Thursday, 19 April 2012

ਤੇਰੀ ਚੁੱਪ (ਇੱਕ ਸੁਨੇਹਾ)

ਜਦੋਂ ਤੂੰ ਪਹਿਲੀ ਵਾਰ ਮਿਲਿਆ ਸੀ
ਤੂੰ ਉਦੋਂ ਵੀ ਏਨਾਂ ਹੀ ਚੁੱਪ ਚੁੱਪ ਸੀ
ਤੇ ਮੈਂ ਉਦੋਂ ਸਾਰਾ ਵਕਤ ਬੋਲੀ ਜਾਣ ਵਾਲੀ ਝੱਲੀ ਕੁੜੀ...

ਪੜ੍ਹਣ ਦੀ ਸ਼ੌਕੀਨ,ਤੇਰੀ ਚੁੱਪ ਨੂੰ ਪੜ੍ਹਦੀ ਪੜ੍ਹਦੀ
ਮੈਂ ਪਤਾ ਨਹੀਂ ਕਦੋਂ
ਤੇਰੀ ਚੁੱਪ ਸੰਗ ਗਹਿਰਾ ਰਿਸ਼ਤਾ ਬਣਾ ਬੈਠੀ
ਉਹ ਚੁੱਪ ਮੈਨੂੰ ਆਪਣੀ ਲੱਗਦੀ..
ਉਸ ਚੁੱਪ ਨੂੰ ਮੈਂ ਪਤਾ ਨਹੀਂ ਕਿਸ ਮੋੜ ਤੋਂ ਤੇਰੀ ਹਾਂ ਸਮਝਣ ਲੱਗ ਗਈ..
ਤੇਰੀ ਚੁੱਪ ਸੰਗ ਮੈਂ ਆਪ ਹੀ ਬਾਤਾਂ ਪਾਉਂਦੀ ਤੇ ਆਪ ਹੀ ਹੁੰਗਾਰੇ ਭਰਦੀ..
ਪਤਾ ਨਹੀਂ ਕਦੋਂ ਤੋਂ ਮੈਂ ਤੇਰੇ 'ਤੇ ਹੱਕ ਜਤਾਉਣ ਲੱਗੀ..
ਮੇਰੇ ਅਪਾਹਿਜ ਸੁਪਨਿਆਂ ਦੀ ਡੰਗੋਰੀ ਬਣਨ ਲੱਗੀ ਤੇਰੀ ਚੁੱਪ...
ਮੇਰੀ ਮੁਸਕੁਰਾਹਟ ਕਹਿਕਵੇਂ ਹਾਸੇ 'ਚ ਬਦਲਣ ਲੱਗੀ..
ਮੇਰੀਆਂ ਅੱਖਾਂ ਦੀ ਚਮਕ ਹੋਰ ਗਾੜ੍ਹੀ ਹੋ ਗਈ..
ਮੇਰੇ ਡਰ ਜਿਉਂ ਖੰਭ ਲਾ ਕੇ ਉੱਡ ਗਏ..
ਮੇਰੇ ਸੁਪਨਿਆਂ ਵਾਲੀ ਕਿਆਰੀ 'ਚ ਕਿੰਨੇ ਹੀ ਰੰਗ ਬਿਰੰਗੇ ਸੁਪਨੇ ਖਿੜਣ ਲੱਗੇ..

........ਪਰ
ਪਰ ਤੂੰ ਫੇਰ ਵੀ ਚੁੱਪ ਹੀ ਰਿਹਾ..
ਤੇ ਏਸ ਵਾਰ ਤੇਰੀ ਚੁੱਪ ਮੈਨੂੰ ਤੇਰਾ ਹੁੰਗਾਰਾ ਨਾ ਲੱਗੀ..
ਇਹ ਚੁੱਪ ਤਿੱਖੀ ਧੁੱਪ ਵਾਂਗ ਚੁਭਣ ਲੱਗੀ
ਹੁਣ ਇਹ ਚੁੱਪ ਮੇਰੇ ਬੋਲਾਂ ਨੂੰ ਤਕਸੀਮ ਕਰਨ ਲੱਗੀ ਆਪਣੇ ਆਪ ਨਾਲ..
ਹੁਣ ਇਹਨੇ ਮੇਰੇ ਹਾਸੇ ਮਨਫ਼ੀ ਕਰ ਦਿੱਤੇ..
ਰਾਤਾਂ ਦੀ ਨੀਂਦ ਖੰਭ ਲਾ ਕੇ ਉੱਡ ਗਈ
(ਪਰ ਇਸ ਵਾਰ ਹੁਸੀਨ ਖ਼ਾਬ ਬੁਣਨ ਦੀ ਮਸ਼ਰੂਫ਼ੀਅਤ ਕਰਕੇ ਨਹੀਂ,
ਬਲਕਿ ਤੇਰੀ ਚੁੱਪ ਨੇ ਘਾਣ ਕੀਤੈ ਮੇਰੀ ਨੀਂਦ ਦਾ)

 ਤੇ ਹੁਣ ਤੇਰੀ ਚੁੱਪ ਦੀ ਪਰਛਾਈ ਮੇਰੇ ਸ਼ਬਦਾਂ 'ਤੇ ਪੈ ਰਹੀ ਐ..
ਜਜ਼ਬਾਤ ਫਿੱਕੇ ਪੈ ਰਹੇ ਨੇ..
ਅਹਿਸਾਸ ਅਧੂਰੇ ਨੇ..
ਤੇ ਸੁਪਨਿਆਂ ਦਾ ਦਮ ਘੁੱਟ ਰਹੀ ਐ ਤੇਰੀ ਚੁੱਪ..

ਹੁਣ ਤੇਰੀ ਚੁੱਪ ਦਾ ਜਿੰਦਰਾ
ਮੇਰੇ ਬੁੱਲ੍ਹਾਂ 'ਤੇ ਵੱਜਣ ਵਾਲਾ ਐ ਸ਼ਾਇਦ..
ਮੇਰੀ ਤੇ ਤੇਰੀ ਚੁੱਪ ਦੇ ਜੋੜ ਦਾ ਅੰਜਾਮ ਬੜਾ ਘਾਤਕ ਹੋਊ....!!!
ਕਾਸ਼!! ਕਿ ਉਸਤੋਂ ਪਹਿਲਾਂ ਹੀ
ਇਹ ਚੰਦਰੀ ਚੁੱਪ ਤੇਰੇ ਵਜੂਦ 'ਚੋਂ ਮਨਫ਼ੀ ਹੋ ਜਾਵੇ..
ਮੇਰੇ  ਸ਼ਬਦਾਂ ਤੋਂ ਸਰਾਪ ਲੱਥ ਜਾਵੇ...
ਮੈਂ ਬੋਲਾਂ ਤਾਂ ਤੇਰੇ ਬੋਲ ਹੁੰਗਾਰਾ ਦੇਣ..
ਤੇਰੀ ਮੇਰੀ ਚੁੱਪ ਜੁਦਾ ਨਾ ਹੋਵੇ..
ਸਗੋਂ ਮੇਰੀ ਤੇ ਤੇਰੀ ਚੁੱਪ ਅਨਹਦ ਨਾਦ ਵਰਗੀ ਹੋਵੇ...
(ਇਹੀ ਦੁਆ ਐ ਮੇਰੀ ਦੁਆ ਲਈ)
Jassi Sangha..
20 April,2010

Tuesday, 3 April 2012

ਗੰਮੀ ਬੀਅਰ ਤੇ ਮਰਿਆ ਭਰੂਣ

ਮੈਂ ਤਿੰਨ ਚਾਰ ਘੰਟਿਆਂ ਤੋਂ ਬੱਸ ਵਿੱਚ ਸਫ਼ਰ ਕਰ ਰਹੀ ਹਾਂ.. ਕੁਝ ਖਾਣ ਨੂੰ ਦਿਲ ਕੀਤਾ ਤਾਂ ਆਪਣੇ ਝੋਲੇ ਵਿੱਚ ਝਾਤੀ ਮਾਰੀ ਤੇ ਕੈਂਡੀਜ਼ ਦਾ ਇੱਕ ਪੈਕਟ ਹੱਥ ਲੱਗਾ । ਅੰਜੂ ਦੀਦੀ ਬੱਚਿਆਂ ਲਈ ਲੈ ਕੇ ਆਏ ਸਨ ਤੇ ਉੰਨਾਂ 'ਚੋਂ ਕੁਝ ਮੇਰੀ ਮਾਂ ਨੇ ਮੈਨੂੰ ਵੀ ਦੇ ਦਿੱਤੀਆਂ (ਅਕਸਰ ਮਾਂ ਲਈ ਤਾਂ ਮੈਂ ਵੀ ਅਜੇ ਬੱਚਾ ਹੀ ਹਾਂ !!)..
ਤੇ ਉੰਨਾਂ ਵਿੱਚੋਂ ਇੱਕ ਗੰਮੀ ਬੀਅਰ ਕੈਂਡੀ(ਇੱਕ ਤਰਾਂ ਦੀ ਗੰਮ ਵਾਲੀ ਬੀਅਰ/ਰਿੱਛ ਦੀ ਸ਼ਕਲ ਦੀ ਕੈਂਡੀ) ਮੈਂ ਮੂੰਹ ਵਿੱਚ ਪਾ ਲਈ... ਤੇ ਜਿਵੇਂ ਹੀ ਮੇਰੀ ਜੀਭ ਨੇ ਇਸਦੀ ਬਣਤਰ ਦੀ ਫਰੋਲਾ ਫਰਾਲੀ ਸ਼ੁਰੂ ਕੀਤੀ ਤਾਂ ਮੇਰੇ ਦਿਮਾਗ ਵਿੱਚ ਇੱਕਦਮ ਉਸ ਮਰੇ ਭਰੂਣ ਦਾ ਖ਼ਿਆਲ਼ ਆ ਗਿਆ, ਜਿਹੜਾ ਮੈਂ ਨਰਸਿੰਗ ਦੌਰਾਨ ਪਹਿਲੀ ਵਾਰ ਦੇਖਿਆ ਸੀ...
  ਇਹ ਉਦੋਂ ਦੀ ਗੱਲ ਹੈ ਜਦੋਂ ਮੈਂ ਨਰਸਿੰਗ (GNM) ਦੇ ਪਹਿਲੇ ਸਾਲ ਵਿੱਚ ਸੀ ਤੇ ਮੇਰੀ ਡਿਊਟੀ ਖਰੜ ਸਿਵਲ ਹਸਪਤਾਲ ਵਿੱਚ ਲੱਗੀ ਹੋਈ ਸੀ... ਮੈਡਮ ਕਪੂਰ ਸਾਨੂੰ ਅਬੌਰਸ਼ਨ ਬਾਰੇ ਦੱਸ ਰਹੇ ਸਨ ਤੇ ਕੋਲ ਹੀ ਬੈੱਡ 'ਤੇ ਇੱਕ ਔਰਤ ਲੇਟੀ ਹੋਈ ਸੀ,ਜਿਸਦਾ ਹੁਣੇ ਹੀ ਅਬੌਰਸ਼ਨ ਕੀਤਾ ਸੀ। ਮੈਡਮ ਕਪੂਰ ਨੇ ਮਰਿਆ ਹੋਇਆ ਭਰੂਣ ਰੂੰ 'ਤੇ ਰੱਖ ਕੇ ਆਪਣੀ ਤਲੀ 'ਤੇ ਰੱਖਿਆ ਹੋਇਆ ਸੀ.. ਉਹ ਸ਼ਾਇਦ ਕੁਝ ਕੁ ਹਫ਼ਤਿਆ ਦਾ ਹੀ ਸੀ, ਕੁਝ ਕੁ ਅੰਗਾਂ ਦੀ ਬਣਤਰ ਸ਼ੁਰੂ ਹੋ ਚੁੱਕੀ ਸੀ... ਮਾਸ ਦਾ ਇੱਕ ਲੋਥੜਾ ਹੀ ਸੀ, ਪਰ ਲੱਤਾਂ ਬਾਂਹਾਂ ਦੇ ਨਿਸ਼ਾਨ ਜਿਹੇ ਸਨ..
 ਤੇ ਮੇਰਾ ਦਿਮਾਗ ਕੁਝ ਵੀ ਸੁਣਨ ਤੋਂ ਜ਼ਿਆਦਾ ਕਵੀ ਹਿਰਦੇ ਦੇ ਨਾਲ ਨਾਲ ਜ਼ਿਆਦਾ ਦੌੜ ਰਿਹਾ ਸੀ...ਮੈਨੂੰ ਉਸ ਭਰੂਣ ਵੱਲ ਦੇਖ ਕੇ ਲੱਗ ਰਿਹਾ ਸੀ ਜਿਵੇਂ ਪਲਾਸਟਿਕ ਦਾ ਨਿੱਕਾ ਜਿਹਾ ਕਾਕਾ ਮਾਂ ਦਾ ਦੁੱਧ ਚੁੰਘ ਕੇ ਗੂੜੀ ਨੀਂਦ ਸੁੱਤਾ ਪਿਆ ਹੋਵੇ ਤੇ ਉਹ ਸੁੱਤਾ ਪਿਆ ਇੰਨਾਂ ਸੋਹਣਾ ਲੱਗ ਰਿਹਾ ਸੀ ਕਿ ਬੱਸ ਪੁੱਛੋ ਹੀ ਨਾ..
ਮੇਰਾ ਦਿਲ ਕੀਤਾ ਕਿ ਮੈਂ ਆਪਣੀ ਮੈਡਮ ਤੋਂ ਮੰਗ ਲਵਾਂ ਕਿ ਮੈਨੂੰ ਦੇ ਦਿਓ ਪਲੀਜ਼... ਮੈਨੂੰ ਲੱਗਾ ਕਿ ਮੇਰੇ ਮੋਹ ਪਿਆਰ ਨਾਲ਼ ਉਹ ਜ਼ਰੂਰ ਵਧੇ ਫੁੱਲੇਗਾ.. ਤੇ ਕਿਸੇ ਦਿਨ ਚੱਲੇਗਾ ਫਿਰੇਗਾ ਮੇਰੀ ਉਂਗਲੀ ਫੜਕੇ...ਤੇ ਦੂਜੇ ਹੀ ਪਲ਼ ਮੈਨੂੰ ਹੈਰਾਨੀ ਹੋ ਰਹੀ ਸੀ ਕਿ ਇਸਦੀ ਮਾਂ ਇੱਦਾਂ ਕਿਸ ਤਰਾਂ ਇਹਨੂੰ ਇੱਥੇ ਛੱਡ ਕੇ ਜਾ ਸਕਦੀ ਐ?? ਲੱਗਿਆ ਕਿ ਜਿਵੇਂ ਉਹ ਅਚਾਨਕ ਮੇਰੀ ਮੈਮ ਤੋਂ ਮੰਗ ਲਵੇਗੀ ਕਿ ਦਿਓ ਮੇਰਾ ਬੱਚਾ ਵਾਪਿਸ!!! ਪਰ ਉਸਨੇ ਅਜਿਹਾ ਨਾ ਕੀਤਾ.. ਉਹ ਚੁੱਪਚਾਪ ਉਦਾਸਿਆ ਜਿਹਾ ਚਿਹਰਾ ਲੈ ਕੇ ਉੱਠ ਚਲੀ ਗਈ.. ਤੇ ਮੇਰੀ ਟੀਚਰ ਨੇ ਉਹ ਮਰਿਆ ਭਰੂਣ ਕਿਸੇ ਸ਼ੀਸ਼ੀ ਵਿੱਚ ਪਾ ਕੇ ਰੱਖ ਦਿੱਤਾ..ਇੱਕ ਵਾਰ ਫੇਰ ਮੇਰਾ ਜਿਉਂ ਦਮ ਘੁੱਟਿਆ, ਮੈਂ ਕਹਿੰਦੀ ਕਹਿੰਦੀ ਰੁਕੀ ਕਿ ਇਹ ਸਾਹ ਕਿਵੇਂ ਲਊ??
    ਤੇ ਅੱਜ ਹੁਣ ਅਚਾਨਕ ਚੌਂਕ ਕੇ ਜਿਵੇਂ ਨੀਂਦ 'ਚੋਂ ਜਾਗੀ.. ਇਹ ਸਭ ਕੁਝ ਖੁੱਲੀਆਂ ਅੱਖਾਂ ਪਿਛਲੀ ਸਕਰੀਨ ਤੇ ਕੁਝ ਮਿੰਟਾਂ 'ਚ ਹੀ ਘੁੰਮ ਗਿਆ.. ਤੇ ਹੁਣ ਮੇਰੇ ਮੂੰਹ ਵਿੱਚ ਗੰਮੀ ਬੀਅਰ ਐ..ਉਹਦੀ ਬਣਤਰ ਉਸੇ ਮਰੇ ਭਰੂਣ ਵਰਗੀ ਐ.. ਉਫ਼!!! ਉਸੇ ਤਰਾਂ ਹੀ ਫੇਰ ਲੱਗਿਆ ਅੱਜ.. ਲੱਗਿਆ ਜਿਵੇਂ ਮਰਿਆ ਭਰੂਣ ਮੇਰੇ ਮੂੰਹ ਵਿੱਚ ਆ ਗਿਆ ਅਚਾਨਕ ਤੇ ਦਿਲ ਕੀਤਾ ਕਿ ਥੁੱਕ ਦਿਆਂ ਇਹਨੂੰ ਬਾਹਰ.. ਸੁੱਟ ਦਿਆਂ.. ਕਿਉਂ ਇੱਦਾਂ ਚੂਸ ਰਹੀ ਹਾਂ ਮੈਂ.??!!!
       ਪਰ ਜੇ ਸੁੱਟਾਂਗੀ ਤਾਂ ਸ਼ਾਇਦ ਕੋਈ ਕਿਸੇ ਸ਼ੀਸ਼ੀ ਵਿੱਚ ਪਾ ਕੇ ਢੱਕਣ ਲਗਾ ਕੇ ਨਵੇਂ ਤਜ਼ਰਬਿਆਂ ਲਈ ਰੱਖ ਦੇਵੇ.. ਜਾਂ ਫੇਰ ਹੋ ਸਕਦਾ ਕਿ ਇਹ ਪੈਰਾਂ ਥੱਲੇ ਰੁਲੇ... ਤੇ ਮਿੱਟੀ ਨਾਲ ਲਿੱਬੜੇ ਭਰੂਣ ਦੀ ਸ਼ਕਲ ਮੇਰੀਆਂ ਅੱਖਾਂ ਅੱਗੇ ਘੁੰਮਣ ਲੱਗੀ..
ਇਹ ਸਭ ਸੋਚਦੀ ਮੈਂ ਕਿਸੇ ਫ਼ੈਸਲੇ 'ਤੇ ਪਹੁੰਚਣ ਤੋਂ ਅਸਮਰੱਥ ਹਾਂ ਕਿ ਕੀ ਕਰਾਂ ਇਹਦਾ...?? ... ਤੇ ਅਚਾਨਕ ਜਦੋਂ ਉਹਨੂੰ ਸੌਖਾ ਸਾਹ ਦਵਾਉਣ ਲਈ ਮੂੰਹ ਖੋਲਦੀ ਹਾਂ ਤਾਂ ਉਹ ਗੰਮੀ ਬੀਅਰ ਮੇਰੇ ਮੂੰਹ ਵਿੱਚ ਹੈ ਹੀ ਨਹੀਂ... ਉਹ ਖ਼ੁਰ ਚੁੱਕਿਆ ਐ... ਮੈਂ ਉਹਦਾ ਦਮ ਨਹੀਂ ਘੁੱਟਿਆ ਤੇ ਨਾ ਹੀ ਸੁੱਟਿਆ ਕਿਸੇ ਅਣਜਾਣ ਪੈਰਾਂ 'ਚ ਰੁਲਣ ਲਈ... ਉਹ ਹੈ ਹੀ ਨਹੀਂ, ਪਰ ਉਹਦਾ ਸਵਾਦ ਤੇ ਖ਼ੁਸ਼ਬੂ ਸਿਰਫ਼ ਮੇਰੇ ਮੂੰਹ ਵਿੱਚੋਂ ਹੀ ਨਹੀਂ, ਮੇਰੇ ਵਜੂਦ 'ਚੋਂ ਵੀ ਆ ਰਹੀ ਐ...
 Jassi Sangha
2.26PM (ਬੱਸ ਵਿੱਚ ਬੈਠਿਆਂ ਹੀ ਲਿਖਿਆ)

