Wednesday, 29 April 2015

ਘੋਰ ਕੰਡੇ

ਅਜੀਬ ਪਿਆਰ ਸੀ ਓਨਾਂ ਦਾ , ਜਦੋਂ ਵੀ ਦੋਹਾਂ 'ਚੋਂ ਇੱਕ ਉਦਾਸ ਹੁੰਦਾ , ਦੂਜੇ ਨੂੰ ਜਲਦੀ ਆਪਣੇ ਕੋਲ ਆਉਣ ਲਈ ਕਹਿੰਦਾ ਤੇ ਬੇਚੈਨੀ ਨੂੰ ਮਿਟਾਉਣ ਦਾ ਤਰੀਕਾ ਉਸ ਤੋਂ ਵੀ ਅਜੀਬ !! ਜ਼ੋਰ ਨਾਲ ਬਾਹਾਂ 'ਚ ਘੁੱਟ ਕੇ ਉਹ ਉਸਦੀ ਗਰਦਨ ਸੁੰਘਦਾ ! ਤੇ ਜਦੋਂ ਉਹ ਉਦਾਸ ਹੁੰਦੀ ਤਾਂ ਦੌੜ ਕੇ ਕਿਤੇ ਵੀ ਉਸ ਕੋਲ ਪਹੁੰਚ ਜਾਂਦੀ ਤੇ ਉਸਦਾ ਚਿਹਰਾ ਤੇ ਗਰਦਨ ਸੁੰਘਦੀ ਰਹਿੰਦੀ , ਬਿਲਕੁਲ ਕੁੱਤੇ ਦੀ ਤਰਾਂ..ਉਹਦੇ ਨੱਕ ਕੋਲ ਆਪਣਾ ਨੱਕ ਕਰਕੇ ਉਹਦੇ ਸਾਹਾਂ 'ਚ ਸਾਹ ਲੈਂਦੀ। ਸ਼ਾਇਦ 'ਸਾਹਾਂ 'ਚ ਸਾਹ ਲੈਣਾ' ਮੁਹਾਵਰਾ ਵੀ ਇਹਨਾਂ ਵਰਗੇ ਕਿਸੇ ਝੱਲਿਆਂ ਲਈ ਹੀ ਬਣਿਆ ਹੋਊ!!
ਉਹ ਉਸ ਨੂੰ ਦੁਆ ਨਾਮ ਨਾਲ ਬੁਲਾਉਂਦੀ ਤਾਂ ਕਿ ਜਿੰਨੀ ਵਾਰ ਰੱਬ ਤੋਂ ਕੋਈ ਦੁਆ ਮੰਗੇ , ਆਪਣੇ ਦੁਆ ਨੂੰ ਮੁਫ਼ਤ ਵਿੱਚ ਹੀ ਮੰਗ ਲਵੇ ਹਰ ਵਾਰ !! ਤੇ ਦੁਆ ਉਸ ਨੂੰ ਹਨ੍ਹੇਰੀ ਨਾਮ ਲੈ ਕੇ ਬੁਲਾਉਂਦਾ। ਟਿਕਾਅ ਜੋ ਨਹੀਂ ਸੀ ਉਸਦੀ ਫ਼ਿਤਰਤ ਵਿੱਚ ! ਅੱਖ ਝਪਕਣ ਜਿੰਨੇ ਚਿਰ 'ਚ ਉਹ ਕਿਤੋਂ ਦੀ ਕੀਤੇ ਪਹੁੰਚ ਜਾਂਦੀ , ਹਵਾ ਤੋਂ ਵੀ ਤੇਜ਼... ਤਦੇ ਹੀ ਤਾਂ ਹਨ੍ਹੇਰੀ ਸੀ !!
