Wednesday, 10 July 2013

ਲਫ਼ਜ਼ ਉਧਾਰੇ ਦੇ ਦਿਓ ਕੋਈ 
ਰੂਹ ਕਿਉਂ ਮੇਰੀ ਮੂਕ ਪਈ ਏ 
ਆ ਕੇ ਤੂੰ ਹਲੂਣ ਜਗਾ ਦੇ 
ਕਦ ਤੋਂ ਸੁੱਤੀ ਘੂਕ ਪਈ ਏ 

ਅੱਗ ਉਧਾਰੀ ਦੇ ਦਿਉ ਕੋਈ 
ਰੂਹ ਤਾਂ ਠੰਡੀ ਸੀਤ ਪਈ ਏ 
ਹੋਂਠਾਂ ਦੀ ਛੋਹ ਸ਼ਾਇਦ ਜਗਾਵੇ 
ਇਹ ਤਾਂ ਅੱਖੀਆਂ ਮੀਟ ਪਈ ਏ 

ਮਰਨ ਮਿਟਣ ਦੀ ਇਹਨੇ ਠਾਣੀ 
ਹਿਜਰਾਂ ਦਾ ਸੱਪ ਡੱਸ  ਗਿਆ ਏ 
ਜ਼ਹਿਰ ਉਤਾਰਣ ਵਾਲਾ ਮਣਕਾ 
ਖੌਰੇ ਕਿੱਥੇ ਵਸ ਗਿਆ ਏ ...

ਅੱਗ,ਲਫ਼ਜ਼ ਤੇ ਮਣਕਾ ਤੂੰ ਸੀ 
ਤੂੰ ਸ਼ਾਇਦ ਪਹਿਚਾਣ ਨਾ ਪਾਇਆ 
ਜਾਂ ਫੇਰ ਮੇਰਾ ਜ਼ਿਹਨ ਕੁਪੱਤਾ
ਤੇਰੀ ਕੀਮਤ ਜਾਣ ਨਾ ਪਾਇਆ 

ਨਾ ਤੂੰ ਪੂਰਾ,ਨਾ ਮੈਂ ਪੂਰੀ 
ਪਾਪੀ ਅੱਗ ਵਿੱਚ ਸਾੜ ਦੇ ਮੈਨੂੰ 
ਜੁਦਾ ਰਹਿ ਤੂੰ ਤਿਲ ਤਿਲ ਮਾਰ ਨਾ 
ਉਂਝ ਹੀ ਸੂਲੀ ਚਾੜ੍ਹ ਦੇ ਮੈਨੂੰ...   
- Jassi sangha 
July 11,2013
12.45AM

Monday, 17 June 2013

"ਮੇਰਾ ਜਨਮ ਦਿਨ"

ਮੇਰੇ ਜਨਮ ਬਾਰੇ ਹਮੇਸ਼ਾ ਦੋ ਗੱਲਾਂ ਘਰ ਵਿੱਚ ਯਾਦ ਕੀਤੀਆਂ ਜਾਂਦੀਆਂ ਨੇ । ਪਹਿਲੀ ਕਿ ਮੇਰੇ ਜੰਮਣ ਤੇ ਮੇਰੀਆਂ ਭੂਆ ਰੋਣ ਲੱਗ ਪਈਆਂ ਤੇ ਮੇਰੇ ਪਾਪਾ ਨੇ ਡਾਂਟਿਆ ਕਿ ਘਰ ਨਵਾਂ ਜੀਅ ਆਇਆ, ਕੋਈ ਗਿਆ ਨਹੀਂ, ਰੋਵੋ ਨਾ ਤੇ ਪਾਪਾ ਨੇ ਕਿਹਾ ਕਿ ਮੈਂ ਬਹੁਤ ਖ਼ੁਸ਼ ਹਾਂ ਤੇ ਦੂਜੀ ਇਹ ਕਿ ਮੋਗੇ ਜਿੱਥੇ ਮੇਰਾ ਜਨਮ ਹੋਇਆ ਉਹ ਡਾਕਟਰ ਮੇਰੇ ਮੰਮੀ ਨੂੰ ਕਹਿਣ ਲੱਗੀ ਕਿ ਕੁੜੀ ਮੈਨੂੰ ਹੀ ਦੇ ਦੋ.. ਸ਼ਾਇਦ ਉਸਨੂੰ ਬਹੁਤ ਪਿਆਰੀ ਲੱਗਦੀ ਸੀ ਮੈਂ। ਉਸ ਡਾਕਟਰ ਦਾ ਨਾਮ ਆਸ਼ਾ ਸੀ, ਮੇਰੀ ਇੱਕ ਭੂਆ ਮੈਨੂੰ ਅਜੇ ਵੀ ਕਦੇ ਕਦੇ ਆਸ਼ਾ ਨਾਮ ਲੈ ਕੇ ਛੇੜਦੀ ਹੈ।
