ਇੱਕ ਪੰਜਾਬੀ ਗਾਣਾ ਬਹੁਤ ਰੜਕਦਾ ਆ ! ਇਹਦੀ ਧੁਨ ਏਨੀ ਸੋਹਣੀ ਆ ਸ਼ਾਇਦ ਇਸੇ ਕਰਕੇ ਸੁਣ ਲਿਆ, ਬਹੁਤ ਸੋਹਣਾ ਗਾਉਣ ਵਾਲੇ ਰਣਜੀਤ ਬਾਵੇ ਨੇ ਗਾਇਆ ਹੈ ! ਇਹ ਪੰਜਾਬੀ ਦਾ ਸਭ ਤੋਂ ਘਟੀਆ ਗਾਣਾ ਹਰਗਿਜ਼ ਨਹੀਂ , ਇਸ ਮੁਕਾਬਲੇ ‘ਚ ਤਾਂ ਬਹੁਤ ਬੇਹੂਦਾ ਗਾਣੇ ਨੇ , ਪਰ ਸ਼ਾਇਦ ਮੈਨੂੰ ਹਜ਼ਮ ਏਸ ਕਰਕੇ ਨੀ ਆਇਆ ਕਿਉਂਕਿ ਬਾਵਾ ਸੋਹਣਾ ਗਾਉਣ ਵਾਲਿਆਂ ਵਿੱਚੋਂ ਆ ! ਬਾਵੇ ਦਾ ਗਾਣਾ ‘ਬਾਵਾ’ ਤੁਹਾਨੂੰ ਹਿਲਾ ਕੇ ਰੱਖ ਦਿੰਦਾ ਹੈ ! ਅਜਿਹਾ ਬਹੁਤ ਘੱਟ ਹੁੰਦਾ ਹੈ ਕਿ ਮੈਂ ਅੱਜਕਲ ਦਾ ਰਿਲੀਜ਼ ਹੋਇਆ ਇੱਕੋ ਗਾਣਾ ਵਾਰ ਵਾਰ ਸੁਣ ਸਕਾਂ , ਨਹੀਂ ਤਾਂ ਅਕਸਰ ਰਿਪੀਟ ‘ਤੇ ਨੁਸਰਤ ਸਾਹਿਬ ਜਾਂ ਕੋਈ ਹਿੰਦੀ ਗਾਣਾ (ਜਿਵੇਂ ਹੁਣੇ ਜਿਹੇ ‘ਤੁਮ ਸਾਥ ਹੋ’ ਆਇਆ ਸੀ, ਇਮਿਤਿਆਜ਼ ਅਲੀ ਜੀ ਵਾਲੀ ਫ਼ਿਲਮ ‘ਤਮਾਸ਼ਾ’ ਦਾ) ਚੱਲਦਾ ਹੈ ! ਪਰ ਕੁਝ ਦਿਨ ਪਹਿਲਾਂ ਬਾਵੇ ਦੇ ਕੁਝ ਗਾਣੇ ਜਿਵੇਂ ‘ਜਿੰਦੇ ਮੇਰੀਏ’ ਤੇ ਫੇਰ ‘ਬਾਵਾ’ ਸੁਣਿਆਂ... ਗਾਣਾ ‘ਬਾਵਾ’ ਘੱਟੋ ਘੱਟੋ ਸੌ ਵਾਰ ਸੁਣ ਚੁੱਕੀ ਹਾਂ !