ਕਵਿਤਾ ਦੀ ਮੌਤ

ਕੱਲ ਰਾਤ ਬੜੀ ਅਜੀਬ ਗੱਲ ਹੋਈ..ਕਵਿਤਾ ਸੁਰਾ(ਸ਼ਰਾਬ) ਪੀ ਕੇ ਕੁਝ ਬੇਸੁਰੀ ਹੋਈ ਫਿਰਦੀ ਮੇਰੇ ਕੋਲ ਆਈ...ਬੜੀਆਂ ਬੇਤੁਕੀਆਂ ਗੱਲਾਂ ਕਰਦੀ ਪਈ ਸੀ...
ਮੈਂ ਪੁੱਛਿਆ ਕਿ ਕਵਿਤਾ ਕੀ ਹਾਲ ਐ ਤੇਰਾ??
ਅੱਗੋਂ ਕਹਿੰਦੀ,"ਕਵਿਤਾ !!! ਕਿਹੜੀ ਕਵਿਤਾ???"
ਮੈਂ--ਓਹੀ ਕਵਿਤਾ...ਚੰਚਲ ਸ਼ੋਖ, ਕੋਮਲ ਫੁੱਲਾਂ ਵਰਗੀ ਕਵਿਤਾ, ਲੈਅ ਵਾਲੀ.. ਤਰੰਗਮਈ ਕਵਿਤਾ!!!
ਕਵਿਤਾ--ਓਹ ਅੱਛਾ..!! ਕਵਿਤਾ !!! ਉਸ ਕਵਿਤਾ ਦਾ ਤਾਂ ਵਿਆਹ ਹੋ ਗਿਆ ਪਿਛਲੇ ਮਹੀਨੇ.. ਇੰਗਲੈਂਡ ਤੋਂ ਮੁੰਡਾ ਆਇਆ ਸੀ..ਕਵਿਤਾ ਤੋਂ ਦੁੱਗਣੀ ਉਮਰ ਦਾ ਸੀ, ਪਰ ਪੈਸਾ ਬੜਾ ਸੀ ਕਹਿੰਦੇ ਉਹਦੇ ਕੋਲ.. ਤੇ ਕਵਿਤਾ ਦੇ ਵਾਲੀ ਵਾਰਸਾਂ ਨੇ ਆਪਣੀ ਸਮਝ ਮੁਤਾਬਿਕ ਨਾਪ ਤੋਲ,ਸੋਚ ਸਮਝ ਕੇ ਪਰਣਾ ਦਿੱਤੀ ਉਹਦੇ ਨਾਲ...ਹੁਣ ਤਾਂ ਉਹ ਇੰਗਲੈਂਡ ਚਲੀ ਗਈ ਤੇ ਸ਼ਾਇਦ ਮਾਂ ਬਣਨ ਵਾਲੀ ਆ ਉਹ ਤਾਂ....
ਮੈਂ-- ਨਹੀਂ ਨਹੀਂ....ਉਹ ਕਵਿਤਾ ਨਹੀਂ ਅੜੀਏ !! ਉਹ ਕਵਿਤਾ ਜਿਹੜੀ ਪਿਆਸ ਤੇ ਅਧੂਰੀਆਂ ਖ਼ਵਾਹਿਸ਼ਾਂ ਦੀ ਗੱਲ ਕਰਦੀ ਐ....
ਕਵਿਤਾ-- ਉਹੋ.....ਅੱਛਾ...ਉਹ ਆਪ ਹੀ ਬੜੀ ਪਿਆਸੀ ਸੀ,,,ਜਨਮਾਂ ਜਨਮਾਂ ਦੀ ਪਿਆਸ...ਉਹਦੀ ਤਾਂ ਜਿਉਂ ਰੂਹ ਮਾਰੂਥਲ ਬਣੀ ਪਈ ਸੀ.. ਤੇ ਇੱਕ ਦਿਨ ਉਹ ਇੱਕ ਨਦੀ ਕਿਨਾਰੇ ਪਾਣੀ ਪੀਣ ਝੁਕੀ ਤੇ ਇੱਕ ਵੱਡੇ ਦੈਂਤ ਨੇ ਉਹਨੂੰ ਧੱਕਾ ਦੇ ਦਿੱਤਾ ਨਦੀ ਵਿੱਚ... ਤੇ ਉੱਪਰੋਂ ਐਸਾ ਦਬੋਚਿਆ ਕਿ ਕਵਿਤਾ ਉੱਥੇ ਹੀ ਵਿਲਕਦੀ,ਤੜਪਦੀ ਦਮ ਤੋੜ ਗਈ... ਤੇ ਉਸੇ ਨਦੀ 'ਚ ਹੀ ਵਹਿ ਗਈ ਉਹ ਤਾਂ......
ਮੈਂ-- ਕਿੱਦਾਂ ਦੀਆਂ ਗੱਲਾਂ ਕਰ ਰਹੀ ਏਂ ਤੂੰ?? ਉਸ ਕਵਿਤਾ ਬਾਰੇ ਦੱਸ ਜਿਹੜੀ ਭਟਕਦੀ ਰਹਿੰਦੀ ਸੀ.. ਤੇ ਉਹਦੀ ਭਟਕਣ 'ਚੋਂ ਕਿੰਨੀਆਂ ਅਣਭੋਲ ਜਿਹੀਆਂ ਖੂਬਸੂਰਤ ਰਚਨਾਵਾਂ ਜਨਮ ਲੈਂਦੀਆਂ ਸਨ...ਉਹ ਵੀ ਅਜੀਬ ਹੀ ਸੀ.. ਕਦੇ ਉਹ ਤਵਾਇਫ਼ ਬਣਨਾ ਲੋਚਦੀ ਸੀ... ਕਦੇ ਕਦੇ ਤਵਾਇਫ਼ਾਂ ਨੂੰ ਵੀ ਜਿਸਮ ਫ਼ਰੋਸ਼ੀ ਦੇ ਧੰਦੇ 'ਚੋਂ ਕੱਢਣਾ ਚਾਹੁੰਦੀ ਸੀ.. ਕਦੇ ਉਹ ਗਰੀਬਾਂ ਦੇ ਨਿੱਕੇ ਨਿੱਕੇ ਬੱਚਿਆਂ ਦੇ ਹੱਥਾਂ ਵਿੱਚ ਫੜੀ ਕਲਮ ਬਣਦੀ ਸੀ... ਕਦੇ ਉਹ ਕਿਸੇ ਕੁੜੀ ਦੇ ਸਿਰ ਦੀ ਚੁੰਨੀ ਬਣਦੀ ਸੀ.. ਉਹ ਕਵਿਤਾ ਦਾ ਕੀ ਹਾਲ ਐ??
ਕਵਿਤਾ-- ਅੱਛਾ, ਉਹ ਜੋ ਬੜਾ ਸੋਹਣਾ ਗਾਉਂਦੀ ਵੀ ਐ.. ਸੁਣਿਐਂ ਤੂੰ ਕਦੇ ਕੁਝ ਉਹਦੇ ਸੁਰੀਲੇ ਕੰਠ 'ਚੋਂ???
ਮੈਂ--ਹਾਂ ਹਾਂ.... ਉਹਦਾ ਗਾਇਆ ਇੱਕ ਗਾਣਾ ਮੈਨੂੰ ਬੜਾ ਹੀ ਪਸੰਦ ਐ..... ਪਤਾ ਨਹੀਂ ਕਿੰਨੀ ਵਾਰ ਸੁਣਦੀ ਹਾਂ ਕਦੇ ਕਦੇ ਉਹ ਗਾਣਾ ਮੈਂ...ਉਹਦੇ ਬੋਲ ਨੇ....
ਮੈਨੂੰ ਚੰਦਰੇ ਜਿਹੇ ਆਉਂਦੇ ਨੇ ਖ਼ਿਆਲ਼,
ਰੱਬਾ ਉਹਦੀ ਖ਼ੈਰ ਹੋਵੇ...
   ਬੜਾ ਕਮਾਲ ਗਾਇਆ ਐ....ਤੈਨੂੰ ਪਤਾ ਐ ਉਹ
