਮੇਰਾ ਕਲੇਜਾ ਛਲਣੀ ਕਰਦੀ ਐ,
ਉਹ ਬਿਜਲੀ ਉਦੋਂ ਮੇਰੀ ਹੀ ਉਸ ਰੂਹ 'ਤੇ ਡਿੱਗਦੀ ਐ,
ਜੋ ਸੁਪਨੇ ਦੇਖਦੀ ਐ ਬੱਦਲਾਂ ਤੇ ਮੂਧੀ ਪੈ ਕੇ ਨਜ਼ਾਰੇ ਦੇਖਣ ਦੇ..।

ਪੋਹ ਮਾਘ 'ਚ ਚੰਨ ਚਾਨਣੀਆਂ ਰਾਤਾਂ '
ਠੁਰ ਠੁਰ ਕਰਦੇ ਕਮਜ਼ੋਰ ਹੱਡ
ਮੈਨੂੰ ਹੀ ਬਦਅਸੀਸਾਂ ਦਿੰਦੇ ਜਾਪਦੇ ਨੇ..
ਤੇ ਇੰਝ ਲੱਗਦੈ ਮੈਨੂੰ ਜਿਵੇਂ ਧੁੰਦ
ਮੇਰੀ ਹੀ ਚੇਤਨਾ ਨੂੰ ਧੁੰਦਲਾ ਕਰਨ ਲਈ ਪੈ ਰਹੀ ਹੋਵੇ..।

ਜੇਠ ਹਾੜ ਦੇ ਅੱਗ ਵਰਸਾਉਂਦੇ ਮਹੀਨਿਆਂ ਵਿੱਚ 
ਪੈਰੋਂ ਨੰਗੇ ਨਿਆਣਿਆਂ ਦੇ ਸੜਦੇ ਭੁੱਜਦੇ ਪੈਰਾਂ ਨੂੰ ਮਹਿਸੂਸ ਕਰਕੇ 
ਮੈਨੂੰ  ਜਾਪਦਾ ਹੈ
ਜਿਵੇਂ ਮੈਂ ਅਨਾਥ ਹੋ ਗਈ ਹੋਵਾਂ,
ਮੇਰੀ ਮਾਂ ਹਵਾ
ਕਿਸੇ ਨੇ ਬੇੜੀਆਂ ਨਾਲ ਬੰਨ ਲਈ ਹੋਵੇ,
ਮੇਰੀ ਚੁੰਨੀ ਕਿਸੇ ਨੇ ਸਿਰੋਂ ਲਾਹ ਕੇ ਲੀਰੋ ਲੀਰ ਕਰ ਦਿੱਤੀ ਹੋਵੇ।

ਤੇ ਫੇਰ ਮੈਨੂੰ ਚੰਨ 'ਚੋਂ ਵੀ ਭੜਾਸ ਆਉਂਦੀ ਐ,
ਮੇਰਾ ਸ਼ਰੀਕ ਸੂਰਜ 
ਰੋਜ਼ ਬਣ ਬਣ ਉੱਭਰਦੈ ਨਿੱਤ ਨਵੇਂ ਜੋਬਨ 'ਤੇ....

ਤੇ ਮੈਨੂੰ ਆਪਣੀ ਆਜ਼ਾਦ ਤਬੀਅਤ 'ਤੇ ਸ਼ੱਕ ਹੁੰਦੈ
ਤੇ ਫੇਰ  ਇੱਕਦਮ 
ਮੈਂ ਕਿਸੇ ਚੰਨ, ਸਮੁੰਦਰ, ਹਵਾ, ਧਰਤੀ ਤੇ ਤਾਰਿਆਂ ਨਾਲ
ਅਠਖੇਲੀਆਂ ਨਹੀਂ ਕਰਨਾ ਚਾਹੁੰਦੀ, 
ਸਗੋਂ ਇੱਥੇ 
ਇਸੇ ਹੀ ਧਰਤੀ 'ਤੇ,
ਇਸੇ ਹੀ ਜਹਾਨ ਵਿੱਚ,
ਮੇਰੇ ਹੀ ਦੇਸ਼ 
ਤੇ ਮੇਰੇ ਆਪਣੇ ਹੀ ਪਿੰਡ
ਮੈਂ ਬਲਦੇ ਪੈਰਾਂ ਹੇਠ ਠੰਡਕ ਬਣਕੇ ਵਿਛ ਜਾਣਾ ਚਾਹੁੰਦੀ ਹਾਂ। 