ਮੇਰਾ ਜਨਮ ਦਿਨ ਜੂਨ ਵਿੱਚ ਹੋਣ ਕਰਕੇ ਸਕੂਲ ਟਾਈਮ ਹਮੇਸ਼ਾ ਅਣਗੌਲਿਆ ਹੀ ਰਹਿ ਜਾਂਦਾ ਸੀ ! ਤੇ ਵੈਸੇ ਵੀ ਪਿੰਡਾਂ ਵਿੱਚ ਕਿਸ ਨੂੰ ਯਾਦ ਰਹਿੰਦਾ ਸੀ ਜਨਮ ਦਿਨ ਮਨਾਉਣਾ ! ਜੂਨ ਵਿੱਚ ਮੈਂ ਜ਼ਿਆਦਾਤਰ ਭੂਆ ਪਿੰਡ ਹੁੰਦੀ ਸੀ ਤੇ ਉਦੋਂ ਫੋਨ ਵੀ ਟਾਂਵੇਂ ਟਾਂਵੇਂ ਈ ਹੁੰਦੇ ਸੀ ! ਕਦੇ ਕਿਸੇ ਨੂੰ ਯਾਦ ਹੀ ਨਹੀਂ ਸੀ ਰਹਿੰਦਾ ਜਨਮ ਦਿਨ ! ਮੈਨੂੰ ਖ਼ੁਦ ਨੂੰ ਵੀ ਨਹੀਂ ! ਨਹੀਂ ਤਾਂ ਸ਼ਾਇਦ ਦੂਜਿਆਂ ਦੁਆਰਾ ਭੁੱਲ ਜਾਣਾ ਬੁਰਾ ਵੀ ਲੱਗਦਾ। ਫੇਰ ਮੈਂ ਜਦੋਂ ਹੋਸਟਲ ਚਲੀ ਗਈ ਤਾਂ ਉੱਥੇ ਏਦਾਂ ਦੇ ਸ਼ੋਸ਼ੇ ਹੁੰਦੇ ਹੀ ਸੀ ਤੇ ਵਧੀਆ ਵੀ ਲੱਗਦਾ ਸਭ ਤੇ ਸਮੇਂ ਦੇ ਨਾਲ ਨਾਲ ਜਿਵੇਂ ਘਰਦੇ ਵੀ ਬਦਲ ਗਏ, ਮੈਨੂੰ ਮੇਰੇ ਜਨਮਦਿਨ 'ਤੇ ਮੇਰੀ ਮਾਂ ਜ਼ਰੂਰ ਫੋਨ ਕਰਦੀ , ਸ਼ਾਇਦ ਇਹ ਨਿੱਕੀ ਭੈਣ ਦਾ ਅਸਰ ਸੀ ਕਿਉਂਕਿ ਉਹ ਪੀੜ੍ਹੀ ਕੁਝ ਹੋਰ ਸੀ.. ਤੇ ਮੈਂ ਹੈਰਾਨ ਸੀ ਕਿ ਉਦੋਂ ਜਿਹੇ ਤੋਂ ਹੀ ਮੇਰੀ ਦਾਦੀ ਮਾਂ ਨੇ ਵੀ ਮੇਰੀ ਮਾਂ ਨੂੰ ਕਹਿਣਾ ਸ਼ੁਰੂ ਕਰ ਦਿੱਤਾ ਕਿ ਬੱਚਿਆਂ ਦੇ ਜਨਮਦਿਨ ਵਾਲੇ ਦਿਨ ਗੁਰਦੁਆਰੇ ਦੇਗ ਦੇ ਆਇਆ ਕਰ ਜਾਂ ਹੋਰ ਦਾਨ ਕਰ ਦਿਆ ਕਰ। ਤੇ ਮੈਂ ਬੱਚਿਆਂ ਵਿੱਚੋਂ ਸਭ ਤੋਂ ਵੱਡੀ ਹੋਣ ਕਰਕੇ ਵੈਸੇ ਵੀ ਦਾਦੀ ਦੀ ਲਾਡਲੀ ਸੀ, ਸੋ ਮੈਂ ਸਪੈਸ਼ਲ ਹੀ ਰਹੀ ਹਮੇਸ਼ਾ ਦਾਦੀ ਮਾਂ ਲਈ।
ਹੋਸਟਲ ਵਿੱਚ ਮੇਰੀ ਭੈਣਾਂ ਤੋਂ ਵੀ ਵਧਕੇ ਪਿਆਰੀ ਸਹੇਲੀ ਮੋਨੂੰ ਹਮੇਸ਼ਾ ਅਜਿਹੇ ਮੌਕਿਆਂ 'ਤੇ ਜਸ਼ਨ ਕਰਨ ਲਈ ਜਾਣੀ ਜਾਂਦੀ ਸੀ। ਉਹਦੇ ਨਾਲ ਮੇਰਾ ਹਰ ਦਿਨ ਸਪੈਸ਼ਲ ਰਿਹਾ। ਮੇਰੇ ਜਨਮ ਦਿਨ ਮੌਕੇ ਉਹ ਕਿੰਨੇ ਕਿੰਨੇ ਕਾਰਡ ਖ਼ੁਦ ਬਣਾਉਂਦੀ, ਕਿੰਨੇ ਹੀ ਸਰਪਰਾਈਜ਼ ਪਲਾਨ ਕਰਦੀ। ਕਦੇ ਮੇਰੇ ਸਿਰਹਾਣੇ ਥੱਲਿਓਂ ਮੈਨੂੰ ਕੁਝ ਮਿਲਦਾ ਕਦੇ ਕਿਤਾਬਾਂ ਵਿੱਚੋਂ.... ਵਾਹ , ਕਿੰਨੇ ਖੂਬਸੂਰਤ ਦਿਨ ਸਨ ਉਹ ਵੀ...