ਉਹ ਆਫ਼ਿਸ ਦਾ ਵਕ਼ਤ ਇਸੇ ਖੁਸ਼ੀ 'ਚ ਗੁਜ਼ਾਰ ਦਿੰਦਾ ਕਿ ਸ਼ਾਮ ਨੂੰ ਫੇਰ ਉਸ ਕੋਲ ਜਾਏਗਾ ਤੇ ਹਨ੍ਹੇਰੀ ਉਹ ਸਾਰਾ ਵਕ਼ਤ ,ਜਦੋਂ ਦੁਆ ਤੋਂ ਦੂਰ ਹੁੰਦੀ, ਪੁੱਠੀ ਗਿਣਤੀ ਕਰਦਿਆਂ ਲੰਘਾਉਂਦੀ। ਸ਼ਾਮ ਨੂੰ ਜਦੋਂ ਮਿਲਦੇ ਤਾਂ ਰੋਜ਼ ਇੱਕ ਦੂਜੇ ਨੂੰ ਇਉਂ ਬਾਹਾਂ ਵਿੱਚ ਲੈਂਦੇ ,ਜਿਵੇਂ ਸਾਲਾਂ ਬਾਅਦ ਮਿਲ ਰਹੇ ਹੋਣ। ਸ਼ਨੀਵਾਰ ਤੇ ਐਤਵਾਰ ਤੋਂ ਬਿਨਾਂ ਰੋਜ਼ ਸ਼ਾਮ ਨੂੰ ਲਗਪਗ ਦੋ ਘੰਟੇ ਇੱਕਠਿਆਂ ਗੁਜ਼ਾਰਦੇ। ਕਮਰੇ 'ਚ ਘੁੱਪ ਹਨੇਰਾ ਕਰਕੇ ਦੁਆ ਆਪਣੀ ਸ਼ਰਟ ਉਤਾਰ ਕੇ ਲੇਟ ਜਾਂਦਾ ਤੇ ਹਨ੍ਹੇਰੀ ਉਸਦੀ ਬਾਂਹ 'ਤੇ ਸਿਰ ਰੱਖਕੇ ਉਹਦੀ ਗਰਦਨ ਕੋਲ ਮੂੰਹ ਵਾੜ 'ਕੇ ਨਿੱਕੀਆਂ ਨਿੱਕੀਆਂ ਗੱਲਾਂ ਕਰਦੀ ਰਹਿੰਦੀ !!
"ਤੂੰ ਮੇਰੀ ਏਂ ਨਾ ??"
"ਤੂੰ ਕਿੰਨਾਂ ਕੁ ਪਿਆਰ ਕਰਦੀ ਏਂ ਮੈਨੂੰ??"
"ਤੂੰ ਮੇਰੀ ਮਾਂ ਏਂ , ਤੈਨੂੰ ਪਤਾ !!"
ਇਹ ਵੀ ਇੱਕ ਹੋਰ ਖ਼ਾਸੀਅਤ ਸੀ ਕਿ ਦੁਆ ਉਸ ਨੂੰ ਮੁੰਡੇ ਦੇ ਤੌਰ 'ਤੇ ਸੰਬੋਧਨ ਕਰਦਾ ਤੇ ਉਹ ਦੁਆ ਨੂੰ ਕੁੜੀ ਬਣਾ ਕੇ ਗੱਲ ਕਰਦੀ।
ਤੇ ਇੱਕ ਗੱਲ ਜੋ ਉਹ ਕਦੇ ਵੀ ਨਹੀਂ ਸੀ ਭੁੱਲਦੀ...ਨੇਮ ਨਾਲ ,ਬਿਨਾਂ ਨਾਗੇ ਕਰਦੀ ਸੀ ਤਾਂ ਉਹ ਸੀ 'ਘੋਰ ਕੰਡੇ' !
ਜਿਵੇਂ ਹੀ ਦੁਆ ਦੀ ਬਾਂਹ 'ਤੇ ਸਿਰ ਰੱਖ ਕੇ ਲੇਟਦੀ , ਉਸ ਦੀ ਛਾਤੀ 'ਤੇ ਉਂਗਲ ਘੁਮਾਉਂਦੀ ਰਹਿੰਦੀ ਤੇ ਨਾਲ ਨਾਲ ਬੋਲਦੀ-
"ਘੋਰ ਕੰਡੇ
ਚੂਹੇ ਲੰਡੇ
ਇੱਕ ਵਾਰ ਦੁਆ ਮੱਝਾਂ ਚਾਰਨ ਗਿਆ
ਓਥੇ ਜਾ ਕੇ ਰਾਹ ਭੁੱਲ ਗਿਆ..
ਚਲੋ ਲੱਭਣ ਚੱਲੀਏ !!