ਬੋਲ ਨੇ –
“ਤੱਤੇ ਤੱਤੇ ਹੁੰਝੂਆਂ ਨੇ, ਦੁੱਖ ਕੱਤੇ ਹੰਝੂਆਂ ਨੇ ਹਿਜਰਾਂ ਦਾ ਚਰਖਾ ਤੂੰ ਦੇ ਗਿਉਂ,
ਸੱਧਰਾਂ ਵੀਰਾਨ ਹੋਈਆਂ , ਸਭੇ ਸ਼ਮਸ਼ਾਨ ਹੋਈਆਂ , ਇੱਕ ਵਾਰੀ ਪਿੰਡ ਆਜਾ ਦੀਪ ਸਿਓਂ
ਬਾਵਾ ਮਿੱਟੀ ਦਾ ਇਹ ਬੁੱਤ ਵਰਗਾ , ਲੋਕਾਂ ਨੂੰ ਖਿਡਾਉਣਾ ਲੱਗਦਾ,
ਮੈਨੂੰ ਲੱਗੇ ਮੇਰੇ ਪੁੱਤ ਵਰਗਾ !!”
ਸ਼ਾਇਦ ਕਈ ਵਾਰ ਗਾਇਕ ਜਾਂ ਗੀਤਕਾਰ ਨੂੰ ਵੀ ਨਹੀਂ ਪਤਾ ਹੁੰਦਾ ਕਿ ਉਸਦੀ ਯੋਗਤਾ ਕੀ ਕਰਨ ਦੀ ਹੈ ਜਾਂ ਉਹਨਾਂ ਨੇ ਕੀ ਲਿਖਤਾ ਤੇ ਕੀ ਗਾ ਦਿੱਤਾ ! ਵਰਨਾ ਬਾਵਾ ‘ਪੌਣੇ ਅੱਠ’ ਨਾ ਗਾਉਂਦਾ !
ਹਜ਼ਮ ਨਾ ਆਉਣ ਵਾਲਾ ਗਾਣਾ ਇਹੀ ਹੈ .. ‘ਪੌਣੇ ਅੱਠ’ !
ਕਹਿੰਦਾ ‘ਪਾਣੀ ਛਿੜਕਾਂ ਤੇ ਪੂਣੀ ਕਰਾਂ ਪੱਗ ਦੀ , ਡੀ. ਸੀ. ਜਿੰਨੀ ਟੌਹਰ ਜੱਟ ਦੀ’ ਚਲੋ ਮੰਨ ਲਿਆ ਭਾਈ .. ਸਹੀ ਹੈ.. ਡੀ.ਸੀ. ਫੇਰ ਡੀ.ਸੀ. ਹੈ !
‘ਕੁੜੀ ਸਾਧਾਂ ਤੋਂ ਤਵੀਤ ਕਰਾ ਕੇ, ਮਿੱਤਰਾਂ ਨੂੰ ਫਿਰੇ ਪੱਟਦੀ’.. ਚਲੋ ਮੰਨ ਲਿਆ ਕੁੜੀ ਅਜੇ ਤਰਕਸ਼ੀਲ ਨਹੀਂ ਤੇ ਮਿੱਤਰ ਬਹੁਤ ਸੋਹਣੇ ਸੁਨੱਖੇ ਹੋਣਗੇ !
‘ਰਹੇ ਕਰ ਕੇ ਦਿਖਾਉਂਦੀ ਸਾਨੂੰ ਨਖਰੇ , ਐਡੀ ਕੀ ਤੂੰ ਜ਼ੈਲਦਾਰਨੀ’ ਨਾ ਜੇ ਮਿੱਤਰ ਬਿਨਾਂ ਕੋਈ ਟੈਸਟ ਪਾਸ ਕੀਤੇ ਡੀ.ਸੀ. ਜਿੰਨੀ ਟੌਹਰ ਦੇ ਮਾਲਿਕ ਹੋ ਸਕਦੇ ਨੇ ਤਾਂ ਕੁੜੀ ਜ਼ੈਲਦਾਰਨੀ ਕਿਉਂ ਨਹੀਂ ?? ਨਾਲੇ ਤੁਸੀਂ ਹੀ ਤਾਂ ਕਹਿੰਦੇ ਹੋ , ਨਖਰੇ ਬਿਨ ਸੋਹਣੀ ਤੀਵੀਂ !!