ਫੇਰ ਦੋ ਕੁ ਸਾਲ ਫੇਰ ਐਸੀ ਗੰਧਾਲ ਚਾਲ ਪਈ ਕਿ ਸਭ ਜਨਮ ਮਰਨ ਦਿਨ ਭੁੱਲੇ ਰਹੇ। 2009 ਦੀ ਗੱਲ ਹੈ ਕਿ ਮੈਂ ਜੂਨ ਪਹਿਲੇ ਹਫ਼ਤੇ ਅਮਰੀਕਾ ਪਹੁੰਚ ਗਈ, ਜਨਮ ਦਿਨ ਤੋਂ ਦੋ ਦਿਨ ਪਹਿਲਾਂ ਮੈਂ ਅਮਰੀਕਨ ਪਰਿਵਾਰ ਨਾਲ ਰਹਿਣਾ ਸ਼ੁਰੂ ਕੀਤਾ ਸੀ, ਅਠਾਰਾਂ ਜੂਨ ਨੂੰ ਬੜੀ ਯਾਦ ਆ ਰਹੀ ਸੀ ਪਰਿਵਾਰ ਤੇ ਦੋਸਤਾਂ ਦੀ, ਜਦ ਕਿ ਕੋਈ ਐਡੀ ਗੱਲਬਾਤ ਨਹੀਂ ਸੀ... ਪਹਿਲਾਂ ਕਿਹੜਾ ਹਰ ਸਾਲ ਮੇਰੇ ਜਨਮਦਿਨ 'ਤੇ ਅਖਾੜੇ ਲੱਗਦੇ ਸੀ ਜੋ ਇਸ ਵਾਰ ਮੈਂ ਨੱਚਣੋਂ ਵਾਂਝੀ ਰਹਿ ਗਈ, ਬੱਸ ਬਹਾਨਾ ਚਾਹੀਦਾ ਸੀ ਦਿਲ ਨੂੰ ਰੋਜ਼ ਰੋਣ ਦਾ.. ਤੇ ਅਠਾਰਾਂ ਜੂਨ ਵੀ ਉਹ ਇੱਕ ਬਹਾਨਾ ਬਣ ਗਿਆ। ਮੈਂ ਖੂਬ ਰੋ ਕੇ ਪਹਿਲਾਂ ਡਾਇਰੀ ਲਿਖੀ, ਫੇਰ ਅੱਖਾਂ ਜਿਹੀਆਂ ਸੁਜਾ ਕੇ ਕੰਧਾਂ ਕੌਲਿਆਂ ਜਿਹਿਆਂ 'ਚ ਵੱਜਦੀ ਫਿਰਦੀ ਸੀ ਕਿ ਗੋਰਿਆਂ ਦਾ ਪੂਰਾ ਟੱਬਰ ਮੈਨੂੰ ਵਧਾਈ ਦੇਣ ਆ ਗਿਆ। ਬੜਾ ਵਧੀਆ ਲੱਗਿਆ, ਥੋੜਾ ਦਿਲ ਜਿਹਾ ਲੱਗਣ ਲੱਗਿਆ ਹੀ ਸੀ ਸ਼ਾਮ ਨੂੰ ਉਹ ਮੀਆਂ ਬੀਵੀ ਤੇ ਦੋਨੋਂ ਬੱਚੇ ਕਿਤੇ ਬਾਹਰ ਜਾਣ ਲਈ ਤਿਆਰ ਹੋ ਗਏ ਤੇ ਮੈਂ ਫੇਰ 'ਕੱਲੀ ਦੀ 'ਕੱਲੀ। ਆਪਾਂ ਫੇਰ ਨਦੀਆਂ ਵਹਾ ਦਿੱਤੀਆਂ ਰੋ ਰੋ ਕੇ ਤੇ ਮੈਂ ਰੋਂਦੀ ਸ਼ਾਮ ਨੂੰ ਸੌਂ ਗਈ, ਤਕਰੀਬਨ ਦੋ ਕੁ ਘੰਟਿਆਂ ਬਾਅਦ ਬੱਚੇ ਮੇਰੇ ਕਮਰੇ ਵਿੱਚ ਆਏ ਤੇ ਕਿਹਾ ਕਿ ਤਿਆਰ ਹੋ ਕੇ ਫੈਮਿਲੀ ਰੂਮ ਵਿੱਚ ਆ ਜਾ, ਕੋਈ ਗੈਸਟ ਆਏ ਨੇ , ਉਹਨਾਂ ਨਾਲ ਤੈਨੂੰ ਮਿਲਾਉਣਾ ਹੈ। ਮੈਂ ਅਨਮੰਨੇ ਜਿਹੇ ਮਨ ਨਾਲ ਗਈ ਤਾਂ ਦੇਖਿਆ ਉੱਥੇ ਵੱਡਾ ਸਾਰਾ ਚਾਕਲੇਟ ਕੇਕ ਤੇ ਹੋਰ ਸਮਾਨ ਤੇ ਪੂਰੀ ਤਿਆਰੀ ਜਸ਼ਨਾਂ ਦੀ। ਸੱਚੀਓਂ ਹੀ ਉਹਨਾਂ ਨੇ ਆਪਣੀ ਇੱਕ ਦੋਸਤ ਫੈਮਿਲੀ ਵੀ ਬੁਲਾਈ.. ਪੂਰਾ ਸ਼ੋਰ ਸ਼ਰਾਬਾ ਕਰਕੇ ਮੇਰਾ ਜਨਮ ਦਿਨ ਮਨਾਇਆ ਗਿਆ। ਉੁਹ ਦਿਨ ਸੱਚੀਓਂ ਯਾਦਗਰ ਬਣ ਗਿਆ।
2010 ਦਾ ਜਨਮ ਦਿਨ ਮਾਂ ਸੁਖ ਤੇ ਦਲਜੀਤ ਹੰਸ ਨਾਲ ਮਨਾਇਆ ਸੀ, ਉੁਹ ਵੀ ਬਹੁਤ ਪਿਆਰੀ ਯਾਦ ਹੈ।
2011 ਦੇ ਜਨਮ ਦਿਨ ਮੌਕੇ ਮੈਂ ਕਾਫ਼ੀ ਬੀਮਾਰ ਸੀ, ਮੈਨੂੰ ਟਾਇਫਾਇਡ ਹੋਇਆ ਸੀ ਤੇ ਡਾਕਟਰ ਨੇ ਪੂਰਾ ਸਮਾਂ ਆਰਾਮ ਕਰਨ ਦੀ ਹਦਾਇਤ ਦਿੱਤੀ ਸੀ, ਪਰ ਮੇਰੇ ਲਈ ਟਿਕ ਕੇ ਬੈਠਣਾ ਸਭ ਤੋਂ ਔਖਾ ਕੰਮ ਹੈ। ਮੈਨੂੰ ਤਾਂ ਸ਼ਾਮਤ ਪੈ ਜਾਂਦੀ, ਜਦੋਂ ਤੁਰਨਾ ਫਿਰਨਾ ਨਾ ਮੁਮਕਿਨ ਹੋਵੇ ਤੇ ਉਦੋਂ ਸ਼ਾਮਤ ਵਾਲੇ ਹੀ ਦਿਨ ਸਨ। ਪਰ ਉਸ ਸਾਲ ਦਾ ਜਨਮ ਦਿਨ ਬੜਾ ਹੀ ਸਪੈਸ਼ਲ ਜਨਮ ਦਿਨ ਸੀ। ਉਦੋਂ ਮੇਰਾ ਇੱਕ ਦੋਸਤ ਹੁੰਦਾ ਸੀ ਦੁਆ.. ਮੈਂ ਕਈ ਦਿਨ ਤੋਂ ਰੂਪ ਖਟਕੜ ਦੇ ਘਰ ਸੀ, ਦਰਸ਼ਨ ਅੰਕਲ ਹੋਰਾਂ ਨੇ ਵਿੱਸ਼ ਕੀਤਾ ਪਰ ਮੈਂ ਉਸ ਦਿਨ ਦੀ ਕਮਰੇ ਵਿੱਚ ਬੰਦ !! ਮੈਨੂੰ ਗੱਲ ਹਜ਼ਮ ਨਹੀਂ ਸੀ ਆ ਰਹੀ ਤੇ ਦੂਜੀ ਗੱਲ ਮੈਨੂੰ ਬਲਵਿੰਦਰ ਬਾਊ ਜੀ ਤੇ ਚੰਡੀਗੜ ਵਾਲੇ ਦੋਸਤਾਂ ਦੀ ਬਹੁਤ ਯਾਦ ਆਈ ਸੀ.. ਪਰ ਹੁਣ ਮੁਸ਼ਕਿਲ ਇਹ ਸੀ ਕਿ ਚਾਹੇ ਮੈਂ ਸੀ ਤਾਂ ਦਰਸ਼ਨ ਅੰਕਲ ਦੇ ਘਰ , ਪਰ ਵੈਸੇ ਦੁਆ ਦੀ ਦੇਖ ਰੇਖ ਹੇਠ ਮੇਰਾ ਇਲਾਜ ਚੱਲ ਰਿਹਾ ਸੀ, ਉਹ ਇਸ ਮਾਮਲੇ 'ਚ ਬੜਾ ਹੀ ਸਖ਼ਤ ਸੀ। ਮੈਨੂੰ ਰੋਜ਼ ਹੀ ਕਿਸੇ ਨੇ ਕਿਸੇ ਗੱਲੋਂ ਡਾਂਟ ਪੈਂਦੀ ਸੀ। ਸੋ ਦੁਆ ਦਾ ਵੀ ਡਰ ਬੜਾ ਸੀ ਭਾਈ... ਫੇਰ ਆਪਾਂ ਇੱਕ ਸਕੀਮ ਪਾਈ, ਬਿਨਾਂ ਕਿਸੇ ਨੂੰ ਕੁਝ ਦੱਸੇ ਚੰਡੀਗੜ ਦੀ ਬੱਸ ਲਈ ਪਟਿਆਲੇ ਤੋਂ ਤੇ ਪਹੁੰਚ ਗਏ ਸਟੂਡੈਂਟ ਸੈਂਟਰ...!! ਉੱਥੇ ਜਾ ਕੇ ਸਭ ਨੂੰ ਮਿਲੀ.. ਬਾਊ ਜੀ ਨੇ ਮਠਿਆਈ ਮੰਗਵਾਈ , ਅਸੀਂ ਖਾਈ ਤੇ ਮੈਂ ਕਿਸੇ ਕੋਲ ਆਪਣੀ ਹਾਲਤ ਦਾ ਜ਼ਿਕਰ ਕੀਤੇ ਬਿਨਾਂ ਅੰਬ ਵੀ ਚੂਪੇ.. ਪਤਾ ਸੀ ਜੇ ਦੱਸ ਦਿੱਤਾ ਤਾਂ ਏਥੇ ਵੀ ਛਿੱਤਰ ਪਰੇਡ ਹੋਊ... ਪਰ ਜਦੋਂ ਸਭ ਛਕਣ ਛਕਾਉਣ ਤੋਂ ਬਾਅਦ ਇੱਕਦਮ ਬੁਖਾਰ ਜ਼ਿਆਦਾ ਤੇਜ਼ ਹੋ ਗਿਆ ਤੇ ਬਿਨਾਂ ਦੱਸੇ ਹੀ ਉੱਥੋਂ ਖਿਸਕ ਲਈ ਤੇ ਵਾਪਿਸ ਪਟਿਆਲੇ ਨੂੰ ਬੱਸ ਲੈ ਲਈ.. ਫੇਰ ਜਦੋਂ ਬੱਸ 'ਚ ਵੀ ਬੈਠਿਆ ਨਹੀਂ ਸੀ ਜਾ ਰਿਹਾ ਤਾਂ ਦੁਆ ਨੂੰ ਮੈਸੇਜ ਕਰ ਦਿੱਤਾ ਕਿ ਮੈਂ ਬਾਊ ਜੀ ਕੋਲ ਗਈ ਸੀ ਅੱਜ ਮੇਰਾ ਦਿਨ ਸੀ ਸੋ ਮਰਜ਼ੀ ਕੀਤੀ (ਕਰਦੀ ਤਾਂ ਵੈਸੇ ਹਮੇਸ਼ਾ ਹੀ ਆਪਣੀਆਂ ਮਰਜ਼ੀਆਂ ਸੀ) ਤੇ ਹੁਣ ਰਾਜਪੁਰੇ ਪਹੁੰਚ ਗਈ ਤੇ ਹਾਲਤ ਠੀਕ ਹੈ।
ਤੇ ਉਸਨੂੰ ਮੇਰੀ ਕਹੀ ਹਰ ਗੱਲ ਦਾ ਅਸਲੀ ਮਤਲਬ ਪਤਾ ਹੁੰਦਾ ਸੀ, ਪਤਾ ਸੀ ਮੇਰੀ ਹਾਲਤ ਠੀਕ ਆ ਕੀ ਹੋਊ.. ਸੋ ਪਹਿਲਾਂ ਤਾਂ ਖੂਬ ਡਾਂਟ ਪਈ ਤੇ ਉਹ ਹਮੇਸ਼ਾ ਮੇਰੀ ਬੇਵਕੂਫ਼ੀ 'ਤੇ ਆਪਣੇ ਆਪ ਨੂੰ ਹੀ ਗਾਹਲਾਂ ਕੱਢਦਾ ਹੁੰਦਾ ਸੀ। ਉਹਨੇ ਕੁਝ ਮੈਸੇਜ ਕੀਤੇ ਕਿ ਕਸੂਰ ਤੇਰਾ ਨਹੀਂ, ਪਾਗਲ ਮੈਂ ਹਾਂ ਜੋ ਤੇਰਾ ਖ਼ਿਆਲ ਰੱਖਦਾ ਹਾਂ ਤੇ ਤੇਰੀ ਸਲਾਮਤੀ ਚਾਹੁੰਦਾ ਹਾਂ, ਪਰ ਤੂੰ ਤਾਂ ਹਰ ਰੋਜ਼ ਕੋਈ ਨਵੀਂ ਕਰਾਮਾਤ ਕਰਨੀ ਹੀ ਹੁੰਦੀ ਹੈ..