ਆਹ ਜਾਂਦੀ ਡੰਡੀ , ਆਹ ਜਾਂਦੀ ਡੰਡੀ ......
.............................................
ਓਏ ਲੱਭ ਗਿਆ ,ਲੱਭ ਗਿਆ !!" ਤੇ ਕੁਤਕੁਤਾੜੀਆਂ ਕੱਢਣੀਆਂ ਸ਼ੁਰੂ ਕਰ ਦਿੰਦੀ !
ਪਹਿਲਾਂ ਪਹਿਲਾਂ ਦੁਆ ਨੂੰ ਬੜਾ ਅਜੀਬ ਲੱਗਦਾ ਤਾਂ ਉਹ ਦੱਸਦੀ ਕਿ ਉਹਦੇ ਪਾਪਾ ਉਸ ਦੇ ਨਿੱਕੀ ਹੁੰਦੀ ਦੇ ਹੱਥ ਜਾਂ ਪੈਰ ਦੀ ਤਲੀ 'ਤੇ ਘੋਰ ਕੰਡੇ ਕਰਦੇ ਸਨ।
"ਤੂੰ ਭਲਾ ਮੇਰਾ ਪਾਪਾ ਆ ??!! ਨਾਲੇ ਫੇਰ ਤੂੰ ਮੇਰੇ ਵੀ ਹੱਥ ਜਾਂ ਪੈਰ 'ਤੇ ਈ ਕਰ ਲਿਆ ਕਰ !" ਉਹ ਆਖਦਾ।
"ਮੈਂ ਚਾਹੇ ਤੇਰਾ ਪਾਪਾ ਨਹੀਂ ਪਰ ਤੂੰ ਮੇਰੀ ਗੁਡੀਆ ਏਂ ਨਿੱਕੂ ਜਿਹੀ !! ਤੇ ਨਾਲੇ ਤੂੰ ਸਿਰ ਦੇ ਵਾਲਾਂ ਤੋਂ ਲੈ ਕੇ ਪੈਰ ਦੇ ਅੰਗੂਠੇ ਦੇ ਨਹੁੰ ਤੱਕ ਸਾਰਾ ਮੇਰਾ ਏਂ ! ਜਿੱਥੇ ਦਿਲ ਕਰੂ , ਕਰੂੰਗੀ !!" ਜਵਾਬ ਮਿਲਦਾ।
"ਚੰਗਾ ਮੇਰੀ ਮਾਂ , ਕਰ ਲੈ !!" ਉਹ ਹਮੇਸ਼ਾ ਉਹਦੀ ਜ਼ਿਦ ਅੱਗੇ ਹਾਰ ਜਾਂਦਾ।
ਪਰ ਹੌਲੀ ਹੌਲੀ ਉਸਨੂੰ ਖ਼ੁਦ ਨੂੰ ਵੀ ਆਦਤ ਪੈ ਗਈ 'ਘੋਰ ਕੰਡੇ ਕਰਵਾਉਣ ਦੀ' ! ਹੁਣ ਜੇ ਕਦੇ ਉਹ ਚੁੱਪ ਚਾਪ ਪੈ ਜਾਂਦੀ ਤਾਂ ਉਹ ਉਸ ਦਾ ਹੱਥ ਫੜਕੇ ਛਾਤੀ 'ਤੇ ਰੱਖ ਕੇ ਯਾਦ ਦਿਵਾਉਂਦਾ,"ਤੂੰ ਘੋਰ ਕੰਡੇ ਨਹੀਂ ਕਰਨੇ ਅੱਜ?"
ਤੇ ਉਹ ਬੱਚਿਆਂ ਵਾਂਗ ਉਸੇ ਪਲ ਸ਼ੁਰੂ ਹੋ ਜਾਂਦੀ,"ਘੋਰ ਕੰਡੇ ... ਚੂਹੇ ਲੰਡੇ .............!!"
ਏਦਾਂ ਦੀਆਂ ਕਲੋਲਾਂ ਕਰਦੇ, ਬੱਚਿਆਂ ਤਰਾਂ ਲੜਦੇ ਝਗੜਦੇ , ਰੁੱਸਦੇ ਮਨਾਉਂਦੇ , ਰੋਂਦੇ ਹੱਸਦੇ ਦੋ ਸਾਲ ਪਤਾ ਹੀ ਨਹੀਂ ਲੱਗਿਆ ਕਿਵੇਂ ਗੁਜ਼ਰ ਗਏ !
ਉਹ ਬੁਰੀ ਤਰਾਂ ਆਦੀ ਹੋ ਗਏ ਇੱਕ ਦੂਜੇ ਦੇ ਸਾਥ ਦੇ ਤੇ ਅਜਿਹੀਆਂ ਬਚਕਾਨੀਆਂ ਹਰਕਤਾਂ ਦੇ !
ਹਨ੍ਹੇਰੀ ਜੇ ਦੋ ਦਿਨ ਲਈ ਵੀ ਕਿਤੇ ਦੁਆ ਤੋਂ ਦੂਰ ਹੁੰਦੀ ਤਾਂ ਉਹਦਾ ਕੋਈ ਲਾਹਿਆ ਹੋਇਆ ਕੱਪੜਾ ਲੈ ਜਾਂਦੀ ਸੁੰਘਣ ਲਈ ! .......ਤੇ ਦੋ ਦਿਨ ਬਾਅਦ ਤਾਂ ਏਦਾਂ ਮਿਲਦੇ ਜਿਵੇਂ ਦੋ ਸਦੀਆਂ ਬਾਅਦ ਮਿਲੇ ਹੋਣ।
ਹਨ੍ਹੇਰੀ ਦੁਆ ਨੂੰ ਮਿਲਣ ਉਸ ਦੇ ਆਫ਼ਿਸ ਦੇ ਗੇਟ 'ਤੇ ਪਹੁੰਚ ਜਾਂਦੀ ਕਈ ਵਾਰ ! ਕਦੇ ਸਵੇਰੇ ਆਫ਼ਿਸ ਜਾਣ ਤੋਂ ਪਹਿਲਾਂ ਵੀ ਮਿਲਦੇ। ਉਹ ਸ਼ਿੱਦਤ ਇੱਕ ਦਿਨ ਲਈ ਵੀ ਕਦੇ ਭੋਰਾ ਘੱਟ ਨਾ ਹੋਈ।
..............ਤੇ ਫੇਰ ਇੱਕ ਦਿਨ ਉਸੇ ਹੀ ਸ਼ਿੱਦਤ ਨਾਲ ਦੋਨੋਂ ਹਰ ਕਿਸੇ ਪ੍ਰੇਮੀ ਜੋੜੇ ਵਾਂਗ ਵਿਛੜ ਗਏ... ਦੋਨਾਂ ਨੇ 'ਝੂਠੀਆਂ' ਸਹੁੰਆਂ ਖਾਧੀਆਂ ਕਿ ਕਦੇ ਇੱਕ ਦੂਜੇ ਨਾਲ ਗੱਲ ਨਹੀਂ ਕਰਨਗੇ , ਇੱਕ ਦੂਜੇ ਦੇ ਸਾਹਮਣੇ ਨਹੀਂ ਆਉਣਗੇ ! ਪਰ ਦੋਨਾਂ ਨੂੰ ਇੱਕ ਦੂਜੇ ਦੇ ਭੁਲੇਖੇ ਪੈਂਦੇ ਰਹਿੰਦੇ, ਐਵੇਂ ਈ ਭੀੜ 'ਚ ਲੱਭਦੇ ਰਹਿੰਦੇ ਇੱਕ ਦੂਜੇ ਨੂੰ !! ਹਨ੍ਹੇਰੀ ਅਜੇ ਵੀ ਦੁਆ ਦੇ ਆਫ਼ਿਸ ਅੱਗੇ ਚਲੀ ਜਾਂਦੀ, ਓਵੇਂ ਹੀ ਸ਼ਿੱਦਤ ਨਾਲ ਉਡੀਕਦੀ ਵੀ ... ਪਰ ਲੁਕ ਛਿਪ ਕੇ ਤੇ ਸਿਰਫ਼ ਉਹਨੂੰ ਦੇਖਣ ਦੀ ਖ਼ਾਤਿਰ !!
