Saturday, 2 May 2015

Punjab / Moga Bus Case !!!

ਪਹਿਲਾਂ ਜਗਰਾਓਂ ਟੱਪਕੇ ਲੱਗਦਾ ਹੁੰਦਾ ਸੀ ਕਿ ਹੁਣ ਆਪਣਾ ਇਲਾਕਾ ਆ ਗਿਆ। ਕੁਦਰਤੀ ਤੌਰ 'ਤੇ ਜ਼ਿਆਦਾ ਸੁਰੱਖਿਅਤ ਤੇ ਆਪਣਾ ਲੱਗਦਾ ਸੀ ਜਗਰਾਓਂ ਤੋਂ ਬਾਅਦ ਕੋਟਕਪੂਰੇ ਤੱਕ ! ਪਰ ਆਹ ਮੋਗੇ ਵਾਲੇ ਕਾਂਡ ਨੇ ਅੰਦਰ ਤੱਕ ਕੰਬਾਅ ਕੇ ਰੱਖ ਦਿੱਤਾ !
ਚਾਹੇ ਇਸ ਤਰਾਂ ਦਾ ਇਹ ਕੋਈ ਪਹਿਲਾ ਕਾਂਡ ਨਹੀਂ , ਪਰ ਬੱਸਾਂ ਵਿੱਚ ਇਸ ਪੱਧਰ ਤੱਕ ਦੀ ਛੇੜਛਾੜ, ਕਿ ਇੱਕ ਬੱਚੀ ਛਾਲ ਮਾਰਨ ਲਈ ਮਜ਼ਬੂਰ ਹੋ ਜਾਵੇ, ਇੱਕ ਫੈਸ਼ਨ ਵਾਂਗ ਵਧ ਰਹੀ ਹੈ ! ਕਿਹੜੇ ਪਾਸੇ ਨੂੰ ਤਰੱਕੀ ਕਰ ਰਹੇ ਹਾਂ ਅਸੀਂ ?? ਸਾਡੇ ਆਪਣੇ ਘਰਾਂ ਤੱਕ ਗੁੰਡਾਗਰਦੀ ਪਹੁੰਚ ਗਈ ਤੇ ਅਸੀਂ 2-4 ਦਿਨ ਰੋਣਾ ਰੋ ਕੇ , ਫੇਸਬੁੱਕ 'ਤੇ ਲਿਖ ਕੇ, ਕਿਸੇ ਚੌਰਾਹੇ ਵਿੱਚ ਮੋਮਬੱਤੀਆਂ ਜਲਾ ਕੇ ਜਾਂ ਖ਼ੂਨ ਖੌਲਣ ਵਾਲੀਆਂ ਕਵਿਤਾਵਾਂ ਲਿਖ ਕੇ ਫੇਰ ਆਪਣੇ ਰੁਟੀਨ ਵਿੱਚ ਮਸਤ ਹੋ ਜਾਂਦੇ ਹਾਂ ! ਮੈਂ ਵੀ ਤਾਂ ਤੁਹਾਡੇ ਸਭ ਵਿੱਚੋਂ ਹੀ ਇੱਕ ਹਾਂ ! ਇਹ ਵਕਤੀ ਕਾਗਜ਼ੀ ਕਾਰਵਾਈਆਂ ਛੱਡ ਕੇ ਰਲ ਮਿਲ ਕੇ ਇਸ ਦਾ ਕੋਈ ਹੱਲ ਸੋਚੀਏ ! ਜ਼ਰੂਰੀ ਨਹੀਂ ਕਿ ਮੀਟਿੰਗਾਂ ਬੁਲਾਈਏ , ਹਾਂ ਆਪਣੇ ਘਰ ਪਰਿਵਾਰ ਨਾਲ , ਬੱਚਿਆਂ ਨਾਲ, ਦੋਸਤਾਂ ਨਾਲ , ਭਰਾਵਾਂ ਨਾਲ ਸੰਵਾਦ ਤਾਂ ਰਚਾਈਏ ! 