ਮੈਂ ਇੱਕਦਮ ਚੁੱਪ... (ਜਾਂ ਫੇਰ ਰੋਣਾ ਸ਼ੁਰੂ ਕਰ ਦਿੰਦੀ ਸੀ) ਤੇ ਫੇਰ ਫੋਨ ਆਇਆ ਉਸਦਾ ਕਿ ਜਿੱਥੇ ਹੈਗੀ ਆਂ ਦੱਸਦੀ ਰਹਿ, ਏਧਰ ਤੋਂ ਮੈਂ ਚੱਲ ਪਿਆ ਹਾਂ , ਜਿੱਥੇ ਬੱਸ ਤੇ ਕਾਰ ਮਿਲ ਗਈਆਂ ਉੱਤਰ ਜਾਣਾ, ਆਪਾਂ ਨੂੰ ਡਾਕਟਰ ਦੇ ਜਾਣਾ ਪੈਣਾ ... ਮੇਰੇ ਫੇਰ ਜਾਨ 'ਤੇ ਬਣ ਗਈ ਕਿ ਇੱਕ ਵਾਰ ਫੇਰ ਸੂਈ.. ਖ਼ੈਰ ਬਾਹਾਦਰਗੜ ਅਸੀਂ ਮਿਲ ਪਏ, ਮੇਰੀ ਚੰਗੀ ਖੁੰਬ ਠੱਪ ਹੋਈ ਪਹਿਲਾਂ ਤਾਂ ਤੇ ਫੇਰ ਮੈਨੂੰ ਹਸਪਤਾਲ ਲਿਜਾਇਆ ਗਿਆ, ਸੂਈ ਵੀ ਲੱਗੀ ਤੇ ਰਿਪੋਰਟ ਪਿਛਲੀ ਤੋਂ ਵੀ ਖ਼ਰਾਬ ਆਈ। ਖ਼ੂਬ ਡਾਂਟ ਪੈਂਦੀ ਰਹੀ ਪਰ ਇਸ ਗੱਲ ਦਾ ਖ਼ੂਬ ਖ਼ਿਆਲ ਰੱਖਿਆ ਗਿਆ ਕਿ ਮੇਰਾ ਦਿਨ ਸੀ ਉਹ । ਇੱਕ ਸ਼ਰਤ 'ਤੇ ਮੈਨੂੰ ਸ਼ਹਿਰ ਲਿਜਾਣਾ ਮਨਾਇਆ ਗਿਆ ਕਿ ਮੈਂ ਕਾਰ ਵਿੱਚੋਂ ਉਤਰਣ ਦੀ ਜ਼ਿਦ ਨਹੀਂ ਕਰਾਂਗੀ। ਕੋਈ ਹੋਰ ਚਾਰਾ ਨਾ ਦੇਖ ਕੇ ਮੈਂ ਮੰਨ ਗਈ। ਪਰ ਮਾਰਕੀਟ ਜਾ ਕੇ ਪਤਾ ਲੱਗਿਆ ਕਿ ਮੇਰੇ ਲਈ ਗਿਫਟ ਲੈਣੇ ਨੇ, ਆਪਾਂ ਵਾਧੂ ਖ਼ੁਸ਼ ...!! ਪਰ ਫੇਰ ਮੇਰੀ ਜ਼ਰੂਰਤ ਤਾਂ ਸੀ ਹੀ.. ਏਸ ਲਈ ਦੁਆ ਜੀ ਦੀ ਸਹਿਮਤੀ ਨਾਲ ਮੈਨੂੰ ਪਹਿਲਾਂ ਆਰਚੀਜ਼ ਲਿਜਾਇਆ ਗਿਆ। ਉੱਥੇ ਜਾ ਕੇ ਦੁਆ ਨੇ ਕਿਹਾ ਕਿ ਜਨਮ ਦਿਨ ਲਈ ਤੋਹਫ਼ਾ ਲੈਣਾ ਹੈ, ਉੁਹਨਾਂ ਪੁੱਛਿਆ ਕਿ ਕੁੜੀ ਲਈ? ਦੁਆ ਨੇ ਕਿਹਾ ਹਾਂਜੀ.. ਉਮਰ ਪੁੱਛੀ ਤਾਂ ਦੁਆ ਨੇ ਨਿੱਕੀ ਜਿਹੀ ਕੁੜੀ ਦੀ ਉਮਰ ਦੱਸ ਦਿੱਤੀ ਤੇ ਉਹ ਜੁਆਕਾਂ ਵਾਲਾ ਸਮਾਨ ਦਿਖਾਈ ਜਾਣ ਤੇ ਦੁਆ ਇੱਕ ਪਾਸੇ ਖੜਾ ਮੁਸਕਰਾ ਰਿਹਾ ਸੀ ਇਹ ਕਹਿ ਕੇ ਕਿ ਹਰਕਤਾਂ ਵੀ ਤਾਂ ਨਿੱਕੀ ਕੁੜੀ ਵਾਲੀਆਂ ਹੀ ਨੇ , ਹੁਣ ਦੇਖ ਲਵੋ..
