ਤੈਨੂੰ ਮਿਲਿਆਂ ਅਜੇ ਥੋੜ੍ਹਾ ਕੁ ਹੀ ਚਿਰ ਹੋਇਆ ਏ, ਤੂੰ ਕਿਤੇ ਚਲਾ ਨਾ ਜਾਈਂ !
ਅਜੇ ਤੇਰੇ ਨਾਲ ਬਹੁਤ ਚਿਰ ਬਿਤਾਉਣਾ ਏਂ!
ਏਨਾ ਚਿਰ ਕਿ ਜਦੋਂ ਕੱਲ੍ਹ ਤੋਂ ਕੱਲ੍ਹ ਦਾ ਫ਼ਾਸਲਾ ਵੀ ਉਮਰਾਂ ਦਾ ਲੱਗੇ !
ਜਦੋਂ ਆਪਾਂ ਦੋਨਾਂ ਦਾ ਇੱਕਠਿਆਂ ਬਿਤਾਇਆ ਵਕ਼ਤ
ਪਲਕ ਝਪਕਦੇ ਈ ਲੰਘ ਜਾਇਆ ਕਰੇ!
ਤੂੰ ਕਿਤੇ ਜਾਈਂ ਨਾ
ਕਿ ਅਜੇ ਤਾਂ ਤੈਨੂੰ ਸੁੱਕੇ ਸੁੰਨ੍ਹਸਾਨ ਟਿੱਬਿਆਂ 'ਤੇ
ਰੇਤ 'ਚ ਨਹਾਉਂਦੀਆਂ ਚਿੜੀਆਂ ਦਿਖਾਉਣੀਆਂ ਨੇ !
ਤੇ ਇੱਕ ਗੂੰਗੇ ਜਿਹੇ ਜੰਗਲ ਵਿੱਚ
ਜਿੱਥੇ ਸਿਰਫ਼ ਹਵਾ ,ਪੱਤੇ ਤੇ ਪਾਣੀ ਦਾ ਵਾਰਤਾਲਾਪ ਹੁੰਦਾ ਏ
ਉੱਥੇ ਇੱਕਲੀ ਤੁਰੀ ਜਾਂਦੀ ਨਦੀ ਦੀ ਹਿੱਕ 'ਤੇ
ਰੱਖਿਆ ਲੱਕੜ ਦਾ ਪੁਲ ਦਿਖਾਉਣਾ ਏਂ !
ਅਜੇ ਤਾਂ ਉਹ ਸਭ ਗਲੀਆਂ ਨਾਲ ਤੇਰਾ ਤੁਆਰਫ਼ ਕਰਵਾਉਣਾ ਬਾਕੀ ਏ ,
ਜਿਹੜੀਆਂ ਮੇਰੀ ਅਵਾਰਗੀ ਤੋਂ ਪਰੇਸ਼ਾਨ ਸਨ ..
ਅਜੇ ਤਾਂ ਪੰਛੀਆਂ ਦੀ ਉੱਡਦੀ ਡਾਰ ਦੀਆਂ ਵੱਖ-ਵੱਖ
ਅਜੇ ਤਾਂ ਪੰਛੀਆਂ ਦੀ ਉੱਡਦੀ ਡਾਰ ਦੀਆਂ ਵੱਖ-ਵੱਖ
ਬਣਦੀਆਂ ਤੇ ਢਹਿੰਦੀਆਂ ਸ਼ਕਲਾਂ ਤੇਰੇ ਨਾਲ ਪੈ ਕੇ ਦੇਖਣੀਆਂ ਨੇ ..
ਅਜੇ ਤਾਂ ਮੀਂਹ 'ਚ ਤੇਰੇ ਨਾਲ ਨਹਾਉਣਾ ਏਂ ...
ਤੂੰ ਨੇੜੇ ਈ ਰਹੀਂ ਕਿ ਅਜੇ ਤਾਂ ਦਿਲ ਤੋਂ ਬੁੱਲ੍ਹਾਂ ਦਾ ਫ਼ਾਸਲਾ ਮਿਟਾਉਣਾ ਏਂ ..
ਅਜੇ ਕਈ ਡੁੱਬਦੇ ਸੂਰਜ ਤੇਰੇ ਕੋਲ ਖੜ੍ਹ ਕੇ ਸੇਕਣੇ ਨੇ
ਕਿ ਕਈ ਨਜ਼ਾਰੇ ਸਿਰਫ਼ ਤੇਰੀਆਂ ਅੱਖਾਂ 'ਚੋਂ ਦੇਖਣੇ ਨੇ ..
ਅਜੇ ਤਾਂ ਇਹ ਮਿਥਣਾ ਬਾਕੀ ਏ ਕਿ ਹੋਰ ਕਿਸੇ ਲਈ ਕਦੇ ਵੀ ਨਹੀਂ ਰੋਣਾ
ਤੇ ਇਹ ਵੀ ਕਿ ਇੱਕ ਦਿਨ ਖ਼ਤਮ ਤੇਰੇ 'ਚ ਘੁਲਮਿਲ ਕੇ ਹੀ ਹੋਣਾ ...
ਅਜੇ ਤਾਂ ਤੈਨੂੰ ਇਹ ਅਹਿਸਾਸ ਦਿਵਾਉਣਾ ਬਾਕੀ ਏ ਕਿ ਤੂੰ ਮੇਰਾ ਜੇਰਾ ਏਂ ...
ਚਾਹੇ ਮੈਂ ਅਜੇ ਰੋਣੀ ਸੂਰਤ ਹਾਂ ਪਰ ਤੂੰ ਮੇਰੀ ਖ਼ੁਸ਼ੀ ਦਾ ਘੇਰਾ ਏਂ ...
ਤੈਨੂੰ ਸੱਚੇ ਰੱਬ ਦਾ ਵਾਸਤਾ ਤੂੰ ਸੱਚੀਂ ਕਿਤੇ ਜਾਈਂ ਨਾ....
ਜੇ ਪੱਕਾ ਨਹੀਂ ਪਤਾ ਰਹਿਣ ਦਾ ਤਾਂ ਫੇਰ ਤੂੰ ਕਦੇ ਆਈਂ ਨਾ ...!!
ਜੱਸੀ ਸੰਘਾ
No comments:
Post a Comment