ਮੇਰਾ ਵਜੂਦ ਅੱਖ ਝਪਕਦੇ ਹੀ 
ਬੇਸਹਾਰਾ ਤੇ ਬੇਘਰਾਂ ਲਈ
ਜਿਵੇਂ ਇੱਕ ਸਾਂਝੀ ਛੱਤ ਵਿੱਚ ਬਦਲ ਜਾਂਦਾ ਹੈ 
ਜੋ ਜਾਤ,ਕਬੀਲਿਆਂ,ਰੰਗਾਂ ਤੇ ਇਲਾਕਿਆਂ ਦੇ ਲੇਬਲਾਂ ਤੋਂ ਮੁਕਤ ਹੋਵੇ।
ਹਰ ਦੁਖੀ ਤੇ ਲਾਚਾਰ ਦੇ ਦੁੱਖ
ਮੇਰੀ ਕੁੱਖ ਵਿੱਚ ਘਰ ਕਰ ਜਾਂਦੇ ਨੇ, 
ਤੇ ਕੁਝ ਦਿਹਾੜਿਆਂ ਪਿੱਛੋਂ ਮੇਰੀਆਂ ਅੱਖਾਂ 'ਚੋਂ ਹੰਝੂ ਜਨਮਦੇ ਨੇ।
ਤੇ ਇਹ "ਕਾਇਨਾਤ ਦੀ ਅਖੌਤੀ ਧੀ"
ਮੈਂ ਖ਼ੁਦ ਹੀ "ਧਰਤੀ ਦੀ ਮਾਂ" ਵਿੱਚ ਤਬਦੀਲ ਹੋ ਜਾਂਦੀ ਹਾਂ।
Jassi Sangha,
July11th,2011

ਸਾਡੀਆਂ ਉਦਾਸੀਆਂ

ਸਾਡੀਆਂ ਉਦਾਸੀਆਂ ਦਾ ਭੇਦ ਕਿੰਝ ਪਾਏਂਗਾ ਵੇ,
ਰੰਗਾਂ ਵਿੱਚ ਡੁੱਬੀਆਂ ਜੋ ਚੁੱਪ ਚੁੱਪ ਰਹਿੰਦੀਆਂ ਨੇ..
ਹੱਸਦੀਆਂ-ਖੇਡਦੀਆਂ, ਨੱਚਦੀਆਂ ਟੱਪਦੀਆਂ,
ਸਭ ਦੁੱਖ ਸਹਿ ਕੇ ਵੀ ਜੋ ਮਸਤੀ 'ਚ ਰਹਿੰਦੀਆਂ ਨੇ..
ਸ਼ਗਨਾਂ ਜਿਹੇ ਨਾਮ ਸੀ ਜੋ,ਪਲਾਂ ਵਿੱਚ ਬੇਵਾ ਹੋ ਗਏ,
ਸਜ ਫ਼ਬ ਫੇਰ ਵੀ ਉਹ ਸ਼ੀਸ਼ੇ ਮੂਹਰੇ ਬਹਿੰਦੀਆਂ ਨੇ...
ਸੋਹਣੇ ਸ਼ੋਖ ਰੰਗਾਂ ਦੀ ਚਮਕ ਤੈਨੂੰ ਭਾਅ ਜਾਂਦੀ,
ਸੀਨੇ ਵਿੱਚ ਸੱਲ੍ਹ ਸਦਾ ਉਹੋ ਹੀ ਤਾਂ ਸਹਿੰਦੀਆਂ ਨੇ..
ਜਿੱਤ ਕੇ ਵੀ ਹਾਰ, ਜੋ ਨੇ ਟੁੱਟ ਚੂਰ ਚੂਰ ਹੋਈਆਂ ,
ਸਭ ਕੁਝ ਠੀਕ ਹੈ ਜੀ,ਹੌਲੇ ਹੌਲੇ ਕਹਿੰਦੀਆਂ ਨੇ.. 
Harmanjeet & Jassi sangha 
25/12/2011