‘ਜੀਨਾਂ ਸ਼ੀਨਾਂ ਵਿੱਚ ਕੁੜੀਏ ਨਾ ਫੱਬਦੀ, ਸੂਟਾਂ ‘ਚ ਲੱਗੇ ਸਰਦਾਰਨੀ’ ਚਲੋ ਮੰਨ ਲੈਨੇ ਆਂ ਬਾਈ ਜੀ ਕਿ ਆਪ ਜੀ ਨੂੰ ਸੂਟ ਪਸੰਦ ਨੇ , ਤੇ ਜੀਨ ਤੁਹਾਨੂੰ ਨਹੀਂ ਪਸੰਦ ,ਪਰ ਹੋ ਸਕਦਾ ਅਗਲੀ ਨੂੰ ਵੀ ਤੇਰਾ ਬਹੁਤ ਕੁਝ ਨਾ ਪਸੰਦ ਹੋਵੇ ! ਗੌਰ ਕਰਿਓ !
‘ਅੱਡੇ ਉੱਤੇ ਖੜੀ ਟੈਮ ਪੌਣੇ ਅੱਠ ਦਾ , ਚੱਕਦੀ ਫਿਰੇ ਓਏ ਕੁੜੀ ਟੈਮ ਜੱਟ ਦਾ’ ਬੜਾ ਮਾੜਾ ਜੱਟ ਆ ! ਜਿਹੜੀ ਪਸੰਦ ਈ ਨੀ , ਨਖਰੇ ਕਰਦੀ ਆ, ਜੀਨ ਪਾਉਂਦੀ ਆ ਓਸੇ ਤੋਂ ਈ ਟੈਮ ਚਕਾ ਲਿਆ ਹੈਂ !?
‘ਆਉਂਦਾ ਪਿਛਲੇ ਪਿੰਡੋਂ ਸੀ ਮੈਂ ਚੜਕੇ , ਮੋੜ ਉੱਤੋਂ ਤੂੰ ਚੜਦੀ’ ਚਲੋ ਪਿੰਡ ਵੱਖ ਵੱਖ ਨੇ ! ਖ਼ਿਆਲ ਕਰਿਓ , ਨੇੜੇ ਨੇੜੇ ਦੇ ਈ ਨੇ ! ਕਾਕਾ ਜੀ ਦਾ ਪਿੰਡ ਇੱਕ ਪਿੰਡ ਛੱਡ ਕੇ ਈ ਐ !
‘ਮਿੰਨੀ ਬੱਸ ਵਿੱਚ ਲੱਗੀਆਂ ਸੀ ਯਾਰੀਆਂ , ਤੇਰੇ ਨਾਲ ਬਿੱਲੋ ਅੱਖ ਲੜ ਗਈ’ ਚਲੋ ਲੜ ਗਈ ਹੋਊ !
‘ਹੀਰ ਦਾ ਭੁਲੇਖਾ ਪਾਉਂਦੀ ਜੱਟੀ ਦੂਰ ਤੋਂ, ਖੰਨੇ ਹੋਣ ਗੱਲਾਂ ਕੁੜੀ ਸੰਗਰੂਰ ਤੋਂ’ ਨਾਲ ਨਾਲ ਪਿੰਡ ਨੀਂ ਸੀ ?? ਚਲੋ ਇੱਕ ਜਣਾ ਕਿਤੇ ਨੇੜਲੇ ਪਿੰਡ ‘ਚ ਪੀ. ਜੀ. ‘ਚ ਰਹਿੰਦਾ ਹੋਊ ! ਚਾਹੇ ਨਹੀਂ ਆਉਂਦੀ ਹਜ਼ਮ ਗੱਲ.. ਚਲੋ ਛੱਡੋ !
“ਜੋ ਆਖਦੇ ਵਿਖਾਉਂਦੇ ਬਿੱਲੋ ਕਰਕੇ , ਸੋਚੀਂ ਨਾ ਗੱਲਾਂ ਨਾਲ ਸਾਰ ਦੂੰ
ਲਾ ਕੇ ਯਾਰੀਆਂ ਜੇ ਪਿੱਛੇ ਕਦੇ ਹਟਗੀ ,ਮੈਂ ਚੌਂਕ ਵਿੱਚ ਗੋਲੀ ਮਾਰ ਦੂੰ !”
ਆਹ ਕੀ ਗੱਲ ਬਣੀ ਬਈ?? ਕਿਹੜਾ ਜੱਟ , ਕਿਹੜਾ ਡੀ.ਸੀ.? ਮੇਰੇ ਬਾਪ ਦਾਦੇ ਤਾਂ ਐਹੋ ਜੇ ਜੱਟ ਨਹੀਂ ! ਇਹ ਕਿਹੜਾ ਹੁਲੀਆ ਹੈ ਜੱਟ ਦਾ ! ਜੱਟ ਨੂੰ ਤਾਂ ਸਿਰ ਖੁਰਕਣ ਦੀ ਵਿਹਲ ਨੀਂ , ਕਰਜ਼ਿਆਂ ਨਾਲ ਦਬਿਆ ਪਿਆ ! ਮੰਨਿਆਂ ਕਿ ਇਹ ਕਾਕਾ ਸੌਖਾ ਆ ਘਰੋਂ , ਪਰ ਚਾਹੇ ਰਾਜਾ ਹੋਵੇ , ਐਵੇਂ ਕਿਵੇਂ ‘ਗੋਲੀ ਮਾਰ ਦੂੰ!”
ਇਹ ਕਿਵੇਂ ਦਾ ਪਿਆਰ ਹੈ , ਤਾਨਾਸ਼ਾਹੀ ਰਾਜ ਲੱਗ ਰਿਹਾ ਆ ਮੈਨੂੰ ਤਾਂ ! ਕਿੰਨੀ ਜ਼ਹਿਰ, ਕਿੰਨੀ ਨਫ਼ਰਤ ਫੈਲਾ ਰਹੇ ਨੇ ਇਹ ਸੰਗੀਤ ਦੇ ਰਾਹੀਂ ! ਇਹਨਾਂ ਨੂੰ ਸੁਣਕੇ , ਜੋ ਬੇਵਕੂਫ਼ ਹਵਾ ਕੇ ਆ ਕੇ ਇਸ ਤੇ ਅਮਲ ਕਰਦੇ ਨੇ ਉਹਨਾਂ ਦਾ ਜ਼ਿੰਮੇਵਾਰ ਕੌਣ ਹੈ ?
ਬਾਰਾਂ ਜਨਵਰੀ, 2014 ਨੂੰ ਮੋਹਾਲੀ ਇਹੀ ਲਾਈਨਾਂ ਇੱਕ ਮੁੰਡੇ ਨੇ ਸੱਚ ਕੀਤੀਆਂ , ਕੁੜੀ ਨੂੰ ਚੌਂਕ ‘ਚ ਗੋਲੀ ਮਾਰਤੀ ! ਮੇਰੇ ਦੋਸਤ ਦੇ ਦੋਸਤ ਦੀ ਭੈਣ ਸੀ ਉਹ , ਉਸੇ ਦਿਨ ਅਸੀਂ ‘ਧੀ ਦਿਵਸ’ ਮਨਾਇਆ ਸੀ , ਸ਼ਾਮ ਨੂੰ ਇਹ ਖ਼ਬਰ ਮਿਲੀ ਤਾਂ ਆਪਣੇ ਆਪ ‘ਤੇ ਸ਼ਰਮ ਆਉਣ ਲੱਗ ਗਈ ! ਉਸ ਕੁੜੀ ਨੂੰ ਹਾਲਾਂਕਿ ਮੈਂ ਜਾਣਦੀ ਨਹੀਂ ਸੀ , ਪਰ ਰੋਈ .. ਇਹ ਗੋਲੀ ਮਾਰਨ ਦੀਆਂ ਗੱਲਾਂ ਕਰਨ ਵਾਲੇ , ਗਾਉਣ ਵਾਲੇ ਮੁੰਡੇ ਨਹੀਂ , ਕੁੜੀਓ ਇਹ ਜਾਨਲੇਵਾ ਹਲਕੇ ਕੁੱਤੇ ਨੇ , ਬਚੋ ! ਜੇ ਤੁਹਾਡਾ ਚਾਹੁਣ ਵਾਲਾ ਕਦੇ ਕੋਈ ਅਜਿਹਾ ਇਸ਼ਾਰਾ ਵੀ ਕਰਦਾ ਹੈ ਤਾਂ ਹੁਸ਼ਿਆਰ ! ਅਜਿਹੇ ਗਾਣਿਆਂ ਦੁਆਰਾ ਟੀਕੇ ਲਾਏ ਜਾ ਰਹੇ ਨੇ ਹਲਕਣ ਦੇ, ਕੀ ਪਤਾ ਕਦੋਂ ਦੌਰਾ ਪੈ ਜੇ !