ਕਵਿਤਾ--(ਵਿੱਚੋਂ ਹੀ ਕੱਟ ਕੇ....) ਆਹੋ ਆਹੋ...ਤੇ ਏਸ ਕਵਿਤਾ ਦੀ ਵੀ ਰੱਬ ਕਰੇ ਖ਼ੈਰ ਹੀ ਹੋਵੇ...ਇਹਦੇ ਬਾਰੇ ਵੀ ਬੜੇ ਚੰਦਰੇ ਖ਼ਿਆਲ਼ ਆਉਂਦੇ ਨੇ ਮੇਰੇ ਮਨ ਵਿੱਚ.... ਇਹਦੀ ਤਾਂ ਭਟਕਣ ਵੀ ਆਪਣੇ ਰਾਸਤੇ ਤੋਂ ਭਟਕ ਗਈ ਐ.. ਕੱਲ ਅਜੀਬ ਅਜੀਬ ਗੱਲਾਂ ਕਰਦੀ ਸੀ... ਕਹਿੰਦੀ ਮੈਂ ਤਾਂ ਸਭ ਕੁਝ ਛੱਡ ਕੇ ਨਿਜਾਮੂੰਦੀਨ ਦੀ ਦਰਗਾਹ ਚਲੇ ਜਾਣਾ ਐ... ਤੇ ਕੱਲ ਮੈਨੂੰ ਆਪਣਾ ਨਵਾਂ ਲਿਖਿਆ ਗਾਣਾ ਵੀ ਸੁਣਾਉਂਦੀ ਸੀ...
ਮੈਂ-- ਵਾਹ!! ਕੀ ਬੋਲ ਨੇ ਨਵੇਂ ਗੀਤ ਦੇ??
ਕਵਿਤਾ--ਦੱਸ ਆਖ਼ਰੀ ਸਲਾਮ ਤੈਨੂੰ ਘੱਲਾਂ ਜਾਂ ਨਾ ਘੱਲਾਂ??
ਮੈਂ--ਉਫ਼ !! ਕੀ ਹੋ ਗਿਆ ਇਹ ਸਭ ?? ਕੀ ਊਟ ਪਟਾਂਗ ਬਕ ਰਹੀ ਏਂ ਤੂੰ..?? ਕੋਈ ਸੋਹਣੀ ਗੱਲ ਕਰ ਅੜੀਏ.. ਰਾਤ ਦੇ ਦੋ ਵੱਜ ਗਏ ਨੇ... ਫੇਰ ਏਦਾਂ ਦੇ ਹੀ ਊਲ ਜਲੂਲ ਜਿਹੇ ਸੁਪਨੇ ਆਉਂਦੇ ਆ..
ਅੱਛਾ ਤੂੰ ਆਪਣੀ ਉਸ ਸਭ ਤੋਂ ਪੱਕੀ ਸਹੇਲੀ ਹਨੇਰੀ ਦੀ ਕੋਈ ਗੱਲ ਸੁਣਾ...ਜਿਹੜੀ ਤਿਤਲੀਆਂ ਰੰਗੇ ਖ਼ਾਬ ਬੁਣਨ ਦੀਆਂ ਗੱਲਾਂ ਕਰਦੀ ਹੁੰਦੀ ਸੀ, ਆਪਣੇ ਖ਼ਾਬਾਂ ਦੇ ਲਾੜੇ ਨੂੰ ਰੋਜ਼ ਚਾਵਾਂ ਵਾਲੀ ਪਟੜੀ 'ਤੇ ਬਿਠਾ ਕੇ ਹਾਸਿਆਂ ਦਾ ਵਟਣਾ ਮਲਦੀ ਸੀ..ਜੀਹਦਾ ਸ਼ਾਇਦ ਕੋਈ ਸੁਪਨਿਆਂ ਦਾ ਰਾਜਕੁਮਾਰ ਵੀ ਸੀ ਨਾ?? ਉਹਦੀ ਕਵਿਤਾ ਨਾਮਕ ਬੇੜੀ ਦਾ ਮੱਲਾਹ....!!!
ਕਵਿਤਾ-- ਹਾਂ ਹਾਂ...ਦੁਆ ਨਾਮ ਸੀ ਉਹਦਾ...
ਮੈਂ-- ਹਾਂ ਉਹੀ.. ਉਹਦੀ ਕੋਈ ਗੱਲ ਸੁਣਾ ਤੂੰ...ਉਹ ਕਿੰਨੀ ਜ਼ਿੰਦਾਦਿਲ ਆ ਨਾ !! ਉਹਦੇ ਬਾਰੇ ਦੱਸ ਕੁਝ...!!
ਕਵਿਤਾ-- ਅੱਜ ਉਸੇ ਜ਼ਿੰਦਾਦਿਲ ਨੂੰ ਮਿਲਣ ਤੋਂ ਬਾਅਦ ਹੀ ਆਹ ਬੁੱਢੇ ਸੰਨਿਆਸੀ (OLD MONK) ਦਾ ਸਹਾਰਾ ਲੈਣ ਦੀ ਨੌਬਤ ਆਈ ਆ.... ਉਹ ਤਾਂ ਪਾਗਲ ਹੋ ਗਈ ਐ.. (ਉੱਚੀ ਉੱਚੀ ਹੱਸਦੀ ਹੋਈ)
(ਤੇ ਫੇਰ ਇੱਕਦਮ ਉਦਾਸ ਹੋ ਗਈ ਤੇ ਬਹੁਤ ਹੀ ਗੰਭੀਰ ਹੋ ਜਾਂਦੀ ਐ)
ਤੈਨੂੰ ਪਤਾ ਐ ਏਦਾਂ ਦੇ ਬੰਦੇ ਦੀ ਉਦਾਸੀ ਨਾਲ ਜ਼ਿੰਦਗੀ ਦਾ ਵੀ ਦਮ ਘੁੱਟਦਾ ਐ.. ਐਸੀ ਮੌਤ ਨਾਲ ਜ਼ਿੰਦਗੀ ਮਰਦੀ ਐ..(...ਤੇ ਦੋ ਹੰਝੂ ਟਪਕ ਪੈਂਦੇ ਨੇ..)
ਮੈਂ-- ਪਰ ਹੋਇਆ ਕੀ??
ਕਵਿਤਾ-- ਉਹਦਾ ਅਸਲੀ ਨਾਮ ਵੀ ਕਵਿਤਾ ਹੀ ਸੀ ਤੈਨੂੰ ਪਤੈ??
ਮੈਂ-- ਸੀ?????
ਕਵਿਤਾ--ਨਾ..ਸੱਚ..ਹੈ....!!!
ਮੈਂ--ਪਰ ਹੋਇਆ ਕੀ ਇਸ ਕਵਿਤਾ ਨੂੰ ਹੁਣ??
ਕਵਿਤਾ--ਇਹ ਕਵਿਤਾ ਜੀਹਦੇ ਲਈ ਕਵਿਤਾ ਬਣੀ ਸੀ,ਉਸ ਮਾਲਿਕ ਨੇ ਹੀ ਇਹ ਮੰਨਣ ਤੋਂ ਇਨਕਾਰ ਕਰ ਦਿੱਤਾ ਐ ਕਿ ਉਹ ਕਵਿਤਾ ਐ!!! ਤੇ ਹੁਣ ਰੋਂਦੀ ਸੀ ਬੜਾ ਹੀ, ਕਦੇ ਪਾਗਲਾਂ ਵਾਂਗ ਹੱਸਦੀ ਐ.. ਕਦੇ ਹੱਸਦੀ ਹੀ ਰੋਣ ਲੱਗ ਪੈਂਦੀ ਐ... ਕਦੇ ਕਦੇ ਬੋਲੀ ਜਾਂਦੀ ਐ ਤੇ ਕਦੇ ਬੁਲਾਇਆਂ ਵੀ ਨਹੀਂ ਬੋਲਦੀ..