ਦੋਨੋਂ ਇੱਕ ਦੂਜੇ ਤੋਂ ਵਧਕੇ ਰੋਂਦੇ... ਸਿਰਹਾਣਿਆਂ 'ਚ ਮੂੰਹ ਦੇ ਦੇ ਕੇ , ਪਰ ਦੁਨੀਆਂ ਸਾਹਮਣੇ ਸਹਿਜ ਹੋਣ ਦਾ ਦਿਖਾਵਾ ਕਰਦੇ ! ਇੱਕ ਦੂਜੇ ਨੂੰ ਵੀ ਬੜੇ ਮਜ਼ਬੂਤ ਬਣ ਬਣ ਕੇ ਦਿਖਾਉਂਦੇ !
......ਤੇ ਇੱਕ ਦਿਨ ਜਦੋਂ ਵੱਸੋਂ ਬਾਹਰ ਗੱਲ ਹੋ ਗਿਆ ਤਾਂ ਹਨ੍ਹੇਰੀ ਨੇ ਮੈਸੇਜ ਕੀਤਾ ..."ਯਾਦ ਆਈ ਏ ਜ਼ੋਰ ਨਾਲ.... ..!!"
"ਹੁਣ ਕੀ ਫਾਇਦਾ ?? ਦੂਰ ਰਹੋ ਹੁਣ " ਦੁਆ ਦਾ ਜਵਾਬ ਆਇਆ !
"ਤੇਰੇ ਬਿਨਾਂ ਰਹਿਣਾ , ਹੋ ਕੇ ਵੀ ਨਾ ਹੋਇਆਂ ਵਾਂਗ ਏ...!"
"ਇਹ ਤਾਂ ਦੂਰ ਜਾਣ ਤੋਂ ਪਹਿਲਾਂ ਸੋਚਣਾ ਸੀ ਨਾ !!" ਦੁਆ ਦਾ ਅਗਲਾ ਜਵਾਬ ਸੀ।
"ਜਿੰਨ੍ਹਾਂ ਕਰਕੇ ਗਈ ਹਾਂ ,ਸਭ ਨੂੰ ਸਰਾਪ ਲੱਗੇਗਾ !!"
........ਤੇ ਸ਼ਾਇਦ ਉਹਦੀ ਗੱਲ ਸੱਚ ਵੀ ਸੀ, ਇਹਨਾਂ ਨੂੰ ਅਲੱਗ ਕਰਨਾ ਦੁੱਧ ਚੁੰਘਦੇ ਬੱਚੇ ਨੂੰ ਮਾਂ ਦੀ ਛਾਤੀ ਤੋਂ ਤੋੜਣ ਵਾਂਗ ਸੀ....!! ਸੱਚੀਂ ਸਰਾਪ ਲੱਗੇਗਾ !!
"ਤੈਨੂੰ ਵੀ ਸਰਾਪ ਲੱਗੇਗਾ , ਤੂੰ ਮੇਰੇ ਤੋਂ ਉਹ ਸਰੀਰ ਦੂਰ ਕੀਤਾ ਏ, ਜੋ ਮੇਰਾ ਸੀ ! ਤੂੰ ਉਹ ਬਾਹਵਾਂ ਖੋਹੀਆਂ ਨੇ ਜੋ ਮੇਰੀ ਜੰਨਤ ਦੀ ਚਾਰਦੀਵਾਰੀ ਸਨ। ਤੂੰ ਦੁਨੀਆਂ ਦੀ ਸਭ ਤੋਂ ਸੋਹਣੀ ਖੁਸ਼ਬੂ ਖੋਹੀ ਏ ਮੇਰੇ ਤੋਂ !! " ਦੁਆ ਜਿਵੇਂ ਭਰਿਆ ਪੀਤਾ ਪਿਆ ਸੀ।
"ਤੈਨੂੰ ਕੀ ਪਤਾ ਏ , ਤੇਰੀ ਖ਼ੁਸ਼ਬੂ ਬਿਨਾਂ ਮੈਂ ਕਿਵੇਂ ਤੜਫ਼ ਰਹੀ ਹਾਂ !! ਪਰ ਤੂੰ ਨਹੀਂ ਸਮਝ ਸਕੇਂਗਾ , ਚੱਲ ਠੀਕ ਏ ... ਖੁਸ਼ ਰਹਿ ਹਮੇਸ਼ਾ ! ਮੈਨੂੰ ਹੁਣ ਪਹਿਲਾਂ ਤੋਂ ਵੀ ਜ਼ਿਆਦਾ ਸ਼ਿੱਦਤ ਵਾਲਾ ਇਸ਼ਕ ਏ ਤੇਰੇ ਨਾਲ , ਤੂੰ ਕਦੇ ਅੱਖ ਝਪਕਣ ਜਿੰਨੀ ਦੇਰ ਵੀ ਦੂਰ ਨਹੀਂ ਹੋਇਆ ਮੇਰੀ ਰੂਹ ਕੋਲੋਂ !! "
"ਮੈਂ ਤੇਰੀ ਸੀ ਤੇ ਤੇਰੀ ਹੀ ਰਹਾਂਗੀ ਹਮੇਸ਼ਾ ਲਈ !!"