ਮੈਂ ਸਟੇਸ਼ਨਰੀ ਸ਼ਾਪ 'ਤੇ ਜਾਣ ਦੀ ਜ਼ਿਦ ਕਰ ਰਹੀ ਸੀ..ਚਲੋ ਖ਼ੈਰ ਅਸੀਂ ਜਲਦੀ ਨਾਲ ਆਰਚੀਜ਼ ਵਿੱਚੋਂ ਇੱਕ ਪਰਫਿਊਮ ਤੇ ਗੇਮ ਖੇਡਣ ਵਾਲੇ ਪੱਤੇ ਲਏ ਤੇ ਮੇਰੀ ਪਸੰਸੀਦਾ ਜਗਾਹ ਕਿਤਾਬਾਂ ਵਾਲੀ ਦੁਕਾਨ 'ਤੇ ਆ ਗਏ। ਇੱਥੋਂ ਤਿੰਨ ਡਾਇਰੀਆਂ ਤੇ ਪੰਜ ਛੇ ਪੈੱਨ, ਪੈਨਸਿਲਾਂ ਲਈਆਂ ... ਫੇਰ ਮੇਰੀ ਫੇਵਰਿਟ ਚੀਜ਼ ਵੇਰਕਾ ਦਾ ਦਹੀਂ ਦਾ ਇੱਕ ਵੱਡਾ ਡੱਬਾ ਲਿਆ ਤੇ ਮੈਨੂੰ ਘਰ ਛੱਡ ਦਿੱਤਾ ਗਿਆ।ਤੇ ਮੇਰੀ ਹਾਲਤ ਏਨੀ ਖ਼ਰਾਬ ਸੀ ਕਿ ਮੈਂ ਆਉਂਦੀ ਹੀ ਸੌਂ ਗਈ।
 ਮੇਰੇ ਠੀਕ ਨਾ ਹੋਣ ਦੇ ਬਾਵਜੂਦ ਵੀ ਇਹ ਬਹੁਤ ਸੋਹਣਾ ਦਿਨ ਸੀ।
ਤੇ ਅਗਲਾ ਖ਼ਾਸ ਜਨਮ ਦਿਨ ਸੀ 2012, ਪਿਛਲੇ ਸਾਲ ਦਾ ਜਨਮ ਦਿਨ !!
ਬਹੁਤ ਸਾਰੇ ਫੋਨ ਕਾਲਜ਼ ਆਏ ਤੇ ਦੁਪਹਿਰ ਕੁ ਨੂੰ ਕੋਈ ਕੇਕ ਡਲਿਵਰ ਕਰਨ ਆਇਆ.. ਗੁਰਜਿੰਦਰ ਵੀਰ ਨੇ ਭੇਜਿਆ ਸੀ ਕੇਕ ਤੇ ਨਾਲ ਪਿਆਰਾ ਜਿਹਾ ਕਾਰਡ.. ਬਹੁਤ ਹੀ ਖ਼ੁਸ਼ੀ ਹੋਈ ਸੀ.. ਮੈਂ 'ਕੱਲੀ ਹੀ ਸੀ , ਪਰ ਸ਼ਾਮ ਨੂੰ ਦੁਆ ਨਾਲ ਮਿਲ ਕੇ ਉਹੀ ਕੇਕ ਕੱਟਿਆ ਤੇ ਅਸੀਂ ਮੇਰੀ ਪਸੰਸੀਦਾ ਜਗਾਹ ਸਟੂਡੈਂਟ ਸੈਂਟਰ ਗਏ ਤੇ ਉੱਥੇ ਮੇਰੇ ਕੁਝ ਦੋਸਤਾਂ ਨੂੰ ਮਿਲੇ, ਜਾਗੀਰ ਨੇ ਗਾਣੇ ਸੁਣਾਏ.. ਤੇ ਅਸੀਂ ਸਭ ਆਪਣੇ ਆਪਣੇ ਘਰ।
ਪਰ ਇਸ ਦਿਨ ਨੂੰ ਇਸ ਤੋਂ ਵੀ ਸਪੈਸ਼ਲ ਬਣਾਇਆ ਇੱਕ ਫੋਨ ਕਾਲ ਨੇ...ਇਹ ਮੇਰੀ ਨਿੱਕੀ ਭੈਣ ਦੀ ਕਾਲ ਸੀ, ਜੋ ਹੁਣ ਬਾਰਾਂ ਸਾਲ ਸੀ ਹੈ। ਥੋੜੀ ਚੁੱਪ ਤੇ ਉਦਾਸ ਜਿਹੀ ਲੱਗਦੀ ਸੀ। ਮੈਂ ਪੁੱਛਿਆ ਕੀ ਹੋਇਆ? ਕਹਿੰਦੀ ਦੀਦੀ ਤੁਹਾਡਾ ਜਨਮ ਦਿਨ ਸੀ ਨਾ ਅੱਜ ? ਮੈਂ ਕਿਹਾ ਹਾਂ.. ਮੈਨੂੰ ਵਿੱਸ਼ ਕੀਤਾ ਤੇ ਪੁੱਛਿਆ ਕਿ ਕੇਕ ਕੱਟਿਆ ਸੀ? ਮੈਂ ਦੱਸਿਆ ਕਿ ਹਾਂ.. ਅੱਗੋਂ ਉਦਾਸ ਜਿਹੀ ਹੋ ਕੇ ਕਹਿੰਦੀ ," ਭੈਣੇ ਅਸੀਂ ਵੀ ਤੁਹਾਡਾ ਜਨਮ ਦਿਨ ਮਨਾਇਆ ਸੀ, ਤੇ ਮੇਰਾ ਦਿਲ ਕਰਦਾ ਸੀ ਕਿ ਕੇਕ ਕੱਟਾਂ, ਪਰ ਤੁਹਾਨੂੰ ਪਤਾ ਐ ਨਾ ਕਿ ਪਿੰਡੋਂ ਕੇਕ ਨੀਂ ਮਿਲਦਾ.. ਪਰ ਫੇਰ ਮੈਂ ਪਤਾ ਕੀ ਕੀਤਾ? ਮੈਂ ਗਿੱਲੀ ਮਿੱਟੀ ਦਾ ਕੇਕ ਬਣਾ ਕੇ ਕੱਟ ਦਿੱਤਾ.।"
ਮੈਂ ਪੁੱਛਿਆ ,"ਪਰ ਫੇਰ ਖਾਧਾ ਕੀ?"