ਤੇ ਕੱਲ ਮੈਨੂੰ ਭੀੜ ਵਿੱਚ ਗਵਾਚੀ,ਰੁਲੀ ਫਿਰਦੀ ਮਿਲੀ....ਕਹਿੰਦੀ ਅਸਤੀਫਾ ਦੇ ਦੇਣਾ ਐ...!! ਹੁਣ ਹੋਰ ਨਹੀਂ ਸਹਿ ਹੁੰਦਾ....!!!
ਮੈਂ--ਪਰ ਉਹ ਕਿਹੜਾ ਕੋਈ ਨੌਕਰੀ ਕਰਦੀ ਐ!!! ਵਿਹਲੀਆਂ ਖਾਂਦੀ ਐ, ਐਸ਼ ਕਰਦੀ ਐ.. ਫੇਰ ਅਸਤੀਫਾ ਕਾਹਦਾ??
ਕਵਿਤਾ--ਪਤਾ ਨਹੀਂ...ਕਹਿੰਦੀ ਸਲਫਾਸ ਦੀ ਗੋਲੀ ਕੋਲ ਰੱਖਿਆ ਕਰਨੀ ਆ ਹੁਣ...(ਤੇ ਹੱਸ ਪੈਂਦੀ ਹੈ..)
ਮੈਂ--ਬਕਵਾਸ ਬੰਦ ਕਰ ਅੜੀਏ ਤੇ ਸੌਂ ਜਾ !!! ਪਹਿਲੀ ਵਾਰ ਪੀਤੀ ਹੋਣ ਕਰਕੇ ਤੈਨੂੰ ਚੜ ਗਈ ਐ ਜ਼ਿਆਦਾ...!!!
ਕਵਿਤਾ--ਸਿਗਰਟ ਜਾਂ ਬੀੜੀ ਮਿਲੂ ਕਿਤੋਂ??
ਮੈਂ--ਹੁਣ ਤੂੰ ਇਹ ਕੁਝ ਵੀ ਕਰੇਂਗੀ?? ਨਾਲੇ ਤੈਨੂੰ ਤਾਂ ਐਲਰਜੀ ਐ ਨਾ ਸਿਗਰੇਟ ਦੇ ਧੂੰਏਂ ਤੋਂ??
ਕਵਿਤਾ-- ਆਹੋ..ਸੀ!!! ਬੜੇ ਕੁਝ ਤੋਂ ਐਲਰਜੀ ਸੀ ਮੈਨੂੰ ਤਾਂ !!!. ਮੈਂ ਇਹਨਾਂ ਸਾਰੀਆਂ ਹਵਾ ਵਰਗੀਆਂ ਕਵਿਤਾਵਾਂ ਦਾ ਅਕਸ ਧੂੰਏਂ ਨਾਲ ਇੱਕਮਿੱਕ ਹੁੰਦਾ ਹੁੰਦਾ ਦੇਖਣਾ ਐ.. ਮੇਰੀ ਐਲਰਜੀ ਤੇ ਕਵਿਤਾ ਇੱਕ ਹੋ ਜਾਣੇ ਐ .. ਸੁਣਿਆ ਤੂੰ??? ਤੇ ਫੇਰ ਮੇਰੀ ਕਵਿਤਾ ਦਾ ਦਮ ਘੁੱਟੂ....ਤੇ ਫੇਰ...
ਮੈਂ--(ਵਿੱਚੋਂ ਹੀ ਗੱਲ ਕੱਟ ਕੇ..) ਤੂੰ ਆਪਣੀ ਜ਼ੁਬਾਨ ਨੂੰ ਲਗਾਮ ਦੇ ਹੁਣ ਤੇ ਮੈਨੂੰ ਸੌਣ ਦੇ..ਹੁਣ ਇੱਕ ਵੀ ਸ਼ਬਦ ਮੂੰਹੋਂ ਨਾ ਕੱਢੀਂ...
(ਤੇ ਕਵਿਤਾ ਬੱਚਿਆਂ ਵਾਂਗ ਆਪਣੇ ਬੁੱਲਾਂ 'ਤੇ ਉਂਗਲੀ ਰੱਖਕੇ ਮੈਨੂੰ ਭਰੋਸਾ ਦਿਲਾਉਂਦੀ ਹੈ ਕਿ ਉਹ ਨਹੀਂ ਬੋਲੇਗੀ....)
  ਤੇ ਮੈਂ ਥੱਕੀ ਹੋਣ ਕਰਕੇ ਜਲਦੀ ਹੀ ਸੌਂ ਗਈ।
      ਕਵਿਤਾ........ਮੌਤ.........ਦੈਂਤ.........ਪਿਆਸ......... ਆਖ਼ਰੀ ਸਲਾਮ..........ਸਲਫ਼ਾਸ....... ਤੇ ਮੈਂ ਚੀਕ ਮਾਰਕੇ ਜਾਗ ਜਾਂਦੀ ਹਾਂ...ਡਰੀ ਸਹਿਮੀ ਤੇ ਪਸੀਨੋ ਪਸੀਨੀ ਹੋਈ... ਘੜੀ ਦੇਖਦੀ ਹਾਂ.. ਸਵੇਰ ਦੇ ਛੇ ਵੱਜ ਗਏ... ਬੜਾ ਡਰਾਉਣਾ ਸੁਪਨਾ ਸੀ।
ਮੂੰਹ ਤੋਂ ਰਜਾਈ ਉਤਾਰੀ ਤਾਂ ਦੇਖਿਆ ਤਾਂ ਕਵਿਤਾ ਅਜੇ ਵੀ ਉਂਝ ਹੀ ਬੱਚੇ ਵਾਂਗ ਮੂੰਹ 'ਤੇ ਉਂਗਲੀ ਰੱਖੀ ਬੈਚੇਨ ਮੇਰੇ ਜ਼ਮੀਨ 'ਤੇ ਲੱਗੇ ਗੱਦੇ ਦੀ ਪਰਿਕਰਮਾ ਕਰ ਰਹੀ ਐ, ਇਹ ਨਿੱਕੀ ਜਿਹੀ ਕਵਿਤਾ ਨੇ ਪਰੇਸ਼ਾਨ ਕਰ ਰੱਖਿਐ... ਭਲਾ ਇਹ ਏਦਾਂ ਠੰਡ 'ਚ ਮਘਦੇ ਤੂਫ਼ਾਨ ਵਾਂਗ ਬਾਹਰ ਭਟਕੂ ਤਾਂ ਮੈਂ ਕਿਵੇਂ ਸੌਂ ਸਕਦੀ ਹਾਂ???
.......ਤੇ ਮੈਂ ਕਵਿਤਾ ਨੂੰ ਫੜ ਕੇ ਆਪਣੇ ਸਿਰਹਾਣੇ ਥੱਲੇ ਰੱਖ ਲਿਆ....ਤੇ ਸੌਂ ਗਈ.. ਤੇ ਹੁਣ ਜਦੋਂ ਗਿਆਰਾਂ ਵਜੇ ਜਾਗ ਕਰ ਦੇਖਿਆ ਤਾਂ ਕਵਿਤਾ ਮਰੀ ਪਈ ਐ...। ਕਵਿਤਾ ਦੇ ਦੋਸਤੋ, ਸ਼ਰੀਕੋ ਤੇ ਕਵਿਤਾ ਦੇ ਵਾਰਸੋ!!! ਕਵਿਤਾ ਮਰ ਗਈ ਐ.... ਰੋਵੋ.. ਕੁਰਲਾਓ... ਤੇ ਕਵਿਤਾ ਦੇ ਦੁਸ਼ਮਣੋਂ ਖ਼ੁਸ਼ੀਆਂ ਮਨਾਉ...
ਕਵਿਤਾ ਮਰ ਗਈ ਐ...
ਤੇ ਆਖ਼ਿਰ ਸੱਚੀਂ ਕਵਿਤਾ ਮਰ ਗਈ ਐ...।
 Jassi Sangha
Feb,29th,2012