ਤੁਸੀਂ ਸੋਚ ਰਹੇ ਹੋਵੋਗੇ ਕਿਵੇਂ ਸੈਂਟੀ ਹੋਈ ਬੈਠੀ ਆ ਜੱਸੀ , ਮੇਰਾ ਸੱਚੀਂ ਖੂਨ ਖੌਲਦਾ ਆ ਅਜਿਹਾ ਬਕਵਾਸ ਸੁਣਕੇ ! ਇਸਤੋਂ ਬੇਹੂਦਾ ਬਕਵਾਸ ਵੀ ਆਉਂਦਾ ਐ, ਪਰ ਅਜਿਹੇ ਲਾਇਕ ਕਲਾਕਾਰ ਤੋਂ ਇਹ ਆਸ ਨਹੀਂ ਕੀਤੀ ਜਾ ਸਕਦੀ, ਸਵੀਕਾਰ ਨਹੀਂ ਕੀਤਾ ਜਾ ਸਕਦਾ !
ਮੁਆਫ਼ ਕਰਿਉ ਬਾਵਾ ਜੀ, ਬਹੁਤ ਸਿੱਧਾ ਬੋਲੀ ਹਾਂ , ਪਰ ਬਹੁਤ ਦੁਖੀ ਹਾਂ ਸੁਰੀਲੇ ਗਲੇ ‘ਚੋਂ ਅਜਿਹੀ ਬਕਵਾਸ ਸੁਣਕੇ ! ਜ਼ਰਾ ਸੋਚੋ ਮੇਰੇ ਤੋਂ ਨਿੱਕੀਆਂ ਤਿੰਨ ਨੇ ਘਰ ‘ਚ ਤੇ ਆਸ ਪਾਸ ਜੋ ਨਿੱਕੀਆਂ ਹਜ਼ਾਰਾਂ ਕੁੜੀਆਂ ਨੇ , ਮੈਨੂੰ ਮੇਰੀਆਂ ਸਕੀਆਂ ਭੈਣਾਂ ਈ ਲੱਗਦੀਆਂ ਨੇ ਤੇ ਇਹ ਵੀ ਕਿਸੇ ਨਾ ਕਿਸੇ ਮੋੜ ਤੋਂ ਓਸੇ ਮਿੰਨੀ ਬੱਸ ‘ਚ ਚੜਦੀਆਂ ਨੇ ਜਿਸ ਦੇ ਅਗਲੇ ਜਾਂ ਪਿਛਲੇ ਮੋੜ ਤੋਂ ‘ਡੀ. ਸੀ. ਜਿੰਨੀ ਟੌਹਰ ਵਾਲਾ’ ਚੜਦਾ ਹੈ ! ਡਰ ਹੈ ਕਿ ਉਸ ਟੌਹਰ ਤੇ ਮਿੱਠੇ ਲੇਲੇ ਪੇਪਿਆਂ ਕਰਕੇ ਜੇ ਸਾਡੀਆਂ ਹੀਰਾਂ ਫਸ ਗਈਆਂ ਤਾਂ ਜਿਹੜੀ ਜ਼ਹਿਰ ਦਾ ਟੀਕਾ ਤੁਸੀਂ ਉਸ ਰਾਂਝੇ ਦੇ ਲਾ ਦਿੱਤਾ ਹੈ , ਉਹ ਬਹੁਤ ਖ਼ਤਰਨਾਕ ਹੈ ! ਉਹ ਚੌਂਕ ਜਿੱਥੇ ਇਹ ਮਿੰਨੀ ਬੱਸ ਰੁਕਣੀ ਹੈ , ਸਾਡੀਆਂ ਕੁੜੀਆਂ ਨੇ ਕਿਸੇ ਹਲਕੇ ਸ਼ਿਕਾਰੀ ਦੇ ਹੱਥੋਂ ਗੋਲੀ ਨਹੀਂ ਖਾਣੀ, ਅਸੀਂ ਤਾਂ ਮਾਂ ਬਾਪ ਨੂੰ ਸਾਂਭਣਾ ਹੈ , ਕਿਉਂਕਿ ਸਾਡੇ ਭਰਾਵਾਂ ਨੂੰ ਪਹਿਲਾਂ ਹੀ ਬਥੇਰੇ ਭੂਏ ਚੜਾ ਛੱਡਿਆ ਤੁਹਾਡੇ ਵਰਗੇ ਹਜ਼ਾਰਾਂ ਗਾਇਕਾਂ ਨੇ ਤੇ ਰਹਿੰਦੇ ਖੂੰਹਦੇ ਨਸ਼ਿਆਂ ਨੇ .. ਫੋਕੀ ਟੌਹਰ ਤੇ ਚਿੱਟੇ ‘ਚ ਗੁਲਤਾਨ ਉਹ ਵੀ ਮਿਰਜ਼ੇ ਬਣੇ ਫਿਰਦੇ ਨੇ .. ਤੇ ਜੇ ਤੁਸੀਂ ਸਾਡੀਆਂ ਨਿੱਕੀਆਂ ਨੂੰ ਵੀ ਚੌਕਾਂ ‘ਚ ਗੋਲੀਆਂ ਮਾਰਨ ਦੀ ਸਾਜਿਸ਼ ਕਰ ਰਹੇ ਹੋ , ਬਹੁਤ ਘਿਨਾਉਣੀ ਖੇਡ ਹੈ ਬਾਵੇ ਵੀਰ ! ਬਚੋ ਤੇ ਬਚਾਓ ਯਾਰ , ਸੋਹਣਾ ਲਿਖੋ ਮਿੱਠਾ ਗਾਓ ! ਆਹ ਬਾਵਾ ਵੀ ਤਾਂ ਤੁਸੀਂ ਹੀ ਗਾਇਆ ਆ ਨਾ !
ਮੈਂ ਕਿਸੇ ਨਿੱਕੀ ਦੀ ਲਾਸ਼ ਚੌਂਕ ‘ਚੋਂ ਚੱਕਣ ਲਈ ਹਰਗਿਜ਼ ਤਿਆਰ ਨਹੀਂ ! ਬਲਕਿ ਹੁਣੇ ਚੌਂਕ ‘ਚ ਖੜਕੇ ਬੋਲ ਰਹੀ ਹਾਂ ਕਿ ਕਿਤੇ ਹੱਥਾਂ ਦੀਆਂ ਦਿੱਤੀਆਂ , ਦੰਦਾਂ ਨਾਲ ਨਾ ਖੋਲਣੀਆਂ ਪੈ ਜਾਣ ! ਸੰਭਲ ਜਾਈਏ ਹੁਣੇ, ਸੋਚੀਏ!
ਪਿਆਰ,
ਜੱਸੀ ਸੰਘਾ