ਤੇ ਉਹਦੇ ਜਵਾਬ ਨੇ ਮੇਰੀਆਂ ਅੱਖਾਂ ਨਮ ਕਰ ਦਿੱਤੀਆਂ। ਕਹਿੰਦੀ," ਭੈਣੇ ਇੱਥੇ ਤਾਂ ਮਠਿਆਈ ਵੀ ਨਹੀਂ ਮਿਲਦੀ, ਪਰ ਮੈਂ ਗੁਆਂਢੀਆਂ ਦੇ ਘਰੋਂ ਇੱਕ ਗੁਲਾਬ ਦਾ ਫੁੱਲ ਤੋੜ ਲਿਆਈ ਸੀ ਤੇ ਉਸਦੀ ਇੱਕ ਇੱਕ ਪੱਤੀ ਨਾਲ ਸਭ ਦਾ ਮੂੰਹ ਮਿੱਠਾ ਕਰਵਾ ਦਿੱਤਾ।"
ਸ਼ਾਇਦ ਪਹਿਲੀ ਵਾਰ ਮੈਂ ਕਿਸੇ ਦੁਆਰਾ ਫੁੱਲ ਤੋੜਣ 'ਤੇ ਨਰਾਜ਼ ਨਹੀਂ ਹੋਈ। ਮੈਂ ਉੁਹਨੂੰ ਦੱਸਿਆ ਕਿ ਤੇਰੇ ਗੁਲਾਬ ਦੀ ਪੱਤੀ ਦੀ ਰੀਸ ਕੋਈ ਮਹਿੰਗੀ ਤੋਂ ਮਹਿੰਗੀ ਮਠਿਆਈ ਵੀ ਨਹੀਂ ਕਰ ਸਕਦੀ ਤੇ ਤੇਰੇ ਵਾਲਾ ਕੇਕ ਕਿਸੇ ਦੁਕਾਨ ਤੋਂ ਆਰਡਰ ਦੇ ਕੇ ਵੀ ਨਹੀਂ ਬਣਵਾਇਆ ਜਾ ਸਕਦਾ , ਉਹ ਮੇਰੀ ਜ਼ਿੰਦਗੀ ਦਾ ਸਭ ਤੋਂ ਸੋਹਣਾ ਕੇਕ ਸੀ। ਉਹਨੂੰ ਸਮਝ ਤਾਂ ਸ਼ਾਇਦ ਨਹੀਂ ਲੱਗੀ ਹੋਣੀ , ਪਰ ਖ਼ੁਸ਼ ਜ਼ਰੂਰ ਹੋ ਗਈ।
ਹੁਣ ਕੱਲ ਨੂੰ ਫੇਰ ਮੇਰਾ ਦਿਨ ਹੈ। ਉੁਹ ਅਮਰੀਕਨ ਪਰਿਵਾਰ ਮੇਰੇ ਕੋਲ ਨਹੀਂ ਹੈ। ਮੈਂ ਵੀ ਕਾਫ਼ੀ ਬਦਲ ਚੁੱਕੀ ਹਾਂ, ਹੁਣ ਉਹ ਨਿੱਕੀ ਕੁੜੀ ਵਾਲੀਆਂ ਹਰਕਤਾਂ ਮੈਂ ਨਹੀਂ ਕਰਦੀ.. ਓਨੀ ਜ਼ਿਦ ਵੀ ਨਹੀਂ ਕਰਦੀ.. ਬਾਊ ਜੀ ਲੇਹ ਗਏ ਹੋਏ ਨੇ, ਸ਼ਾਇਦ ਜੇ ਫੋਨ ਚੱਲਦਾ ਹੋਇਆ ਤਾਂ ਫੋਨ ਆ ਜਾਵੇ... ਸੁਖ ਮਾਂ ਕੋਲ ਪਿਛਲੇ ਕਿੰਨੇ ਹੀ ਦਿਨ ਤੋਂ ਹਾਂ ਤੇ ਬਹੁਤ ਖ਼ੁਸ਼ ਹਾਂ..
ਪਰ ਦੁਆ ਹਮੇਸ਼ਾ ਲਈ ਰੁੱਸ ਗਿਆ ਤੇ ਸਾਡੇ ਪਿੰਡ ਕੇਕ ਅਜੇ ਵੀ ਨਹੀਂ ਮਿਲਦਾ। ਦੇਖਦੇ ਹਾਂ ਕੱਲ ਦਾ ਦਿਨ ਕੈਸਾ ਰਹੇਗਾ ..!!
June 17, 2013
Jassi Sangha