ਇੱਕ ਵਾਅਦਾ..

ਮੈਂ
ਅੱਜ
ਮੁਹੱਬਤ ਦੇ ਇਸ ਖੂਬਸੂਰਤ ਦਿਨ ਦੇ ਮੌਕੇ 'ਤੇ
ਤੇਰੇ ਨਾਲ਼ ਵਾਅਦਾ ਕਰਦੀ ਹਾਂ
ਕਿ ਆਪਣੀ ਇੱਛਾ ਅਨੁਸਾਰ ਤਾਂ ਇੱਕ ਪਲ਼ ਲਈ ਵੀ
ਤੈਥੋਂ ਦੂਰ ਜਾਵਾਂਗੀ ਨਹੀਂ...
ਪਰ ਜੇ ਕਦੇ ਮਜ਼ਬੂਰੀਆਂ ਨੇ
ਇਸ ਦਾਅਵੇ ਨੂੰ ਝੁਠਲਾਉਣ ਦੀ ਕੋਸ਼ਿਸ਼ ਕੀਤੀ
ਤਾਂ
ਤੂੰ ਫ਼ਿਕਰ ਨਾ ਕਰ...
ਤੂੰ ਕਦੇ ਇਕੱਲਾ ਨਹੀਂ ਹੋਵੇਂਗਾ,
ਮੈਂ ਸੂਰਜ ਨੂੰ ਤੇਰੇ ਪਹਿਰੇ ਤੇ ਬਿਠਾ ਕੇ ਜਾਵਾਂਗੀ...
ਮੈਂ ਧਰਤੀ ਨੂੰ ਕਹਿ ਕੇ ਜਾਵਾਂਗੀ
ਕਿ ਉਹ ਸਦਾ ਘੁੰਮਦੀ ਰਹੇ....
ਤਾਂ ਕਿ ਪੰਘੂੜੇ ਵਿੱਚ ਸੁੱਤੇ ਬਾਲ ਦੀ ਤਰਾਂ
ਤੂੰ ਸਦਾ ਹੀ ਲੋਰ 'ਚ ਰਹੇਂ....
ਚੰਨ ਨੂੰ ਕਹਿ ਕੇ ਜਾਵਾਂਗੀ ਕਿ ਉਹ ਮੇਰੇ ਚੰਨ ਨੂੰ
ਚਾਣਨੀ ਦਾ ਸਾਇਆ ਦੇਵੇ ਸਦਾ
ਤੇ ਕੁਝ ਦਿਨ ਮੇਰੇ ਚੰਨ ਦੇ ਸਿਰਹਾਣੇ ਥੱਲੇ ਹੀ
ਆਰਾਮ ਕਰ ਲਿਆ ਕਰੇ...
ਮੈਂ ਪੰਛੀਆਂ ਨੂੰ ਕਹਿ ਕੇ ਜਾਵਾਂਗੀ
ਕਿ ਉਹ ਤੇਰਾ ਦਿਲ ਲਵਾ ਕੇ ਰੱਖਣ...
ਹਵਾਵਾਂ ਤੋਂ ਵਾਅਦਾ ਲੈ ਕੇ ਜਾਵਾਂਗੀ
ਕਿ ਉਹ ਪੱਤਿਆਂ ਨਾਲ਼ ਮਿਲ ਕੇ
ਅਨਹਦ ਨਾਦ ਵਜਾਉਂਦੀਆਂ ਰਹਿਣ
ਤੇ ਦਰੱਖ਼ਤ ਸਦਾ ਤੇਰੇ ਰਾਹਾਂ 'ਚ ਖੜੇ ਤੈਨੂੰ ਹਰ ਥਾਂ,
ਹਰ ਕਦਮ 'ਤੇ ਉਡੀਕਣ...
ਮੈਂ ਖ਼ੁਸ਼ੀ ਨੂੰ ਕਹਿ ਕੇ ਜਾਵਾਂਗੀ
ਕਿ ਉਹ ਤੈਨੂੰ ਆਪਣੀ ਮੰਜ਼ਿਲ ਬਣਾ ਲਵੇ,
ਖ਼ੁਸ਼ੀ ਵੀ ਤਾਂ ਕਿੰਨੀ ਖ਼ੁਸ਼ ਰਹੇਗੀ
ਤੇਰੀ ਖ਼ੁਸ਼ਮਿਜਾਜ਼ ਤਬੀਅਤ ਦਾ ਹਿੱਸਾ ਬਣਕੇ...
ਮੈਂ ਦੁੱਖ ਦਰਦਾਂ ਨੂੰ ਕਹਿ ਕੇ ਜਾਵਾਂਗੀ
ਕਿ ਤੂੰ ਉਹਨਾਂ ਲਈ ਕਿਸੇ ਵੀ ਤਰਾਂ ਢੁੱਕਵਾਂ ਦਿਲ ਜਾਂ
ਚਿਹਰਾ ਨਹੀਂ ਰੱਖਦਾ..
ਉਹ ਤੈਨੂੰ ਨਫ਼ਰਤ ਕਰਨ
ਦੁਸ਼ਮਣੀ ਪਾਲ ਲੈਣ ਤੇਰੇ ਨਾਲ....
ਮੈਂ ਗਰਮੀ ਨੂੰ ਕਹਾਂਗੀ ਕਿ ਉਹ ਗਰਮੀ 'ਚ ਤੇਰਾ ਖ਼ਿਆਲ ਰੱਖਿਆ ਕਰੇ..
ਉੰਨਾਂ ਪੱਥਰ ਦਿਲਾਂ ਨੂੰ ਪਿਘਲਾਵੇ
ਜਿੰਨਾਂ ਦੀ ਕਠੋਰਤਾ ਤੇਰੇ ਨਰਮ ਦਿਲ ਨੂੰ ਪਰੇਸ਼ਾਨ ਕਰਦੀ ਐ...
ਤੇ ਸਰਦੀ ਤੋਂ ਵੀ ਵਾਅਦਾ ਲਵਾਂਗੀ
ਕਿ ਨਿੱਘ ਵੀ ਲਿਆਵੇ ਆਪਣੇ ਨਾਲ...
ਸਰਦੀ 'ਚ ਕਦੇ ਵੀ ਸਰਦੀ ਤੈਨੂੰ ਇਕੱਲਾ ਨਹੀਂ ਹੋਣ ਦੇਵੇਗੀ...
ਪਤਝੜ ਹਰ ਸਾਲ ਤੇਰੇ ਗਲ਼ ਪਏ ਅਕਾਊ ਬੋਝ ਨੂੰ
ਝਾੜ ਦਿਆ ਕਰੇਗੀ
ਤੇ
ਬਸੰਤ ਹਰ ਸਾਲ ਤੇਰੇ ਮੁਸਕਰਾਉਣ ਨਾਲ਼ ਹੀ ਖਿੜੇਗੀ...
ਮੈਂ ਸੋਹਣੇ ਰੰਗਾਂ ਨੂੰ ਕਹਿ ਕੇ ਜਾਵਾਂਗੀ
ਕਿ ਉਹ ਤੇਰੀ ਜ਼ਿੰਦਗੀ ਨੂੰ ਕੈਨਵਸ ਬਣਾ ਲੈਣ...
ਮੈਂ ਰਾਹਾਂ ਨੂੰ ਕਹਿ ਕੇ ਜਾਵਾਂਗੀ