"ਵੈਸੇ ਤੈਨੂੰ ਕੋਈ ਕੁੜੀ ਪਸੰਦ ਨਹੀਂ ਆਈ ਕੋਈ ਹੋਰ ??"
"ਹੈਲੋ !! ਕਿੱਥੇ ਗੁਆਚ ਗਏ ?? ਜਵਾਬ ਦਿਓ !! ਉਡੀਕ ਰਹੀ ਹਾਂ। ਅੱਖਾਂ ਫੋਨ ਦੀ ਸਕਰੀਨ 'ਤੇ ਗੱਡੀਆਂ ਨੇ ..... "
"ਪ੍ਲੀਜ਼ ਆਖ਼ਰੀ ਮੈਸੇਜ ਕਰ ਦੇ , ਮੈਨੂੰ ਚੈਨ ਮਿਲ ਜਾਵੇਗਾ !!" ਉਹ ਜਵਾਬ ਉਡੀਕਦੀ ਲਗਾਤਾਰ ਮੈਸੇਜ ਕਰਦੀ ਰਹੀ।
.............ਤੇ ਦੁਆ ਦਾ ਆਖਰੀ ਤੇ 'ਚੈਨ ਦੇਣ ਵਾਲਾ' ਆਖਰੀ ਮੈਸੇਜ ਸੀ --
"ਤੂੰ ਹੁਣ ਕਿਸੇ ਦੇ ਘੋਰ ਕੰਡੇ ਤਾਂ ਨਹੀਂ ਕਰਦੀ ਨਾ ??"
- - - - - - - - - - - - - - - - - - -
Jassi Sangha

ਤੈਨੂੰ ਮਿਲਿਆਂ ਅਜੇ ਥੋੜ੍ਹਾ ਕੁ ਹੀ ਚਿਰ ਹੋਇਆ ਏ...

ਤੈਨੂੰ ਮਿਲਿਆਂ ਅਜੇ ਥੋੜ੍ਹਾ ਕੁ ਹੀ ਚਿਰ ਹੋਇਆ , ਤੂੰ ਕਿਤੇ ਚਲਾ ਨਾ ਜਾਈਂ
ਅਜੇ ਤੇਰੇ ਨਾਲ ਬਹੁਤ ਚਿਰ ਬਿਤਾਉਣਾ ਏਂ
ਏਨਾ ਚਿਰ ਕਿ ਜਦੋਂ ਕੱਲ੍ਹ ਤੋਂ ਕੱਲ੍ਹ  ਦਾ ਫ਼ਾਸਲਾ ਵੀ ਉਮਰਾਂ ਦਾ ਲੱਗੇ
ਜਦੋਂ ਆਪਾਂ ਦੋਨਾਂ ਦਾ ਇੱਕਠਿਆਂ ਬਿਤਾਇਆ ਵਕ਼ਤ 
ਪਲਕ ਝਪਕਦੇ ਲੰਘ ਜਾਇਆ ਕਰੇ!