ਜਿਹੜੇ ਛੇੜਦੇ ਨੇ ਜਾਂ ਨਸ਼ੇ ਕਰਦੇ ਨੇ , ਉਹ ਵੀ ਕੋਈ ਕਿਸੇ ਹੋਰ ਦੁਨੀਆਂ ਦੇ ਵਾਸੀ ਨਹੀਂ , ਸਾਡੇ ਘਰਾਂ ਦੇ ਹੀ ਜੰਮੇ ਪਲੇ ਨੇ , ਸਾਡੇ ਹੀ ਪੁੱਤ, ਭਰਾ ਤੇ ਦੋਸਤ ਨੇ , ਕਿੱਥੇ ਕਮੀ ਰਹਿ ਗਈ ? ਅਜਿਹਾ ਕੀ ਹੋ ਗਿਆ ਕਿ ਸਾਡੇ ਹੀ ਭੋਲੇ ਭਾਲੇ ਸ਼ੈਤਾਨ , ਹੈਵਾਨ ਦਾ ਰੂਪ ਲੈ ਕੇ ਕਿੰਨੇ ਭਿਆਨਕ ਸਿੱਟਿਆਂ ਵਾਲੀਆਂ ਹਰਕਤਾਂ ਕਰ ਰਹੇ ਨੇ ! ਅੱਜ ਕੰਨ ਲਪੇਟ ਕੇ ਬੈਠ ਜਾਈਏ ਤੇ ਕਿਤੇ ਕੱਲ੍ਹ ਨੂੰ ਸਾਡਾ ਲਾਡਲਾ ਵੀ ਅਜਿਹਾ ਹੀ ਕੁਝ ਕਰ ਰਿਹਾ ਹੋਵੇ , ਦੇਰ ਹੋ ਜਾਵੇਗੀ ! ਕਿਤੇ ਨਾ ਕਿਤੇ ਗੱਲਬਾਤ ਦੀ ਕਮੀ ਹੈ ! 
ਮੇਰਾ ਖ਼ੂਨ ਖੌਲ ਰਿਹਾ ਹੈ ਕਿ ਕਾਸ਼ ਉਸ ਕੁੜੀ ਕੋਲ ਕੁਝ ਅਜਿਹਾ ਹੁੰਦਾ ਕਿ ਉਹ ਆਪਣਾ ਆਪ ਬਚਾ ਸਕਦੀ ! ਇੱਜ਼ਤ ਦੇ ਮਾਇਨੇ ਸਾਨੂੰ ਬਦਲਣੇ ਪੈਣਗੇ , ਇੱਜ਼ਤ ਦੀਆਂ ਵਾਲੀ ਵਾਰਿਸ ਸਿਰਫ਼ ਅਸੀਂ ਧੀਆਂ ਭੈਣਾਂ ਨਹੀਂ ! 
ਸਾਨੂੰ ਤੋਤੇ ਵਾਂਗ ਇਹ ਰਟਾਉਣਾ ਬੰਦ ਕਰੋ ਕਿ ਜੇ ਮੇਰੀ ਇੱਜ਼ਤ 'ਤੇ ਕੋਈ ਆਂਚ ਆਈ ਤਾਂ ਮੈਂ ਜਾਨ ਦੇ ਦੇਵਾਂਗੀ। ਨਹੀਂ ਮੈਂ ਜਾਨ ਨਹੀਂ ਦੇਵਾਂਗੀ , ਜੇ ਕਿਸੇ ਕੁਲਿਹਣੇ ਹੱਥ ਨੇ ਮੈਨੂੰ ਛੂਹਣ ਦੀ ਕੋਸ਼ਿਸ਼ ਕੀਤੀ ਤਾਂ ਮੈਂ ਉਸ ਦੀ ਜਾਨ ਲੈ ਲਵਾਂਗੀ ! 
ਉਸ ਕੁੜੀ ਦੀ ਆਤਮਾ ਨੂੰ ਕਦੇ ਸ਼ਾਂਤੀ ਨਾ ਮਿਲੇ , ਉਹ ਭਟਕਦੀ ਆਤਮਾ ਬਣ ਹਰ ਤੁਹਾਡੇ ਮੇਰੇ ਵਰਗੇ ਨੂੰ ਪਰੇਸ਼ਾਨ ਕਰੇ, ਜਦੋਂ ਤੱਕ ਅਸੀਂ ਆਪਣਾ ਬਣਦਾ ਰੋਲ ਨਿਭਾਉਣਾ ਸ਼ੁਰੂ ਨਹੀਂ ਕਰਦੇ !
P.S.ਮੈਨੂੰ ਲੱਗਦਾ ਜੇ ਇਹੀ ਹਾਲ ਰਿਹਾ ਤਾਂ ਹਥਿਆਰ ਰੱਖਣ ਦੀ ਰਵਾਇਤ ਤੇ ਲੋੜ ਸਾਨੂੰ ਕੁੜੀਆਂ ਨੂੰ ਹੋਵੇਗੀ , ਅਜਿਹਾ ਹੱਥ ਜੋ ਸਾਨੂੰ ਜ਼ਬਰਦਸਤੀ ਛੂਹਣ ਦੀ ਹਿੰਮਤ ਕਰੇ , ਲਾਹ ਕੇ ਸੁੱਟ ਦੇਣਾ ਬਣਦਾ ਹੈ ! 
‪#‎JassiSangha‬
‪#‎GirlLostInMogaBus‬ ‪#‎PunjabLoosingItsGrace‬
May 02, 2015