ਕਿ ਤੇਰੇ ਕਦਮਾਂ ਦੀ ਛੋਹ ਨੂੰ ਉਦੋਂ ਤੱਕ ਸੰਭਾਲ ਕੇ ਰੱਖਣ,
ਜਦੋਂ ਤੱਕ ਮੈਂ ਤੇਰੀਆਂ ਪੈੜਾਂ ਨੂੰ
ਸੰਭਾਲਣ ਲਈ ਵਾਪਿਸ ਨਾ ਆ ਜਾਵਾਂ...
ਮੈਂ ਬੇਅਕਲ ਜ਼ਮਾਨੇ ਨੂੰ ਕਹਿ ਕੇ ਜਾਵਾਂਗੀ
ਕਿ ਉਹ ਤੈਨੂੰ ਬੇਦਖ਼ਲ ਕਰ ਦੇਵੇ
ਆਪਣੇ ਪਿਛਾਂਹ ਖਿੱਚੂ ਰੀਤੀ ਰਿਵਾਜਾਂ ਤੋਂ..
ਮੈਂ ਆਜ਼ਾਦੀ ਨੂੰ ਕਹਿ ਕੇ ਜਾਵਾਂਗੀ
ਕਿ ਉਹ ਤੇਰੇ ਸਾਹਾਂ ਸੰਗ ਪਰਣਾਈ ਜਾਵੇ..
ਮੈਂ ਵਕਤ ਤੋਂ ਇਹ ਵਾਅਦਾ ਲੈ ਕੇ ਜਾਵਾਂਗੀ
ਕਿ ਜਦੋਂ ਤੂੰ ਆਪਣੀ ਬੰਸਰੀ ਵਜਾ ਰਿਹਾ ਹੋਵੇਂ
ਤਾਂ ਵਕਤ ਜ਼ਰਾ ਆਪਣੀ ਰਫ਼ਤਾਰ ਘਟਾ ਲਿਆ ਕਰੇ..
ਮੈਂ ਮੰਜ਼ਿਲ ਦੀ ਵੀ ਮਿੰਨਤ ਕਰਕੇ ਜਾਵਾਂਗੀ
ਕਿ ਉਹ ਵੀ ਤੇਰੇ ਵੱਲ ਕਦਮ ਪੁੱਟਣੇ ਸ਼ੂਰੁ ਕਰ ਦੇਵੇ...
ਮੈਂ ਤੇਰੇ ਬੀਤੇ ਕੱਲ ਦੇ ਦੁਖਦਾਈ ਕਿੱਸੇ ਨੂੰ ਕਹਾਂਗੀ
ਕਿ ਉਹ ਤੇਰੇ ਜ਼ਿਹਨ 'ਚ ਕਦੇ ਵੀ ਨਾ ਆਵੇ...
ਤੇ ਮੈਂ ਜ਼ਿੰਦਗੀ ਨੂੰ ਕਹਿ ਕੇ ਜਾਵਾਂਗੀ
ਕਿ ਉਹ ਹਮੇਸ਼ਾ ਤੇਰੇ ਸਾਹਾਂ ਦੇ ਆਸ ਪਾਸ ਰਹੇ...
ਤੇਰੇ ਬੁੱਲਾਂ ਨੂੰ ਛੋਂਹਦੀ,ਟੋਂਹਦੀ ਤੇ ਚੁੰਮਦੀ
ਜ਼ਿੰਦਗੀ ਵੀ ਜ਼ਿੰਦਾਦਿਲ ਹੋ ਜਾਵੇਗੀ...
ਜ਼ਰਾ ਸੋਚ
ਐਨੀ ਖ਼ੂਬਸੂਰਤ ਜ਼ਿੰਦਗੀ ਦਾ ਮਾਲਿਕ ਹੋਵੇਂਗਾ ਤੂੰ
ਜਿੱਥੇ ਪੂਰੀ ਕਾਇਨਾਤ ਤੇਰੀ ਖ਼ਿਦਮਤ 'ਚ ਲੱਗੀ ਰਿਹਾ ਕਰੇਗੀ..
ਸਾਰੀ ਕੁਦਰਤ ਤੇਰੇ ਆਸ ਪਾਸ ਰਹੂ
ਤੇਰੇ ਇਕੱਲੇ ਇਕੱਲੇ ਸਾਹ ਦਾ ਖ਼ਿਆਲ਼ ਰੱਖੂ....
ਰੰਗ ਤੇਰੀਆਂ ਨਜ਼ਰਾਂ ਮੁਤਾਬਿਕ ਬਦਲਣਗੇ...
ਧੁੱਪ ਛਾਂ ਤੇਰੀਆਂ ਪਲਕਾਂ ਝਪਕਣ ਨਾਲ ਹੋਊ...
ਹਵਾ ਤੇਰੇ ਸਾਹਾਂ ਦੀ ਰਫ਼ਤਾਰ ਨਾਲ ਵਗਿਆ ਕਰੂ..
ਮੀਂਹ ਤੇਰੀਆਂ ਖ਼ੁਸ਼ੀਆਂ ਸੰਗ ਵਰਣਗੇ..
ਚੰਨ ਤਾਰੇ ਸੂਰਜ ਤੇਰਾ ਪਹਿਰਾ ਦੇਣਗੇ..
ਤੇ
ਉਦੋਂ ਕਦੇ...ਜਦੋਂ ਵੀ ਤੇਰੀ ਧੜਕਣ ਦਾ ਸੰਗੀਤ
ਤੈਨੂੰ ਸੁਣੂ
ਉਸ ਸੰਗੀਤ 'ਚ ਕਾਇਨਾਤ ਦੀ ਧੀ
ਹਨ੍ਹੇਰੀ
ਤੈਨੂੰ ਇਹੀ ਕਹਿੰਦੀ ਸੁਣੇਗੀ...
"ਦੇਖਿਆ ਦੁਆ !!
ਮੈਂ ਤੇਰੇ ਨਾਲ਼ ਵਾਅਦਾ ਕੀਤਾ ਸੀ ਨਾ
ਕਿ ਮੈਂ ਤੈਨੂੰ ਕਦੇ ਵੀ ਇਕੱਲਾ ਛੱਡ ਕੇ ਨਹੀਂ ਜਾਵਾਂਗੀ..
ਤੇ ਦੇਖ ਲੈ ਅੱਜ!!
ਮੈਂ ਨਾ ਹੋ ਕੇ ਵੀ ਤੇਰੇ ਸਾਹਾਂ ਦੀ ਰਵਾਨਗੀ 'ਚ ਹਾਂ...
ਤੇਰੀ ਧੜਕਣ 'ਚ ਵਸੀ ਹਾਂ..!!
ਤੂੰ ਇਕੱਲਾ ਹੋ ਕੇ ਵੀ ਇਕੱਲਾ ਨਹੀਂ...
ਤੇ
ਮੈਂ ਤੈਥੋਂ ਵੱਖ ਹੋ ਕੇ ਵੀ ਕਦੇ ਇੱਕ ਪਲ਼ ਲਈ ਵੱਖ ਨਹੀਂ ਹੋਈ..
Jassi Sangha
14 Feb,2012