ਤੂੰ ਕਿਤੇ ਜਾਈਂ ਨਾ 
ਕਿ ਅਜੇ ਤਾਂ ਤੈਨੂੰ ਸੁੱਕੇ ਸੁੰਨ੍ਹਸਾਨ ਟਿੱਬਿਆਂ 'ਤੇ 
ਰੇਤ ' ਨਹਾਉਂਦੀਆਂ ਚਿੜੀਆਂ ਦਿਖਾਉਣੀਆਂ ਨੇ
ਤੇ ਇੱਕ ਗੂੰਗੇ ਜਿਹੇ ਜੰਗਲ ਵਿੱਚ 
ਜਿੱਥੇ ਸਿਰਫ਼ ਹਵਾ ,ਪੱਤੇ ਤੇ ਪਾਣੀ ਦਾ ਵਾਰਤਾਲਾਪ ਹੁੰਦਾ  
ਉੱਥੇ ਇੱਕਲੀ  ਤੁਰੀ ਜਾਂਦੀ ਨਦੀ ਦੀ ਹਿੱਕ 'ਤੇ 
ਰੱਖਿਆ ਲੱਕੜ ਦਾ ਪੁਲ ਦਿਖਾਉਣਾ ਏਂ !

ਅਜੇ ਤਾਂ ਉਹ ਸਭ ਗਲੀਆਂ ਨਾਲ ਤੇਰਾ ਤੁਆਰਫ਼ ਕਰਵਾਉਣਾ ਬਾਕੀ ,
ਜਿਹੜੀਆਂ ਮੇਰੀ ਅਵਾਰਗੀ ਤੋਂ ਪਰੇਸ਼ਾਨ ਸਨ ..
ਅਜੇ ਤਾਂ ਪੰਛੀਆਂ ਦੀ ਉੱਡਦੀ ਡਾਰ ਦੀਆਂ ਵੱਖ-
ਵੱਖ 
ਬਣਦੀਆਂ ਤੇ ਢਹਿੰਦੀਆਂ ਸ਼ਕਲਾਂ ਤੇਰੇ ਨਾਲ ਪੈ ਕੇ ਦੇਖਣੀਆਂ ਨੇ ..

ਅਜੇ ਤਾਂ ਮੀਂਹ ' ਤੇਰੇ ਨਾਲ ਨਹਾਉਣਾ ਏਂ ...
ਤੂੰ ਨੇੜੇ ਰਹੀਂ ਕਿ ਅਜੇ ਤਾਂ ਦਿਲ ਤੋਂ ਬੁੱਲ੍ਹਾਂ ਦਾ ਫ਼ਾਸਲਾ ਮਿਟਾਉਣਾ ਏਂ ..
ਅਜੇ ਕਈ ਡੁੱਬਦੇ ਸੂਰਜ ਤੇਰੇ ਕੋਲ ਖੜ੍ਹ ਕੇ ਸੇਕਣੇ ਨੇ 
ਕਿ ਕਈ ਨਜ਼ਾਰੇ ਸਿਰਫ਼ ਤੇਰੀਆਂ ਅੱਖਾਂ 'ਚੋਂ ਦੇਖਣੇ ਨੇ ..
ਅਜੇ ਤਾਂ ਇਹ ਮਿਥਣਾ ਬਾਕੀ ਕਿ ਹੋਰ ਕਿਸੇ ਲਈ ਕਦੇ ਵੀ ਨਹੀਂ ਰੋਣਾ 
ਤੇ ਇਹ ਵੀ ਕਿ ਇੱਕ ਦਿਨ ਖ਼ਤਮ ਤੇਰੇ ' ਘੁਲਮਿਲ ਕੇ ਹੀ ਹੋਣਾ ...
ਅਜੇ ਤਾਂ ਤੈਨੂੰ ਇਹ ਅਹਿਸਾਸ ਦਿਵਾਉਣਾ ਬਾਕੀ ਕਿ ਤੂੰ ਮੇਰਾ ਜੇਰਾ ਏਂ ...
ਚਾਹੇ ਮੈਂ ਅਜੇ ਰੋਣੀ ਸੂਰਤ ਹਾਂ ਪਰ ਤੂੰ ਮੇਰੀ ਖ਼ੁਸ਼ੀ ਦਾ ਘੇਰਾ ਏਂ ...
ਤੈਨੂੰ ਸੱਚੇ ਰੱਬ ਦਾ ਵਾਸਤਾ ਤੂੰ ਸੱਚੀਂ ਕਿਤੇ ਜਾਈਂ ਨਾ....
ਜੇ ਪੱਕਾ ਨਹੀਂ ਪਤਾ ਰਹਿਣ ਦਾ ਤਾਂ ਫੇਰ ਤੂੰ ਕਦੇ ਆਈਂ ਨਾ ...!!
ਜੱਸੀ ਸੰਘਾ