ਤੂੰ ,ਮੈਂ, ਦਿਲ ਤੇ ਖ਼ਾਬ

ਇੱਕ ਖ਼ਾਬ ਮੋਰ ਦੀ ਪੈਲ ਜਿਹਾ...
ਕਦ ਤੋਂ ਸ਼ਾਇਦ ਘਰ ਟੋਲ ਰਿਹਾ...
ਮੇਰੇ ਸਾਹਾਂ ਦੇ ਵਿੱਚ ਰਸ ਗਿਆ ਏ..
ਮੇਰੇ ਨੈਣਾਂ ਦੇ ਵਿੱਚ ਵਸ ਗਿਆ ਏ...
ਏਹ ਬੋਝਲ ਜ਼ਿੱਦੀ ਝੱਲਾ ਦਿਲ..
ਰੋਕਿਆਂ ਨਾ ਰੁਕੇ ਕੁਵੱਲਾ ਦਿਲ..
ਹੱਸਦਿਆਂ ਹੱਸਦਿਆਂ ਹਉੁਕੇ ਭਰੇ,
ਨਾ ਚਾਹੁੰਦਿਆਂ ਵੀ ਉਸੇ 'ਤੇ ਮਰੇ...
ਆਪ ਰੋਂਦਾ ਮੈਨੂੰ ਹਸਾਉਂਦਾ ਏ,
ਭੈੜੇ ਜੱਗ ਦੀ ਭੈੜ ਦਿਖਾਉਂਦਾ ਏ..
ਅਣਭੋਲ ਬੜਾ ਇਹ ਮੇਰਾ ਦਿਲ..
ਕਿਉਂ ਨਾ ਸਮਝੇ ਇਹ ਤੇਰਾ ਦਿਲ??
ਕਿਉਂ ਇਹਨੂੰ ਤੂੰ ਤੜਪਾਉਂਦਾ ਏਂ
ਮੇਰੀ ਤੜਪ ਨਾਲ ਕੀ ਪਾਉਂਦਾ ਏਂ??
ਇਹ ਫੁੱਲ ਜਿਹਾ, ਖ਼ੁਸ਼ਬੂ ਜਿਹਾ..
ਤੇਰੀ ਖ਼ੁਦ ਦੀ ਬਾਲੜੀ ਰੂਹ ਜਿਹਾ...
ਕਦੇ ਨੱਸ ਜਾਣਾ ਇਹ ਸੋਚਦਾ ਏ,
ਤੇਰੇ ਦਿਲ ਵਿੱਚ ਵਸਣਾ ਲੋਚਦਾ ਏ..
ਦੱਸ ਤੇਰਾ ਦਿਲ ਕਿਉਂ ਚਾਹਵੇ ਨਾ,
ਰੂਹ ਆਪਣੀ ਵਿੱਚ ਵਸਾਵੇ ਨਾ...
ਤੂੰ ਹੀਰਾ,ਤੈਨੂੰ ਲੱਖ ਹੋਸਣ,
ਤੇਰੇ ਬਾਝੋਂ ਮੇਰਾ ਕੋਈ ਨਾ...
ਇੱਕ ਅੱਗ ਵਿਛੋੜੇ ਦੀ ਕੈਸੀ,
ਕਈ ਰਾਤਾਂ ਤੋਂ ਅੱਖ ਸੌਈਂ ਨਾ...
ਦਿਲ ਦਿਲ ਦੀ ਖੇਡ ਅਨੋਖੀ ਏ,
ਕਿਸ ਮਿਣੀ ਤੇ ਕਿਸੇ ਨਾ ਜੋਖੀ ਏ..
ਆਪੇ ਲਾ ਕੇ ਤੂੰ ਬੁਝਾਉਂਦਾ ਏਂ
ਉਲਝਾਉਂਦਾ ਤੇ ਸੁਲਝਾਉਂਦਾ ਏਂ..
ਨਾ ਖੋਲ ਗੰਢ ਕੋਈ ਹਿੱਕੜੀ ਦੀ,
ਹਾੜਾ ਦੱਸ ਤਾਂ ਦੇ ਕੀ ਚਾਹੁੰਨਾ ਏਂ???
Jassi Sangha
10 feb, 2012